ਸੁਖਬੀਰ ਬਾਦਲ: ਦਰਬਾਰ ਸਾਹਿਬ ਹਮਲਾ ਤੇ ਬਾਬਰੀ ਮਸਜਿਦ ਦੀ ਮਿਸਾਲ ਨਾਲ ਸਿੱਖਾਂ ਨੂੰ ਇਕਜੁਟ ਹੋਣ ਦਾ ਸੱਦਾ
Saturday, Aug 31, 2019 - 06:01 PM (IST)

"ਕਾਂਗਰਸ ਪਾਰਟੀ ਨੇ ਟੈਂਕਾਂ-ਤੋਪਾਂ ਨਾਲ ਹਮਲਾ ਕੀਤਾ ਦਰਬਾਰ ਸਾਹਿਬ ''ਤੇ। ਪਰ ਹਾਲੇ ਵੀ ਆਪਣੇ ਲੋਕ ਉਨ੍ਹਾਂ ਨੂੰ ਵੋਟਾਂ ਪਾਈ ਜਾਂਦੇ ਹਨ। ਬਾਬਰੀ ਮਸਜਿਦ... ਕਿਹਾ ਜਾਂਦਾ ਹੈ ਕਿ ਭਾਜਪਾ ਨੇ ਕਰਵਾਈ। ਮੈਂ ਕਹਿਣਾ ਨਹੀਂ ਚਾਹੁੰਦਾ... ਪਰ ਦੇਖਿਆ ਕੋਈ ਮੁਸਲਮਾਨ ਪਾਉਂਦਾ ਭਾਜਪਾ ਨੂੰ ਵੋਟ?"
ਇਹ ਕਹਿਣਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ, ਜੋ ਕਿ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਦੱਸ ਦੇਈਏ ਕਿ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਗਠਜੋੜ ਹੈ।
ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਹਲਕੇ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਲੜ ਕੇ ਲੋਕ ਸਭਾ ਮੈਂਬਰ ਬਣੇ ਹਨ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਲਗਾਤਾਰ ਦੂਜੀ ਵਾਰ ਕੇਂਦਰ ਸਰਕਾਰ ਵਿੱਚ ਮੰਤਰੀ ਹਨ।
ਇਹ ਵੀ ਪੜ੍ਹੋ:
- ਨਨਕਾਣਾ ਸਾਹਿਬ: ਸਿੱਖ ਕੁੜੀ ਦਾ ਵਿਆਹ ਜ਼ਬਰਨ ਜਾਂ ਮਰਜ਼ੀ ਨਾਲ
- ਅਸਾਮ ''ਚ ਐਨਆਰਸੀ ਦੀ ਆਖਰੀ ਲਿਸਟ ''ਚ 19 ਲੱਖ ਲੋਕਾਂ ਨੂੰ ਨਹੀਂ ਮਿਲੀ ਥਾਂ
- ''ਪਿਆਰ…ਇਹ ਤੇਰੇ ਮਤਲਬ ਦੀ ਸ਼ੈ ਨਹੀਂ…''
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਦਿਵਸ ਸਮਾਗਮਾਂ ਸਬੰਧੀ ਬੁਲਾਈ ਇਸ ਬੈਠਕ ਨੂੰ ਸੰਬੋਧਨ ਕਰਦਿਆਂ ਸੁਖਬਾਰ ਬਾਦਲ ਨੇ ਅੱਗੇ ਕਿਹਾ, "ਮੈਂ ਕਹਿਨਾ, ਆਪਣੀ ਕੌਮ ਨੂੰ, ਉਹ ਤਾਂ 100 ਸਾਲਾਂ ''ਚ ਨਹੀਂ ਪਛਾਣ ਸਕੇ, ਆਪਣਾ ਕਿਹੜਾ ਤੇ ਪਰਾਇਆ ਕਿਹੜਾ। ਸਾਡੇ ''ਚ ਹਜ਼ਾਰ ਕਮੀਆਂ ਹੋਣੀਆਂ ਪਰ ਪਾਰਟੀ ਤਾਂ ਆਪਣੀ ਹੈ। ਅੱਜ ਮੈਂ, ਕੱਲ੍ਹ ਨੂੰ ਕੋਈ ਹੋਰ ਹੋਣਾ ਸੇਵਾਦਾਰ। ਪਾਰਟੀ ਨੂੰ ਕਮਜ਼ੋਰ ਨਾ ਕਰੋ। ਲੀਡਰ ਪਸੰਦ ਨਹੀਂ ਤਾਂ ਲੀਡਰ ਬਦਲ ਦਿਓ।"
ਕਈ ਧਰਮਾਂ ਵਾਲੇ ਰੋਜ਼ ਕੁੱਟੇ ਦਾ ਰਹੇ
ਸੁਖਬੀਰ ਬਾਦਲ ਸਾਰੇ ਸਿੱਖਾਂ ਨੂੰ ਇਕਜੁਟ ਹੋਣ ਦਾ ਸੱਦਾ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਕਈ ਤਾਕਤਾਂ ਪੰਥ ਨੂੰ ਕਮਜ਼ੋਰ ਕਰਨ ਲਈ ਸਾਜ਼ਿਸਾਂ ਕਰ ਰਹੀਆਂ ਹਨ।
ਉਨ੍ਹਾਂ ਕਿਹਾ, ''ਸ਼੍ਰੋਮਣੀ ਅਕਾਲੀ ਦਲ ਪੰਥ ਦਾ ਨੁੰਮਾਇਦਾ ਜਥੇਬੰਦੀ ਹੈ, ਇਸ ਦੇ ਅਗਲੇ ਸਾਲ 100 ਸਾਲ ਪੂਰੇ ਹੋ ਜਾਣਗੇ। ਜਿਹੜੀਆਂ ਕੌਮਾਂ ਇੱਕ ਝੰਡੇ ਥੱਲੇ ਇਕੱਠੀਆਂ ਹਨ, ਕਈ ਕੌਮਾਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜਿੰਨ੍ਹਾਂ ਦੀ ਕੋਈ ਪਾਰਟੀ ਨਹੀਂ , ਕੋਈ ਲੀਡਰ ਨਹੀਂ , ਅੱਜ ਖੇਂਰੂ-ਖੇਂਰੂ ਹੋਈਆਂ ਪਈਆਂ ਅਤੇ ਲੋਕੀਂ ਉਨ੍ਹਾਂ ਨੂੰ ਪੁੱਛਦੇ ਹੀ ਨਹੀਂ।''
ਦਿੱਲੀ ਵਿਚ ਪਿਛਲੇ ਦਿਨੀ ਮੁਖਰਜੀ ਨਗਰ ਵਿਚ ਇੱਕ ਸਿੱਖ ਆਟੋ ਡਰਾਇਵਰ ਦੀ ਪੁਲਿਸ ਮੁਲਾਜ਼ਮਾਂ ਨੂੰ ਕੀਤੀ ਗਈ ਕੁੱਟਮਾਰ ਤੋਂ ਬਾਅਦ ਹੋਏ ਤਿੱਖੇ ਮੁਜ਼ਾਹਰੇ ਦਾ ਜ਼ਿਕਰ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ , ''ਜਦੋਂ ਇਹ ਘਟਨਾ ਵਾਪਰੀ ਤਾਂ ਉਦੋਂ ਹੀ ਆਪਣੇ ਬੰਦੇ ਹੋ ਗਏ ਕਾਇਮ ਅਤੇ ਜਿੰਨ੍ਹਾਂ ਕੁੱਟਿਆ ਸੀ ਉਨ੍ਹਾਂ ਨੂੰ ਨੌਕਰੀ ਤੋਂ ਹੱਥ ਧੌਣਾ ਪਿਆ। ਕਈ ਧਰਮਾਂ ਦੇ ਲੋਕ ਰੋਜ਼ ਕੁੱਟੇ ਜਾਂਦੇ ਉਨ੍ਹਾਂ ਨੂੰ ਕੋਈ ਪੁੱਛਦਾ ਈ ਨਹੀਂ। ਆਹ ਫਰਕ ਹੈ ਕਿਉਂ ਕਿ ਆਪਾ ਇੱਕ ਝੰਡੇ ਥੱਲੇ ਬੈਠੇ ਹਾਂ।
ਜੇਕਰ ਅਕਾਲੀ ਦਲ ਤਕੜਾ ਹੈ ਤਾਂ ਅਸੀਂ ਤਕੜੇ ਹਾਂ। ਪਰ ਕਈ ਲੋਕ..ਕਈ ਤਾਕਤਾਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਿਚ ਲੱਗੀਆਂ ਹੋਈਆਂ ਹਨ।
ਬੇਅਦਬੀ ਦੇ ਦੋਸ਼ ਲਾਉਣ ਵਾਲੇ ਪੰਥ ਵਿਰੋਧੀ
ਬੇਅਦਬੀ ਮਾਮਲੇ ਬਾਰੇ ਉਨ੍ਹਾਂ ਕਿਹਾ, "ਮੈਨੂੰ ਦੁੱਖ ਲਗਦਾ ਹੈ, ਜਦੋਂ ਲੋਕ ਕਹਿੰਦੇ ਹਨ, ਅਜਿਹੀਆਂ ਤਾਕਤਾਂ ਕਹਿਣ ਲੱਗਦੀਆਂ ਹਨ, ਸ਼੍ਰੋਮਣੀ ਅਕਾਲੀ ਦਲ ਨੇ ਬੇਅਦਬੀ ਕਰਵਾਈ। ਕੋਈ ਸੋਚ ਸਕਦਾ ਹੈ! ਇਹ ਉਹ ਤਾਕਤਾਂ, ਉਹ ਲੋਕ ਹਨ ਜੋ ਪੰਥ ਨੂੰ ਤੋੜਨਾ ਚਾਹੁੰਦੇ ਹਨ, ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ।"
ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੋ-ਢਾਈ ਹਜ਼ਾਰ ਕਰੋੜ ਸੂਬੇ ਦੇ ਖਜ਼ਾਨੇ ''ਚੋਂ ਵਿਰਾਸਤ ਸਾਂਭਣ ਲਈ ਲਾ ਦਿੱਤਾ। ਅਜਿਹਾ ਕੰਮ ਸਿਰਫ਼ ਪੰਥਕ ਸਰਕਾਰ ਹੀ ਕਰ ਸਕਦੀ ਹੈ।
ਸੁਖਬੀਰ ਨੇ ਕਿਹਾ, ''ਆਪਣੀ ਕੌਮ ਇਕੱਠੀ ਹੋਣੀ ਚਾਹੀਦੀ ਹੈ। ਮੇਰੀ ਸੋਚ ਹੈ ਕਿ ਗੁਰੂ ਸਾਹਿਬ ਦੇ ਵੇਲੇ ਤੋਂ ਚੱਲੀ ਆ ਰਹੀ ਮਰਿਯਾਦਾ ਨੂੰ ਅਸੀਂ ਬਦਲਣ ਵਾਲੇ ਕੋਈ ਨਹੀਂ ਹਾਂ।''
ਨਾਨਕਸ਼ਾਹੀ ਕੈਲੰਡਰ ਵਿਵਾਦ ਦੀ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਬੇਨਤੀ ਕਰ ਕੇ ਇਸ ਮਸਲੇ ਨੂੰ ਮਿਲ ਬੈਠ ਕੇ ਹੱਲ ਕਰਵਾਉਣੇ। ਉਨ੍ਹਾਂ ਕਿਹਾ ਕਿ ਕੌਮ ਵਿਚ ਵਿਵਾਦ ਨਹੀਂ ਹੋਣਾ ਚਾਹੀਦਾ।
ਜਿੰਨੇ ਸਾਡੇ ਪਵਿੱਤਰ ਅਸਥਾਨ ਉਸਨੂੰ ਅਕਾਲੀ ਦਲ ਸਰਕਾਰ ਨੇ ਸੰਭਾਲਿਆ ਹੈ ਅਤੇ ਦੂਜੀ ਕੋਈ ਪਾਰਟੀ ਇਸ ਬਾਰੇ ਸੋਚਦੀ ਨਹੀ ਹੈ।
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=Lu63Z0G84wI
https://www.youtube.com/watch?v=5DaVHi0YUBg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)