ਪਾਕਿਸਤਾਨ ਦਾ ਕਿਹੜਾ ਪਾਣੀ ਰੋਕਣ ਦੀ ਗੱਲ ਕਰ ਰਹੇ ਹਨ ਪੀਐੱਮ ਮੋਦੀ ਤੇ ਕੀ ਪਾਣੀ ਰੋਕਣਾ ਸੰਭਵ ਹੈ

10/17/2019 12:31:16 PM

ਮੋਦੀ
Getty Images

ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਹੋਵੇ ਤਾਂ ਇਸ ਦਾ ਜ਼ਿਕਰ ਚੋਣਾਂ ਵਿੱਚ ਤਾਂ ਲਾਜ਼ਮੀ ਹੀ ਮੰਨੋ। ਇਸ ਵਾਰ ਜ਼ਰਾ ਪਾਣੀ ਦਾ ਉਬਾਲਾ ਵੀ ਆਇਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਉਹ ਪਾਕਿਸਤਾਨ ਨੂੰ ਜਾਂਦਾ ਦਰਿਆਵਾਂ ਦਾ ਪਾਣੀ ਮੋੜ ਕੇ ਹਰਿਆਣਾ ਤੇ ਰਾਜਸਥਾਨ ਨੂੰ ਦੇਣਗੇ।

ਪਾਣੀ ਹੈ ਕਿਹੜਾ ਤੇ ਮੋਦੀ ਜੀ ਦਾ ਦਾਅਵਾ ਸੱਚਾਈ ਦੇ ਕਿੰਨਾ ਨੇੜੇ ਹੈ ਤੇ ਕਿੰਨਾ ਦੂਰ ਹੈ? ਇਸ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।

ਪਾਕਿਸਤਾਨ ਵੱਲ ਜਾਂਦਾ ਪਾਣੀ ਰੋਕਣ ਦਾ ਦਾਅਵਾ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਨਹੀਂ ਸਗੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੇ ਫਿਰ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਇਹ ਦਾਅਵਾ ਕਰ ਚੁੱਕੇ ਹਨ।

https://www.youtube.com/watch?v=kxMxar8ttVE

ਇਸ ਦਾ ਮਤਲਬ ਇਹ ਨਹੀਂ ਹੈ ਕਿ ਪਾਕਿਸਤਾਨ ਵੱਲ ਜਾਂਦਾ ਸਾਰਾ ਪਾਣੀ ਰੋਕ ਲਿਆ ਜਾਵੇਗਾ। ਇੱਥੇ ਗੱਲ ਉਸ ਪਾਣੀ ਦੀ ਹੋ ਰਹੀ ਹੈ ਜਿਹੜਾ ਭਾਰਤ ਦੇ ਹਿੱਸੇ ਆਉਂਦੀਆਂ ਨਦੀਆਂ ਵਿੱਚੋਂ ਹੈ ਜੋ ਪਰਲੇ ਪਾਸੇ ਚਲਾ ਜਾਂਦਾ ਹੈ।

ਇਹ ਪਾਣੀ ਭਾਰਤ ਉਸ ਨੂੰ ਵਰਤਦਾ ਨਹੀਂ ਹੈ। ਇਸ ਪਾਣੀ ਨੂੰ ਵਰਤ ਨਾ ਸਕਣ ਦਾ ਵੱਡਾ ਕਾਰਨ ਹੈ ਕਿ ਭਾਰਤ ਨੇ ਲੋੜੀਂਦੇ ਬੰਨ੍ਹ ਜਾਂ ਨਹਿਰ ਪ੍ਰੋਜੈਕਟ ਨਹੀਂ ਬਣਾਏ ਹਨ।

ਇਹ ਵੀ ਪੜ੍ਹੋ:

ਇਸ ਦੀ ਜੜ੍ਹ ਵਿੱਚ ਹੈ ਸਿੰਧੂ ਜਲ ਸੰਧੀ। ਸਾਲ 1960 ਵਿੱਚ ਵਰਲਡ ਬੈਂਕ ਦੀ ਵਿਚੋਲਗੀ ਨਾਲ ਹੋਏ ਸਮਝੌਤੇ ਤਹਿਤ ਛੇ ਸਾਂਝੇ ਦਰਿਆਵਾਂ ਨੂੰ ਪੂਰਬੀ ਤੇ ਪੱਛਮੀ ਨਦੀਆਂ ਵਿੱਚ ਵੰਡਿਆ ਗਿਆ ਸੀ।

1960 ਵਿੱਚ ਸਿੰਧੂ ਜਲ ਸਮਝੌਤੇ ''ਤੇ ਦਸਤਾਖ਼ਤ ਕਰਨ ਵੇਲੇ ਪਾਕਿਸਤਾਨ ਦੇ ਰਾਸ਼ਟਰਪਤੀ ਆਯੂਬ ਖ਼ਾਨ ਨਾਲ ਕਰਾਚੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ
Getty Images
1960 ਵਿੱਚ ਸਿੰਧੂ ਜਲ ਸਮਝੌਤੇ ’ਤੇ ਦਸਤਾਖ਼ਤ ਕਰਨ ਵੇਲੇ ਪਾਕਿਸਤਾਨ ਦੇ ਰਾਸ਼ਟਰਪਤੀ ਆਯੂਬ ਖ਼ਾਨ ਨਾਲ ਕਰਾਚੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ

ਚੇਨਾਬ, ਜੇਹਲਮ ਤੇ ਸਿੰਧੂ ਪੱਛਮੀ ਦਰਿਆ ਹਨ। ਇਹ ਲੰਘਦੀਆਂ ਤਾਂ ਭਾਰਤ ਵਿੱਚੋਂ ਹੀ ਹਨ ਪਰ ਜਾਂਦੀਆਂ ਪਾਕਿਸਤਾਨ ਨੂੰ ਹਨ। ਇਨ੍ਹਾਂ ਉੱਤੇ ਪੂਰਾ ਹੱਕ ਪਾਕਿਸਤਾਨ ਦਾ ਹੈ। ਭਾਰਤ ਇਨ੍ਹਾਂ ਨਦੀਆਂ ਦੇ ਵਹਾਅ ਨਾਲ ਜਾਂ ਪਾਣੀ ਦੀ ਮਾਤਰਾ ਨਾਲ ਛੇੜਛਾੜ ਨਹੀਂ ਕਰ ਸਕਦਾ ਹੈ ਤੇ ਨਾ ਹੀ ਰੋਕ ਸਕਦਾ ਹੈ। ਪਰ ਬਿਜਲੀ ਪੈਦਾ ਕਰਨ ਲਈ ਕੁਝ ਪ੍ਰੋਜੈਕਟ ਜ਼ਰੂਰ ਲਗਾ ਸਕਦਾ ਹੈ।

ਭਾਰਤ ਦੇ ਹਿੱਸੇ ਵਿੱਚ ਹਨ ਪੂਰਬੀ ਨਦੀਆਂ- ਸਤਲੁਜ, ਰਾਵੀ ਤੇ ਬਿਆਸ ਹੈ। ਭਾਰਤ ਸਰਕਾਰ ਕਹਿ ਚੁੱਕੀ ਹੈ ਕਿ ਤਿੰਨ ਪ੍ਰੋਜੈਕਟਸ ਲਗਾ ਕੇ ਪਾਕਿਸਤਾਨ ਜਾਂਦਾ ਵਾਧੂ ਪਾਣੀ ਅਸੀਂ ਭਾਰਤ ਦੇ ਹਿੱਸੇ ਦਾ ਇੱਧਰ ਹੀ ਰੱਖ ਲਵਾਂਗੇ।

ਕਿਹੜੇ ਤਿੰਨ ਪ੍ਰੋਜੈਕਟ

ਇਹ ਤਿੰਨੇ ਪ੍ਰੋਜੈਕਟ ਰਾਵੀ ਦਰਿਆ ਨਾਲ ਜੁੜੇ ਹੋਏ ਹਨ।

  • ਜੰਮੂ-ਕਸ਼ਮੀਰ ਤੇ ਪੰਜਾਬ ਦੀ ਸਰਹੱਦ ’ਤੇ ਰਾਵੀ ਨਦੀ ਉੱਤੇ ਸ਼ਾਹਪੁਰ ਕੰਡੀ ਡੈਮ ਪ੍ਰੋਜੈਕਟ
  • ਜੰਮੂ-ਕਸ਼ਮੀਰ ਉੱਝ ਡੈਮ ਪ੍ਰੋਜੈਕਟ
  • ਫਿਰ ਪੰਜਾਬ ਵਿੱਚੋਂ ਲੰਘਦੀਆਂ ਰਾਵੀ ਤੇ ਬਿਆਸ ਨਦੀਆਂ ਨੂੰ ਜੋੜਦੀ ਇੱਕ ਦੂਜੀ ਲਿੰਕ ਨਹਿਰ
ਪਾਕਿਸਤਾ ਨੂੰ ਜਾਂਦਾ ਦਰਿਆ
Getty Images

ਯੋਜਨਾ ਇਹ ਹੈ ਕਿ ਇਨ੍ਹਾਂ ਨਾਲ ਰਾਵੀ ਦਾ ਹੋਰ ਪਾਣੀ ਵਰਤਿਆ ਜਾਵੇਗਾ ਤੇ ਪਾਕਿਸਤਾਨ ਨੂੰ ਰੁੜ੍ਹ ਜਾਂਦਾ ਪਾਣੀ ਰੋਕਿਆ ਜਾਵੇਗਾ।

ਇਸ ਪਾਣੀ ਨਾਲ ਸਿੰਜਾਈ ਤੇ ਇਸ ਨਾਲ ਪੈਦਾ ਹੁੰਦੀ ਬਿਜਲੀ ਦਾ ਵਾਅਦਾ ਜੰਮੂ-ਕਸ਼ਮੀਰ ਤੇ ਪੰਜਾਬ ਨੂੰ ਕੀਤਾ ਜਾ ਚੁੱਕਿਆ ਹੈ।

ਪਾਣੀ ਹਰਿਆਣਾ ਪਹੁੰਚੇਗਾ ਕਿਵੇਂ?

ਪਰ ਪੰਜਾਬ ਦੇ ਇੱਕ ਸੇਵਾਮੁਕਤ ਚੀਫ਼ ਇੰਜੀਨੀਅਰ ਨੇ ਨਾਮ ਨਾ ਛਾਪਣ ਦੀ ਸ਼ਰਤ ''ਤੇ ਕਿਹਾ ਕਿ ਰਾਵੀ, ਬਿਆਸ ਤੇ ਸਿੰਧ ਤਾਂ ਪਾਕਿਸਤਾਨ ਵੱਲ ਜਾਂਦੇ ਹਨ, ਜੇ ਰਾਵੀ ਤੋਂ ਪਾਣੀ ਬਿਆਸ ਵਿੱਚ ਲੈ ਵੀ ਆਉਂਦਾ ਤਾਂ ਇਹ ਪਾਣੀ ਹਰਿਆਣਾ ਨਹੀਂ ਪਹੁੰਚ ਸਕਦਾ।

ਪਰ ਪਾਣੀ ਰਾਜਸਥਾਨ ਨੂੰ ਜ਼ਰੂਰ ਪਹੁੰਚ ਸਕਦਾ ਹੈ ਪਰ ਇਹ ਪਾਣੀ ਇੰਨਾ ਘੱਟ ਹੈ ਕਿ ਇਸ ਨੂੰ ਚੋਣਾਂ ਵਿੱਚ ਚੁੱਕਣ ਤੋਂ ਇਲਾਵਾ ਇਸ ਦਾ ਹੋਰ ਕੋਈ ਮਕਸਦ ਨਹੀਂ ਹੈ।

ਪੰਜਾਬ ਦਾ ਫਾਇਦਾ ਜਾਂ ਨੁਕਸਾਨ

ਸੀਨੀਅਰ ਵਿਸ਼ਲੇਸ਼ਕ ਤੇ ਪੱਤਰਕਾਰ ਜਗਤਾਰ ਸਿੰਘ ਵੀ ਇਸ ਤਰਕ ਨਾਲ ਸਹਿਮਤ ਹਨ। ਉਨ੍ਹਾਂ ਮੁਤਾਬਕ ਇਹ ਪਾਣੀ ਇੰਨਾ ਹੈ ਹੀ ਨਹੀਂ ਕਿ ਇਸ ਬਾਰੇ ਵੱਡਾ ਮੁੱਦਾ ਬਣੇ। ਮਾਨਸੂਨ ਵੇਲੇ ਰਾਵੀ ਇੰਨੇ ਪਾਣੀ ਨਾਲ ਭਰ ਜਾਂਦੀ ਹੈ ਕਿ ਉਸ ਪਾਣੀ ਨੂੰ ਬਹੁਤਾ ਰੋਕਿਆ ਨਹੀਂ ਜਾ ਸਕਦਾ। ਉਂਝ ਰਾਵੀ ਪਾਕਿਸਤਾਨ ਪਹੁੰਚਦਿਆਂ ਤੱਕ ਸੁੱਕ ਜਾਂਦੀ ਹੈ।

ਭਾਰਤ ਆਪਣੇ ਕੋਲ ਮੌਜੂਦ ਪਾਣੀ ਦਾ ਵੀ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕਰ ਸਕਿਆ ਹੈ
Reuters
ਭਾਰਤ ਆਪਣੇ ਕੋਲ ਮੌਜੂਦ ਪਾਣੀ ਦਾ ਵੀ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕਰ ਸਕਿਆ ਹੈ

ਉਨ੍ਹਾਂ ਮੁਤਾਬਕ ਜੇ ਰਾਵੀ ਤੇ ਬਿਆਸ ਨੂੰ ਜੋੜ ਕੇ ਵਾਧੂ ਪਾਣੀ ਲੈ ਵੀ ਆਉਂਦਾ ਤਾਂ ਉਹ ਪੰਜਾਬ ਤੇ ਰਾਜਸਥਾਨ ਜਾ ਸਕਦਾ ਹੈ, ਹਰਿਆਣਾ ਵੱਲ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਜੇ ਪੰਜਾਬ ਦੀਆਂ ਨਹਿਰਾਂ ਵਿੱਚ ਇੰਨਾ ਪਾਣੀ ਆ ਗਿਆ ਤਾਂ ਸਾਂਭ ਨਹੀਂ ਸਕਦੇ ਸਗੋਂ ਪੰਜਾਬ ਵਿੱਚ ਤਬਾਹੀ ਹੋ ਜਾਵੇਗੀ।

ਕਿਤੇ ਇਸ਼ਾਰਾ ਐਸਵਾਈਐਲ ਵੱਲ ਤਾਂ ਨਹੀਂ?

ਰਾਵੀ ਤੇ ਬਿਆਸ ਨੂੰ ਛੱਡ ਦੇਈਏ ਤਾਂ ਇਹ ਕਿਹੜਾ ਪਾਣੀ ਹੈ ਜਿਹੜਾ ਹਰਿਆਣਾ ਨੂੰ ਮਿਲੇਗਾ? ਵਿਸ਼ਲੇਸ਼ਕਾਂ ਮੁਤਾਬਕ ਇਹ ਇਸ਼ਾਰਾ ਸਤਲੁਜ ਤੇ ਯਮੁਨਾ ਲਿੰਕ ਨਹਿਰ ਦੇ ਪ੍ਰੋਜੈਕਟ ਵੱਲ ਹੋ ਸਕਦਾ ਹੈ।

ਇਹ ਨਹਿਰ ਪੰਜਾਬ ਤੇ ਹਰਿਆਣਾ ਵਿਚਾਲੇ ਝਗੜੇ ਦਾ ਵੱਡਾ ਕਾਰਨ ਹੈ। ਪੰਜਾਬ ਕਹਿੰਦਾ ਹੈ ਕਿ ਸਾਡੇ ਕੋਲ ਪਾਣੀ ਹੈ ਹੀ ਨਹੀਂ ਜਿਹੜਾ ਸਤਲੁਜ ਨੂੰ ਯਮੁਨਾ ਨਾਲ ਜੋੜ ਕੇ ਹਰਿਆਣਾ ਵੱਲ ਭੇਜ ਦੇਈਏ।

ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੇ ਰਾਵੀ ਤੋਂ ਮੋੜਿਆ ਪਾਣੀ ਪੰਜਾਬ ਨੂੰ ਦਿੱਤਾ ਜਾਵੇਗਾ ਤਾਂ ਇਸ ਬਦਲੇ ਕਿਸੇ ਸਮਝੌਤੇ ਵਿੱਚ ਪੰਜਾਬ ਨੂੰ ਐਸਵਾਈਐਲ ਰਾਹੀਂ ਸਤਲੁਜ ਦਾ ਪਾਣੀ ਹਰਿਆਣਾ ਪਹੁੰਚਾਉਣ ਲਈ ਤਾਂ ਨਹੀਂ ਮਨਾਇਆ ਜਾਵੇਗਾ? ਐਸਵਾਈਐਲ ਕੈਨਾਲ ਪੰਜਾਬ ਤੇ ਹਰਿਆਣਾ ਵਿੱਚ ਭੱਖਦਾ ਮੁੱਦਾ ਹੈ ਅਤੇ ਪੰਜਾਬ ਇਸ ਦੇ ਖਿਲਾਫ਼ ਹੈ।

ਇਹ ਵੀ ਪੜ੍ਹੋ:

ਪੰਜਾਬ ਦੇ ਸਾਬਕਾ ਚੀਫ਼ ਇੰਜੀਨੀਅਰ ਮੁਤਾਬਕ ਇਹ ਸਿਰਫ਼ ਕਾਗਜ਼ੀ ਸੰਭਾਵਨਾ ਹੈ। ਰਾਵੀ ਵਿੱਚ ਭਾਰਤ ਵਿੱਚ ਮੌਜੂਦ ਇੰਨਾ ਪਾਣੀ ਹੈ ਹੀ ਨਹੀਂ ਕਿ ਇਸ ਦੇ ਬਦਲੇ ਐਸਵਾਈਐਲ ਡੀਲ ਹੋ ਸਕੇ।

ਜਗਤਾਰ ਸਿੰਘ ਮੁਤਾਬਕ ਤਕਨੀਕੀ ਸੰਭਾਵਨਾਵਾਂ ''ਤੇ ਸਵਾਲ ਵੱਡੇ ਹਨ। ਹਰਿਆਣਾ ਵਿੱਚ ਚੋਣਾਂ ਹਨ ਤੇ ਪ੍ਰਧਾਨ ਮੰਤਰੀ ਦਾ ਸੁਰ ਉਹੀ ਹੈ ਜੋ ਚੋਣਾਂ ਵਿੱਚ ਸਿਆਸੀ ਆਗੂਆਂ ਦਾ ਹੁੰਦਾ ਹੈ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=kSUBaAnpgeM

https://www.youtube.com/watch?v=CeDOM8pkvtg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News