''''ਮੈਕਸੀਕੋ ''''ਚ ਭਾਰਤੀਆਂ ਦਾ ਸਵਾਗਤ ਹੈ ਪਰ ਗ਼ੈਰ-ਕਾਨੂੰਨੀ ਤਰੀਕੇ ਨਾਲ ਨਹੀਂ'''' - ਮੈਕਸੀਕੋ ਦੇ ਰਾਜਦੂਤ

10/19/2019 7:31:18 AM

ਪਰਵਾਸੀ ਭਾਰਤੀ, ਮੋਕਸੀਕੋ
Getty Images

ਮੈਕੀਸਕੋ ਮਾਈਗਰੇਸ਼ਨ ਅਥਾਰਿਟੀ ਨੇ ਅਮਰੀਕੀ ਦਬਾਅ ਕਾਰਨ ਆਪਣੀ ਸਰਹੱਦ ਰਾਹੀਂ ਗ਼ੈਰ ਕਾਨੂੰਨੀ ਢੰਗ ਨਾਲ ਪਰਵਾਸ ਕਰਨ ਵਾਲੇ 311 ਭਾਰਤੀ ਲੋਕਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਹੈ। ਇਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ।

ਇਨ੍ਹਾਂ ਸਾਰਿਆਂ ਨੂੰ ਟੋਲੁਕਾ ਕੌਮਾਂਤਰੀ ਏਅਰਪੋਰਟ ਤੋਂ ਬੋਇੰਗ 747 ਜਹਾਜ਼ ਰਾਹੀਂ ਦਿੱਲੀ ਭੇਜਿਆ ਗਿਆ ਹੈ।

311 ਭਾਰਤੀਆਂ ਨੂੰ ਮੈਕਸੀਕੋ ਤੋਂ ਭੇਜੇ ਜਾਣ ਤੋਂ ਬਾਅਦ ਭਾਰਤ ਵਿੱਚ ਮੈਕਸੀਕੋ ਦੇ ਅੰਬੈਸਡਰ ਫੈਡਰੀਕੋ ਸਾਲਸ ਨਾਲ ਬੀਬੀਸੀ ਨੇ ਗੱਲਬਾਤ ਕੀਤੀ।

ਮੈਕਸੀਕੋ ਤੋਂ ਭਾਰਤ ਵਿੱਚ ਭੇਜੇ ਗਏ ਭਾਰਤੀਆਂ ਬਾਰੇ ਕੀ ਕਹੋਗੇ?

ਇਹ ਸਾਰੇ ਭਾਰਤੀ ਸ਼ੁੱਕਰਵਾਰ ਸਵੇਰੇ ਭਾਰਤ ਪਹੁੰਚੇ ਤੇ ਭਾਰਤ ਵਿੱਚ ਇਮੀਗਰੇਸ਼ਨ ਵਿਭਾਗ ਨੇ ਉਨ੍ਹਾਂ ਸਭ ਨੂੰ ਕਲੀਅਰ ਕੀਤਾ ਹੈ। ਇਸ ਲਈ ਸਾਰੀ ਜਾਣਕਾਰੀ ਵੀ ਭਾਰਤ ਦੇ ਇਮੀਗਰੇਸ਼ਨ ਕੋਲ ਹੈ।

ਇਹ ਵੀ ਪੜ੍ਹੋ:

ਪਰ ਉਨ੍ਹਾਂ ਨੂੰ ਭਾਰਤ ਕਿਉਂ ਭੇਜਿਆ ਗਿਆ?

ਸਭ ਲੋਕ ਬਿਨਾਂ ਦਸਤਾਵੇਜ਼ ਦੇ ਗੈਰ-ਕਾਨੂੰਨੀ ਤਰੀਕੇ ਨਾਲ ਮੈਕਸੀਕੋ ਵਿੱਚ ਸਨ। ਮੈਕਸੀਕੋ ਦੀ ਨੀਤੀ ਮੁਤਾਬਕ ਨਾ ਸਿਰਫ਼ ਭਾਰਤੀ ਸਗੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਪਹੁੰਚੇ ਕਿਸੇ ਵੀ ਦੇਸ ਦੇ ਨਾਗਰਿਕ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ।

https://www.youtube.com/watch?v=YF0inyU98e8

ਇਸ ਮਾਮਲੇ ਵਿੱਚ ਜ਼ਿਆਦਾਤਰ ਲੋਕ ਮੈਕਸੀਕੋ ਵਿੱਚ ਇਕੱਠੇ ਹੋਏ ਸਨ। ਇਸ ਲਈ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਇੱਕ ਉਡਾਣ ਦਾ ਪ੍ਰਬੰਧ ਕੀਤਾ।

ਇਹ ਸਭ ਕੁਝ ਭਾਰਤੀ ਅਧਿਕਾਰੀਆਂ ਤੇ ਭਾਰਤੀ ਸਫ਼ਾਰਤਖਾਨੇ ਦੇ ਨਾਲ ਤਾਲਮੇਲ ਬਣਾ ਕੇ ਕੀਤਾ ਗਿਆ ਸੀ ਤਾਂ ਕਿ ਉਹ ਇੱਥੇ ਬਿਨਾ ਕਿਸੇ ਮੁਸ਼ਕਿਲ ਦੇ ਵਾਪਸ ਆ ਸਕਣ।

ਵਾਪਸ ਭੇਜੇ ਇਨ੍ਹਾਂ ਲੋਕਾਂ ਨਾਲ ਕੀ ਹੁੰਦਾ ਹੈ, ਕੀ ਕੋਈ ਪੁਲਿਸ ਕੇਸ ਰਜਿਸਟਰ ਹੁੰਦਾ ਹੈ?

ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਉਹ ਆਪਣੇ ਦੇਸ ਵਾਪਸ ਆ ਕੇ ਕੁਝ ਵੀ ਕਰ ਸਕਦੇ ਹਨ।

ਉਨ੍ਹਾਂ ਨੂੰ ਭਾਰਤ ਵਿੱਚ ਇਮੀਗਰੇਸ਼ਨ ਵਿਭਾਗ ਨੇ ਪਾਸ ਕਰ ਦਿੱਤਾ ਹੈ ਤੇ ਮੇਰੇ ਖਿਆਲ ਵਿੱਚ ਉਹ ਜੋ ਚਾਹੁਣ ਕਰ ਸਕਦੇ ਹਨ।

ਹੈਰਾਨ ਕਰਨ ਵਾਲੀ ਗੱਲ ਹੈ ਕਿ ਇਸ ਵਾਰੀ ਪਰਵਾਸੀਆਂ ਨੂੰ ਵਾਪਸ ਭੇਜਣ ਦਾ ਅੰਕੜਾ ਕਾਫ਼ੀ ਵੱਡਾ ਹੈ।

ਤੁਹਾਨੂੰ ਇਹ ਵੀ ਸਮਝਣਾ ਪਏਗਾ ਕਿ ਦੁਨੀਆਂ ਭਰ ਵਿੱਚ ਪਰਵਾਸੀਆਂ ਦੇ ਜਾਣ ਦਾ ਅੰਕੜਾ ਵੀ ਕਾਫ਼ੀ ਹੈਰਾਨ ਕਰਨ ਵਾਲਾ ਹੈ।

ਇਸ ਮਾਮਲੇ ਵਿੱਚ ਉਹ ਅਸਲ ਵਿਚ ਅਮਰੀਕੀ ਮਹਾਂਦੀਪ ਵਿੱਚ ਲੋਕਾਂ ਦੀ ਤਸਕਰੀ ਕਰਨਾ ਚਾਹੁੰਦੇ ਸਨ।

ਉਨ੍ਹਾਂ ਨੂੰ ਲਾਤੀਨੀ ਅਮਰੀਕਾ ਵਿੱਚ ਕੁਝ ਹੋਰ ਥਾਵਾਂ ''ਤੇ ਲੈ ਗਏ ਅਤੇ ਅਮਰੀਕਾ ਵਿੱਚ ਦਾਖਲ ਹੋਣ ਲਈ ਮੈਕਸੀਕੋ ਲਿਆਂਦਾ।

ਮੈਕਸੀਕੋ
Getty Images

ਮੈਕਸੀਕੋ ਸਰਕਾਰ ਅਜਿਹੇ ਮਾਮਲਿਆਂ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੇ ਪਰਵਾਸੀ ਵੀ ਮਨੁੱਖੀ ਤਸਕਰੀ ਦੇ ਪੀੜਤ ਹਨ।

ਇਸ ਨਾਲ ਨਜਿੱਠਣ ਲਈ ਅਸੀਂ ਹੋਰਨਾਂ ਦੇਸਾਂ ਨਾਲ ਮਿਲ ਕੇ ਕੰਮ ਕਰਾਂਗੇ ਤਾਂ ਕਿ ਪਰਵਾਸ ਸੁਰੱਖਿਅਤ ਤੇ ਕਾਨੂੰਨੀ ਤਰੀਕੇ ਨਾਲ ਹੋਵੇ।

ਵੱਧਦੇ ਗ਼ੈਰ-ਕਾਨੂੰਨੀ ਪਰਵਾਸ ਲਈ ਕੀ ਹੁਣ ਕੋਈ ਸਖ਼ਤ ਨੀਤੀ ਆ ਸਕਦੀ ਹੈ

ਅਸੀਂ ਅਜਿਹਾ ਚਾਹੁੰਦੇ ਹਾਂ ਤੇ ਸਾਨੂੰ ਉਮੀਦ ਹੈ ਕਿ ਅਜਿਹਾ ਹੋਵੇਗਾ। ਇਹ ਵਿਸ਼ਵ ਪੱਧਰੀ ਮੁਸ਼ਕਿਲ ਹੈ। ਇਹ ਸਿਰਫ਼ ਭਾਰਤ ਅਤੇ ਮੈਕਸੀਕੋ ਦਾ ਮਾਮਲਾ ਨਹੀਂ ਹੈ।

ਯੂਐਨ ਵਿੱਚ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਪਰਵਾਸ ਨਿਯਮਾਂ ਮੁਤਾਬਕ ਹੋਵੇ ਤਾਂ ਕਿ ਇਹ ਵਧੇਰੇ ਸੁਰੱਖਿਅਤ ਤੇ ਆਮ ਹੋਵੇ। ਮੈਕਸੀਕੋ ਇਸ ਦਿਸ਼ਾ ਵੱਲ ਕੰਮ ਕਰ ਰਿਹਾ ਹੈ।

ਕੀ ਇਨ੍ਹਾਂ ਪਰਵਾਸੀਆਂ ਵਿੱਚ ਵਧੇਰੇ ਪੰਜਾਬੀ ਹਨ?

ਮੈਨੂੰ ਲੱਗਦਾ ਹੈ ਕਿ ਉਨ੍ਹਾਂ ਵਿੱਚ ਵਧੇਰੇ ਪੰਜਾਬੀ ਹਨ।

ਕੋਈ ਖਾਸ ਕਾਰਨ ਹੈ ਕਿ ਪੰਜਾਬੀ ਗ਼ੈਰ-ਕਾਨੂੰਨੀ ਪਰਵਾਸ ਕਰ ਰਹੇ ਹਨ?

ਮੈਨੂੰ ਇਸ ਬਾਰੇ ਕੋਈ ਜਾਣਕਾਪੀ ਨਹੀਂ ਹੈ ਕਿ ਅਜਿਹਾ ਉਹ ਕਿਉਂ ਕਰ ਰਹੇ ਹਨ।

ਕੀ ਗ਼ੈਰ-ਕਾਨੂੰਨੀ ਪਰਵਾਸ ਨੂੰ ਰੋਕਣ ਲਈ ਅਮਰੀਕਾ ਦਾ ਵਧੇਰੇ ਦਬਾਅ ਹੈ?

ਅਸੀਂ ਚੀਜ਼ਾਂ ਨੂੰ ਕ੍ਰਮ ਵਿੱਚ ਲਿਆਉਣ ਅਤੇ ਪਰਵਾਸੀਆਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਪਸ਼ਟ ਹੈ ਕਿ ਇਹ ਲੋਕ ਗ਼ੈਰ-ਕਾਨੂੰਨੀ ਢੰਗ ਨਾਲ ਸਾਡੇ ਦੇਸ ਵਿੱਚ ਹਨ।

ਨੀਤੀ ਇਹ ਰਹੀ ਹੈ ਕਿ ਅਸੀਂ ਅਜਿਹੇ ਲੋਕਾਂ ਨੂੰ ਉਨ੍ਹਾਂ ਦੇ ਦੇਸ ਵਾਪਸ ਭੇਜ ਦਿੰਦੇ ਹਾਂ। ਇਹ ਉਹ ਨੀਤੀ ਹੈ ਜਿਸਦੀ ਅਸੀਂ ਅਤੀਤ ਵਿੱਚ ਪਾਲਣਾ ਕੀਤੀ ਹੈ ਅਤੇ ਪਿਛਲੇ ਸਮੇਂ ਦੀ ਮੈਕਸੀਕੋ ਦੀ ਨੀਤੀ ਨਾਲ ਹੀ ਮੇਲ ਖਾਂਦੀ ਹੈ।

ਭਾਰਤ ਭੇਜੇ ਗਏ ਇਹ ਪਰਵਾਸੀ ਕੀ ਅਮਰੀਕਾ ਜਾਣ ਦੀ ਕੋਸ਼ਿਸ਼ ਵਿੱਚ ਸਨ?

ਸਾਨੂੰ ਅਜਿਹਾ ਹੀ ਲੱਗਦਾ ਹੈ। ਉਹ ਰਾਹ ਵਿੱਚ ਪੈਂਦੇ ਮੈਕਸੀਕੋ ਵਿੱਚ ਸਨ ਅਤੇ ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।

ਕੀ ਅਜਿਹਾ ਪਹਿਲਾਂ ਵੀ ਹੁੰਦਾ ਆਇਆ ਹੈ?

ਬਿਲਕੁਲ ਅਜਿਹਾ ਕਈ ਵਾਰੀ ਹੁੰਦਾ ਆਇਆ ਹੈ। ਨਾ ਸਿਰਫ਼ ਭਾਰਤੀ ਸਗੋਂ ਕਈ ਹੋਰ ਦੇਸਾਂ ਦੇ ਲੋਕ ਅਜਿਹਾ ਕਰਦੇ ਰਹੇ ਹਨ।

ਇਸ ਮਾਮਲੇ ਵਿੱਚ ਅਸੀਂ ਭਾਰਤੀਆਂ ਦੀ ਗੱਲ ਕਰ ਰਹੇ ਹਾਂ। ਮੈਕਸੀਕੋ ਅਮਰੀਕਾ ਦੀ ਸਰਹੱਦ ''ਤੇ ਹੈ ਅਤੇ ਇਸ ਲਈ ਲੋਕ ਮੈਕਸੀਕੋ ਰਾਹੀਂ ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ।

ਇਹ ਵੀ ਪੜ੍ਹੋ:

ਗ਼ੈਰ-ਕਾਨੰਨੀ ਤਰੀਕੇ ਨਾਲ ਸਫ਼ਰ ਕਰਨ ਵਾਲੇ ਪਰਵਾਸੀਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ?

ਮੈਂ ਲੋਕਾਂ ਨੂੰ ਇਹੀ ਕਹਾਂਗਾ ਕਿ ਮੈਕਸੀਕੋ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਨਾ ਆਓ। ਉੱਥੇ ਜਾਣ ਦੇ ਕਾਨੂੰਨੀ ਤਰੀਕੇ ਵੀ ਹਨ।

ਜੇ ਉਹ ਨਿਯਮਾਂ ਦੀ ਪਾਲਣਾ ਕਰਦੇ ਹਨ ਤਾਂ ਅਸੀਂ ਉਨ੍ਹਾਂ ਦਾ ਮੈਕਸੀਕੋ ਵਿੱਚ ਸਵਾਗਤ ਕਰਦੇ ਹਾਂ ਚਾਹੇ ਉਹ ਸੈਲਾਨੀ ਦੇ ਰੂਪ ਵਿੱਚ ਹੋਣ ਜਾਂ ਸਨਅਤਕਾਰ।

ਇਸ ਲਈ ਸਾਡੇ ਦਰਵਾਜ਼ੇ ਖੁੱਲ੍ਹੇ ਹਨ। ਪਰ ਹਰੇਕ ਦੇਸ ਵਾਂਗ ਸਾਡੇ ਵੀ ਪਰਵਾਸ ਨਾਲ ਜੁੜੇ ਹੋਏ ਨਿਯਮ ਹਨ ਅਤੇ ਅਸੀਂ ਉਨ੍ਹਾਂ ਨੂੰ ਲਾਗੂ ਕਰਨਾ ਚਾਹੁੰਦੇ ਹਾਂ।

ਇਹ ਵੀਡੀਓ ਜ਼ਰੂਰ ਦੇਖੋ

https://www.youtube.com/watch?v=xQkMKxiwyh0

https://www.youtube.com/watch?v=Te3IppZe1lY

https://www.youtube.com/watch?v=YF0inyU98e8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)



Related News