ਨਨਕਾਣਾ ਸਾਹਿਬ: ਸਿੱਖ ਕੁੜੀ ਦਾ ਵਿਆਹ ਜਬਰਨ ਜਾਂ ਮਰਜ਼ੀ ਨਾਲ

Saturday, Aug 31, 2019 - 03:16 PM (IST)

ਨਨਕਾਣਾ ਸਾਹਿਬ: ਸਿੱਖ ਕੁੜੀ ਦਾ ਵਿਆਹ ਜਬਰਨ ਜਾਂ ਮਰਜ਼ੀ ਨਾਲ
ਪਾਕਿਸਤਾਨ
AFP

ਪਾਕਿਸਤਾਨ ਵਿਚ ਇੱਕ ਸਿੱਖ ਪਰਿਵਾਰ ਨੇ ਆਪਣੀ ਜਵਾਨ ਕੁੜੀ ਨੂੰ ਅਗਵਾ ਕਰਕੇ ਉਸਦਾ ਧਰਮ ਬਦਲਵਾਉਣ ਅਤੇ ਮੁਸਲਮਾਨ ਮੁੰਡੇ ਨਾਲ ਵਿਆਹ ਕਰਵਾਉਣ ਦਾ ਇਲਜ਼ਾਮ ਲਾਇਆ ਹੈ।

ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਇਹ ਪਰਿਵਾਰ ਲਹਿੰਦੇ ਪੰਜਾਬ ਦੇ ਨਨਕਾਣਾ ਸਾਹਿਬ ਸ਼ਹਿਰ ਨਾਲ ਸਬੰਧਤ ਹੈ। ਪੀੜ੍ਹਤ ਪਰਿਵਾਰ ਵਲੋਂ ਲਿਖਤੀ ਤੌਰ ਉੱਤੇ ਲਾਏ ਇਲਜ਼ਾਮਾਂ ਮੁਤਾਬਕ 6 ਜਣਿਆਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।

ਪਰ ਪੁਲਿਸ ਮੁਤਾਬਕ ਮੁੰਡੇ ਨੇ ਲਾਹੌਰ ਦੀ ਇੱਕ ਅਦਾਲਤ ਵਿੱਚ ਮੈਜਿਸਟ੍ਰੇਟ ਦੇ ਸਾਹਮਣੇ ਗਵਾਹੀ ਦੇ ਕੇ ਕਾਨੂੰਨ ਦੀ ਧਾਰਾ 164 ਦੇ ਤਹਿਤ ਬਿਆਨ ਰਿਕਾਰਡ ਕਰਵਾਇਆ ਹੈ।

ਪੁਲਿਸ ਦੇ ਦਾਅਵੇ ਮੁਤਾਬਕ ਕੁੜੀ ਨੇ ਬਿਨਾਂ ਕਿਸੇ ਦਬਾਅ ਦੇ ਆਪਣੀ ਮਰਜ਼ੀ ਨਾਲ ਇਸਲਾਮ ਆਪਣਾਉਣ ਤੋਂ ਬਾਅਦ ਅਹਿਸਾਨ ਨਾਂ ਦੇ ਵਿਅਕਤੀ ਨਾਲ ਵਿਆਹ ਕਰਵਾਇਆ ਹੈ।

ਪੁਲਿਸ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਅਦਾਲਤ ਨੇ ਉਸ ਤੋਂ ਬਾਅਦ ਕੁੜੀ ਨੂੰ ਲਾਹੌਰ ਦੇ ਇੱਕ ਸੁਰੱਖਿਆ ਘਰ ਵਿੱਚ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-

ਨਨਕਾਣਾ ਸਾਹਿਬ ਦੇ ਸਿਟੀ ਥਾਣੇ ''ਚ ਇਸ ਮਹੀਨੇ ਦੀ 28 ਤਰੀਕ ਨੂੰ ਮਨਮੋਹਨ ਸਿੰਘ ਨਾਮ ਦੇ ਵਿਅਕਤੀ ਦੀ ਸ਼ਿਕਾਇਤ ''ਤੇ 6 ਲੋਕਾਂ ਖ਼ਿਲਾਫ਼ ਅਗਵਾ ਦਾ ਕੇਸ ਦਰਜ ਕੀਤਾ ਹੈ।

ਕੁੜੀ ਦੇ ਭਰਾ ਦਾ ਇਲਜ਼ਾਮ

ਕੁੜੀ ਦੇ ਭਰਾ ਮਨਮੋਹਨ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਕੁਝ ਲੋਕਾਂ ਨੇ ਉਨ੍ਹਾਂ ਦੇ ਘਰ ''ਚੋਂ ਹਥਿਆਰਾਂ ਦੇ ਜ਼ੋਰ ਨਾਲ ਉਨ੍ਹਾਂ ਦੀ ਭੈਣ ਜਗਜੀਤ ਕੌਰ ਨੂੰ ਅਗਵਾ ਕੀਤਾ ਸੀ।

ਬੀਬੀਸੀ ਨਾਲ ਗੱਲ ਕਰਦਿਆਂ ਮਨਮੋਹਨ ਸਿੰਘ ਨੇ ਦੱਸਿਆ ਕਿ ਕੁੜੀ ਦੀ ਉਮਰ 18 ਸਾਲ ਤੋਂ ਘੱਟ ਹੈ। ਉਸ ਦੀ ਉਮਰ 16 ਜਾਂ 17 ਹੋਵੇਗੀ। ਉਸ ਦਾ ਅਜੇ ਪਛਾਣ ਪੱਤਰ ਵੀ ਨਹੀਂ ਬਣਿਆ।

ਇਸ ਤੋਂ ਪਹਿਲਾਂ ਮੁੰਡੇ ਅਤੇ ਕੁੜੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਸੀ, ਜਿਸ ਵਿੱਚ ਕੁੜੀ ਨੂੰ ਇਸਲਾਮ ਕਬੂਲ ਕਰਦਿਆਂ ਦੇਖਿਆ ਜਾ ਸਕਦਾ ਹੈ।

ਉਸ ਵੀਡੀਓ ਵਿੱਚ ਉਹ ਨਜ਼ਰ ਨਾ ਆਉਣ ਵਾਲੇ ਵਿਅਕਤੀ ਨੂੰ ਦੱਸ ਰਹੀ ਹੈ ਕਿ ਉਨ੍ਹਾਂ ਨਵਾਂ ਨਾਮ ਆਇਸ਼ਾ ਰੱਖਿਆ ਗਿਆ ਹੈ।

ਬਾਲ ਵਿਆਹ
EPA

ਪਰ ਕੁੜੀ ਦੇ ਭਰਾ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਜਗਜੀਤ ਕੌਰ ਨੂੰ ਇਸਲਾਮ ਜ਼ਬਰਨ ਕਬੂਲ ਕਰਵਾਇਆ ਗਿਆ ਹੈ। ਜੇਕਰ ਤੁਸੀਂ ਦੇਖੋ ਤਾਂ ਉਸ ਵਿੱਚ ਵੀ ਸਹਿਮੀ ਹੋਈ ਨਜ਼ਰ ਆ ਰਹੀ ਹੈ।

ਪਰਿਵਾਰ ਦੀ ਮੰਗ ਹੈ ਕਿ ਸਰਕਾਰ ਜਗਜੀਤ ਕੌਰ ਨੂੰ ਵਾਪਸ ਘਰ ਭਿਜਵਾਏ, ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਨਨਕਾਣਾ ਸਾਹਿਬ ਦੀ ਪੁਲਿਸ ਇਸ ਮਾਮਲੇ ਵਿਚ ਟਾਲ-ਮਲੋਟ ਕਰ ਰਹੀ ਹੈ।

ਪੁਲਿਸ ਦਾ ਕੀ ਕਹਿਣਾ ਹੈ?

ਨਨਕਾਣਾ ਸਾਹਿਬ ਦੇ ਡਿਸਟ੍ਰਿਕ ਪੁਲਿਸ ਆਫਈਸਰ (ਡੀਪੀਓ) ਫ਼ੈਸਲ ਸ਼ਹਿਜ਼ਾਦ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਪੁਲਿਸ ਨੇ ਮਨਮੋਹਨ ਸਿੰਘ ਦੀ ਸ਼ਿਕਾਇਤ ''ਤੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਕੇਸ ਦਰਜ ਕਰਨ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਇਹ ਵੀ ਪਤਾ ਕਰ ਲਿਆ ਸੀ ਕਿ ਮੁੰਡਾ ਅਤੇ ਕੁੜੀ ਇਸ ਵੇਲੇ ਲਾਹੌਰ ''ਚ ਸਨ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਦੌਰਾਨ ਇੱਕ ਵਕੀਲ ਰਾਹੀਂ ਉਨ੍ਹਾਂ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਦੱਸਿਆ ਕਿ ਜਗਜੀਤ ਕੌਰ ਨੇ ਅਦਾਲਤ ''ਚ ਆਪਣਾ ਬਿਆਨ ਰਿਕਾਰਡ ਕਰਵਾਇਆ ਹੈ।

ਕੁੜੀ ਨੇ ਅਦਾਲਤ ਵਿੱਚ ਧਾਰਾ 164 ਤਹਿਤ ਬਿਆਨ ਰਿਕਾਰਡ ਕਰਵਾਇਆ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਕਰਨ ਤੋਂ ਬਾਅਦ ਅਹਿਸਾਨ ਨਾਲ ਵਿਆਹ ਕਰਵਾਇਆ ਹੈ।

ਵਿਆਹ
Getty Images

ਉਨ੍ਹਾਂ ਨੇ ਅੱਗੇ ਨੇ ਕਿਹਾ ਹੈ ਕਿ ਕੁੜੀ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਪੁਲਿਸ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਤੀ ਨੂੰ ਪਰੇਸ਼ਾਨ ਕਰ ਰਹੀ ਹੈ ਅਤੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਇਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਸੁਰੱਖਿਆ ਘਰ ਭੇਜਣ ਦਾ ਆਦੇਸ਼ ਦੇ ਦਿੱਤਾ।

ਡੀਪੀਓ ਨਨਕਾਣਾ ਸਾਹਿਬ ਫੈਸਲ ਸ਼ਹਿਜ਼ਾਦ ਮੁਤਾਬਕ ਕੁੜੀ ਦੀ ਉਮਰ 19 ਸਾਲ ਹੈ ਅਤੇ ਇਸ ਗੱਲ ਦੀ ਪੁਸ਼ਟੀ ਨਾਦਿਰਾ ਕੋਲੋਂ ਹੋ ਗਈ ਸੀ।

ਪੁਲਿਸ ਮੁਤਾਬਕ ਜਗਜੀਤ ਕੌਰ ਦਾ ਪਛਾਣ ਪੱਤਰ ਨਹੀਂ ਸੀ, ਫਿਰ ਵੀ ਉਨ੍ਹਾਂ ਦਾ ਫਾਰਮ ਬੀ ਮੌਜੂਦ ਸੀ। ਜਿਸ ਨਾਲ ਉਨ੍ਹਾਂ ਦੀ ਉਮਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਮੁੰਡਾ ਅਤੇ ਕੁੜੀ ਇਹ ਮੁਹੱਲੇ ਦੇ ਰਹਿਣ ਵਾਲੇ ਸਨ। ਡੀਪੀਓ ਨਨਕਾਣਾ ਸਾਹਿਬ ਮੁਤਾਬਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖ ਭਾਈਚਾਰੇ ਅਤੇ ਸਥਾਨਕ ਲੋਕਾਂ ਦੇ ਨਾਲ ਮਿਲ ਕੇ ਮਾਮਲੇ ਦਾ ਹੱਲ ਕੱਢਿਆ ਜਾਵੇ।

ਮੁੱਖ ਮੰਤਰੀ ਨੇ ਬਣਾਈ ਕਮੇਟੀ

ਦੂਜੇ ਪਾਸੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਉਸਮਾਨ ਬਾਜ਼ਦਾਰ ਨੇ ਨੋਟਿਸ ਲੈਂਦਿਆਂ ਹੋਇਆ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

ਜਿਸ ''ਚ ਸੂਬਾ ਮੰਤਰੀ ਰਾਜਾ ਬਸ਼ਾਰਤ ਤੋਂ ਇਲਾਵਾ ਸੂਬੇ ਦੇ ਊਰਜਾ ਮੰਤਰੀ ਅਖ਼ਤਰ ਮਲਿਕ ਅਤੇ ਆਪਦਾ ਪ੍ਰਬੰਧਨ ਮੰਤਰੀ ਖ਼ਾਲਿਦ ਮਹਿਮੂਦ ਸ਼ਾਮਿਲ ਹਨ।

ਇਹ ਵੀ ਪੜ੍ਹੋ-

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੇ ਕਮੇਟੀ ਨੂੰ ਤਮਾਮ ਪਹਿਲੂਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਛੇਤੀ ਤੋਂ ਛੇਤੀ ਆਪਣੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ ਕਮੇਟੀ ਦੇ ਮੈਂਬਰ ਕੁੜੀ ਦੇ ਘਰ ਵਾਲਿਆਂ ਨਾਲ ਸੰਪਰਕ ਕਰਕੇ ਸੱਚਾਈ ਸਾਹਮਣੇ ਲਿਆਉਣ।

ਕੁੜੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਕੁੜੀ ਨੂੰ ਬਰਾਮਦ ਨਹੀਂ ਕਰਵਾਇਆ ਗਿਆ ਤਾਂ ਉਹ ਪਹਿਲਾ ਨਨਕਾਣਾ ਸਾਹਿਬ ਅਤੇ ਉਸ ਤੋਂ ਬਾਅਦ ਲਾਹੌਰ ਵਿੱਚ ਮੁੱਖ ਮੰਤਰੀ ਦੇ ਦਫ਼ਤਰ ਦੇ ਸਾਹਮਣੇ ਮੁਜ਼ਾਹਰਾ ਕਰਨਗੇ।

ਯਾਦ ਰਹੇ ਕਿ ਇਸ ਤੋਂ ਪਹਿਲਾਂ ਇਸੇ ਸਾਲ ਪਾਕਿਸਤਾਨ ਦੇ ਸੂਬੇ ਸਿੰਧ ਅਤੇ ਸੂਬੇ ਪੰਜਾਬ ਦੇ ਦੱਖਣੀ ਇਲਾਕਿਆਂ ਤੋਂ ਇੱਕ ਤੋਂ ਬਾਅਦ ਇੱਕ ਕਈ ਹਿੰਦੂ ਕੁੜੀਆਂ ਨੂੰ ਅਗਵਾ ਕਰ ਜਬਰਨ ਧਰਮ ਪਰਿਵਰਤਨ ਕਰਵਾਉਣ ਦੇ ਇਲਜ਼ਾਮ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=qBHQm-5eYCE

https://www.youtube.com/watch?v=zYvTzI7x5sg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News