ਸਿੱਖ ਟੈਕਸੀ ਡਰਾਇਵਰ ਤੇ ਪਾਕਿਸਤਾਨੀ ਕ੍ਰਿਕਟਰ: ''''ਮੈਨੂੰ ਲੱਗਿਆ ਜਿਵੇਂ ਪੁਰਾਣੇ ਦੋਸਤਾਂ ਨੂੰ ਮਿਲਿਆ ਹੋਵਾਂ''''

Wednesday, Nov 27, 2019 - 05:16 PM (IST)

ਸਿੱਖ ਟੈਕਸੀ ਡਰਾਇਵਰ ਤੇ ਪਾਕਿਸਤਾਨੀ ਕ੍ਰਿਕਟਰ: ''''ਮੈਨੂੰ ਲੱਗਿਆ ਜਿਵੇਂ ਪੁਰਾਣੇ ਦੋਸਤਾਂ ਨੂੰ ਮਿਲਿਆ ਹੋਵਾਂ''''

"ਮੈਂ ਰੋਜ਼ ਦੀ ਤਰ੍ਹਾਂ ਹੀ ਹਵਾਈ ਅੱਡੇ ਤੋਂ ਪਿਕਅਪ ਕੀਤਾ ਅਤੇ ਬ੍ਰਿਸਬੇਨ ਦੇ ਹੋਟਲ ਮੈਰੀ ਸਟਰੀਟ ਵਿਚ ਉਨ੍ਹਾਂ ਨੂੰ ਉਤਾਰਿਆ। ਫਿਰ ਉੱਥੋਂ ਸ਼ਾਹੀਨ ਅਫ਼ਰੀਦੀ ਆਏ ਅਤੇ ਮੈਨੂੰ ਕਿਹਾ ਕਿਸੇ ਭਾਰਤੀ ਰੈਸਟੋਰੈਂਟ ਵਿੱਚ ਲੈ ਚੱਲੋ।"

ਕੁਝ ਇਸ ਤਰ੍ਹਾਂ ਬ੍ਰਿਸਬੇਨ ਵਿਚ ਸਿੱਖ ਟੈਕਸੀ ਡਰਾਈਵਰ ਲਵਪ੍ਰੀਤ ਸਿੰਘ ਨੂੰ ਪਾਕਿਸਤਾਨੀ ਕ੍ਰਿਕਟ ਖਿਡਾਰੀ ਮਿਲੇ। ਇਹ ਉਹੀ ਟੈਕਸੀ ਡਰਾਈਵਰ ਹਨ, ਜਿਨ੍ਹਾਂ ਦੀ ਤਸਵੀਰ ਪਾਕਿਸਤਾਨ ਕ੍ਰਿਕਟ ਖਿਡਾਰੀ ਨਸੀਮ ਸ਼ਾਹ ਨੇ ਫੇਸਬੁੱਕ ਉੱਤੇ ਪੋਸਟ ਕੀਤੀ ਸੀ ਅਤੇ ਸੋਸ਼ਲ ਮੀਡੀਆ ਉੱਤੇ ਕਾਫ਼ੀ ਚਰਚਾ ਵਿਚ ਆਈ।

ਲਵਪ੍ਰੀਤ ਦਾ ਕਹਿਣਾ ਹੈ ਕਿ ਉਹ ਕ੍ਰਿਕਟ ਕਾਫ਼ੀ ਦੇਖਦੇ ਹਨ ਅਤੇ ਉਹ ਖੁਦ ਜ਼ਿਲ੍ਹਾ ਪੱਧਰੀ ਕ੍ਰਿਕਟ ਖੇਡ ਚੁੱਕੇ ਹਨ ਪਰ ਸੱਟ ਲੱਗਣ ਕਾਰਨ ਕ੍ਰਿਕਟ ਛੱਡਣਾ ਪਿਆ।

ਇਹ ਵੀ ਪੜ੍ਹੋ:

"ਮੈਂ ਸ਼ਾਹੀਨ ਨੂੰ ਦੇਖ ਕੇ ਪਛਾਣ ਗਿਆ ਸੀ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਤੁਸੀਂ ਪਾਕਿਸਤਾਨੀ ਕ੍ਰਿਕਟਰ ਹੋ? ਉਨ੍ਹਾਂ ਜਵਾਬ ਦਿੱਤਾ- ਹਾਂ। ਉਨ੍ਹਾਂ ਦੇ ਨਾਲ ਮੁਹੰਮਦ ਮੂਸਾ, ਯਾਸਿਰ ਸ਼ਾਹ, ਨਸੀਮ ਸ਼ਾਹ ਵੀ ਸਨ। ਸ਼ਾਹੀਨ ਅਫ਼ਰੀਦੀ ਨੇ ਹਿੰਦੀ-ਪੰਜਾਬੀ ਰਲਵੀਂ ਭਾਸ਼ਾ ਵਿਚ ਇੱਕ ਦੋਸਤ ਵਾਂਗ ਮੇਰੇ ਨਾਲ ਗੱਲ ਕੀਤੀ।"

ਪੈਸੇ ਕਿਉਂ ਨਹੀਂ ਲਏ

ਲਵਪ੍ਰੀਤ ਨੇ ਅੱਗੇ ਦੱਸਿਆ, "ਮੈਂ ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ਦਾ ਰਹਿਣ ਵਾਲਾ ਹਾਂ। ਮੇਰੇ ਪਿਤਾ ਸਾਬਕਾ ਸਰਪੰਚ ਹਨ ਅਤੇ ਮੇਰੀਆਂ ਦੋ ਭੈਣਾਂ ਤੇ ਇੱਕ ਭਰਾ ਹੈ। ਅਪ੍ਰੈਲ, 2018 ਵਿਚ ਸੈਲਾਨੀ ਦੇ ਤੌਰ ''ਤੇ ਮੈਂ ਇੱਥੇ ਆਇਆ ਅਤੇ ਫਿਰ ਸਟੂਡੈਂਟ ਵੀਜ਼ਾ ਮਿਲ ਗਿਆ। ਮੈਨੂੰ ਤਿੰਨ ਮਹੀਨੇ ਹੋ ਗਏ ਹਨ ਇੱਥੇ ਟੈਕਸੀ ਚਲਾਉਂਦਿਆਂ।"

"15 ਤੋਂ 20 ਮਿੰਟ ਦਾ ਸਫ਼ਰ ਸੀ। ਮੈਂ ਉਨ੍ਹਾਂ ਨੂੰ ਪੰਜਾਬੀ ਰਸੋਈ ਲੈ ਗਿਆ। ਜਦੋਂ ਉੱਥੇ ਪਹੁੰਚੇ ਤਾਂ ਉਨ੍ਹਾਂ ਮੈਨੂੰ ਪੁੱਛਿਆ ਕਿ ਕਿੰਨੇ ਪੈਸੇ ਹੋ ਗਏ। ਮੈਂ ਪੈਸੇ ਲੈਣ ਤੋਂ ਮਨ੍ਹਾ ਕਰ ਦਿੱਤਾ। ਮੈਂ ਕਿਹਾ ਤੁਸੀਂ ਤਾਂ ਸਪੈਸ਼ਲ ਗੈਸਟ ਹੋ। ਦੇਸ ਵਲੋਂ ਕ੍ਰਿਕਟ ਖੇਡ ਰਹੇ ਹੋ। ਬੜੀ ਮਹਾਨ ਗੱਲ ਹੈ।"

"ਪਰ ਉਨ੍ਹਾਂ ਨੇ ਮੈਨੂੰ ਪੈਸੇ ਦੇਣ ਦਾ ਕਾਫ਼ੀ ਜ਼ੋਰ ਲਾਇਆ। ਮੈਂ ਕਿਹਾ ਕਿ ਮੈਂ ਤਾਂ ਮੀਟਰ ਵੀ ਨਹੀਂ ਸ਼ੁਰੂ ਕੀਤਾ। ਫਿਰ ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਡਿਨਰ ਕਰਾਂ। ਪਰ ਮੈਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਤੁਹਾਨੂੰ ਸਾਰਿਆਂ ਨਾਲ ਮਿਲਵਾ ਦਿੰਦਾ ਹਾਂ। ਮੈਂ ਪੰਜਾਬੀ ਰਸੋਈ ਵਿਚ ਜਾ ਕੇ ਕਿਹਾ ਕਿ ਇਹ ਪਾਕਿਸਤਾਨੀ ਕ੍ਰਿਕਟ ਖਿਡਾਰੀ ਹਨ, ਇੰਨ੍ਹਾਂ ਦੀ ਪੂਰੀ ਸੇਵਾ ਕਰੋ।"

"ਉੱਥੇ ਪਹਿਲਾਂ ਹੀ ਤਿੰਨ-ਚਾਰ ਪਾਕਿਸਤਾਨੀ ਖਿਡਾਰੀ ਡਿਨਰ ਕਰ ਰਹੇ ਸਨ। ਜਦੋਂ ਮੈਂ ਰੈਸਟੋਰੈਂਟ ਵਾਲਿਆਂ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਪਹਿਲਾਂ ਬੈਠੇ ਕ੍ਰਿਕਟ ਖਿਡਾਰੀ ਵੀ ਉੱਠ ਕੇ ਮਿਲੇ ਅਤੇ ਉਨ੍ਹਾਂ ਨਾਲ ਖਾਣਾ ਖਾਣ ਦਾ ਕਾਫ਼ੀ ਜ਼ੋਰ ਪਾਇਆ।"

ਲਵਪ੍ਰੀਤ ਦਾ ਕਹਿਣਾ ਹੈ ਕਿ ਉਸ ਨੇ ਇਨਕਾਰ ਕਰ ਦਿੱਤਾ ਅਤੇ ਉਹ ਚਲਾ ਗਿਆ।

"ਇਸ ਤੋਂ ਪਹਿਲਾਂ ਮੈਂ ਇੱਕ ਵਧੀਆ ਭਾਰਤੀ ਰੈਸਟੋਰੈਂਟ ਪੁੱਛਣ ਬਾਰੇ ਭਰਾ ਨੂੰ ਫੋਨ ਕੀਤਾ ਸੀ। ਉਦੋਂ ਭਰਾ ਨੇ ਫੋਨ ਨਹੀਂ ਚੁੱਕਿਆ ਸੀ ਕਿਉਂਕਿ ਉਹ ਟੈਕਸੀ ਚਲਾ ਰਿਹਾ ਸੀ। ਮੇਰੇ ਭਰਾ ਨੇ ਕਿਹਾ ਕਿ ਜੇ ਉਹ ਇੰਨਾ ਜ਼ੋਰ ਪਾ ਰਹੇ ਸੀ ਤਾਂ ਮੈਨੂੰ ਉਨ੍ਹਾਂ ਨਾਲ ਡਿਨਰ ਕਰਨਾ ਚਾਹੀਦਾ ਸੀ। ਇਸ ਲਈ ਮੈਂ ਫਿਰ ਰੈਸਟੋਰੈਂਟ ਵਾਪਸ ਗਿਆ।"

ਕੀ-ਕੀ ਹੋਈ ਗੱਲਬਾਤ

ਫਿਰ ਜਦੋਂ ਲਵਪ੍ਰੀਤ ਵਾਪਸ ਪਹੁੰਚੇ ਤਾਂ ਉਨ੍ਹਾਂ ਨੇ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਨਾਲ ਡਿਨਰ ਕੀਤਾ।

"ਮੈਨੂੰ ਖੁਦ ਨੂੰ ਮਾੜਾ ਮਹਿਸੂਸ ਹੋ ਰਿਹਾ ਸੀ। ਮੈਂ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਨੂੰ ਕਿਹਾ ਕਿ ਡਿਨਰ ਮੇਰੇ ਵਲੋਂ ਹੈ। ਪਰ ਉਨ੍ਹਾਂ ਕਿਹਾ ਕਿ ਡਿਨਰ ਸਾਡੇ ਵਲੋਂ ਹੈ। ਤੁਸੀਂ ਤਾਂ ਪਹਿਲਾਂ ਹੀ ਟੈਕਸੀ ਦਾ ਕਿਰਿਆਇਆ ਨਹੀਂ ਲਿਆ। ਫਿਰ ਉਨ੍ਹਾਂ ਕਿਹਾ ਕਿ ਚਾਹ ਤੁਹਾਡੇ ਤੋਂ ਪੀਵਾਂਗੇ।"

ਪਾਕਿਸਤਾਨ, ਭਾਰਤ, ਕ੍ਰਿਕਟ
Getty Images

ਇਸ ਦੌਰਾਨ ਉਨ੍ਹਾਂ ਵਿਚਾਲੇ ਕਾਫ਼ੀ ਗੱਲਾਂ ਵੀ ਹੋਈਆਂ ਤੇ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਨੇ ਪਾਕਿਸਤਾਨ ਆਉਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਤਾਂ ਲਾਂਘਾ ਵੀ ਖੁਲ੍ਹ ਚੁੱਕਿਆ ਹੈ।

"ਮੈਂ ਲਾਂਘਾ ਖੋਲ੍ਹਣ ਲਈ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਅਤੇ ਇਮਰਾਨ ਖ਼ਾਨ ਦਾ ਕਈ ਵਾਰੀ ਧੰਨਵਾਦ ਕੀਤਾ।"

"ਮੈਂ ਨਸੀਮ ਸ਼ਾਹ ਨੂੰ ਪੁੱਛਿਆ ਸੀ ਕਿ ਕੀ ਭਾਰਤ ਨਾਲ ਕੋਈ ਸੀਰੀਜ਼ ਹੈ ਤਾਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋ ਸਕਦੀ ਹੈ। ਮੈਂ ਚਾਹੁੰਦਾ ਹਾਂ ਕਿ ਭਾਰਤ-ਪਾਕਿਸਤਾਨ ਦੋਹਾਂ ਨੂੰ ਕ੍ਰਿਕਟ ਸੀਰੀਜ਼ ਖੇਡਣੀ ਚਾਹੀਦੀ ਹੈ।"

ਕਰਤਾਰਪੁਰ
Getty Images

ਇਹ ਵੀ ਪੜ੍ਹੋ:

"ਮੈਨੂੰ ਉਨ੍ਹਾਂ ਨਾਲ ਗੱਲ ਕਰਕੇ ਇੰਝ ਲੱਗਿਆ ਜਿਵੇਂ ਪੁਰਾਣੇ ਦੋਸਤਾਂ ਨਾਲ ਮਿਲਿਆ ਹੋਵਾਂ, ਮੇਰਾ ਉਨ੍ਹਾਂ ਨੇ ਇੰਨਾ ਸਤਿਕਾਰ ਕੀਤਾ। ਮੈਂ ਵੀ ਉਨ੍ਹਾਂ ਨੂੰ ਸਤਿਕਾਰ ਦਿੱਤਾ।"

"ਫਿਰ ਅਸੀਂ ਗੁੜ ਵਾਲੀ ਚਾਹ ਪੀਕੇ ਬਾਹਰ ਆਏ ਤਾਂ ਮੈਂ ਆਪਣੇ ਭਰਾ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਵੀ ਸੱਦਿਆ। ਉਹ ਜਦੋਂ ਪਹੁੰਚੇ ਤਾਂ ਸਾਰੇ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਨੂੰ 2-3 ਮਿੰਟ ਮਿਲੇ। ਅਸੀਂ ਸੈਲਫ਼ੀਆਂ ਖਿੱਚੀਆਂ ਅਤੇ ਫਿਰ ਇੱਕ-ਦੂਜੇ ਨੂੰ ਹੱਥ ਮਿਲਾ ਕੇ ਅਲਵਿਦਾ ਕਿਹਾ।"

ਇਹ ਵੀਡੀਓ ਜ਼ਰੂਰ ਦੇਖੋ

https://www.youtube.com/watch?v=xQkMKxiwyh0

https://www.youtube.com/watch?v=jAbPlJKfFvs

https://www.youtube.com/watch?v=R0-hUo5ofIs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News