ਦਲਿਤ ਨੌਜਵਾਨ ਦੇ ਕਤਲ ਦਾ ਮਾਮਲਾ: ਥਮਲੇ ਨਾਲ ਬੰਨ੍ਹ ਕੇ ਪਲਾਸਾਂ ਨਾਲ ਮਾਸ ਨੋਚਿਆ ਗਿਆ ਤੇ ਪਿਸ਼ਾਬ ਪਿਲਾਇਆ ਗਿਆ -ਜਗਮੇਲ ਦੀ ਪਤਨੀ

11/17/2019 4:46:24 PM

ਦੋਵੇਂ ਲੱਤਾਂ ਅਤੇ ਦੋਵੇਂ ਬਾਹਵਾਂ ਤੋਂ ਬਗੈਰ ਵ੍ਹੀਲ ਚੇਅਰ ਉੱਤੇ ਧਰਨੇ ਵਿਚ ਬੈਠਾ ਬੰਤ ਸਿੰਘ ਝੱਬਰ ਜਗਮੇਲ ਦੇ ਪਰਿਵਾਰ ਲਈ ਇਨਸਾਫ਼ ਦੀ ਅਵਾਜ਼ ਬੁਲੰਦ ਕਰ ਰਿਹਾ ਸੀ।

2006 ਵਿਚ ਜਾਤੀਵਾਦੀ ਹਿੰਸਾ ਕਾਰਨ ਆਪਣੀਆਂ ਲੱਤਾਂ ਬਾਹਵਾਂ ਗੁਆਉਣ ਵਾਲਾ ਝੱਬਰ ਲਹਿਰਗਾਗਾ ਦੇ ਚੰਗਾਲੀ ਵਾਲਾ ਪਿੰਡ ਪਹੁੰਚਿਆ ਹੋਇਆ ਸੀ।

ਚੰਗਾਲੀਵਾਲਾ ਵਿਚ ਜਗਮੇਲ ਸਿੰਘ ਨਾਂ ਦੇ ਦਲਿਤ ਨੌਜਵਾਨ ਉੱਤੇ ਗੈਰਮਨੁੱਖੀ ਤਰੀਕੇ ਨਾਲ ਤਸ਼ੱਦਦ ਢਾਹਿਆ ਗਿਆ।

ਜਿਸ ਕਾਰਨ ਉਸ ਦੀਆਂ ਲੱਤਾਂ ਵਿਚ ਇੰਨਫੈਕਸ਼ਨ ਫੈਲ ਲਿਆ ਤੇ ਕੁਝ ਦਿਨ ਪਟਿਆਲੇ ਵਿਚ ਇਲਾਜ ਤੋਂ ਬਾਅਦ ਉਸ ਨੂੰ ਪੀਜੀਆਈ ਭਰਤੀ ਕਰਵਾਇਆ ਗਿਆ। ਉਸ ਦੀਆਂ ਦੋਵੇਂ ਲੱਤਾਂ ਕੱਟਣੀਆਂ ਪਈਆਂ ਪਰ ਫਿਰ ਵੀ ਉਸ ਦੀ ਜਾਨ ਬਚ ਨਹੀਂ ਸਕੀ।

ਹੁਣ ਸਥਾਨਕ ਜਨਤਕ ਜਥੇਬੰਦੀਆਂ ਨੇ ਸੁਨਾਮ-ਲਹਿਰਾਗਾਗਾ ਸੜਕ ਉੱਤੇ ਧਰਨਾ ਲਾਇਆ ਹੋਇਆ ਹੈ। ਭਾਵੇਂ ਕਿ ਪੁਲਿਸ ਨੇ ਤਿੰਨ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਹਨ,

ਪਰ ਧਰਨਾਕਾਰੀ ਪਰਿਵਾਰ ਲਈ 50 ਲੱਖ ਰੁਪਏ ਮੁਆਵਜ਼ਾ, ਮ੍ਰਿਤਕ ਦੀ ਪਤਨੀ ਲਈ ਸਰਕਾਰੀ ਨੌਕਰੀ ਤੇ ਮੁਲਜ਼ਮਾਂ ਖ਼ਿਲ਼ਾਫ਼ ਧਾਰਾ 302 ਤਹਿਤ ਕਾਰਵਾਈ ਦੀ ਮੰਗ ਕਰ ਰਹੇ ਹਨ।

ਸੰਗਰੂਰ ਦੇ ਐੱਸਪੀ ਡੀ ਗੁਰਮੀਤ ਸਿੰਘ ਮੁਤਾਬਕ ਚਾਰੇ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਮਾਮਲੇ ਵਿਚ ਐੱਸ ਸੀ ਐੱਸਟੀ ਐਕਟ ਦੀਆਂ ਧਾਰਾਵਾਂ ਜੋੜੀਆਂ ਗਈਆਂ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਇਸੇ ਦੌਰਾਨ ਸੰਗਰੂਰ ਦੇ ਐੱਸਡੀਐੱਮ ਕਾਲਾ ਰਾਮ ਨੇ ਕਿਹਾ ਕਿ ਕਾਨੂੰਨ ਮੁਤਾਬਕ ਸਵਾ ਅੱਠ ਲੱਖ ਮੁਆਵਜ਼ਾ ਦਿੱਤਾ ਜਾ ਸਕਦਾ ਹੈ, ਪਰ ਪਰਿਵਾਰ ਵੱਧ ਮੁਆਵਜ਼ਾ ਮੰਗ ਰਿਹਾ ਹੈ, ਜਿਸ ਬਾਰੇ ਗੱਲਬਾਤ ਚੱਲ ਰਹੀ ਹੈ।

ਬੰਤ ਸਿੰਘ ਝੱਬਰ ਨੇ ਕਿਹਾ, '''' 2006 ਵਿਚ ਜਾਤੀ ਹਿੰਸਾ ਕਾਰਨ ਮੈਂ ਆਪਣੀਆਂ ਦੋਵੇਂ ਲੱਤਾਂ ਤੇ ਬਾਹਵਾਂ ਗੁਆ ਦਿੱਤੀਆਂ ਸਨ, ਅਜਿਹਾ ਹੀ ਹੁਣ ਜਗਮੇਲ ਨਾਲ ਹੋਇਆ ਹੈ। 2006 ਤੋਂ ਹੁਣ ਤੱਕ ਹਾਲਾਤ ਨਹੀਂ ਬਦਲੇ, ਉਦੋਂ ਮੈਂ ਸ਼ਿਕਾਰ ਬਣਿਆ ਸੀ ਤੇ ਹੁਣ ਜਗਮੇਲ ਬਣਿਆ ਹੈ। ਇਹ ਸੰਘਰਸ਼ ਲਗਾਤਾਰ ਜਾਰੀ ਹੈ। ਮੈਂ ਇਸ ਸੰਘਰਸ਼ ਦਾ ਹਿੱਸਾ ਹਾਂ ਤੇ ਇਨਸਾਫ਼ ਪ੍ਰਾਪਤੀ ਪਰਿਵਾਰ ਦੇ ਨਾਲ ਖੜ੍ਹਾਂਗਾ।''''

ਅਜੇ ਤੱਕ ਨਹੀਂ ਹੋਇਆ ਪੋਸਟ ਮਾਰਟਮ

ਪੀਜੀਆਈ ਵਿਚ ਹਾਜ਼ਰ ਬੀਬੀਸੀ ਪੱਤਰਕਾਰ ਦਲਜੀਤ ਅਮੀ ਮੁਤਾਬਕ ਪੀਜੀਆਈ ਚੰਡੀਗੜ੍ਹ ਵਿਚ ਜਗਮੇਲ ਦੀ ਪਤਨੀ , ਦੋ ਭੈਣਾਂ , ਪਿੰਡ ਦੇ ਕੁਝ ਲੋਕ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਵਿਦਿਆਰਥੀ ਜਥੇਬੰਦੀ ਐੱਸਐੱਫ਼ਐੱਸ ,ਪੀਐੱਸਯੂ ਤੇ ਹੋਰ ਕਈ ਜਨਤਕ ਸੰਗਠਨਾਂ ਦੇ ਕਾਰਕੁਨ ਹਾਜ਼ਰ ਹਨ। ਇਸ ਤੋਂ ਇਲਾਵਾ ਪਰਿਵਾਰ ਨਾਲ ਹਮਦਰਦੀ ਰੱਖਣ ਵਾਲੇ ਲੋਕ ਵੀ ਪਹੁੰਚੇ ਹੋਏ ਹਨ।

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਇਸ ਮਾਮਲੇ ਦੀ ਪਰਿਵਾਰ ਨੂੰ ਉੱਚਿਤ ਮਾਮਲੇ ਦੇ ਨਾਲ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਇਆ ਜਾਵੇਗਾ।

ਪੀਜੀਆਈ ਪਹੁੰਚੇ ਪੰਜਾਬ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਕਿਹਾ ਕਿ ਕਾਨੂੰਨ ਮੁਤਾਬਕ ਮੁਆਵਜ਼ਾ ਦਿੱਤਾ ਜਾਵੇਗਾ।

ਪਰਿਵਾਰ ਤੇ ਜਤਨਕ ਜਥੇਬੰਦੀਆਂ ਨੇ ਕਿਹਾ ਹੈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਉਹ ਪੋਸਟ ਮਾਰਟਮ ਨਹੀਂ ਕਰਾਉਣਗੇ। ਸ਼ਨੀਵਾਰ ਨੂੰ ਜਗਮੇਲ ਦੀ ਮੌਤ ਤੋਂ ਬਾਅਦ ਪੀਜੀਆਈ ਨੇ ਪੋਸਟ ਮਾਰਟਮ ਦੀ ਪਰਿਵਾਰ ਤੋਂ ਇਜ਼ਾਜਤ ਮੰਗੀ ਸੀ ਪਰ ਉਨ੍ਹਾਂ ਇਸ ਤੋਂ ਇਨਕਾਰ ਕਰ ਦਿੱਤਾ।

ਪੀਜੀਆਈ ਵਿਚ ਵੀ ਹਾਲਾਤ ਰੋਹ ਭਰੇ ਹਨ ਅਤੇ ਇਸ ਵਾਰਦਾਤ ਕਾਰਨ ਲੋਕਾਂ ਵਿਚ ਕਾਫ਼ੀ ਗੁੱਸਾ ਤੇ ਰੋਹ ਪਾਇਆ ਜਾ ਰਿਹਾ ਹੈ।

ਜਗਮੇਲ ਸਿੰਘ ਦੀਆਂ ਭੈਣਾਂ
BBC

ਕੀ ਹੈ ਮਾਮਲਾ ਤੇ ਕਿਹੋ ਜਿਹੇ ਨੇ ਹਾਲਾਤ

ਪੀਜੀਆਈ ਵਿਚ ਜਗਮੇਲ ਸਿੰਘ ਦੀ ਪਤਨੀ ਮੁਤਾਬਕ ਪਿੰਡ ਦਾ ਮਾਹੌਲ ਬਹੁਤ ਮਾੜਾ ਹੈ। ਸਾਰੇ ਲੋਕ ਡਰ ਕੇ ਰਹਿੰਦੇ ਹਨ। ਜੇ ਅਸੀਂ ਉਨ੍ਹਾਂ ਸਾਹਮਣਿਓਂ ਇੰਝ ਹੀ ਲੰਘ ਜਾਂਦੇ ਹਾਂ ਤਾਂ ਉਨ੍ਹਾਂ ਦੀਆਂ ਔਰਤਾਂ ਵੀ ਕਹਿੰਦੀਆਂ ਹਨ ਕਿ ਸਾਨੂੰ ਨਮਸਕਾਰ ਕਿਉਂ ਨਹੀਂ ਕੀਤਾ।

ਉਸ ਨੇ ਦੱਸਿਆ , ''''ਮੈਂ ਤਾਂ ਆਪਣੇ ਪਿੰਡ ਗਈ ਹੋਈ ਸੀ, ਮੇਰੇ ਪਤਨੀ ਨੂੰ ਪਿੱਛੋਂ ਕੁੱਟਿਆ ਹੈ। ਇਹ ਘਟਨਾ 7 ਨਵੰਬਰ ਦੀ ਹੈ। ਉਸ ਨੇ ਮਾੜੀ-ਮੋਟੀ ਗਾਲੀ-ਗਲੌਚ ਦਿੱਤੀ ਸੀ ਤਾਂ ਉਨ੍ਹਾਂ ਨੇ ਖਿੱਝ ਕੱਢ ਲਈ। ਉਹ ਕਿਸੇ ਦੇ ਵਿਹੜੇ ਵਿਚ ਬੈਠਾ ਸੀ। ਤਿੰਨ ਲੋਕ ਉਸ ਨੂੰ ਉੱਥੋਂ ਮੋਟਰਸਾਈਕਲ ''ਤੇ ਬਿਠਾ ਲਿਆਏ।''''

''''ਇੱਕ ਹੋਰ ਵਿਅਕਤੀ ਅਮਰਜੀਤ ਘਰ ਉਸ ਨੂੰ ਥਮਲੇ ਨਾਲ ਬੰਨ੍ਹ ਕੇ ਕੁੱਟਿਆ ਹੈ। ਪਿੰਡ ਵਾਲੇ ਛੁਡਵਾਉਣ ਵੀ ਗਏ ਸੀ। ਰਾਡਾਂ ਤੇ ਮੋਟੇ ਸੋਟਿਆਂ ਨਾਲ ਕੁੱਟਿਆ ਹੈ। ਪਾਣੀ ਮੰਗਿਆ ਤਾਂ ਪਿਸ਼ਾਬ ਪਿਆਇਆ ਗਿਆ। ਪਲਾਸਾਂ ਨਾਲ ਮਾਸ ਨੋਚਿਆ ਗਿਆ।''''

''''ਚਾਰ-5 ਸਾਲ ਪਹਿਲਾਂ ਦੀ ਗੱਲ ਹੈ ਪਹਿਲਾਂ ਮੇਰੇ ਜੇਠ ਨੂੰ ਘਰੇ ਆ ਕੇ ਰਾਤ ਨੂੰ ਕੁੱਟਮਾਰ ਕਰਕੇ ਗਏ ਸੀ, ਬਾਹਾਂ ਤੋੜ ਦਿੱਤੀਆਂ ਸਨ। ਅਸੀਂ ਸੁੱਤੇ ਪਏ ਸੀ। ਅਸੀਂ ਉਦੋਂ ਕਿਸੇ ਨੂੰ ਦੱਸਿਆ ਵੀ ਨਹੀਂ ਸੀ। ਇਨ੍ਹਾਂ ਨੂੰ ਲੱਗਿਆ ਕਿ ਚੁੱਪ ਕਰ ਗਏ ਤਾਂ ਫਿਰ ਇੰਨ੍ਹਾਂ ਨੂੰ ਮੌਕਾ ਮਿਲ ਗਿਆ। ਅਸੀਂ ਤਾਂ ਚਾਹੁੰਦੇ ਹਾਂ ਕਿ 50 ਲੱਖ ਰੁਪਇਆ ਤੇ ਮੈਨੂੰ ਨੌਕਰੀ ਮਿਲਣੀ ਚਾਹੀਦੀ ਹੈ।''''

ਸਾਨੂੰ ਅਜੇ ਵੀ ਡਰ ਹੈ ਕਿ ਕਿਤੇ ਮੇਰੇ ਪੁੱਤਰ ਨੂੰ ਕੁਝ ਨਾ ਕਰ ਦੇਣ।

ਜਗਮੇਲ ਸਿੰਘ ਦੀਆਂ ਭੈਣਾਂ
BBC

ਵੱਡੇ ਭਰਾ ਉੱਤੇ ਵੀ ਹੋ ਚੁੱਕਾ ਹੈ ਹਮਲ਼ਾ

ਬਲਜੀਤ ਕੌਰ ਜਗਮੇਲ ਸਿੰਘ ਦੀ ਭੈਣ ਹੈ ਅਤੇ ਧਰਨੇ ਉੱਤੇ ਉਸ ਨੇ ਦੱਸਿਆ ਕਿ ਉਸਦੇ ਪਰਿਵਾਰ ਨਾਲ ਇਹ ਵਾਰਦਾਤ ਪਹਿਲੀ ਨਹੀਂ ਹੈ। ਉਸ ਮੁਤਾਬਕ ਉਸ ਦੇ ਵੱਡੇ ਭਰਾ ਉੱਤੇ ਵੀ ਹਮਲਾ ਹੋਇਆ ਸੀ।

ਇਸ ਹਮਲੇ ਵਿਚ ਉਸ ਦੀਆਂ ਦੋਵੇਂ ਬਾਹਵਾਂ ਤੋੜ ਦਿੱਤੀਆਂ ਗਈਆਂ ਸਨ। ਪਰ ਡਰ ਦੇ ਮਾਰੇ ਉਨ੍ਹਾਂ ਇਹ ਮਸਲਾ ਨਹੀਂ ਬਣਾਇਆ ਤੇ ਉਹ ਹੁਣ ਵੀ ਆਪਣੀਆਂ ਟੇਡੀਆਂ- ਮੇਡੀਆਂ ਜੁੜੀਆਂ ਬਾਹਵਾਂ ਨਾਲ ਘੁੰਮ ਰਿਹਾ ਹੈ।

ਬਲਜੀਤ ਨੇ ਕਿਹਾ, ''''ਮੇਰੇ ਭਰਾ ਨਾਲ ਘਟਨਾ ਹੋਈ ਹੈ। ਪਹਿਲਾਂ ਵੀ ਮੇਰੇ ਇੱਕ ਭਰਾ ਨੂੰ ਕੁੱਟਿਆ ਸੀ। ਅਸੀਂ ਡਰ ਕਾਰਨ ਕਿਸੇ ਨੂੰ ਦੱਸਿਆ ਨਹੀਂ ਸੀ। ਸਾਨੂੰ ਡਰ ਸੀ ਕਿ ਮੁੱਦਾ ਚੁੱਕਿਆ ਤਾਂ ਸਾਨੂੰ ਸਭ ਨੂੰ ਨੁਕਸਾਨ ਪਹੁੰਚਾ ਸਕਦੇ ਹਨ''''।

''''ਸਾਨੂੰ ਕਹਿੰਦੇ ਹੈ ਸਹੀ ਤਰੀਕੇ ਨਾਲ ਕਿਉਂ ਨਹੀਂ ਬੁਲਾਉਂਦੇ। ਸਾਨੂੰ ਸਰਦਾਰਨੀ ਕਹਿ ਕੇ ਬੁਲਾਇਆ ਕਰੋ। ਇਨ੍ਹਾਂ ਸਰਦਾਰਾਂ ਨੇ ਸਾਰਿਆਂ ''ਤੇ ਰੌਹਬ ਚਲਾਇਆ ਹੋਇਆ ਹੈ''''।

''''ਜਗਮੇਲ ਸਿੰਘ 7-8 ਸਾਲ ਪਹਿਲਾਂ ਰਜਿੰਦਰ ਕੌਰ ਭੱਠਲ ਦੀ ਗੱਡੀ ਚਲਾਉਂਦਾ ਰਿਹਾ। ਮੇਰਾ ਦੂਜਾ ਭਰਾ ਵੀ ਰਜਿੰਦਰ ਕੌਰ ਭੱਠਲ ਦੀ ਗੱਡੀ ਚਲਾਉਂਦਾ ਰਿਹਾ ਹੈ''''।

ਸੰਸਦ ਚ ਚੁੱਕਾਂਗਾ ਮੁੱਦਾ -ਭਗਵੰਤ ਮਾਨ

ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਤੇ ਆਮ ਆਦਮੀ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਮਾਮਲਾ ਸੰਸਦ ਵਿਚ ਚੁੱਕਣ ਦੀ ਗੱਲ ਕਹੀ ਹੈ।

ਭਗਵੰਤ ਮਾਨ
Getty Images

ਭਗਵੰਤ ਮਾਨ ਨੇ ਕਿਹਾ, ''''ਸੰਗਰੂਰ ਜ਼ਿਲ੍ਹੇ ਵਿਚ ਅਣਮਨੁੱਖੀ ''ਤੇ ਸ਼ਰਮਨਾਕ ਘਟਨਾ ਵਾਪਰੀ ਹੈ ਉਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ। ਮੈਂ ਦਿੱਲੀ ਹਾਂ ਤੇ ਸੰਸਦ ਦਾ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਣਾ ਹੈ। ਸਦਨ ਵਿਚ ਮੈਂ ਇਹ ਮਾਮਲਾ ਜ਼ੋਰ-ਸ਼ੋਰ ਨਾਲ ਚੁੱਕਾਂਗਾ।''''

ਇੱਕ ਦਲਿਤ ਮੁੰਡੇ ਨੂੰ ਬਹੁਤ ਬੇਰਹਿਮੀ ਨਾਲ, ਅਣਮਨੁੱਖੀ ਤਰੀਕੇ ਨਾਲ ਮੌਤ ਦੇ ਘਾਟ ਨਾਲ ਉਤਾਰਿਆ ਗਿਆ ਹੈ। ਹਾਲਾਂਕਿ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।

ਪਰ ਉਸ ਨੂੰ 50 ਲੱਖ ਰੁਪਿਆ ਤੇ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ। ਇਸ ਸਬੰਧੀ ਮੈਂ ਗ੍ਰਹਿ ਮੰਤਰੀ ਨੂੰ ਮੰਗ ਪੱਤਰ ਸੌਂਪਾਂਗਾ।

ਮੈਂ ਪਾਰਟੀ ਦੇ ਸਾਰੇ ਅਹੁਦੇਦਾਰਾਂ ਤੇ ਵਲੰਟੀਅਰਾਂ ਨੂੰ ਮੋਰਚੇ ਵਿਚ ਸਾਥ ਦੇਣ ਲਈ ਕਿਹਾ ਹੈ।

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=XvH1x2JBKQo

https://www.youtube.com/watch?v=YO3sOKhov5k

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News