20 ਸਾਲਾ ਕੁੜੀ ਜਿਸ ਨੇ ਦਾਦਕੇ-ਨਾਨਕੇ ਸਣੇ ਕਈਆਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਆ

Thursday, Nov 07, 2019 - 07:31 AM (IST)

20 ਸਾਲਾ ਕੁੜੀ ਜਿਸ ਨੇ ਦਾਦਕੇ-ਨਾਨਕੇ ਸਣੇ ਕਈਆਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਆ

20 ਸਾਲਾ ਅਮਨਦੀਪ ਕੌਰ ਆਪਣੇ ਪਿਤਾ ਨਾਲ ਖੇਤੀ ਕਰਦੀ ਹੈ ਤੇ ਖੇਤਾਂ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਾਏ ਹੀ ਖੇਤੀ ਕਰ ਰਹੀ ਹੈ।

ਸੰਗਰੂਰ ਦੇ ਕਨੌਈ ਪਿੰਡ ਦੀ ਅਮਨਦੀਪ ਨੇ ਆਪਣੇ ਪਿਤਾ ਨੂੰ ਕਿਹਾ ਕਿ ਪਰਾਲੀ ਨੂੰ ਨਾ ਸਾੜਿਆ ਜਾਵੇ ਅਤੇ ਉਸ ਤੋਂ ਬਿਨਾਂ ਹੀ ਖੇਤੀ ਕੀਤੀ ਜਾਵੇ।

ਅਮਨਦੀਪ ਦੇ ਪਿਤਾ ਮੰਨ ਗਏ ਤੇ ਕੁਝ ਸਾਲਾਂ ਤੋਂ ਬਿਨਾਂ ਪਰਾਲੀ ਨੂੰ ਸਾੜੇ ਹੀ ਖੇਤੀ ਕਰ ਰਹੇ ਹਨ।

ਇਹ ਵੀ ਪੜ੍ਹੋ:

ਬੀਤੇ ਕੁਝ ਦਿਨਾਂ ਵਿੱਚ ਪੰਜਾਬ, ਹਰਿਆਣਾ ਤੇ ਖ਼ਾਸਕਰ ਦਿੱਲੀ ਵਿੱਚ ਸਮੋਗ ਕਰਕੇ ਪ੍ਰਦੂਸ਼ਣ ਦਾ ਪੱਧਰ ਕਾਫੀ ਵੱਧ ਗਿਆ ਸੀ। ਇਸ ਪ੍ਰਦੂਸ਼ਣ ਲਈ ਕਿਸਾਨਾਂ ਵੱਲੋਂ ਸਾੜੀ ਜਾਂਦੀ ਪਰਾਲੀ ਨੂੰ ਵੀ ਜ਼ਿੰਮੇਵਾਰ ਮੰਨਿਆ ਗਿਆ ਹੈ।

ਅਮਨਦੀਪ ਕੌਰ ਆਪਣੇ ਪਿਤਾ ਨਾਲ ਮਿਲ ਕੇ ਲਗਭਗ 35 ਏਕੜ ਵਿੱਚ ਖੇਤੀ ਕਰਦੀ ਹੈ। ਅਮਨਦੀਪ ਕੌਰ ਆਪਣੇ ਖੇਤਾਂ ਵਿੱਚ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਬਿਨਾਂ ਅੱਗ ਲਾਏ ਹੀ ਖੇਤੀ ਕਰ ਰਹੀ ਹੈ।

ਅਮਨਦੀਪ ਕੌਰ ਨੇ ਦੱਸਿਆ, "ਮੈਂ ਬਚਪਨ ਤੋਂ ਹੀ ਪਾਪਾ ਨਾਲ ਖੇਤੀ ਜਾਂਦੀ ਸੀ। ਹੌਲੀ-ਹੌਲੀ ਖੇਤੀ ਦਾ ਸ਼ੌਕ ਪੈ ਗਿਆ। ਮੈਂ ਟਰੈਕਟਰ ਚਲਾਉਣ ਸਮੇਤ ਖੇਤੀ ਦੇ ਸਾਰੇ ਕੰਮ ਸਿੱਖ ਲਏ।"

ਖਰਚ ਬਾਰੇ ਕੀ ਵਿਚਾਰ?

"ਮੈਨੂੰ ਪਰਾਲੀ ਦੇ ਧੂੰਏਂ ਕਾਰਨ ਇਨ੍ਹਾਂ ਦਿਨਾਂ ਵਿੱਚ ਸਾਹ ਲੈਣਾ ਔਖਾ ਲਗਦਾ ਸੀ। ਇਸ ਕਰਕੇ ਮੈਂ ਆਪਣੇ ਪਾਪਾ ਨੂੰ ਬਿਨਾਂ ਅੱਗ ਲਾਏ ਖੇਤੀ ਕਰਨ ਦਾ ਸੁਝਾਅ ਦਿੱਤਾ।"

"ਹੁਣ ਪਿਛਲੇ ਤਿੰਨ ਸਾਲਾਂ ਤੋਂ ਅਸੀਂ ਬਿਨਾਂ ਅੱਗ ਲਗਾਏ ਹੈਪੀ ਸੀਡਰ ਨਾਲ ਹੀ ਬਿਜਾਈ ਕਰ ਰਹੇ ਹਾਂ। ਇਸ ਨਾਲ ਨਾ ਸਿਰਫ਼ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ ਸਗੋਂ ਹੋਰ ਜੀਵ ਜੰਤੂ ਵੀ ਸੁਰੱਖਿਅਤ ਰਹਿੰਦੇ ਹਨ।"

https://www.youtube.com/watch?v=tGrlcSshuIs

ਪਰਾਲੀ ਆਦਿ ਰਹਿੰਦ ਖੂੰਹਦ ਨੂੰ ਖੇਤ ਵਿੱਚ ਹੀ ਖਪਾਉਣ ਉੱਤੇ ਹੋਣ ਵਾਲੇ ਖ਼ਰਚ ਬਾਰੇ ਵੀ ਅਮਨਦੀਪ ਦਾ ਆਪਣਾ ਤਰਕ ਹੈ।

ਉਹ ਕਹਿੰਦੀ ਹੈ, "ਅੱਗ ਲਾਉਣ ਨਾਲੋਂ ਇਸ ਤਰੀਕੇ ਨਾਲ ਮਿਹਨਤ ਵੱਧ ਹੁੰਦੀ ਹੈ, ਤੇਲ ਦਾ ਖਰਚਾ ਵੀ ਹੁੰਦਾ ਹੈ ਪਰ ਸਮੁੱਚੇ ਰੂਪ ਵਿੱਚ ਇਹ ਮਹਿੰਗਾ ਨਹੀਂ ਪੈਂਦਾ। ਇਹ ਰਹਿੰਦ ਖੂੰਹਦ ਧਰਤੀ ਵਿੱਚ ਡੀ ਕੰਪੋਜ਼ ਹੋ ਕੇ ਖਾਦ ਬਣ ਜਾਂਦੀ ਹੈ।"

"ਅੱਗ ਲਾਉਣ ਨਾਲ ਸੜਨ ਵਾਲੇ ਕੁਦਰਤੀ ਤੱਤਾਂ ਦਾ ਵੀ ਬਚਾਅ ਹੁੰਦਾ ਹੈ। ਬਾਕੀ ਕਿਸਾਨਾਂ ਦੇ ਮੁਕਾਬਲੇ ਅਸੀਂ ਅੱਧੀ ਮਾਤਰਾ ਵਿੱਚ ਹੀ ਫਰਟੀਲਾਈਜ਼ਰ ਵਰਤਦੇ ਹਾਂ। ਕੁੱਲ ਮਿਲਾ ਕੇ ਖ਼ਰਚੇ ਬਰਾਬਰ ਹੀ ਰਹਿੰਦੇ ਹਨ।"

ਅਮਨਦੀਪ ਦੀ ਇਸ ਪਹਿਲ ਨੇ ਉਹਦੇ ਆਲੇ-ਦੁਆਲੇ ਵੀ ਅਸਰ ਪਾਇਆ ਹੈ।

ਪ੍ਰਦੂਸ਼ਣ ਮੁਕਤ ਖੇਤੀ ਦੀ ਆਸ

ਅਮਨਦੀਪ ਦੱਸਦੀ ਹੈ, "ਮੈਨੂੰ ਕੰਮ ਕਰਦੇ ਦੇਖ ਕੇ ਸਾਡੇ ਪਿੰਡ ਦੇ ਬਜ਼ੁਰਗ ਬਹੁਤ ਪਿਆਰ ਸਤਿਕਾਰ ਦਿੰਦੇ ਹਨ। ਸਾਡੇ ਪਿੰਡ ਦੇ ਕਈ ਹੋਰ ਲੋਕ ਵੀ ਇਸ ਤਰਾਂ ਬਿਜਾਈ ਕਰਨ ਲੱਗ ਪਏ ਹਨ।

"ਮੇਰੇ ਨਾਨਕੇ ਪਰਿਵਾਰ ਨੇ ਵੀ ਇਸ ਵਾਰ ਬਿਨਾਂ ਅੱਗ ਲਾਏ ਬਿਜਾਈ ਕੀਤੀ ਹੈ। ਮੈਂ ਇਨ੍ਹਾਂ ਦਾ ਵੀ ਹੱਥ ਵਟਾਉਣ ਆਈ ਹਾਂ। ਮਨ ਦੁਖੀ ਹੁੰਦਾ ਹੈ ਕਿ ਹਾਲੇ ਵੀ ਬਹੁਤ ਕਿਸਾਨ ਅੱਗ ਲਗਾ ਰਹੇ ਹਨ। ਮੈਨੂੰ ਆਸ ਹੈ ਕਿ ਇੱਕ ਦਿਨ ਖੇਤੀ ਪ੍ਰਦੂਸ਼ਣ ਮੁਕਤ ਜ਼ਰੂਰ ਹੋਵੇਗੀ।"

ਅਮਨਦੀਪ ਕੌਰ ਦੇ ਪਿਤਾ ਹਰਮਿਲਾਪ ਸਿੰਘ ਵੀ ਆਪਣੀ ਧੀ ਨਾਲ ਖੜ੍ਹੇ ਨਜ਼ਰ ਆਉਂਦੇ ਹਨ।

ਉਹ ਕਹਿੰਦੇ ਹਨ, "ਮੇਰੀ ਬੇਟੀ ਪੜ੍ਹੀ ਲਿਖੀ ਹੈ। ਇਸ ਨੂੰ ਮੇਰੇ ਨਾਲੋਂ ਜ਼ਿਆਦਾ ਗਿਆਨ ਹੈ। ਇਸ ਨੇ ਜਦੋਂ ਪ੍ਰਦੂਸ਼ਣ ਨਾ ਕਰਨ ਦੀ ਗੱਲ ਕਹੀ ਤਾਂ ਮੈਂ ਮੰਨ ਲਈ।"

"ਪਹਿਲਾਂ ਵੀ ਅਸੀਂ ਥੋੜੀ ਬਹੁਤ ਖੇਤੀ ਹੈਪੀ ਸੀਡਰ ਨਾਲ ਕਰਦੇ ਸੀ ਪਰ ਉਦੋਂ ਖੇਤੀ ਸੰਦ ਇੰਨੇ ਵਿਕਸਤ ਨਹੀਂ ਸਨ। ਹੁਣ ਚੰਗੇ ਖੇਤੀ ਸੰਦ ਆ ਗਏ ਹਨ।"

"ਇੰਨਾ ਨਾਲ ਬਿਨਾਂ ਅੱਗ ਲਾਏ ਬਿਜਾਈ ਕਰਨਾ ਹੁਣ ਔਖਾ ਨਹੀਂ ਰਿਹਾ। ਝਾੜ ਵੀ ਉਨ੍ਹਾਂ ਹੀ ਹੁੰਦਾ ਹੈ ਤਾਂ ਫਿਰ ਇਸ ਤਰੀਕੇ ਨੂੰ ਅਪਣਾਉਣ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ।"

ਕੈਨੇਡਾ ਜਾਣ ਦਾ ਸੁਪਨਾ ਤਿਆਗਿਆ

ਅਮਨਦੀਪ ਨੇ ਬਾਰ੍ਹਵੀਂ ਜਮਾਤ ਤੋਂ ਬਾਅਦ ਆਈਲੈੱਟਸ ਦਾ ਟੈੱਸਟ ਵੀ ਕਲੀਅਰ ਕੀਤਾ ਸੀ ਪਰ ਬਾਅਦ ਵਿੱਚ ਖੇਤੀ ਨੂੰ ਕਿੱਤਾ ਬਣਾਉਣ ਦਾ ਫ਼ੈਸਲਾ ਕਰ ਲਿਆ।

ਉਨ੍ਹਾਂ ਕਿਹਾ, "ਮੇਰੇ ਸਾਰੇ ਦੋਸਤ ਕੈਨੇਡਾ-ਆਸਟਰੇਲੀਆ ਗਏ ਹਨ। ਮੇਰੀ ਵੀ ਬਾਹਰ ਜਾਣ ਦੀ ਤਿਆਰੀ ਸੀ ਪਰ ਫਿਰ ਮੈਂ ਫੈਸਲਾ ਲਿਆ ਕਿ ਇੱਥੇ ਹੀ ਰਹਿ ਕੇ ਕੁਝ ਕੀਤਾ ਜਾਵੇ।"

ਅਮਨਦੀਪ ਬੀ ਵੋਕੇਸ਼ਨਲ ਫੂਡ ਪ੍ਰੋਸੈਸਿੰਗ ਅਤੇ ਇੰਜੀਨੀਅਰਿੰਗ, ਬੈਚਲਰ ਡਿਗਰੀ ਦੀ ਪਹਿਲੇ ਸਾਲ ਦੀ ਵਿਦਿਆਰਥਣ ਹੈ।

ਅਮਨਦੀਪ ਡਿਗਰੀ ਤੋਂ ਬਾਅਦ ਕੈਮੀਕਲ ਰਹਿਤ ਸਬਜ਼ੀਆਂ ਦੀ ਖੇਤੀ ਕਰਨਾ ਚਾਹੁੰਦੀ ਹੈ।

ਕੈਮੀਕਲ ਮੁਕਤ ਕੁਦਰਤੀ ਖਾਦ ਤਿਆਰ ਕਰਕੇ ਆਪਣਾ ਬਿਜ਼ਨਸ ਸਥਾਪਿਤ ਕਰਨਾ ਉਸਦਾ ਸੁਪਨਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=-Fs0L1mjcbE

https://www.youtube.com/watch?v=NIXU5CLDYW4

https://www.youtube.com/watch?v=epD-CpBihfs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News