ਬਟਾਲਾ ਧਮਾਕੇ ਵਾਂਗ ਦੋ ਸਾਲ ਪਹਿਲਾਂ ਬਰਨਾਲਾ ''''ਚ ਹੋਈ ਘਟਨਾ ਦੇ ਪੀੜ੍ਹਤਾਂ ਨੇ ਕਿਹਾ, ''''ਚਾਰ ਦਿਨਾਂ ਦੀ ਦਿਹਾੜੀ ਨੇ ਸਭ ਕੁਝ ਹੱਥੋਂ ਖੋਹ ਲਿਆ''''
Friday, Sep 06, 2019 - 11:46 AM (IST)

"ਕੰਧ ਤੇ ਦੋਹਾਂ ਦੀਆਂ ਫ਼ੋਟੋਆਂ ਲੱਗੀਆਂ ਹਨ। ਜਦੋਂ ਕਮਰੇ ਵਿੱਚ ਵੜਦਾ ਹਾਂ ਤਾਂ ਉੱਪਰ ਨਹੀਂ ਦੇਖਦਾ। ਜੇ ਮੁੰਡਿਆਂ ਦੀਆਂ ਫ਼ੋਟੋਆਂ ਨਿਗ੍ਹਾ ਪੈ ਜਾਣ ਤਾਂ ਦਿਲ ਡੁੱਬਦਾ ਹੈ। ਦੋਵੇਂ ਔਲਾਦਾਂ ਇੱਕੋ ਦਿਨ ਦੁਨੀਆਂ ਤੋਂ ਚਲੀਆਂ ਗਈਆਂ। ਕੀਹਦੇ ਆਸਰੇ ਜਿਊਂਈਏ ਦੋਵੇਂ ਜੀਅ ਹੁਣ ਬੱਸ ਦਿਨ ਕੱਟ ਰਹੇ ਹਾਂ।"
ਇਹ ਸ਼ਬਦ ਗੁਰਜੰਟ ਸਿੰਘ ਦੇ ਹਨ, ਜਿਨ੍ਹਾਂ ਨੇ ਆਪਣੇ ਦੋ ਪੁੱਤਰ ਸੰਗਰੂਰ ਪਟਾਕਾ ਗੋਦਾਮ ''ਚ ਵਾਪਰੇ ''ਚ ਹਾਦਸੇ ਗੁਆ ਦਿੱਤਾ ਸੀ।
4 ਸਤੰਬਰ ਨੂੰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿੱਚ ਪਟਾਕਿਆਂ ਫੈਕਟਰੀ ''ਚ ਹੋਏ ਧਮਾਕੇ ਨੇ ਅਜਿਹੀਆਂ ਥਾਵਾਂ ਉੱਤੇ ਕੰਮ ਕਰਦੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਕਰ ਦਿੱਤੇ ਹਨ।
ਅਜਿਹਾ ਹੀ ਹਾਦਸਾ 19 ਸਤੰਬਰ 2017 ਨੂੰ ਸੰਗਰੂਰ ਦੇ ਕਸਬਾ ਸੂਲਰ ਘਰਾਟ ਨੇੜੇ ਵਾਪਰਿਆ ਸੀ।
ਐੱਫਆਈਆਰ ਮੁਤਾਬਕ ਪਟਾਕਿਆਂ ਦੇ ਗੋਦਾਮ ਵਾਪਰੇ ਹਾਦਸੇ ਦੌਰਾਨ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਨ੍ਹਾਂ ਮ੍ਰਿਤਕਾਂ ਵਿੱਚੋਂ 5 ਵਰਕਰ ਇੱਕੋ ਪਿੰਡ ਢੰਡੋਰੀ ਕਲਾਂ ਨਾਲ ਸਬੰਧ ਰੱਖਦੇ ਸਨ।
ਬੀਬੀਸੀ ਦੀ ਟੀਮ ਵੱਲੋਂ ਢੰਡੋਰੀ ਕਲਾਂ ਦੇ ਇਨ੍ਹਾਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਇਨ੍ਹਾਂ ਦੇ ਹਾਲਾਤ ਜਾਣਨ ਦੀ ਕੋਸ਼ਿਸ਼ ਕੀਤੀ ਗਈ।
''ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰ ਲੈਂਦੇ''
ਗੁਰਜੰਟ ਸਿੰਘ ਦੇ ਦੋ ਮੁੰਡੇ ਗੁਰਸ਼ਰਨ ਸਿੰਘ ਅਤੇ ਕਰਮਜੀਤ ਸਿੰਘ ਇਸ ਘਟਨਾ ਵਿੱਚ ਮਾਰੇ ਗਏ ਸਨ।
ਗੁਰਜੰਟ ਸਿੰਘ ਦੇ ਘਰ ਦੀ ਹਾਲਤ ਦੂਜਿਆਂ ਘਰਾਂ ਨਾਲੋਂ ਇੰਨੀ ਕੁ ਚੰਗੀ ਹੈ ਕਿ ਮਕਾਨ ਲਗਪਗ ਪੱਕਾ ਕਿਹਾ ਜਾ ਸਕਦਾ ਹੈ।
ਗੁਰਜੰਟ ਸਿੰਘ ਘਰ ਵਿੱਚ ਇਕੱਲੇ ਹੀ ਬੈਠੇ ਹਨ। ਸਲੀਕੇ ਨਾਲ ਸੰਭਾਲੇ ਘਰ ਵਿੱਚ ਇੱਕ ਟਰੈਕਟਰ ਵੀ ਖੜ੍ਹਾ ਹੈ।
ਗੁਰਜੰਟ ਸਿੰਘ ਬੜੇ ਸਬਰ ਨਾਲ ਗੱਲਬਾਤ ਕਰਦੇ ਹਨ। ਮੁਸੀਬਤਾਂ ਨਾਲ ਸਖ਼ਤ ਜਾਨ ਹੋਏ ਦਿਲ ਦੀ ਵੇਦਨਾ ਬੋਲਾਂ ਦੇ ਅਰਥਾਂ ਵਿੱਚੋਂ ਪ੍ਰਗਟ ਹੁੰਦੀ ਹੈ।
ਉਨ੍ਹਾਂ ਗੱਲ ਕਰਦਿਆਂ ਦੱਸਿਆ, "ਘਰੇ ਆਪਣਾ ਟਰੈਕਟਰ ਸੀ। ਮੁੰਡੇ ਕਿਰਾਏ ਤੇ ਚਲਾ ਲੈਂਦੇ ਸੀ। ਥੋੜ੍ਹੀ ਬਹੁਤ ਜ਼ਮੀਨ ਵੀ ਠੇਕੇ ਤੇ ਲੈ ਲੈਂਦੇ ਸੀ। ਉਨ੍ਹਾਂ ਦਿਨਾਂ ਵਿੱਚ ਕਿਰਾਏ ਦਾ ਕੰਮ ਮੰਦਾ ਸੀ। ਵੱਡਾ ਮੁੰਡਾ 15 ਕੁ ਦਿਨਾਂ ਦਾ ਉੱਥੇ ਕੰਮ ਉੱਤੇ ਜਾਣ ਲੱਗਿਆ ਸੀ। ਛੋਟੇ ਨੂੰ ਤਾਂ ਤਿੰਨ ਚਾਰ ਦਿਨ ਹੀ ਹੋਏ ਸਨ। ਹੁਣ ਮਨ ਨੂੰ ਇਹ ਪਛਤਾਵਾ ਰਹਿੰਦਾ ਹੈ ਕਿ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰ ਲੈਂਦੇ। ਚਾਰ ਦਿਨਾਂ ਦੀ ਦਿਹਾੜੀ ਨੇ ਸਭ ਕੁਝ ਹੱਥੋਂ ਖੋਹ ਲਿਆ।"
ਪਿੰਡ ਦੇ ਇਸ ਇਲਾਕੇ ਵਿੱਚ ਜ਼ਿਆਦਾਤਰ ਘਰ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਗੁਰਜੰਟ ਦੇ ਘਰ ਦੇ ਸਾਹਮਣੇ ਗਲੀ ਵਿੱਚ ਗੁਰਪਿਆਰ ਦਾ ਘਰ ਹੈ।
''ਸਾਨੂੰ ਤਾਂ ਪਿੰਡ ਵਾਲਿਆਂ ਨੇ ਦੱਸਿਆ''
ਇਸ ਪਿੰਡ ਦਾ ਗੁਰਪਿਆਰ ਸਿੰਘ ਵੀ ਇਸ ਹਾਦਸੇ ਦਾ ਸ਼ਿਕਾਰ ਹੋਇਆ ਸੀ। ਗੁਰਪਿਆਰ ਦਾ ਘਰ ਪਿੰਡ ਦੀ ਫਿਰਨੀ ਉੱਤੇ ਹੀ ਹੈ।
ਤਿੰਨ ਕਮਰਿਆਂ ਅਤੇ ਤੰਗ ਵਿਹੜੇ ਵਾਲੇ ਘਰ ਦੀ ਹਾਲਤ ਬਹੁਤੀ ਚੰਗੀ ਨਹੀਂ ਕਹੀ ਜਾ ਸਕਦੀ। ਘਰ ਵਿੱਚ ਗੁਰਪਿਆਰ ਦੀ ਮਾਤਾ ਗੁਰਮੀਤ ਕੌਰ ਹੀ ਮੌਜੂਦ ਸੀ।
ਗੁਰਮੀਤ ਕੌਰ ਉਸ ਦਿਨ ਨੂੰ ਯਾਦ ਕਰਦੇ ਹੋਏ ਦੱਸਦੇ ਹਨ, "ਮੇਰਾ ਪੁੱਤ ਥੋੜ੍ਹਾ ਸਮਾਂ ਪਹਿਲਾਂ ਹੀ ਇਸ ਸਟੋਰ ''ਚ ਕੰਮ ਉੱਤੇ ਜਾਣ ਲੱਗਿਆ ਸੀ। ਅਸੀਂ ਤਾਂ ਇਸ ਸਟੋਰ ਬਾਰੇ ਕੁਝ ਵੀ ਨਹੀਂ ਜਾਣਦੇ ਸੀ। ਸਾਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਉਸ ਨੂੰ ਤਨਖ਼ਾਹ ਕਿੰਨੀ ਮਿਲਦੀ ਸੀ।"
"ਪਿੰਡ ਦੇ ਲੋਕਾਂ ਤੋਂ ਪਤਾ ਲੱਗਿਆ ਕਿ ਸਟੋਰ ਵਿੱਚ ਧਮਾਕਾ ਹੋਇਆ ਹੈ। ਉਸ ਰਾਤ ਤਾਂ ਸਾਨੂੰ ਉਨ੍ਹਾਂ ਇਹੀ ਕਿਹਾ ਸੀ ਕਿ ਜਖ਼ਮੀ ਹੋਇਆ ਹੈ। ਉਸਦੀ ਮੌਤ ਬਾਰੇ ਸਵੇਰੇ ਪਤਾ ਲੱਗਿਆ ਸੀ। ਘਰ ਕੁੜੀ ਵਿਆਹੁਣ ਵਾਲੀ ਸੀ, ਕਰਜ਼ਾ ਵੀ ਸਿਰ ਸੀ। ਜਿਹੜੇ ਪੈਸੇ ਮਿਲੇ ਉਸ ਨਾਲ ਕੁੜੀ ਦਾ ਵਿਆਹ ਕੀਤਾ ਕੁਝ ਕਰਜ਼ਾ ਲਾਹ ਲਿਆ।"
ਉਨ੍ਹਾਂ ਨੇ ਅੱਗ ਕਿਹਾ, "ਉਸ ਦੇ ਮਗਰੋਂ ਜ਼ਿੰਦਗੀ ਬੜੀ ਮੁਸ਼ਕਿਲ ਨਾਲ ਚਲਦੀ ਹੈ। ਨੂੰਹ ਪੇਕੇ ਚਲੀ ਗਈ। ਅਸੀਂ ਦੋਵੇਂ ਜੀਅ ਬਿਮਾਰ ਰਹਿੰਦੇ ਹਾਂ। ਜੇ ਉਹ ਜਿਉਂਦਾ ਹੁੰਦਾ ਤਾਂ ਭਰਾ ਨਾਲ ਮੋਢਾ ਲਵਾਉਂਦਾ। ਹੁਣ ਤਾਂ ਛੋਟੇ ਮੁੰਡੇ ਦੀ ਮਜ਼ਦੂਰੀ ਸਿਰ ਔਖੇ-ਸੌਖੇ ਗੁਜ਼ਾਰਾ ਚਲਦਾ ਹੈ।"
ਤੰਗ ਗਲੀਆਂ, ਮਾੜੇ ਨਿਕਾਸੀ ਪ੍ਰਬੰਧਾਂ ਅਤੇ ਛੋਟੇ-ਛੋਟੇ ਘਰਾਂ ਤੋਂ ਇਸ ਅਬਾਦੀ ਵਿਚਲੇ ਘਰਾਂ ਦੀ ਆਰਥਿਕਤਾ ਸਮਝਣੀ ਕੋਈ ਔਖੀ ਨਹੀਂ ਹੈ।
''ਇਸ ਸਭ ਕਾਸੇ ਲਈ ਸਰਕਾਰ ਜ਼ਿੰਮੇਵਾਰ ਹੈ''
ਭੁਪਿੰਦਰ ਸਿੰਘ ਦਾ ਘਰ ਵੀ ਇਸੇ ਅਬਾਦੀ ਵਾਲੇ ਇਲਾਕੇ ਵਿੱਚ ਹੈ। ਜਦੋਂ ਭੁਪਿੰਦਰ ਸਿੰਘ ਦੀ ਹਾਦਸੇ ਵਿੱਚ ਮੌਤ ਹੋਈ ਤਾਂ ਉਹ ਬੀਸੀਏ ਦੀ ਪੜ੍ਹਾਈ ਕਰ ਰਿਹਾ ਸੀ।
ਭੁਪਿੰਦਰ ਦੇ ਘਰ ਵਿੱਚ ਉਸ ਦੀ ਦਾਦੀ, ਮਾਂ ਅਤੇ ਭੈਣ ਹਨ। ਪਰਿਵਾਰ ਦੇ ਚਿਹਰਿਆਂ ਉੱਤੇ ਛਾਈ ਉਦਾਸੀ ਸਭ ਕੁਝ ਬਿਆਨ ਕਰਦੀ ਹੈ।
ਇਹ ਵੀ ਪੜ੍ਹੋ-
- ਅਮਰੀਕਾ ਨੇ ਭਾਰਤੀ ਕੈਪਟਨ ਨੂੰ ਕਿਉਂ ਕੀਤੀ ਕਰੋੜਾਂ ਡਾਲਰ ਦੀ ਪੇਸ਼ਕਸ਼
- ਇਸ ਦੇਸ ਵਿੱਚ ਔਰਤਾਂ ਨੇ ਬ੍ਰਾਅ ਨਾ ਪਹਿਨਣ ਲਈ ਮੁਹਿੰਮ ਚਲਾਈ
- ''ਦੁਕਾਨ ਦਾ ਖਰਚਾ ਤੱਕ ਕੱਢਣਾ ਔਖਾ ਸੀ... ਹੁਣ ਪ੍ਰਾਈਵੇਟ ਨੌਕਰੀ ਕਰ ਰਿਹਾ ਹਾਂ''
- Jio ਫਾਈਬਰ ਪਲਾਨ ਵਿੱਚ ਖ਼ਾਸ ਕੀ?
ਭੁਪਿੰਦਰ ਦੀ ਮਾਤਾ ਪਰਮਜੀਤ ਕੌਰ ਨੂੰ ਗੱਲ ਕਰਨੀ ਮੁਸ਼ਕਲ ਲੱਗ ਰਹੀ ਹੈ।
ਭੁਪਿੰਦਰ ਦੀ ਭੈਣ ਕੁਲਵਿੰਦਰ ਕੌਰ ਦੱਸਦੀ ਹੈ, "ਅਸੀਂ 6 ਭੈਣ ਭਰਾ ਹਾਂ। ਭੁਪਿੰਦਰ ਮੈਥੋਂ ਛੋਟਾ ਸੀ। ਸਾਡੇ ਪਿਤਾ ਜੀ ਦਿਹਾੜੀ ਕਰਦੇ ਹਨ। ਭੁਪਿੰਦਰ ਬੀਸੀਏ ਕਰ ਰਿਹਾ ਸੀ। ਉਸ ਦਾ ਮਕਸਦ ਕੰਪਿਊਟਰ ਇੰਜੀਨੀਅਰ ਬਣਨਾ ਸੀ।"
"ਘਰ ਦੇ ਹਾਲਾਤ ਕਰਕੇ ਆਪਣੀ ਪੜ੍ਹਾਈ ਦਾ ਖਰਚਾ ਆਪ ਕਰਦਾ ਸੀ। ਉਸ ਨੂੰ ਪੇਂਟਿੰਗ ਦਾ ਵੀ ਬਹੁਤ ਸ਼ੌਕ ਸੀ। ਸਾਨੂੰ ਤਾਂ ਇਹ ਕਹਿ ਕੇ ਕੰਮ ਉੱਤੇ ਲੱਗਾ ਸੀ ਕਿ ਉੱਥੇ ਸਰਫ਼ ਬਣਦੀ ਹੈ। ਜੇ ਸਾਨੂੰ ਪਤਾ ਹੁੰਦਾ ਕਿ ਉੱਥੇ ਅਜਿਹਾ ਖ਼ਤਰਨਾਕ ਕੰਮ ਹੁੰਦਾ ਹੈ ਤਾਂ ਅਸੀਂ ਬਿਲਕੁਲ ਵੀ ਨਾ ਕਰਨ ਦਿੰਦੇ। ਪਹਿਲਾਂ ਸਾਡੇ ਨਾਲ ਹੋਇਆ ਹੁਣ ਬਟਾਲੇ ਘਟਨਾ ਵਾਪਰ ਗਈ।"
ਉਹ ਅੱਗ ਕਹਿੰਦੀ ਹੈ, "ਟੀਵੀ ਉੱਤੇ ਅਜਿਹੀ ਖ਼ਬਰ ਦੇਖੀ ਨਹੀਂ ਜਾਂਦੀ। ਜਿਵੇਂ ਸਾਡਾ ਭਰਾ ਗਿਆ, ਉੱਥੇ ਪਤਾ ਨਹੀਂ ਕਿੰਨੇ ਘਰ ਉੱਜੜੇ ਹਨ। ਇਸ ਸਭ ਕਾਸੇ ਲਈ ਸਰਕਾਰ ਜ਼ਿੰਮੇਵਾਰ ਹੈ। ਇੰਨੇ ਲੋਕਾਂ ਦੀ ਜਾਨ ਗਈ ਹੈ ਪਰ ਅਜਿਹੀਆਂ ਵਰਕਸ਼ਾਪਾਂ ਫਿਰ ਵੀ ਬੰਦ ਨਹੀਂ ਹੋ ਰਹੀਆਂ। ਅਜਿਹੀਆਂ ਵਰਕਸ਼ਾਪਾਂ ਉੱਤੇ ਪਾਬੰਦੀ ਹੋਣੀ ਚਾਹੀਦੀ ਹੈ।"
ਦੋ ਸਾਲ ਪਹਿਲਾਂ ਸੂਲਰ ਘਰਾਟ ਨੇੜੇ ਜਿਸ ਜਗ੍ਹਾ ਉੱਤੇ ਇਹ ਹਾਦਸਾ ਵਾਪਰਿਆ ਸੀ ਉਸ ਜਗ੍ਹਾ ਉੱਤੇ ਇੱਕ ਟੁੱਟਿਆ ਹੋਇਆ ਲੈਂਟਰ ਲਮਕ ਰਿਹਾ ਹੈ। ਸੜਕ ਉੱਤੇ ਬੰਦ ਦੁਕਾਨਾਂ ਅੱਗੇ ਲੋਹੇ ਦੇ ਸ਼ੈੱਡ ਦਾ ਢਾਂਚਾ ਖੜ੍ਹਾ ਹੈ।
ਇਸ ਜਗ੍ਹਾ ਦੇ ਨਾਲ ਗਲੀ ਦੇ ਦੂਜੇ ਪਾਸੇ ਗੁਰਦੁਆਰਾ ਸਾਹਿਬ ਸਥਿਤ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਰਸ਼ਪਾਲ ਸਿੰਘ ਨੇ ਹਾਦਸੇ ਬਾਰੇ ਦੱਸਦਿਆਂ ਕਿਹਾ, "ਉਸ ਦਿਨ ਕਰੀਬ 9 ਕੁ ਵਜੇ ਇਹ ਹਾਦਸਾ ਵਾਪਰਿਆ ਸੀ। ਜ਼ੋਰਦਾਰ ਧਮਾਕਾ ਹੋਇਆ। ਇਸ ਹਾਦਸੇ ਤੋਂ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਕਿ ਇੱਥੇ ਧਮਾਕਾਖ਼ੇਜ਼ ਸਮਗਰੀ ਪਈ ਹੈ।"
"ਇਸ ਨਾਲ ਗੁਰਦੁਆਰਾ ਸਾਹਿਬ ਦਾ ਵੀ ਕਾਫ਼ੀ ਨੁਕਸਾਨ ਹੋਇਆ।ਛੱਤ ਅਤੇ ਦਰਵਾਜ਼ੇ ਦਾ ਮਲਬਾ ਉੱਡ ਕੇ ਮਹਾਰਾਜ ਦੀ ਪਾਲਕੀ ਤੱਕ ਚਲਾ ਗਿਆ ਸੀ। ਸ਼ੀਸ਼ੇ ਟੁੱਟ ਗਏ ਸਨ। ਧਮਾਕੇ ਵਾਲੀ ਇਮਾਰਤ ਦੇ ਦੂਜੇ ਪਾਸੇ ਨਾਲ ਵਾਲੇ ਘਰ ਦਾ ਨੁਕਸਾਨ ਇਸ ਤੋਂ ਵੀ ਜ਼ਿਆਦਾ ਹੋਇਆ ਸੀ।"
ਇਸ ਘਟਨਾ ਸਬੰਧੀ 20 ਸਤੰਬਰ 2017 ਨੂੰ ਥਾਣਾ ਦਿੜ੍ਹਬਾ ਵਿਖੇ ਦੋ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 304, 308, 427 ਅਤੇ ਐਕਸਪਲੋਸਿਵ ਸਬਸਟੈਂਸ ਐਕਟ 1908 ਆਦਿ ਧਰਾਵਾਂ ਅਧੀਨ ਐਫਆਈਆਰ ਦਰਜ ਕੀਤੀ ਗਈ ਸੀ।
26 ਮਾਰਚ 2018 ਨੂੰ ਸੰਗਰੂਰ ਦੀ ਐਡੀਸ਼ਨਲ ਸੈਸ਼ਨ ਅਦਾਲਤ ਵੱਲੋਂ ਸਬੂਤਾਂ ਦੀ ਘਾਟ ਕਰਕੇ ਦੋਸ਼ ਸਾਬਤ ਨਾ ਹੋ ਸਕਣ ਕਰਕੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ-
- ਬਟਾਲਾ ਬਲਾਸਟ: ਉੱਠੇ 5 ਸਵਾਲ, ਜਵਾਬ ਕੌਣ ਦੇਵੇਗਾ?
- ''ਧਮਾਕੇ ਦਾ ਪਤਾ ਲੱਗਿਆ ਤਾਂ ਘਰ ਪਹੁੰਚਦਿਆਂ ਹੀ ਦੇਖਿਆ, ਮਾਤਾ ਦੀ ਮੌਤ ਹੋ ਗਈ ਸੀ''
- ਬਟਾਲਾ: ‘ਕੰਧ ਉੱਤੇ ਭਾਬੀ ਤੇ ਭਤੀਜੇ ਦਾ ਖੂਨ ਅਜੇ ਵੀ ਲੱਗਿਆ ਹੋਇਆ ਹੈ’
- Batala Blast : ‘’ਸਾਰੇ ਆਪਣਾ ਦਸਵੰਧ ਕੱਢ ਕੇ ਯੋਗਦਾਨ ਪਾ ਰਹੇ ਹਨ’’
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=8PNHGyYyjUk
https://www.youtube.com/watch?v=o9o72A-hIbI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)