ਤਰਨ ਤਾਰਨ ''''ਚ ''''ਅਣਖ ਖਾਤਰ'''' ਦੋਹਰਾ ਕਤਲ: ''''ਉਹ ਕਹਿੰਦੇ ਸੀ ਕੁੜੀ ਘਰੇ ਆਈ ਤਾਂ ਮਾਰ ਦਿਆਂਗੇ''''

Wednesday, Sep 18, 2019 - 07:31 AM (IST)

ਤਰਨ ਤਾਰਨ ''''ਚ ''''ਅਣਖ ਖਾਤਰ'''' ਦੋਹਰਾ ਕਤਲ: ''''ਉਹ ਕਹਿੰਦੇ ਸੀ ਕੁੜੀ ਘਰੇ ਆਈ ਤਾਂ ਮਾਰ ਦਿਆਂਗੇ''''

ਤਰਨ ਤਾਰਨ ਦੇ ਪਿੰਡ ਨੌਸ਼ਹਿਰਾ ਢੱਲਾ ਵਿੱਚ ਦਿਨ-ਦਿਹਾੜੇ ਪਤੀ-ਪਤਨੀ ਨੂੰ ਘੇਰ ਕੇ ਗੋਲੀਆਂ ਮਾਰ ਕੇ ਹਲਾਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪੁਲਿਸ ਨੇ ਕਥਿਤ ਤੌਰ ''ਤੇ ਅਣਖ਼ ਲਈ ਕੀਤੇ ਗਏ ਕਤਲ ਦੇ ਇਸ ਮਾਮਲੇ ਵਿੱਚ 7 ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ।

ਪੁਲਿਸ ਦੇ ਐਸਪੀ ਜੇ ਐਸ ਵਾਲੀਆਂ ਮੁਤਾਬਕ ਦੋਹਰੇ ਕਤਲ ਕੇਸ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਕੁੜੀ ਦੇ ਮਾਂ-ਬਾਪ ਨੂੰ ਪੁਲਿਸ ਨੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ ਪਰ ਬਾਅਦ ਵਿੱਚ ਛੱਡ ਦਿੱਤਾ ਗਿਆ।

15 ਸਤੰਬਰ ਨੂੰ ਦਰਜ ਕੀਤੀ ਗਈ ਐਫਆਈਆਰ ਮੁਤਾਬਕ 23 ਸਾਲਾ ਅਮਨਦੀਪ ਸਿੰਘ ਆਪਣੀ 21 ਸਾਲਾ ਪਤਨੀ ਅਮਨਪ੍ਰੀਤ ਕੌਰ ਨਾਲ ਗੁਰੂਦੁਆਰਾ ਬਾਬਾ ਬੁੱਢਾ ਸਾਹਿਬ ਮੱਥਾ ਟੇਕ ਕੇ ਮੌਟਰ ਸਾਇਕਲ ਉੱਤੇ ਵਾਪਿਸ ਆ ਰਹੇ ਸਨ ਕਿ ਉਨ੍ਹਾਂ ਦਾ ਪਿੱਛਾ ਕਰ ਰਹੀ ਕਾਰ ਨੇ ਟੱਕਰ ਮਾਰ ਕੇ ਸੁੱਟ ਦਿੱਤਾ। ਫਿਰ ਅੱਧੇ ਦਰਜਨ ਦੇ ਕਰੀਬ ਬੰਦਿਆਂ ਨੇ ਜੋੜੇ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ।

ਇਹ ਵੀ ਪੜ੍ਹੋ:

ਐਫ਼ਆਈਆਰ ਮੁਤਾਬਕ ਗੋਲੀਬਾਰੀ ਤੋਂ ਬਾਅਦ ਦੋਵਾਂ ਨੂੰ ਚੁੱਕ ਕੇ ਗੱਡੀ ਵਿੱਚ ਸੁੱਟ ਲਿਆ ਅਤੇ ਅਮਨਦੀਪ ਦੇ ਘਰ ਅੱਗੇ ਸੁੱਟ ਗਏ। ਅਮਨਦੀਪ ਸਿੰਘ ਦੀ ਥਾਹੇ ਮੌਤ ਹੋ ਗਈ, ਜਦਕਿ ਅਮਨਪ੍ਰੀਤ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।

ਰਿਸ਼ਤੇਦਾਰਾਂ ਦੀ ਨਰਾਜ਼ਗੀ

ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਅਮਨਦੀਪ ਅਤੇ ਅਮਨਪ੍ਰੀਤ ਨੇ ਘਰਦਿਆਂ ਦੀ ਮਰਜ਼ੀ ਦੇ ਖ਼ਿਲਾਫ਼ ਵਿਆਹ ਕਰਵਾਇਆ ਸੀ।

ਪਹਿਲਾਂ ਕੁੜੀ ਵਾਲੇ ਨਰਾਜ਼ ਸਨ ਪਰ ਬਾਅਦ ਵਿੱਚ ਉਹ ਮੰਨ ਗਏ ਤੇ ਦੋਵਾਂ ਪਰਿਵਾਰਾਂ ਵਿੱਚ ਆਉਣ ਜਾਣ ਸ਼ੁਰੂ ਹੋ ਗਿਆ ਸੀ।

ਅਮਨਪ੍ਰੀਤ ਕੌਰ ਦੇ ਪਿਤਾ ਅਮਰਜੀਤ ਸਿੰਘ ਮੁਤਾਬਕ ਇਸ ਵਿਆਹ ਤੋਂ ਉਸਦੇ ਚਾਚੇ ਤਾਏ ਦੇ ਪਰਿਵਾਰ ਖੁਸ਼ ਨਹੀਂ ਸਨ ਅਤੇ ਮਾਰਨ ਦੀਆਂ ਧਮਕੀਆਂ ਵੀ ਦੇ ਚੁੱਕੇ ਸਨ।

ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆਂ, "ਅਮਨ ਤੇ ਅਮਨਪ੍ਰੀਤ ਦੋਵੇਂ ਬਾਬਾ ਬੁੱਢਾ ਜੀ ਮੱਥਾ ਟੇਕ ਕੇ ਮੋਟਰ ਸਾਇਕਲ ਉੱਤੇ ਪਰਤ ਰਹੇ ਸਨ। ਸਵੇਰ ਅੱਠ ਕੂ ਵਜੇ ਦੇ ਕਰੀਬ ਟਾਇਮ ਸੀ। ਪਿੱਛੋਂ ਕਾਰ ਨਾਲ ਉਨ੍ਹਾਂ ਨੂੰ ਟੱਕਰ ਮਾਰ ਕੇ ਸੁੱਟ ਲਿਆ ਅਤੇ ਫਿਰ ਗੋਲੀਆਂ ਮਾਰੀਆਂ।"

"ਮੁੰਡੇ ਦੀ ਮੌਤ ਤਾਂ ਥਾਹੇ ਹੋ ਗਈ, ਕੁੜੀ ਅਜੇ ਸਹਿਕਦੀ ਸੀ। ਦੋਵਾਂ ਨੂੰ ਗੱਡੀ ਵਿੱਚ ਸੁੱਟ ਕੇ ਸਾਡੇ ਘਰ ਅੱਗੇ ਲਿਆਏ ਅਤੇ ਫਿਰ ਗੋਲੀਆਂ ਮਾਰੀਆਂ। ਸਾਨੂੰ ਕਿਸੇ ਨੇ ਆਕੇ ਦੱਸਿਆ ਕਿ ਤੁਹਾਡੇ ਮੁੰਡੇ ਦੇ ਕਿਸੇ ਨੇ ਗੋਲੀਆਂ ਮਾਰੀਆਂ ਹਨ।"

ਸੁਖਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਝਗੜਾ ਵੀ ਨਹੀਂ ਸੀ। ਲੜਕੀ ਦਾ ਪਰਿਵਾਰ ਵੀ ਉਨ੍ਹਾਂ ਨਾਲ ਮਿਲਦਾ ਵਰਤਦਾ ਸੀ।

ਉਨ੍ਹਾਂ ਇਲਜ਼ਾਮ ਲਾਇਆ ਕਿ ਇਹ ਕਤਲ ਕੁੜੀ ਦੇ ਚਾਚੇ ਦੇ ਮੁੰਡਿਆਂ ਨੇ ਕੀਤੇ ਹਨ, ਜੋ ਹੁਣ ਫਰਾਰ ਹਨ।

ਉੱਧਰ ਕੁੜੀ ਦੇ ਪਿਤਾ ਅਮਰਜੀਤ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੇ ਚਾਚੇ ਤਾਏ ਦੇ ਮੁੰਡਿਆਂ ਵਲੋਂ ਕਿਹਾ ਜਾ ਰਿਹਾ ਸੀ, ਕਿ ਉਹ ਪਿੰਡ ਨਹੀਂ ਆਉਣੀ ਚਾਹੀਦੀ। ਜੇਕਰ ਉਹ ਆਈ ਤਾਂ ਉਹ ਕੁੜੀ ਨੂੰ ਮਾਰ ਦੇਣਗੇ। ਉਨ੍ਹਾਂ ਨੇ ਉਹੀ ਕੁਝ ਕਰਕੇ ਦਿਖਾ ਦਿੱਤਾ।

"ਮੈਂ ਉਸ ਨੂੰ ਸਾਲ ਵਿੱਚ ਇੱਕ ਵਾਰ ਘਰ ਲੈਕੇ ਆਇਆ ਸੀ ਅਤੇ ਉਹ 5 ਕੂ ਦਿਨ ਘਰ ਰਹੀ ਸੀ।"

ਇਹ ਵੀ ਪੜ੍ਹੋ:

ਪਰਿਵਾਰ ਨੂੰ ਡਰ

ਅਮਰਜੀਤ ਮੁਤਾਬਕ ਕੁੜੀ ਨੇ ਬੀਏ ਤੋਂ ਬਾਅਦ ਨਰਸਿੰਗ ਦਾ ਕੋਰਸ ਕੀਤਾ ਹੋਇਆ ਸੀ ਅਤੇ ਉਸ ਨੇ ਬਾਹਰ ਜਾਣ ਲਈ ਆਈਲੈੱਟਸ ਵਿੱਚ 7 ਬੈਂਡ ਹਾਸਲ ਕੀਤੇ ਸਨ।

"ਮੈਨੂੰ ਉਸ ਦੇ ਵਿਆਹ ਉੱਤੇ ਕੋਈ ਇਤਰਾਜ਼ ਨਹੀਂ ਸੀ, ਕਿਉਂਕਿ ਜਦੋਂ ਉਹ ਖੁਸ਼ ਸੀ ਤਾਂ ਸਾਨੂੰ ਕੀ ਇਤਰਾਜ਼ ਹੋਣਾ ਸੀ।"

ਅਮਰਜੀਤ ਸਿੰਘ ਦਾ ਇਲਜ਼ਾਮ ਸੀ ਕਿ ਮੁੰਡੇ ਨੂੰ ਮਾਰ ਕੇ ਡਿੱਗੀ ਵਿਚ ਸੁੱਟ ਲਿਆ ਅਤੇ ਕੁੜੀ ਨੂੰ ਇਨ੍ਹਾਂ ਭਜਾ ਕੇ ਗੋਲੀਆਂ ਮਾਰੀਆਂ।

ਅਮਰਜੀਤ ਸਿੰਘ ਨੇ ਰੋਂਦਿਆਂ ਕਿਹਾ, "ਜਵਾਈ ਦੀ ਲਾਸ਼ ਪਈ ਸੀ ਤੇ ਕੁੜੀ ਸਾਡੀ ਉਸ ਤੋਂ ਢਾਈ ਘੰਟੇ ਬਾਅਦ ਤੱਕ ਜ਼ਿਉਂਦੀ ਰਹੀ। ਮੈਂ ਉੱਥੇ ਗਿਆ ਤਾਂ ਪੁਲਿਸ ਮੈਂਨੂੰ ਤੇ ਪਤਨੀ ਨੂੰ ਗੱਡੀ ਵਿੱਚ ਬਿਠਾ ਕੇ ਥਾਣੇ ਲੈ ਗਈ ਅਤੇ ਸ਼ਾਮੀ ਪੰਜ ਵਜੇ ਛੱਡਿਆ।"

"ਸਾਡੇ ਨਾਲ ਬਹੁਤ ਮਾੜੀ ਹੋਈ, ਬੜੀ ਮਿਹਨਤ ਨਾਲ ਬੱਚੀ ਪੜ੍ਹਾਈ। ਅੱਜ ਸਾਡੇ ਪੱਲੇ ਕੁਝ ਵੀ ਨਹੀਂ ਬਚਿਆ।"

"ਮੈਨੂੰ ਵੀ ਡਰ ਲੱਗ ਰਿਹਾ ਹੈ, ਆਪਣੇ ਵੀ ਕੰਮ ਨਹੀਂ ਆਏ... ਮੈਨੂੰ ਵੀ ਚਾਰ ਬੰਦੇ ਘੇਰ ਕੇ ਮਾਰ ਦੇਣਗੇ ਮੈਂ ਕੀ ਕਰ ਲਵਾਂਗਾ।"

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=MtmRnHBHZZQ

https://www.youtube.com/watch?v=2nQs7uVWMbM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News