ਹਰਿਆਣਾ ਚੋਣਾਂ: ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦਾ ਊਠ ਇਸ ਵਾਰ ਕਿਸ ਕਰਵਟ ਬੈਠੇਗਾ

10/18/2019 8:01:14 AM

ਡੇਰਾ ਮੁਖੀ
AFP

ਸਾਲ 2014 ਵਿੱਚ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਸੂਬਾਈ ਸੱਤਾ ਉੱਤੇ ਕਾਬਜ਼ ਹੋਈ ਸੀ। ਉਦੋਂ ਸੂਬੇ ਦੀਆਂ 90 ਵਿੱਚੋਂ 47 ਸੀਟਾਂ ਜਿੱਤ ਲੈਣ ਪਿੱਛੇ ਡੇਰਾ ਸੱਚਾ ਸੌਦਾ ਦੀ ਅਹਿਮ ਭੂਮਿਕਾ ਸਮਝੀ ਜਾਂਦੀ ਸੀ।

ਅਜਿਹੇ ਦਾਅਵੇ ਕੀਤੇ ਜਾਂਦੇ ਹਨ ਕਿ ਡੇਰੇ ਦੇ ਛੇ ਕਰੋੜ ਸ਼ਰਧਾਲੂ ਸਨ, ਜਿਸ ਕਰਕੇ ਨਾ ਸਿਰਫ਼ ਹਰਿਆਣਾ ਬਲਕਿ ਪੰਜਾਬ ਅਤੇ ਰਾਜਸਥਾਨ ਦੇ ਚੋਣਾਂ ਦੇ ਨਤੀਜਿਆਂ ਉੱਤੇ ਇਨ੍ਹਾਂ ਦਾ ਕਾਫ਼ੀ ਪ੍ਰਭਾਵ ਪੈਂਦਾ ਰਿਹਾ ਹੈ। ਹਰਿਆਣਾ ਵਿਧਾਨ ਸਭਾ ਦੀਆਂ ਕੁੱਲ 90 ਸੀਟਾਂ ਹਨ ਤੇ ਡੇਰੇ ਦਾ ਪ੍ਰਭਾਵ 11 ਸੀਟਾਂ ''ਤੇ ਮੰਨਿਆ ਜਾਂਦਾ ਸੀ।

ਚੋਣ ਪ੍ਰਕਿਰਿਆ ਦੇ ਸ਼ੁਰੂ ਹੋਣ ਮਗਰੋਂ ਡੇਰੇ ਵੱਲੋਂ ਨਾਮ ਚਰਚਾ ਕਰਨ ਦੇ ਨਾਂ ''ਤੇ ਡੇਰੇ ਤੋਂ ਬਾਹਰ ਪ੍ਰੋਗਰਾਮ ਕੀਤੇ ਜਾ ਰਹੇ ਹਨ।

ਕੁਝ ਦਿਨ ਪਹਿਲਾਂ ਸਿਰਸਾ ਵਿੱਚ ਡੇਰੇ ਤੋਂ ਬਾਹਰ ਹੋਈ ਨਾਮ ਚਰਚਾ ਦੌਰਾਨ ਡੇਰਾ ਪ੍ਰੇਮੀਆਂ ਵਿੱਚ ਜੋਸ਼ ਭਰਨ ਲਈ ਨਾਅਰੇ ਲਵਾਏ ਜਾ ਰਹੇ ਸਨ।

ਡੇਰਾ ਪ੍ਰੇਮੀਆਂ ਨੂੰ ਕਿਹਾ ਜਾ ਕਿਹਾ ਸੀ ਕਿ ਉਹ ਇੰਨੀ ਉੱਚੀ ਆਵਾਜ਼ ਵਿੱਚ ਨਾਅਰੇ ਲਾਉਣ ਕਿ ਉਨ੍ਹਾਂ ਦੀ ਆਵਾਜ਼ ਸੁਨਾਰੀਆ ਜੇਲ੍ਹ ਤੱਕ ਸੁਣੇ। ਇਸ ਪ੍ਰੋਗਰਾਮ ਵਿੱਚ ਕਈ ਬਲਾਕਾਂ ਦੀ ਸੰਗਤ ਤੋਂ ਇਲਾਵਾ ਹਰਿਆਣਾ ਦੇ ਸਿਆਸੀ ਵਿੰਗ ਦੇ ਆਗੂ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ :

ਇਸ ਵਾਰ ਖੁੱਲ੍ਹ ਕੇ ਸਮਰਥਨ ਨਹੀਂ

2014 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰੇ ਦੇ ਸਿਆਸੀ ਵਿੰਗ ਵੱਲੋਂ ਖੁਲ੍ਹੇਆਮ ਭਾਜਪਾ ਨੂੰ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਸੀ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਸੀ।

ਭਾਵੇਂ ਸਿਰਸਾ ਵਿੱਚ ਡੇਰਾ ਸੱਚਾ ਸੌਦਾ ਦਾ ਹੈਡਕੁਆਟਰ ਹੈ ਪਰ ਡੇਰੇ ਵੱਲੋਂ ਭਾਜਪਾ ਦੀ ਕੀਤੀ ਗਈ ਖੁੱਲ੍ਹੀ ਹਮਾਇਤ ਦੇ ਬਾਵਜੂਦ ਸਿਰਸਾ ਜ਼ਿਲ੍ਹਾ ਦੇ ਪੰਜਾਂ ਵਿਧਾਨ ਸਭਾ ਹਲਕਿਆਂ ਵਿੱਚ ਭਾਜਪਾ ਨੂੰ ਇੱਕ ਵੀ ਸੀਟ ''ਤੇ ਜਿੱਤ ਹਾਸਲ ਨਹੀਂ ਹੋਈ ਸੀ।

ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਪਹਿਲਾਂ ਸਿਰਸਾ ਲੋਕ ਸਭਾ ਹਲਕੇ ਤੋਂ ਇੰਡੀਅਨ ਨੈਸ਼ਨਲ ਲੋਕ ਦਲ ਦਾ ਉਮੀਦਵਾਰ ਜੇਤੂ ਰਿਹਾ ਪਰ ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਹੋਈਆਂ 2019 ਦੀਆਂ ਲੋਕ ਸਭਾ ਚੋਣਾਂ ''ਚ ਭਾਜਪਾ ਦੀ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ।

ਲੋਕ ਸਭਾ ਚੋਣਾਂ 2019 ਦੌਰਾਨ ਡੇਰੇ ਵੱਲੋਂ ਖੁਲ੍ਹੇਆਮ ਕਿਸੇ ਵੀ ਪਾਰਟੀ ਦੀ ਹਮਾਇਤ ਕਰਨ ਦਾ ਐਲਾਨ ਨਹੀਂ ਕੀਤਾ ਗਿਆ ਸੀ।

ਭਾਜਪਾ ਮੰਤਰੀਆਂ ਦੇ ਡੇਰੇ ਦੇ ਗੇੜੇ

ਹਰਿਆਣਾ ਵਿਧਾਨ ਸਭਾ ਚੋਣਾਂ 2014 ਦੌਰਾਨ ਭਾਜਪਾ ਨੂੰ ਮਿਲੀ ਜਿੱਤ ਮਗਰੋਂ ਹਰਿਆਣਾ ਸਰਕਾਰ ''ਚ ਕਈ ਮੰਤਰੀ ਤੇ ਵਿਧਾਇਕ ਡੇਰਾ ਮੁਖੀ ਅੱਗੇ ਨਤਮਸਤਕ ਹੋਏ ਸਨ।

ਵਿਧਾਨ ਸਭਾ ਦੀਆਂ ਚੋਣਾਂ ਦੇ ਐਲਾਨ ਮਗਰੋਂ ਨਾਮ ਚਰਚਾ ਤੇ ਪੈਰੋਕਾਰ ਦਿਵਸ ਸਥਾਪਨਾ ਦੇ ਨਾਂ ''ਤੇ ਜਿੱਥੇ ਡੇਰੇ ਦੇ ਅੰਦਰ ਸਰਗਰਮੀਆਂ ਨੂੰ ਵਧਾਇਆ ਗਿਆ ਹੈ, ਉੱਥੇ ਹੀ ਡੇਰੇ ਤੋਂ ਬਾਹਰ ਵੀ ਪ੍ਰੋਗਰਾਮ ਕਰਕੇ ਡੇਰਾ ਪ੍ਰੇਮੀਆਂ ਨੂੰ ਇਕਜੁੱਟ ਹੋਣ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ।

ਨਾਮ ਚਰਚਾ ਦੌਰਾਨ ਜਿਥੇ ਡੇਰਾ ਮੁਖੀ ਦਾ ਪ੍ਰੇਮੀਆਂ ਨੂੰ ਵੀਡੀਓ ਰਾਹੀਂ ਸੰਦੇਸ਼ ਦਿੱਤਾ ਜਾਂਦਾ ਹੈ ਉਥੇ ਹੀ ਡੇਰਾ ਮੁਖੀ ਵੱਲੋਂ ਬਣਾਈਆਂ ਫ਼ਿਲਮਾਂ ਦੇ ਗੀਤ ਪ੍ਰੇਮੀਆਂ ਨੂੰ ਸੁਣਾ ਕੇ ਉਨ੍ਹਾਂ ਵਿੱਚ ਜੋਸ਼ ਵੀ ਭਰਿਆ ਜਾ ਰਿਹਾ ਹੈ।

ਡੇਰਾ ਮੁਖੀ ਦੇ ਕਲੀਨ ਚਿੱਟ ਹੋ ਕੇ ਬਾਹਰ ਆਉਣ ਦਾ ਦਾਅਵਾ ਕੀਤਾ ਜਾਂਦਾ ਹੈ। ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਫਕੀਰ ਮਰਜੀ ਦੇ ਮਾਲਕ ਹੁੰਦੇ ਹਨ।

ਸਿਆਸੀ ਵਿੰਗ ਦੀ ਇਸ ਵਾਰ ਦੀ ਦਲੀਲ

ਡੇਰੇ ਦੇ ਸਿਆਸੀ ਵਿੰਗ ਹਰਿਆਣਾ ਦੇ ਇੰਚਾਰਜ ਰਾਮ ਪਾਲ ਭਾਵੇਂ ਕਿਸੇ ਇੱਕ ਪਾਰਟੀ ਨੂੰ ਹਮਾਇਤ ਦੇਣ ਦੀ ਗੱਲ ਤੋਂ ਇਨਕਾਰ ਕਰ ਰਹੇ ਹਨ ਪਰ ਨਾਲ ਹੀ ਉਹ ਕਹਿ ਰਹੇ ਹਨ ਕਿ ਡੇਰੇ ਦੇ ਪ੍ਰੇਮੀ ਇਕਜੁੱਟ ਹੋ ਕੇ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।

ਉਨ੍ਹਾਂ ਦਾ ਕਹਿਣਾ ਸੀ ਕਿ ਚੋਣਾਂ ਬਾਰੇ ਪ੍ਰੇਮੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਹੀ ਫੈਸਲਾ ਲਿਆ ਜਾਵੇਗਾ।

ਪਿਛਲੀਆਂ ਚੋਣਾਂ ਤੋਂ ਪਹਿਲਾਂ ਲਏ ਗਏ ਹਲਫੀਆ ਬਿਆਨਾਂ ਬਾਰੇ ਵਿਚਾਰ ਕੀਤਾ ਜਾਵੇਗਾ ਕਿ ਹਲਫੀਆ ਬਿਆਨ ਦੇਣ ਵਾਲਾ ਉਮੀਦਵਾਰ ਕਿੰਨਾ ਆਪਣੀਆਂ ਸ਼ਰਤਾਂ ''ਤੇ ਖਰਾ ਉਤਰਿਆ ਹੈ। ਜਿਹੜੇ ਆਪਣੀਆਂ ਸ਼ਰਤਾਂ ''ਤੇ ਖਰਾ ਨਹੀਂ ਉਤਰੇ ਉਨ੍ਹਾਂ ਨੂੰ ਲੋਕ ਜਵਾਬ ਦੇਣਗੇ।

ਚੋਣਾਂ ਤੋਂ ਪਹਿਲਾਂ ਵੀ ਹਲਫੀਆ ਬਿਆਨ ਲਏ ਜਾਣ ਬਾਰੇ ਸੋਚਿਆ ਜਾਵੇਗਾ। ਡੇਰਾ ਕਿਸੇ ਵੀ ਪ੍ਰੇਮੀ ਨੂੰ ਵੋਟ ਦੇਣ ਲਈ ਮਜ਼ਬੂਰ ਨਹੀਂ ਕਰੇਗਾ ਪਰ ਸਾਰੇ ਪ੍ਰੇਮੀ ਇਕਜੁੱਟ ਹੋ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।

ਰਾਮਪਾਲ ਅਨੁਸਾਰ ਡੇਰਾ ਸਾਰੀਆਂ ਪਾਰਟੀਆਂ ਤੇ ਆਗੂਆਂ ਲਈ ਖੁਲ੍ਹਾ ਹੈ। ਕੋਈ ਵੀ ਵਿਅਕਤੀ ਇਥੇ ਆ ਸਕਦਾ ਹੈ ਪਰ ਹਾਲੇ ਡੇਰੇ ਨੇ ਕਿਸੇ ਇਕ ਪਾਰਟੀ ਨੂੰ ਹਮਾਇਤ ਨਹੀਂ ਦਿੱਤੀ ਹੈ।

ਡੇਰੇ ਦੀ ਸਾਖ਼ ਨੂੰ ਵੱਟਾ

ਰਾਮਪਾਲ ਦਾ ਵਿਸ਼ਵਾਸ ਹੈ ਕਿ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਮੁਖੀ ਕਲੀਨ ਚਿੱਟ ਹੋ ਕੇ ਬਾਹਰ ਆਉਣਗੇ।

ਪਰ ਡੇਰਾ ਮੁਖੀ ''ਤੇ ਡੇਰੇ ਦੇ ਕਈ ਸਾਧੂਆਂ ਨੂੰ ਨਿਪੁੰਸਕ ਬਣਾਏ ਜਾਣ ਦਾ ਕੇਸ ਚਲ ਰਿਹਾ ਹੈ ਜੋ ਹਾਲੇ ਅਦਾਲਤ ਵਿੱਚ ਵਿਚਾਰਾਧੀਨ ਹੈ।

15 ਅਗਸਤ, 1967 ਨੂੰ ਰਾਜਸਥਾਨ ਦੇ ਸ੍ਰੀਗੰਗਾਨਗਰ ਵਿੱਚ ਜਨਮ ਲੈਣ ਵਾਲੇ ਰਾਮ ਰਹੀਮ ਸਾਲ 1990 ਵਿੱਚ ਡੇਰਾ ਸਿਰਸਾ ਦੇ ਮੁਖੀ ਬਣੇ।

1948 ਵਿੱਚ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਡੇਰਾ ਸੱਚਾ ਸੌਦਾ ਸਥਾਪਿਤ ਕੀਤਾ ਗਿਆ ਸੀ ਅਤੇ ਹੌਲੀ ਹੌਲੀ ਇਹ ਦੇਸ਼ ਦੇ ਬਾਕੀ ਰਾਜਾਂ ਵਿੱਚ ਫੈਲ ਗਿਆ ਤੇ ਕਈ ਸੂਬਿਆਂ ਖਾਸ ਤੌਰ ਤੇ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਇਸ ਦੇ ਨਾਮ ਚਰਚਾ ਘਰ (ਆਸ਼ਰਮ) ਸਥਾਪਿਤ ਹੋ ਗਏ ਤੇ ਡੇਰੇ ਦੇ ਪ੍ਰੇਮੀਆਂ (ਸ਼ਰਧਾਲੂਆਂ) ਦੀ ਗਿਣਤੀ ਲੱਖਾਂ ਅਤੇ ਫਿਰ ਕਰੋੜਾਂ ਤੱਕ ਵਧਦੀ ਗਈ।

ਇਹ ਵੀ ਪੜ੍ਹੋ :

25 ਅਗਸਤ 2017 ਨੂੰ ਪੰਚਕੂਲਾ ਦੀ ਸੀਬੀਆਈ ਕੋਰਟ ਨੇ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਐਲਾਨ ਕੇ ਜਦੋਂ ਜੇਲ ਭੇਜਿਆ ਤਾਂ ਡੇਰੇ ਦੇ ਮੁਖੀ ਦੀ ਸਾਖ਼ ਨੂੰ ਕਾਫ਼ੀ ਵੱਟਾ ਲੱਗਿਆ।

ਇਸ ਕਰਕੇ ਡੇਰਾ ਮੁਖੀ ਦੀ ਗੈਰ ਹਾਜ਼ਰੀ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਪ੍ਰੇਮੀਆਂ ਨੂੰ ਪ੍ਰਭਾਵਿਤ ਕਰਨ ਦੀ ਸਥਿਤੀ ਵਿੱਚ ਨਹੀਂ ਹੈ।

ਕੀ ਕਹਿੰਦੇ ਨੇ ਜਾਣਕਾਰ

ਕਰਨਾਲ ਦੇ ਦਿਆਲ ਸਿੰਘ ਕਾਲਜ ਦੇ ਪ੍ਰੋਫੈਸਰ ਕੁਸ਼ਲ ਪਾਲ ਦਾ ਕਹਿਣਾ ਹੈ ਕਿ ਤਿੰਨ ਕਾਰਨ ਹਨ ਕਿ ਡੇਰੇ ਦਾ ਇਸ ਵਾਰ ਬਹੁਤ ਹੀ ਮਾਮੂਲੀ ਪ੍ਰਭਾਵ ਨਜ਼ਰ ਆ ਸਕਦਾ ਹੈ।

"ਪਹਿਲਾ, ਜਿਹੜੇ ਹਾਲਾਤ ਵਿੱਚੋਂ ਡੇਰਾ ਲੰਘ ਰਿਹਾ ਹੈ ਉਹ ਕਾਫ਼ੀ ਮਾੜੇ ਹਨ। ਡੇਰਾ ਪ੍ਰਬੰਧਕ ਆਪ ਹੀ ਪ੍ਰੇਸ਼ਾਨ ਹਨ। ਦੂਜਾ, ਡੇਰਾ ਮੁਖੀ ਦੇ ਜੇਲ ਵਿੱਚ ਹੋਣ ਕਰਕੇ ਪ੍ਰੇਮੀਆਂ ਨੂੰ ਕੋਈ ਵੀ ਸਪੱਸ਼ਟ ਹਦਾਇਤ ਦੇਣ ਵਾਲਾ ਨਹੀਂ ਹੈ।"

"ਤੀਜਾ ਸਿਆਸੀ ਪਾਰਟੀਆਂ ਦੀ ਮੌਜੂਦਾ ਸਥਿਤੀ। ਭਾਜਪਾ ਅੱਜ ਕਾਫ਼ੀ ਮਜ਼ਬੂਤ ਸਥਿਤੀ ਵਿੱਚ ਹੈ ਤੇ ਉਸ ਨੂੰ ਡੇਰੇ ਦੀ ਲੋੜ ਨਹੀਂ ਹੈ। ਦੂਜੇ ਪਾਸੇ ਕਾਂਗਰਸ ਅਤੇ ਚੌਟਾਲਾ ਦੀਆਂ ਪਾਰਟੀਆਂ ਇਕੱਠੀਆਂ ਨਹੀਂ ਹਨ। ਉਹਨਾਂ ਨੂੰ ਲੱਗਦਾ ਹੈ ਕਿ ਇਸ ਤਰਾਂ ਦੇ ਹਾਲਾਤ ਵਿੱਚ ਡੇਰੇ ਦੀ ਮਦਦ ਲੈਣ ਨਾਲ ਕੋਈ ਲਾਭ ਨਹੀਂ ਹੋਵੇਗਾ।"

ਆਪਣਾ ਨਾਮ ਨਾ ਲਿਖਣ ਦੀ ਸ਼ਰਤ ਉਤੇ ਦਿਲੀ ਦੇ ਇਕ ਹੋਰ ਰਾਜਨੀਤਿਕ ਵਿਸ਼ਲੇਸ਼ਕ ਦਾ ਕਹਿਣਾ ਹੈ, "ਬਲਾਤਕਾਰ ਤੇ ਹੋਰਨਾਂ ਅਪਰਾਧਾਂ ਵਿੱਚ ਨਾਮ ਸਾਹਮਣੇ ਆਉਣ ਉਤੇ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਡੇਰੇ ਦਾ ਪ੍ਰਭਾਵ ਕਾਫੀ ਘਟਿਆ ਹੈ।"

ਉਹਨਾਂ ਮੁਤਾਬਕ ਡੇਰਾ ਮੁਖੀ ਜੇਲ੍ਹ ਵਿਚ ਹੋਣ ਕਾਰਨ ਰਾਜਨੀਤਿਕ ਪਾਰਟੀਆਂ ਨੂੰ ਨਹੀਂ ਪਤਾ ਕਿਸ ਨੂੰ ਜਾ ਕੇ ਵੋਟਾਂ ਦੀ ਅਪੀਲ ਕੀਤੀ ਜਾਵੇ।

ਉਹ ਆਖਦੇ ਹਨ ਕਿ ਡੇਰੇ ਦੇ ਪ੍ਰਭਾਵ ਦਾ ਅੰਦਾਜ਼ਾ ਕੁਝ ਸਮਾਂ ਪਹਿਲਾਂ ਹੋਈਆਂ ਲੋਕ ਸਭਾ ਚੋਣਾ ਵਿੱਚ ਵੀ ਦੇਖਣ ਨੂੰ ਮਿਲਿਆ ਸੀ।

"ਜੇਕਰ ਡੇਰੇ ਦਾ ਪ੍ਰਭਾਵ ਹੁੰਦਾ ਤਾਂ ਭਾਜਪਾ ਕਿਸੇ ਵੀ ਹਾਲਤ ਵਿਚ ਅੰਬਾਲਾ ਤੇ ਖਾਸ ਤੌਰ ''ਤੇ ਸਿਰਸਾ ਤੋਂ ਚੋਣਾਂ ਨਹੀਂ ਜਿੱਤ ਸਕਦੀ ਸੀ।"

ਭਾਜਪਾ ਨੇ ਹਰਿਆਣਾ ਦੀ ਦਸ ਲੋਕ ਸਭਾ ਸੀਟਾਂ ਉਤੇ ਜਿੱਤ ਹਾਸਲ ਕੀਤੀ ਸੀ।

ਇਹ ਵੀ ਦੇਖੋ :

https://www.youtube.com/watch?v=kxMxar8ttVE

https://www.youtube.com/watch?v=B8h9oanQ6dk

https://www.youtube.com/watch?v=1RjP6kiG22Q



Related News