ਸਟੀਲ ਸਨਅਤ ਦੀ ਸੁਸਤੀ: ਕੰਪਨੀਆਂ ਨੂੰ ਤਾਲੇ, ਹਜ਼ਾਰਾਂ ਬੇਰੁਜ਼ਗਾਰ - ''''ਅਸੀਂ ਹੌਲੀ-ਹੌਲੀ ਉਦਯੋਗਿਕ ਐਮਰਜੈਂਸੀ ਵੱਲ ਵਧ ਰਹੇ ਹਾਂ''''

Wednesday, Sep 04, 2019 - 06:46 AM (IST)

ਸਟੀਲ ਸਨਅਤ ਦੀ ਸੁਸਤੀ: ਕੰਪਨੀਆਂ ਨੂੰ ਤਾਲੇ, ਹਜ਼ਾਰਾਂ ਬੇਰੁਜ਼ਗਾਰ - ''''ਅਸੀਂ ਹੌਲੀ-ਹੌਲੀ ਉਦਯੋਗਿਕ ਐਮਰਜੈਂਸੀ ਵੱਲ ਵਧ ਰਹੇ ਹਾਂ''''

52 ਸਾਲਾ ਮੁਕੇਸ਼ ਰਾਏ ਸਾਲ 1989 ਵਿੱਚ ਬਿਹਾਰ ਵਿੱਚ ਆਪਣਾ ਜੱਦੀ ਘਰ ਛੱਡ ਕੇ ਟਾਟਾ (ਜਮਸ਼ੇਦਪੁਰ) ਆ ਗਏ ਸਨ।

ਇੱਥੇ ਉਨ੍ਹਾਂ ਨੇ ਲੇਥ ( ਲੋਹਾ ਕੱਟਣ ਦੀ ਮਸ਼ੀਨ) ਦਾ ਕੰਮ ਸਿੱਖਿਆ ਅਤੇ ਰੋਜ਼ਾਨਾ ਮਜ਼ਦੂਰੀ ਕਰਦੇ ਹੋਏ ਵਾਈ-6 ਮੁਲਾਜ਼ਮ ਬਣ ਗਏ।

ਵਾਈ-6 ਕੈਟੇਗਰੀ ਦਰਅਸਲ ਉਨ੍ਹਾਂ ਠੇਕਾ ਮੁਲਾਜ਼ਮਾਂ ਦੀ ਹੁੰਦੀ ਹੈ, ਜੋ ਪੱਕੀ ਨਹੀਂ ਹੈ ਪਰ ਉਨ੍ਹਾਂ ਨੂੰ ਰੋਜ਼ ਕੰਮ ਮਿਲਦਾ ਹੈ। ਉਨ੍ਹਾਂ ਨੂੰ ਪੀਐੱਫ ਤੇ ਈਐੱਸਆਈ ਵਰਗੀਆਂ ਸਹੂਲਤਾਂ ਵੀ ਮਿਲਦੀਆਂ ਹਨ।

ਮੁਕੇਸ਼ ਰਾਏ ਨੂੰ ਵੀ ਇਹ ਸਾਰੀਆਂ ਸਹੂਲਤਾਂ ਮਿਲਦੀਆਂ ਸਨ। ਪਰ ਬੀਤੇ ਦੋ ਮਹੀਨੇ ਤੋਂ ਉਹ ਬੇਰੁਜ਼ਗਾਰ ਹਨ। ਉਨ੍ਹਾਂ ਦੀ ਕੰਪਨੀ ''ਮਾਲ ਮੈਟੇਲਿਕ'' ਵਿੱਚ ਉਤਪਾਦਨ ਬੰਦ ਹੈ।

ਇਸ ਕਾਰਨ ਉਨ੍ਹਾਂ ਨੂੰ ਕੰਮ ਨਹੀਂ ਮਿਲ ਪਾ ਰਿਹਾ ਹੈ। 8 ਜੁਲਾਈ ਨੂੰ ਉਹ ਆਖਰੀ ਵਾਰ ਕੰਮ ''ਤੇ ਗਏ ਸਨ। ਜੁਲਾਈ ਦੇ ਅੱਠ ਦਿਨਾਂ ਦੀ ਮਜ਼ਦੂਰੀ ( ਕਰੀਬ 3500 ਰੁਪਏ) ਵੀ ਉਨ੍ਹਾਂ ਨੂੰ ਨਹੀਂ ਮਿਲੀ ਹੈ। ਹੁਣ ਉਹ ਗੰਭੀਰ ਆਰਥਿਕ ਸੰਕਟ ਵਿੱਚ ਹਨ।

ਇਹ ਵੀ ਪੜ੍ਹੋ:

ਉਨ੍ਹਾਂ ਦੀ ਪਤਨੀ ਰਿੰਦੂ ਦੇਵੀ ਨੇ ਕੁਝ ਪੈਸੇ ਬਚਾ ਕੇ ਰੱਖੇ ਸਨ। ਜਦੋਂ ਉਹ ਪੈਸੇ ਖ਼ਤਮ ਹੋ ਗਏ ਤਾਂ ਉਨ੍ਹਾਂ ਨੂੰ ਆਪਣੇ ਜੇਵਰ ਗਹਿਣੇ ਰੱਖ ਕੇ ਉਧਾਰ ਲੈਣ ਪਿਆ। ਇਸ ਨਾਲ ਕਿਸੇ ਤਰੀਕੇ ਨਾਲ ਉਨ੍ਹਾਂ ਦਾ ਗੁਜ਼ਾਰਾ ਹੋ ਰਿਹਾ ਹੈ।

ਉਹ ਬਾਰਵੀਂ ਵਿੱਚ ਪੜ੍ਹਨ ਵਾਲੇ ਆਪਣੇ ਪੁੱਤਰ ਦੀ ਚਿਕਨ ਖਾਣ ਦੀ ਇੱਛਾ ਪਿਛਲੇ ਤਿੰਨ ਮਹੀਨੇ ਤੋਂ ਪੂਰੀ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਆਰਥਿਕ ਸੰਕਟ ਅਤੇ ਬੇਰੁਜ਼ਗਾਰੀ ਦੇ ਅਜਿਹੇ ਹਾਲਾਤ ਕਦੇ ਵੀ ਨਹੀਂ ਆਏ ਸਨ।

ਮੁਕੇਸ਼ ਰਾਏ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, "ਠੇਕੇਦਾਰ ਦਾ ਕਹਿਣਾ ਹੈ ਕਿ ਟਾਟਾ ਸਟੀਲ ਦੇ ਉਤਪਾਦਨ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਇਸੇ ਕਾਰਨ ਉਨ੍ਹਾਂ ਨਾਲ ਜੁੜੀਆਂ ਕੰਪਨੀਆਂ ਵਿੱਚ ਕੰਮ ਬੰਦ ਹੋ ਗਿਆ ਹੈ। ਜੁਲਾਈ ਬੀਤਿਆ, ਅਗਸਤ ਵੀ ਪੂਰਾ ਹੋ ਗਿਆ। ਹੁਣ ਸਤੰਬਰ-ਅਕਤੂਬਰ ਵਿੱਚ ਵੀ ਕੰਮ ਮਿਲੇਗਾ ਜਾਂ ਨਹੀਂ ਇਹ ਦੱਸਣ ਵਾਲਾ ਕੋਈ ਨਹੀਂ ਹੈ।

ਹਜ਼ਾਰਾਂ ਲੋਕ ਬੇਰੁਜ਼ਗਾਰ

ਦਰਅਸਲ ਸਟੀਲ ਉਦਯੋਗ ਵਿੱਚ ਅੱਜ ਕੱਲ੍ਹ ਸੁਸਤੀ ਦੇ ਹਾਲਾਤ ਹਨ। ਟਾਟਾ ਸਟੀਲ, ਜੇਸੀਡਬਲਿਊ ਅਤੇ ਆਰਸੇਲਰ ਮਿੱਤਲ ਵਰਗੀਆਂ ਵੱਡੀਆਂ ਕੰਪਨੀਆਂ ਨੇ ਆਪਣੇ ਉਤਪਾਦਨ ਵਿੱਚ ਕਟੌਤੀ ਕੀਤੀ ਹੈ।

ਇਸੇ ਕਾਰਨ ਸੈਂਕੜੇ ਛੋਟੀਆਂ ਕੰਪਨੀਆਂ ਜਾਂ ਤਾਂ ਬੰਦ ਹੋ ਗਈਆਂ ਹਨ ਜਾਂ ਫਿਰ ਉਨ੍ਹਾਂ ਦਾ ਉਤਪਾਦਨ ਠੱਪ ਪਿਆ ਹੈ।

ਅਦਿੱਤਿਆਪੁਰ ਸਮਾਲ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਇੰਦਰ ਅਗਰਵਾਲ ਨੇ ਦੱਸਿਆ ਕਿ ਇਕੱਲੇ ਆਦਿਤਿਆਪੁਰ ਇੰਡਸਟਰੀਅਲ ਏਰੀਆ ਵਿੱਚ ਘੱਟੋ - ਘੱਟ 30 ਕੰਪਨੀਆਂ ਉੱਤੇ ਤਾਲਾ ਲਟਕ ਗਿਆ ਹੈ। ਇਹ ਕੰਪਨੀਆਂ ਇੰਡਕਸ਼ਨ ਫਰਨੈਸ ਦਾ ਕੰਮ ਕਰ ਰਹੀਆਂ ਸਨ।

ਇਸ ਦਾ ਇੱਕ ਕਾਰਨ ਝਾਰਖੰਡ ਸਰਕਾਰ ਵੱਲੋਂ ਬਿਜਲੀ ਦੀਆਂ ਕੀਮਤਾਂ ਵਿੱਚ ਅਚਾਨਕ 38 ਫੀਸਦੀ ਦਾ ਕੀਤਾ ਗਿਆ ਵਾਧਾ ਵੀ ਸ਼ਾਮਿਲ ਹੈ।

ਰਾਂਚੀ ਅਤੇ ਰਾਮਗੜ੍ਹ ਦੀਆਂ ਵੀ ਕਈ ਕੰਪਨੀਆਂ ਵਿੱਚ ਉਤਪਾਦਨ ਠੱਪ ਹੈ। ਛੋਟੇ ਉਦਯੋਗ ਭਾਰਤੀ ਦੇ ਪ੍ਰਧਾਨ ਰੁਪੇਸ਼ ਕਟਿਆਰ ਅਨੁਸਾਰ ਕੇਵਲ ਝਾਰਖੰਡ ਵਿੱਚ 70 ਹਜ਼ਾਰ ਲੋਕ ਸਿੱਧੇ ਜਾਂ ਅਸਿੱਧੇ ਤੌਰ ''ਤੇ ਬੇਰੁਜ਼ਗਾਰ ਹੋ ਗਏ ਹਨ। ਮੁਕੇਸ਼ ਰਾਏ ਵੀ ਇਨ੍ਹਾਂ ਵਿੱਚੋਂ ਇੱਕ ਹਨ।

ਇਹੀ ਹਾਲਾਤ ਦੇਸ ਦੇ ਦੂਸਰੇ ਸੂਬਿਆਂ ਦੇ ਵੀ ਹਨ। ਸਟੀਲ ਦੇ ਉਤਪਾਦਨ ਵਿੱਚ ਲੱਗੀਆਂ ਤਮਾਮ ਕੰਪਨੀਆਂ ਇਸ ਕਾਰੋਬਾਰੀ ਸੁਸਤੀ ਤੋਂ ਉਭਰਨ ਦਾ ਰਾਹ ਤਲਾਸ਼ ਕਰ ਰਹੀਆਂ ਹਨ।

ਝਾਰਖੰਡ ''ਤੇ ਵੱਡਾ ਅਸਰ

ਝਾਰਖੰਡ ਇੰਡਸਟ੍ਰੀਅਲ ਏਰੀਆ ਡਿਵੈਲਪਮੈਂਟ ਅਥਾਰਟੀ (ਜਿਆਡਾ) ਦੇ ਉਦਯੋਗ ਪ੍ਰਸਾਰ ਦੇ ਅਹੁਦੇਦਾਰ ਅਨਿਲ ਕੁਮਾਰ ਨੇ ਦੱਸਿਆ ਕਿ ਟਾਟਾ ਗਰੁੱਪ ਦੀਆਂ ਕੰਪਨੀਆਂ ਵਿੱਚ ਉਤਪਾਦਨ ਘੱਟ ਹੋਣ ਕਾਰਨ ਇਹ ਹਾਲਤ ਬਣੇ ਹੋਏ ਹਨ। ਉਨ੍ਹਾਂ ਦੀ ਡਿਮਾਂਡ ਘੱਟ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਅਦਿੱਤਿਆਪੁਰ ਇੰਡਸਟ੍ਰੀਅਲ ਏਰੀਏ ਵਿੱਚ ਕਰੀਬ 50 ਹਜ਼ਾਰ ਲੋਕਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿੱਚ ਵਧੇਰੇ ਲੋਕ ਦਿਹਾੜੀਦਾਰ ਮਜ਼ਦੂ ਹਨ ਜਾਂ ਛੋਟੇ ਮੁਲਾਜ਼ਮ ਹਨ। ਅਜਿਹੇ ਵਿੱਚ ਕਰੀਬ 90 ਫੀਸਦੀ ਲੋਕ ਬੇਰੁਜ਼ਗਾਰ ਹੋ ਗਏ ਹਨ।

ਇਹ ਵੀ ਪੜ੍ਹੋ:

ਅਦਿੱਤਿਆਪੁਰ ਇੰਡਸਟ੍ਰੀਅਲ ਏਰੀਆ ਸਮਾਲ ਇੰਡਸਟਰੀ ਐਸੋਸੀਏਸ਼ਨ (ਏਸੀਆ) ਦੇ ਸਕੱਤਰ ਦੀਪਕ ਡੋਕਾਨੀਆ ਨੇ ਕਿਹਾ ਕਿ ਕਾਰੋਬਾਰੀ ਸੁਸਤੀ ਦਾ ਮੁੱਖ ਕਾਰਨ ਨਕਦੀ ਸੰਕਟ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਬਾਜ਼ਾਰ ਵਿੱਚ ਪੈਸਾ ਨਹੀਂ ਹੈ। ਜਦੋਂ ਪੂੰਜੀ ਹੀ ਨਹੀਂ ਰਹੇਗੀ ਤਾਂ ਉਤਪਾਦਨ ਕਿਵੇਂ ਹੋਵੇਗਾ।"

"ਪ੍ਰੋਡਕਸ਼ਨ ਵਿੱਚ ਕਟੌਤੀ ਕਾਰਨ ਮੈਨੂੰ ਵੀ ਆਪਣੀ ਕੰਪਨੀ ਬੀਐੱਮਸੀ ਮੈਟਲਕਾਸਟ ਲਿਮਿਟਿਡ ਦੇ 140 ਮੁਲਾਜ਼ਮਾਂ ਵਿੱਚੋਂ 50-60 ਨੂੰ ਘਰੇ ਬਿਠਾਉਣਾ ਪਿਆ ਹੈ। ਇਹ ਗ਼ਲਤ ਹੈ ਪਰ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈ।

ਕਿਉਂ ਘਟਿਆ ਸਟੀਲ ਉਤਪਾਦਨ?

ਟਾਟਾ ਸਟੀਲ ਦੇ ਸੀਈਓ ਟੀਵੀ ਨਰਿੰਦਰਨ ਨੇ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨਾਲ ਪਿਛਲੇ ਦਿਨੀਂ ਹੋਈ ਮੁਲਾਕਾਤ ਤੋਂ ਬਾਅਦ ਇੰਟਰਵਿਊ ਵਿੱਚ ਕਿਹਾ ਕਿ ਸਟੀਲ ਉਦਯੋਗ ਵਿੱਚ ਸੁਸਤੀ ਦਰਅਸਲ ਆਟੋ ਸੈਕਟਰ ਨਾਲ ਜੁੜੀ ਹੋਈ ਹੈ। ਇਹੀ ਕਾਰਨ ਹੈ ਕਿ ਟਾਟਾ ਸਟੀਲ ਨੇ ਵਿੱਤੀ ਸਾਲ 2019-20 ਲਈ ਤੈਅ ਕੀਤੇ ਟੀਚੇ ਵਿੱਚ ਕਟੌਤੀ ਕੀਤੀ ਹੈ।

23 ਅਗਸਤ ਨੂੰ ਸੁਸਤ ਅਰਥਵਿਵਸਥਾ ਅਤੇ ਵੱਖ-ਵੱਖ ਸੈਕਟਰਾਂ ਵਿੱਚ ਲੋਕਾਂ ਦੀਆਂ ਨੌਕਰੀਆਂ ਜਾਣ ਦੀਆਂ ਖ਼ਬਰਾਂ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ।

ਆਟੋ ਸੈਕਟਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ 31 ਮਾਰਚ 2020 ਤੱਕ ਖਰੀਦੇ ਗਏ ਬੀਐੱਸ-IV ਗੱਡੀਆਂ ਆਪਣੇ ਰਜਿਸਟਰੇਸ਼ਨ ਤੱਕ ਬਣੀਆਂ ਰਹਿਣਗੀਆਂ।

ਉਨ੍ਹਾਂ ਦੀ ਵਨ ਟਾਈਮ ਰਜਿਸਟਰੇਸ਼ਨ ਫੀਸ ਨੂੰ ਜੂਨ 2020 ਤੱਕ ਲਈ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਟੋਮੋਬਾਈਲ ਸੈਕਟਰ ਵਿੱਚ ਸਕਰੈਪ ਪੌਲਿਸੀ ( ਪੁਰਾਣੀ ਗੱਡੀਆਂ ਦਾ ਸਰੰਡਰ) ਲਿਆਉਣ ਦਾ ਐਲਾਨ ਕੀਤਾ ਗਿਆ ਹੈ।

ਸਰਕਾਰ ਨੇ ਕਿਹਾ ਹੈ ਕਿ ਗੱਡੀਆਂ ਦੀ ਖਰੀਦ ਨੂੰ ਵਧਾਉਣ ਲਈ ਸਰਕਾਰ ਕਈ ਹੋਰ ਯੋਜਨਾਵਾਂ ''ਤੇ ਕੰਮ ਕਰ ਰਹੀ ਹੈ।

ਟੀਵੀ ਨਰਿੰਦਰਨ ਨੇ ਮੀਡੀਆ ਨੂੰ ਕਿਹਾ, "ਆਟੋ ਸੈਕਟਰ ਦੇ ਉਤਪਾਦਨ ਵਿੱਚ ਕਰੀਬ 12 ਫੀਸਦੀ ਦੀ ਗਿਰਾਵਟ ਆਈ ਹੈ। ਇਸ ਨਾਲ ਆਟੋਮੋਟਿਵ ਸਟੀਲ ਮਾਰਕੀਟ ਪ੍ਰਭਾਵਿਤ ਹੋਇਆ ਹੈ।

ਭਾਰਤ ਵਿੱਚ ਕੁੱਲ ਸਟੀਲ ਉਤਪਾਦਨ ਦਾ 20 ਫੀਸਦੀ ਹਿੱਸਾ ਆਟੋ ਇੰਡਸਟਰੀ ਵਿਚ ਵਰਤਿਆ ਜਾਂਦਾ ਹੈ।

ਹਾਲਾਂਕਿ ਸਟੀਲ ਦੇ ਕੌਮਾਂਤਰੀ ਬਾਜ਼ਾਰ ''ਤੇ ਇਸ ਦਾ ਅਸਰ ਨਹੀਂ ਹੈ। ਆਰਥਿਕ ਸੁਸਤੀ ਦਾ ਜ਼ਿਆਦਾ ਅਸਰ ਘਰੇਲੂ ਮਾਰਕੀਟ ''ਤੇ ਪੈ ਰਿਹਾ ਹੈ।

ਕਦੋਂ ਤੱਕ ਰਹੇਗੀ ਸੁਸਤੀ

ਸਿੰਘਭੂਮ ਚੈਂਬਰ ਆਫ ਕਾਮਰਸ ਦੇ ਵਾਈਸ ਪ੍ਰੈਸੀਡੈਂਟ (ਇੰਡਸਟਰੀ) ਨੀਤੇਸ਼ ਸ਼ੂਟ ਅਤੇ ਉਦਯੋਗਪਤੀ ਰਾਹਨ ਹੁਸੈਨ ਮੰਨਦੇ ਹਨ ਕਿ ਬਾਜ਼ਾਰ ਨੂੰ ਇਸ ਸੁਸਤੀ ਤੋਂ ਉਭਰਨ ਵਿੱਚ 5-6 ਮਹੀਨੇ ਲਗ ਸਕਦੇ ਹਨ।

ਉਨ੍ਹਾਂ ਕਿਹਾ ਕਿ ਸਟੀਲ ਸੈਕਟਰ ਦੀ ਮੁੱਖ ਮੰਗ ਆਟੋ ਇੰਡਸਟਰੀ ਅਤੇ ਉਸਾਰੀ ਸੈਕਟਰ ਤੋਂ ਆਉਂਦੀ ਹੈ। ਹੁਣ ਉਸਾਰੀ ਨੂੰ ਲੈ ਕੇ ਨਾ ਤਾਂ ਸਰਕਾਰ ਵੱਲੋਂ ਕੋਈ ਵੱਡਾ ਪ੍ਰੋਜੈਕਟ ਲਿਆਇਆ ਜਾ ਰਿਹਾ ਹੈ ਤੇ ਨਾ ਹੀ ਨਿੱਜੀ ਸੈਕਟਰ ਵੱਲੋਂ। ਅਜਿਹੇ ਵਿੱਚ ਸਟੀਲ ਦਾ ਉਤਪਾਦਨ ਘਟਣਾ ਸੁਭਾਵਿਕ ਹੈ।

ਰਾਹਤ ਹੁਸੈਨ ਨੇ ਬੀਬੀਸੀ ਨੂੰ ਕਿਹਾ, "ਅਸੀਂ ਹੌਲੀ-ਹੌਲੀ ਉਦਯੋਗਿਕ ਐਮਰਜੈਂਸੀ ਵੱਲ ਵਧ ਰਹੇ ਹਾਂ। ਸਰਕਾਰ ਨੂੰ ਇਸ ਸੁਸਤੀ ਤੋਂ ਉਭਰਨ ਦਾ ਤਰੀਕਾ ਲੱਭਣਾ ਪਵੇਗਾ, ਵਰਨਾ ਹਾਲਾਤ ਵਿਗੜ ਸਕਦੇ ਹਨ।"

ਝਾਰਖੰਡ ਸਰਕਾਰ ਦੀ ਪਹਿਲ

ਇਸੇ ਦੌਰਾਨ ਝਾਰਖੰਡ ਦੇ ਮੁੱਖ ਸਕੱਤਰ ਡੀ ਕੇ ਤਿਵਾੜੀ ਨੇ ਕਿਹਾ ਹੈ ਕਿ ਸਟੀਲ ਇੰਡਸਟਰੀ ਨਾਲ ਜੁੜੀ ਇੰਡਕਸ਼ਨ ਫਰਨੈਸ ਦੀਆਂ ਕੰਪਨੀਆਂ ਨੂੰ ਬਿਜਲੀ ਦੇ ਬਿੱਲ ਵਿੱਚ ਸਬਸਿਡੀ ਦਿੱਤੀ ਜਾ ਰਹੀ ਹੈ।

ਇਹ ਅਗਲੇ ਚਾਰ ਮਹੀਨੇ ਤੱਕ ਦਿੱਤੀ ਜਾਵੇਗੀ। ਇਸ ਨਾਲ ਕੰਪਨੀਆਂ ਦੇ ਖਰਚ ਵਿੱਚ ਕਟੌਤੀ ਹੋਵੇਗੀ ਅਤੇ ਉਹ ਆਪਣਾ ਉਤਪਾਦਨ ਫਿਰ ਤੋਂ ਸ਼ੁਰੂ ਕਰ ਸਕਣਗੀਆਂ।

ਸਰਕਾਰੀ ਕੰਪਨੀਆਂ ''ਤੇ ਵੀ ਅਸਰ

ਸਟੀਲ ਉਦਯੋਗ ਵਿੱਚ ਸੁਸਤੀ ਦਾ ਅਸਰ ਸਰਕਾਰੀ ਸਟੀਲ ਦੀ ਕੰਪਨੀ ਸਟੀਲ ਅਥਾਰਿਟੀ ਆਫ ਇੰਡੀਆ ਲਿਮਿਟੇਡ ''ਤੇ ਵੀ ਪਿਆ ਹੈ। ਇਸ ਦੇ ਸ਼ੁੱਧ ਮੁਨਾਫੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

ਸੇਲ ਦੇ ਚੇਅਰਮੈਨ ਕੁਮਾਰ ਚੌਧਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੰਪਨੀ ਦੀ ਕੁੱਲ ਵਿਕਰੀ ਪਿਛਲੇ ਕਾਰੋਬਾਰੀ ਸਾਲ ਦੀ ਪਹਿਲੀ ਤਿਮਾਹੀ ਦੇ 15,743 ਕਰੋੜ ਰੁਪਏ ਦੀ ਤੁਲਨਾ ਵਿੱਚ ਇਸ ਸਾਲ ਦੇ 30 ਜੂਨ ਤੱਕ ਕੇਵਲ 14,645 ਕਰੋੜ ਰੁਪਏ ਰਹਿ ਗਈ ਹੈ।

ਇਹ ਦੱਸਣਯੋਗ ਹੈ ਕਿ ਝਾਰਖੰਡ ਦੇ ਬੋਕਾਰੋ ਵਿੱਚ ਸੇਲ ਦਾ ਸਟੀਲ ਪਲਾਂਟ ਹੈ। ਇੱਥੇ ਕੁਝ ਮੁਲਾਜ਼ਮਾਂ ਨੇ ਵੀ ਕੰਮ ਨਾ ਮਿਲਣ ਦੀ ਸ਼ਿਕਾਇਤ ਕੀਤੀ ਹੈ।

ਸਲੋਅ ਡਾਊਨ ਤੋਂ ਉਭਰਨ ਦੇ ਸੰਕੇਤ

ਟਾਟਾ ਸਟੀਲ ਦੇ ਸੀਈਓ ਟੀਵੀ ਨਰਿੰਦਰਨ ਨੇ ਕਿਹਾ ਹੈ ਕਿ ਵਿੱਤ ਮੰਤਰੀ ਦੀ ਪਹਿਲ ਤੋਂ ਬਾਅਦ ਹੁਣ ਸਟੀਲ ਸੈਕਟਰ ਨੂੰ ਸੁਸਤੀ ਤੋਂ ਉਭਰਨ ਵਿੱਚ ਮਦਦ ਮਿਲੇਗੀ। ਸਾਨੂੰ ਬਾਜ਼ਾਰ ਵਿੱਚ ਮੁੜ ਤੋਂ ਤੇਜ਼ੀ ਆਉਣ ਦੀ ਉਮੀਦ ਹੈ।

ਇਹ ਵੀਡੀਓਜ਼ ਤੁਸੀਂ ਵੇਖ ਸਕਦੇ ਹੋ:

https://www.youtube.com/watch?v=xWw19z7Edrs&t=1s

https://www.youtube.com/watch?v=qBHQm-5eYCE

https://www.youtube.com/watch?v=xhYBOuRb9Cg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News