ਕਸ਼ਮੀਰ ਹਮਲੇ ’ਚ ਮਾਰੇ ਗਏ ਅਤੇ ਜ਼ਖਮੀਂ ਹੋਏ ਅਬੋਹਰ ਦੇ ਪੀੜਤ ਪਰਿਵਾਰਾਂ ਦਾ ਹਾਲ

10/18/2019 8:31:15 AM

ਭਾਰਤ-ਸ਼ਾਸਿਤ ਕਸ਼ਮੀਰ ਦੇ ਸ਼ੋਪੀਆਂ ''ਚ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੀ ਤਹਿਸੀਲ ਅਬੋਹਰ ਦੇ ਚਰਨਜੀਤ ਸਿੰਘ ਚੰਨਾ ਨੂੰ ਕਥਿਤ ਤੌਰ ''ਤੇ ਅੱਤਵਾਦੀਆਂ ਨੇ ਮਾਰ ਦਿੱਤਾ।

ਚਰਨਜੀਤ ਇੱਕ ਮਜ਼ਦੂਰ ਦੇ ਤੌਰ ''ਤੇ ਕਸ਼ਮੀਰ ਵਿੱਚ ਸੇਬ ਲੱਦਣ ਦਾ ਕੰਮ ਕਰਦਾ ਸੀ ਅਤੇ ਦੂਜੇ ਪਾਸੇ ਅਬੋਹਰ ਦੇ ਸੇਬ ਵਪਾਰੀ ਸੰਜੇ ਚਰਾਇਆ ਉੱਥੇ ਸੇਬ ਦੇ ਕਾਰੋਬਾਰ ਲਈ ਗਏ ਸਨ।

ਕਥਿਤ ਤੌਰ ''ਤੇ ਅੱਤਵਾਦੀਆਂ ਵੱਲੋਂ ਹੋਏ ਇਸ ਹਮਲੇ ਵਿੱਚ ਚਰਨਜੀਤ ਦੀ ਮੌਤ ਹੋ ਗਈ ਅਤੇ ਵਪਾਰੀ ਸੰਜੇ ਨੂੰ ਤਿੰਨ ਗੋਲੀਆਂ ਲੱਗੀਆਂ।

ਸੰਜੇ ਦੇ ਪਰਿਵਾਰ ਮੁਤਾਬਕ ਉਨ੍ਹਾਂ ਨੂੰ ਅਜੇ ਤੱਕ ਹੋਸ਼ ਨਹੀਂ ਆਇਆ। ਪਰਿਵਾਰ ਮੁਤਾਬਕ ਸੰਜੇ ਦੇ ਪੈਰ, ਮੋਢੇ ਅਤੇ ਛਾਤੀ ''ਚ ਗੋਲੀਆਂ ਲੱਗੀਆਂ ਹਨ।

ਇਹ ਵੀ ਪੜ੍ਹੋ:

ਪਰਿਵਾਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਚਰਨਜੀਤ ਅਤੇ ਸੰਜੇ ਵੱਖੋ-ਵੱਖਰੇ ਤੌਰ ''ਤੇ ਕਸ਼ਮੀਰ ਸੇਬ ਦੇ ਵਪਾਰ ਲਈ ਗਏ ਸਨ ਅਤੇ ਉੱਥੇ ਜਾ ਕੇ ਇੱਕ ਜਗ੍ਹਾਂ ਇਕੱਠੇ ਹੋਏ ਸਨ।

ਪਰਿਵਾਰ ਨੇ ਇਹ ਵੀ ਦੱਸਿਆ ਕਿ ਚਰਨਜੀਤ, ਸੰਜੀਵ ਕੁਮਾਰ ਕਾਲਾ ਨਾਮ ਦੇ ਵਪਾਰੀ ਨਾਲ ਕੰਮ ਕਰਨ ਗਿਆ ਸੀ ਜੋ ਸੇਬ ਦੇ ਇੱਕ ਕਰੇਟ ਦੇ ਹਿਸਾਬ ਨਾਲ ਉਸ ਨੂੰ ਕਮਿਸ਼ਨ ਦਿੰਦਾ ਸੀ।

ਅਬੋਹਰ ਦੇ ਪੱਕਾ ਸੀਡ ਫ਼ਾਰਮ ਦੇ ਵਾਸੀ ਚਰਨਜੀਤ ਚੰਨਾ ਦੇ ਪਰਿਵਾਰ ਮੁਤਾਬਕ ਉਹ ਪਿਛਲੇ 8 ਕੁ ਸਾਲਾਂ ਤੋਂ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ''ਚ ਸੇਬ ਦੇ ਵਪਾਰੀਆਂ ਦੇ ਨਾਲ ਜਾਂਦਾ ਸੀ।

ਚਰਨਜੀਤ ਦੇ ਭਰਾ ਰਾਕੇਸ਼ ਕੁਮਾਰ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਵਾਰ ਵੀ ਉਹ ਸੇਬ ਦੇ ਵਪਾਰੀਆਂ ਨਾਲ ਸੇਬ ਲੱਦਣ ਗਿਆ ਸੀ।

ਉਨ੍ਹਾਂ ਕਿਹਾ, ''''ਕਈ ਦਿਨਾਂ ਬਾਅਦ ਜਦੋਂ ਉਸ ਦਾ ਫ਼ੋਨ ਆਇਆ ਤਾਂ ਉਸ ਨੇ ਕਿਹਾ ਕਿ ਜਦੋਂ ਦੀ ਪੋਸਟਪੇਡ ਮੋਬਾਈਲ ਸੇਵਾ ਸ਼ੁਰੂ ਹੋਈ ਹੈ ਮਾਹੌਲ ਖ਼ਰਾਬ ਹੋ ਗਿਆ।''''

ਰਾਕੇਸ਼ ਮੁਤਾਬਕ ਚਰਨਜੀਤ ਆਪਣੇ ਪਿੱਛੇ ਆਪਣੀ ਪਤਨੀ ਅਤੇ ਸੱਤ ਸਾਲ ਦੇ ਪੁੱਤਰ ਨੂੰ ਛੱਡ ਗਿਆ ਹੈ।

ਉਨ੍ਹਾਂ ਕਿਹਾ ਕਿ ਚਰਨਜੀਤ ਕਰੀਬ 20 ਦਿਨ ਪਹਿਲਾਂ ਸੰਜੀਵ ਕੁਮਾਰ ਕਾਲਾ ਨਾਮ ਦੇ ਵਪਾਰੀ ਨਾਲ ਕੰਮ ਕਰਨ ਗਿਆ ਸੀ।

"ਕਸ਼ਮੀਰ ''ਚ ਮੋਬਾਈਲ ਸੇਵਾ ਠੱਪ ਹੋਣ ਕਾਰਨ ਪਹਿਲੇ ਅੱਠ ਦਿਨ ਉਸ ਨਾਲ ਕੋਈ ਗੱਲ ਨਹੀਂ ਹੋ ਸਕੀ। ਕਦੇ ਆਰਮੀ ਬੂਥ ਜਾਂ ਪ੍ਰਾਈਵੇਟ ਬੂਥ ਤੋ ਭਰਾ ਫ਼ੋਨ ਕਾਲ ਕਰਦਾ ਸੀ। ਜਦੋਂ ਮੇਰੀ ਆਖ਼ਰੀ ਵਾਰ ਚਰਨਜੀਤ ਨਾਲ ਗੱਲ ਹੋਈ, ਉਦੋਂ ਦੁਪਹਿਰ 3 ਵਜੇ ਦਾ ਸਮਾਂ ਸੀ।"

ਰਾਕੇਸ਼ ਮੁਤਾਬਕ ਫ਼ੋਨ ''ਤੇ ਗੱਲਬਾਤ ਦੌਰਾਨ ਚਰਨਜੀਤ ਨੇ ਕਿਹਾ ਸੀ, ''''ਇੱਥੇ ਮਾਹੌਲ ਖ਼ਰਾਬ ਹੋ ਗਿਆ ਹੈ, ਅਸੀਂ 21 ਅਕਤੂਬਰ ਤੱਕ ਵਾਪਸ ਆ ਜਾਵਾਂਗੇ।''''

ਵਪਾਰੀ ਸੰਜੇ ਦੇ ਪਰਿਵਾਰ ਨੇ ਕੀ ਕਿਹਾ

ਉਧਰ ਦੂਜੇ ਪਾਸੇ ਤਿੰਨ ਗੋਲੀਆਂ ਲੱਗਣ ਕਰਕੇ ਜ਼ਖ਼ਮੀਂ ਹੋਏ ਸੇਬ ਵਪਾਰੀ ਸੰਜੇ ਚਰਾਇਆ ਦੇ ਅਬੋਹਰ ਸਥਿਤ ਗੋਬਿੰਦ ਨਗਰੀ ਦੇ ਘਰ ਦਾ ਮਾਹੌਲ ਵੀ ਸੋਗ ਭਰਿਆ ਸੀ।

ਭਾਵੇਂ ਸੰਜੇ ਦੀ ਸਿਹਤ ''ਚ ਸੁਧਾਰ ਦੀਆਂ ਖ਼ਬਰਾਂ ਹਨ ਪਰ ਸੰਜੇ ਦੀ ਮਾਂ ਦੇ ਚਿਹਰੇ ਦੀ ਚਿੰਤਾ ਵਧੀ ਹੋਈ ਸੀ ਅਤੇ ਲੋਕ ਉਨ੍ਹਾਂ ਦੇ ਘਰ ਰੋਂਦੀ ਮਾਂ ਨੂੰ ਹੌਂਸਲਾ ਦੇਣ ਆ ਰਹੇ ਸਨ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਸੰਜੇ ਦੀ ਮਾਂ ਸੁਮਨ ਚਰਾਇਆ ਨੇ ਦੱਸਿਆ ਕਿ ਉਹ ਕਰੀਬ 6 ਸਾਲਾਂ ਤੋਂ ਫ਼ਲਾਂ ਦਾ ਵਪਾਰ ਕਰਦਾ ਸੀ ਅਤੇ ਇਸ ਦਾ ਵਪਾਰ ਬਹੁਤ ਵਧੀਆ ਚੱਲ ਰਿਹਾ ਸੀ।

ਉਨ੍ਹਾਂ ਅੱਗੇ ਕਿਹਾ, ''''ਸੰਜੇ ਹਰ ਸਾਲ ਕਸ਼ਮੀਰ ਸੇਬ ਦੇ ਵਪਾਰ ਲਈ ਜਾਂਦਾ ਸੀ, ਹੁਣ ਵੀ ਕਰੀਬ 10 ਦਿਨ ਪਹਿਲਾਂ ਹੀ ਗਿਆ ਸੀ। ਫ਼ੋਨ ਕਾਲ ਵੀ ਰੋਜ਼ ਆਉਂਦੀ ਸੀ ਤੇ ਕਹਿੰਦਾ ਸੀ ਕਿ ਮਾਹੌਲ ਵਧੀਆ ਹੈ, ਪਰ ਫ਼ਿਰ ਪਤਾ ਨਹੀਂ ਕੀ ਹੋ ਗਿਆ।"

"ਸਾਨੂੰ ਤਾਂ ਵਧੀਆ ਮਾਹੌਲ ਦੱਸਦੇ ਸੀ ਅਤੇ ਆਖ਼ਰੀ ਵਾਰ ਜਦੋਂ ਗੱਲ ਹੋਈ ਤਾਂ ਕਹਿੰਦਾ ਸੀ ਕਿ ਦਿਵਾਲੀ ਤੋਂ ਪਹਿਲਾਂ ਆ ਜਾਵਾਂਗਾ।''''

ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਜੇ ਦੇ ਪਿਤਾ ਤੇ ਉਨ੍ਹਾਂ ਦੇ ਰਿਸ਼ਤੇਦਾਰ ਸੰਜੇ ਨੂੰ ਲੈਣ ਗਏ ਹਨ। ਹਾਲਾਂਕਿ ਆਪਰੇਸ਼ਨ ਹੋ ਗਏ ਹਨ ਪਰ ਅਜੇ ਹੋਸ਼ ਨਹੀਂ ਆਇਆ।

ਉਧਰ ਸੰਜੇ ਦੀ ਮਾਸੀ ਦੇ ਪੁੱਤਰ ਸ਼ੁਭਮ ਚੁੱਘ ਨੇ ਦੱਸਿਆ ਕਿ ਸੰਜੇ ਨਾਲ ਗੱਲ ਹੁੰਦੀ ਰਹਿੰਦੀ ਸੀ ਅਤੇ ਸੰਜੇ ਨੇ ਦੱਸਿਆ ਸੀ ਕਿ ਜਦੋਂ ਤੋਂ ਪੋਸਟਪੇਡ ਮੋਬਾਈਲ ਸੇਵਾ ਸ਼ੁਰੂ ਹੋਈ ਉਦੋਂ ਤੋਂ ਮਾਹੌਲ ਖ਼ਰਾਬ ਹੋ ਗਿਆ ਸੀ, ਜਿਸ ਕਾਰਨ ਸੰਜੇ ਡਰਿਆ ਹੋਇਆ ਸੀ।

ਸ਼ੁਭਮ ਨੇ ਦੱਸਿਆ ਕਿ ਹਾਦਸੇ ਤੋਂ ਕਰੀਬ ਇੱਕ ਘੰਟਾ ਪਹਿਲਾਂ ਹੀ ਉਨ੍ਹਾਂ ਦੀ ਸੰਜੇ ਨਾਲ ਗੱਲਬਾਤ ਹੋਈ ਸੀ ਅਤੇ ਸੰਜੇ ਨੇ ਦਿਵਾਲੀ ਤੋਂ ਪਹਿਲਾਂ ਆਉਣ ਦੀ ਗੱਲ ਆਖੀ ਸੀ।

ਅਬੋਹਰ ਦੇ ਵਪਾਰੀ ਕੀ ਕਹਿੰਦੇ

ਇਸ ਘਟਨਾ ਤੋਂ ਬਾਅਦ ਅਬੋਹਰ ਦੇ ਵਪਾਰੀਆਂ ਵਿੱਚ ਵੀ ਡਰ ਦਾ ਮਾਹੌਲ ਹੈ ਅਤੇ ਉਹ ਇਸ ਨੂੰ ਲੈ ਕੇ ਚਿੰਤਤ ਵੀ ਹਨ।

ਇਨ੍ਹਾਂ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ਤੋਂ ਬਾਅਦ ਵਪਾਰੀ ਕਸ਼ਮੀਰ ਨਹੀਂ ਜਾਣਗੇ ਅਤੇ ਕਸ਼ਮੀਰੀਆਂ ਦਾ ਕਰੋੜਾਂ ਦਾ ਫ਼ਲ ਬਰਬਾਦ ਹੋ ਜਾਵੇਗਾ।

ਫ਼ਲ ਵਪਾਰੀ ਸੁਨੀਲ ਕੁਮਾਰ ਨੇ ਕਿਹਾ, ''''ਪੰਜਾਬ ਦੇ ਜਿੰਨੇ ਵਪਾਰੀ ਕਸ਼ਮੀਰ ਸੇਬ ਦਾ ਵਪਾਰ ਕਰਨ ਗਏ ਸੀ ਮਹਿੰਗੀਆਂ ਫਲਾਈਟ ਟਿਕਟਾਂ ਲੈ ਕੇ ਰਾਤੋ-ਰਾਤ ਉੱਥੋ ਵਾਪਿਸ ਆ ਗਏ ਹਨ। ਹੁਣ ਸੇਬ ਦਾ ਵਪਾਰ ਕਰਨ ਕੋਈ ਨਹੀਂ ਜਾਵੇਗਾ।''''

ਵਪਾਰੀ ਗਗਨ ਚੁੱਘ ਨੇ ਕਿਹਾ, ''''ਜੇ ਕਸ਼ਮੀਰ ''ਚ ਵਪਾਰੀਆਂ ਨਾਲ ਅਜਿਹੇ ਵਤੀਰੇ ਹੋਣ ਲੱਗ ਗਏ ਤਾਂ ਵਪਾਰੀ ਕਸ਼ਮੀਰ ਤੋਂ ਮੂੰਹ ਮੋੜ ਲੈਣਗੇ ਅਤੇ ਕਸ਼ਮੀਰ ਦਾ ਕੋਈ ਵੀ ਫ਼ਲ ਨਹੀਂ ਖਰੀਦਣਗੇ, ਜਿਸ ਦਾ ਅਸਰ ਕਸ਼ਮੀਰੀਆਂ ''ਤੇ ਪਵੇਗਾ।''''

ਉਧਰ ਅਬੋਹਰ ਦੀ ਐਸ ਡੀ ਐਮ ਪੂਨਮ ਸਿੰਘ ਨੇ ਕਿਹਾ ਕਿ ਚਰਨਜੀਤ ਦੇ ਪਰਿਵਾਰ ਦੀ ਮਦਦ ਕੀਤੀ ਜਾ ਰਹੀ ਹੈ ਤੇ ਚਰਨਜੀਤ ਦੀ ਲਾਸ਼ ਲੈਣ ਅੰਮ੍ਰਿਤਸਰ ਏਅਰ ਪੋਰਟ ਐਂਬੂਲੈਂਸ ਟੀਮ ਭੇਜ ਦਿੱਤੀ ਗਈ ਹੈ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=fazWdOUEIx4

https://www.youtube.com/watch?v=YCB-Ymm6bE4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News