ਆਸਟਰੇਲੀਆ ਵਿੱਚ ਜੰਗਲ ਦੀ ਅੱਗ ਕਾਰਨ ਤਿੰਨ ਮੌਤਾਂ, ਹਜ਼ਾਰਾਂ ਲੋਕਾਂ ਦਾ ਉਜਾੜਾ

11/10/2019 4:31:23 PM

ਆਸਟਰੇਲੀਆ ਵਿੱਚ ਬੁਸ਼ਫਾਇਰ
Reuters

ਆਸਟਰੇਲੀਆ ਵਿੱਚ ਜੰਗਲ ਦੀ ਅੱਗ ਕਾਰਨ ਘੱਟੋ-ਘੱਟ ਤਿੰਨ ਮੌਤਾਂ ਤੇ ਹਾਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣੇ ਪਏ।

ਐਤਵਾਰ ਨੂੰ ਫਾਇਰ ਐਮਰਜੈਂਸੀ ਦੇ ਤੀਜੇ ਦਿਨ ਵੀ ਨਿਊ ਸਾਊਥ ਵੇਲਜ਼ ਤੇ ਕੁਈਨਜ਼ਲੈਂਡ ਦੇ ਇਲਾਕਿਆਂ ਵਿੱਚ ਸੌ ਤੋਂ ਵਧੇਰੇ ਥਾਵਾਂ ਤੇ ਅੱਗ ਲੱਗੀ ਹੋਈ ਸੀ।

ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਕਿਹਾ ਕਿ ਬਚਾਅ ਕਾਰਜਾਂ ਵਿੱਚ ਪਹਿਲਾਂ ਤੋਂ ਹੀ ਲੱਗੇ 1300 ਫਾਇਰ ਫਾਈਟਰਾਂ ਦੀ ਮਦਦ ਲਈ ਫੌਜ ਬੁਲਾਈ ਜਾ ਸਕੀਦੀ ਹੈ

ਅੱਗ ਦੇ ਅਸਰ ਹੇਠ ਆਏ ਇਲਾਕਿਆਂ ਵਿੱਚ ਮਦਦ ਲਈ ਹਜ਼ਾਰਾਂ ਨਾਗਰਿਕ ਵੀ ਮਦਦ ਕਰ ਰਹੇ ਹਨ।

ਪ੍ਰਧਾਨ ਮੰਤਰੀ ਮੌਰਿਸਨ ਨੇ ਨੇ ਕਿਹਾ, "ਅੱਜ ਤਾਂ ਮੈਨੂੰ ਉਨ੍ਹਾਂ ਮਰਨ ਵਾਲਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਹੀ ਫਿਕਰ ਹੈ।"

ਅਧਿਕਾਰੀਆਂ ਮੁਤਾਬਕ ਖ਼ੁਸ਼ਕ ਮੌਸਮ ਕਾਰਨ ਆਉਣ ਵਾਲੇ ਹਫ਼ਤੇ ਦੌਰਾਨ ਹੋਰ ਵੀ ਅੱਗਾਂ ਲੱਗ ਸਕਦੀਆਂ। ਚੇਤਾਵਨੀ ਵਾਲੇ ਖੇਤਰਾਂ ਵਿੱਚ ਰਾਜਧਾਨੀ ਸਿਡਨੀ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ:

ਆਸਟਰੇਲੀਆ ਵਿੱਚ ਬੁਸ਼ਫਾਇਰ
AFP

ਹੁਣ ਤੱਕ ਦੇ ਹਾਲਾਤ

ਕੁਈਨਜ਼ਲੈਂਡ ਵਿੱਚ ਹਜ਼ਾਰਾਂ ਲੋਕਾਂ ਨੇ ਆਪਣੀ ਰਾਤ ਇਵੈਕੁਏਸ਼ਨ ਸੈਂਟਰਾਂ ਵਿੱਚ ਲੰਘਾਈ। ਇਸੇ ਦੌਰਾਨ ਅਧਿਕਾਰੀਆਂ ਨੇ ਇਨ੍ਹਾਂ ਲੋਕਾਂ ਨੂੰ ਵਾਪਸ ਘਰੋ-ਘਰੀਂ ਭੇਜਣ ਦੀ ਸੰਭਾਵਨਾ ਤਲਾਸ਼ਣ ਲਈ ਹਾਲਾਤ ਦਾ ਜਾਇਜ਼ਾ ਲਿਆ।

ਨਿਊ ਸਾਊਥ ਵੇਲਜ਼ ਦੇ ਫਾਇਰ ਅਧਿਕਾਰੀਆਂ ਨੇ 150 ਘਰਾਂ ਦੇ ਅੱਗ ਵਿੱਚ ਸੜਨ ਦੀ ਪੁਸ਼ਟੀ ਕੀਤੀ ਹੈ।

ਹਾਲਾਂਕਿ ਸ਼ਨਿੱਚਰਵਾਰ ਦੇ ਠੰਡੇ ਮੌਸਮ ਕਾਰਨ ਕੁਝ ਰਾਹਤ ਮਿਲੀ ਪਰ ਉੱਚੇ ਤਾਪਮਾਨ, ਘੱਟ ਨਮੀ ਤੇ ਤੇਜ਼ ਹਵਾ ਕਾਰਨ ਅਗਲੇ ਹਫ਼ਤੇ ਦੇ ਮੱਧ ਦੌਰਾਨ ਹੋਰ ਅੱਗਾਂ ਲੱਗਣ ਦੀ ਚੇਤਾਵਨੀ ਦਿੱਤੀ ਗਈ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਗਲਵਾਰ ਤੱਕ ਨਿਊ ਸਾਊਥ ਵੇਲਜ਼ ਦੇ ਤਟੀ ਇਲਾਕਿਆਂ ਤੇ ਸਿਡਨੀ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੀ ਅੱਗਾਂ ਫੈਲਣ ਦੀ ਚੇਤਾਵਨੀ ਜਾਰੀ ਕੀਤੀ ਜਾ ਸਕਦੀ ਹੈ।

ਆਸਟਰੇਲੀਆ ਵਿੱਚ ਬੁਸ਼ਫਾਇਰ
Reuters

ਪੀੜਤ

ਸ਼ੁੱਕਰਵਾਰ ਨੂੰ ਅੱਗ ਬੁਝਾਊ ਅਮਲੇ ਨੂੰਮ ਸਿਡਨੀ ਤੋਂ 550 ਕਿੱਲੋਮੀਟਰ ਉੱਤਰ ਵਾਲੇ ਪਾਸੇ ਇੱਕ ਲਾਸ਼ ਮਿਲੀ। ਉਸੇ ਪਿੰਡ ਵਿੱਚ ਇੱਕ ਔਰਤ ਗੰਭੀਰ ਰੂਪ ਵਿੱਚ ਝੁਲਸੀ ਹੋਈ ਹਾਲਤ ਵਿੱਚ ਪਾਈ ਗਈ। ਉਸ ਨੂੰ ਫੌਰੀ ਤੌਰ ''ਤੇ ਹਸਪਤਾਲ ਲਿਜਾਇਆ ਗਿਆ।

ਕੈਰੋਲ ਸਪਾਰਕਸ, ਮੇਅਰ ਗਲੈਨ ਇਨਸ ਨੇ ਦੱਸਿਆ ਕਿ ਇਲਾਕੇ ਵਿੱਚ ਰਹਿੰਦੇ ਲੋਕ ਖ਼ੌਫ਼ਜ਼ਦਾ ਹਨ।

ਉਨ੍ਹਾਂ ਨੇ ਆਸਟਰੇਲੀਆ ਦੇ ਟੀਵੀ ਚੈਨਲ ਏਬੀਸੀ ਨੂੰ ਦੱਸਿਆ, "ਅੱਗ 20 ਫੁੱਟ ਤੱਕ ਉੱਚੀ ਉੱਠ ਰਹੀ ਸੀ ਤੇ 80 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਫੈਲ ਰਹੀ ਸੀ... ਪ੍ਰਭਾਵਿਤ ਲੋਕਾਂ ਲਈ ਇਹ ਬੇਹੱਦ ਡਰਾਉਣਾ ਸੀ।"

ਨਿਊ ਸਾਊਥ ਵੇਲਜ਼ ਪੁਲਿਸ ਨੇ ਸਿਡਨੀ ਤੋਂ 300 ਕਿੱਲੋਮੀਟਰ ਦੂਰ ਉੱਤਰਵਾਲੇ ਪਾਸੇ ਇੱਕ ਹੋਰ ਸੜੇ ਹੋਏ ਘਰ ਵਿੱਚ ਇੱਕ ਲਾਸ਼ ਮਿਲਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਹਾਲਾਂਕਿ ਉਨ੍ਹਾਂ ਨੇ ਲਾਸ਼ ਦੀ ਪਛਾਣ ਨਹੀਂ ਦੱਸੀ ਪਰ ਉਨ੍ਹਾਂ ਮੁਤਾਬਕ ਇਹ ਘਰ ਇੱਕ 63 ਸਾਲਾ ਬਜ਼ੁਰਗ ਔਰਤ ਦਾ ਸੀ।

ਇਸੇ ਮਹੀਨੇ ਦੇ ਮੁੱਢ ਵਿੱਚ ਫੈਲੀ ਅੱਗ ਨੇ 2000 ਹੈਕਟੇਅਰ ਝਾੜੀਆਂ ਦੇ ਜੰਗਲਾਂ ਨੂੰ ਸੁਆਹ ਕਰ ਦਿੱਤਾ ਸੀ। ਇਸ ਖੇਤਰ ਵਿੱਤ ਇੱਕ ਕੁਆਲਾ ਸੈਂਚੁਰੀ ਵੀ ਸੀ। ਇਸ ਅੱਗ ਵਿੱਚ ਸੈਂਕੜੇ ਜੀਵਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਸੀ।

ਆਸਟਰੇਲੀਆ ਵਿੱਚ ਬੁਸ਼ਫਾਇਰ
AFP

ਸੋਕਾ

ਹਾਲਾਂਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਪਈਆਂ ਬਾਰਸ਼ਾਂ ਨਾਲ ਕਿਸਾਨਾਂ ਨੂੰ ਕੁਝ ਰਾਹਤ ਤਾਂ ਜ਼ਰੂਰ ਮਿਲੀ ਪਰ ਇਸ ਨਾਲ ਚਿਰਾਂ ਤੋਂ ਪਈ ਔੜ ਵਿੱਚ ਕੋਈ ਰਾਹਤ ਨਹੀਂ ਮਿਲੀ।

ਅਧਿਕਾਰੀਆਂ ਮੁਤਾਬਕ ਮੀਂਹ ਨਾ ਪੈਣ ਦੀ ਸੂਰਤ ਵਿੱਚ ਹੋਰ ਅੱਗਾਂ ਭੜਖ ਸਕਦੀਆਂ ਹਨ।

ਅੱਗ ਦੇ ਉੱਪਰ ਪਾਣੀ ਸੁੱਟਣ ਵਾਲੇ ਜਹਾਜ਼ਾਂ ਨੂੰ ਸਥਾਨਕ ਜਲ ਸੋਮਿਆਂ ਵਿੱਚ ਪਾਣੀ ਦੀ ਕਮੀ ਕਾਰਨ ਲੰਬੀਆਂ ਉਡਾਣਾਂ ਭਰਨੀਆਂ ਪੈ ਰਹੀਆਂ ਹਨ ਤੇ ਕਈ ਥਾਂ ਤੇ ਪਾਣੀ ਦੀ ਮੰਗ ਪੂਰੀ ਕਰਨ ਲਈ ਨਵੇਂ ਬੋਰ ਕਰਨੇ ਪਏ ਹਨ।

ਇੱਕ ਅਧਿਕਾਰੀ ਫਿਟਜ਼ੀਮੋਨਸ ਨੇ ਕਿਹਾ, "ਅਸੀਂ ਪਾਣੀ ਦੀ ਕਿੱਲਤ ਨੂੰ ਤੇ ਇਸ ਦੇ ਮੁੱਲ ਨੂੰ ਵੀ ਸਮਝਦੇ ਹਾਂ ਪਰ ਅਸਲ ਗੱਲ ਇਹ ਹੈ ਕਿ ਪਾਣੀ ਬਿਨਾਂ ਅਸੀਂ ਅੱਗ ਨਾਲ ਨਹੀਂ ਲੜ ਸਕਦੇ।"

ਆਸਟਰੇਲੀਆ ਵਿੱਚ ਬੁਸ਼ਫਾਇਰ
Reuters
ਕੁਈਨਜ਼ਲੈਂਡ ਵਿੱਚ ਲੱਗੀ ਅੱਗ ਤੋਂ ਘਰਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਫਾਇਰ ਫਾਈਟਰ

ਬਦਲਦੇ ਵਾਤਾਵਰਣ ਨਾਲ ਸੰਬੰਧ

ਆਸਟਰੇਲੀਆ ਵਿੱਚ ਬੁਸ਼ ਫਾਇਰ ਲੱਗਣਾ ਆਮ ਗੱਲ ਹੈ ਤੇ ਕਈ ਵਾਰ ਸੰਘਣੇ ਝਾੜੀਦਾਰ ਜੰਗਲਾਂ ਵਿੱਚੋਂ ਰਾਹ ਬਣਾਉਣ ਲਈ ਵੀ ਝਾੜੀਆਂ ਨੂੰ ਅੱਗਾਂ ਲਾਈਆਂ ਜਾਂਦੀਆਂ ਹਨ। ਪਰ ਸਾਇੰਸਦਾਨਾਂ ਦਾ ਕਹਿਣਾ ਹੈ ਕਿ ਬਦਲਦੇ ਵਾਤਾਵਰਣ ਕਾਰਨ ਅੱਗਾਂ ਲੱਗਣ ਦੀਆਂ ਘਟਨਾਵਾਂ ਵਧ ਸਕਦੀਆਂ ਹਨ।

ਅਧਿਕਾਰੀ ਆਸਟਰੇਲੀਆ ਦੇ ਇਤਿਹਾਸ ਦੀ ਸਭ ਤੋਂ ਤਿੱਖੀ ਗਰਮੀ ਪੈਣ ਮਗਰੋਂ ਆਉਣ ਵਾਲੀ ਗਰਮੀ ਦੀ ਵਧੇਰੇ ਚਿੰਤਾ ਹੈ।

ਅਧਿਕਾਰੀਆਂ ਮੁਤਾਬਕ ਸਾਲ 2018 ਤੇ 2019 ਆਸਟਰੇਲੀਆ ਦੇ ਕ੍ਰਮਵਾਰ ਦੂਜੇ ਤੇ ਤੀਜੇ ਨੰਬਰ ਦੇ ਸਭ ਤੋਂ ਗਰਮ ਸਾਲ ਸਨ।

ਆਸਟਰੇਲੀਆ ਦੇ ਮੌਸਮ ਵਿਭਾਗ ਵੱਲੋਂ ਜਾਰੀ ਸਟੇਟ ਆਫ਼ ਦਿ ਕਲਾਈਮੇਟ ਰਿਪੋਰਟ ਮੁਤਾਬਕ ਬਦਲਦੇ ਵਾਤਾਵਰਣ ਕਾਰਨ ਗਰਮ ਦਿਨ ਵਧੇ ਹਨ ਤੇ ਦੂਸਰੀਆਂ ਕੁਦਰਤੀ ਆਫ਼ਤਾਂ ਜਿਵੇਂ ਔੜ ਦੀ ਗੰਭੀਰਤਾ ਵੀ ਵਧੀ ਹੈ।

ਜੇ ਵਿਸ਼ਵੀ ਤਾਪਮਾਨਾਂ ਨੂੰ ਪੂਰਬ -ਸਨਅਤੀ ਪੱਧਰਾਂ ਨਾਲੋਂ 2 ਡਿਗਰੀ ਵਧੇਰੇ ਤੇ ਵੀ ਰੋਕ ਲਿਆ ਜਾਵੇ ਤਾਂ ਵੀ ਸਾਇੰਸਦਾਨਾਂ ਦਾ ਮੰਨਣਾ ਹੈ ਕਿ ਆਸਟਰੇਲੀਆ ਇੱਕ ਖ਼ਤਰਨਾਕ ਦੌਰ ਵਿੱਚੋਂ ਲੰਘ ਰਿਹਾ ਹੈ

ਪਿਛਲੇ ਸਾਲ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਆਸਟਰੇਲੀਆ ਆਪਣੇ ਕਾਰਬਨ ਅਮਿਸ਼ਨ ਘਟਾਉਣ ਵਿੱਚ ਫਾਡੀ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News