ਅੰਮ੍ਰਿਤਾ ਪ੍ਰੀਤਮ: ''''ਪਿਆਰ…ਇਹ ਤੇਰੇ ਮਤਲਬ ਦੀ ਸ਼ੈ ਨਹੀਂ…''''

Saturday, Aug 31, 2019 - 08:16 AM (IST)

ਅੰਮ੍ਰਿਤਾ ਪ੍ਰੀਤਮ: ''''ਪਿਆਰ…ਇਹ ਤੇਰੇ ਮਤਲਬ ਦੀ ਸ਼ੈ ਨਹੀਂ…''''

ਪੰਜਾਬੀ ਕਵਿਤਾ ਵਿੱਚ ਔਰਤ ਮਨ ਦੀ ਵੇਦਨਾ ਅਤੇ ਪੀੜ ਦੀ ਪੇਸ਼ਕਾਰੀ ਢੇਰ ਪੁਰਾਣੀ ਹੈ। ਇਸ ਦਾ ਆਗ਼ਾਜ਼ ਗੁਰਬਾਣੀ ਅਤੇ ਸੂਫ਼ੀ ਕਾਵਿ ਤੋਂ ਹੋ ਕੇ ਕਿੱਸਾ ਕਾਵਿ ਅਤੇ ਫਿਰ ਆਧੁਨਿਕ ਕਾਵਿ ਤੱਕ ਪਹੁੰਚਿਆ।

ਅੰਮ੍ਰਿਤਾ ਪ੍ਰੀਤਮ ਨੇ ਆਧੁਨਿਕ ਸਮੇਂ ਵਿੱਚ ਇਸ ਨੂੰ ਵੱਖਰੇ ਨਜ਼ਰੀਏ ਤੋਂ ਪੇਸ਼ ਕੀਤਾ।

ਔਰਤ ਦਾ ਸਮਾਜਿਕ ਰੁਤਬਾ, ਔਰਤ ਦੋਖੀ ਸਮਾਜ ਵੱਲੋਂ ਹੋ ਰਹੀਆਂ ਵਧੀਕੀਆਂ ਦੇ ਵਿਰੁੱਧ ਉਸ ਦੀ ਹੋਂਦ ਦਾ ਮਸਲਾ, ਦੇਸ ਦੀ ਵੰਡ ਅਤੇ ਉਜਾੜੇ ਦੀ ਮਾਰ, ਆਜ਼ਾਦ ਜ਼ਿੰਦਗੀ ਦੀ ਖ਼ਾਹਿਸ਼ ਆਦਿ ਨੂੰ ਉਸ ਦੇ ਮੁਹੱਬਤੀ ਖ਼ਾਸੇ ਦੇ ਹਵਾਲੇ ਨਾਲ ਪੇਸ਼ ਕੀਤਾ ਹੈ।

ਇਹ ਵੀ ਪੜ੍ਹੋ:

https://www.youtube.com/watch?v=qBHQm-5eYCE

31 ਅਗਸਤ, 1919 ਦੇ ਦਿਨ ਗੁੱਜਰਾਂਵਾਲਾ ਵਿੱਚ ਜਨਮੀ ਅੰਮ੍ਰਿਤਾ ਪਿਤਾ ਦੀ ਰਹਿਨੁਮਾਈ ਵਿੱਚ ਕਵਿਤਾ ਵੱਲ ਪ੍ਰੇਰੀ ਗਈ ਪਰ ਅਗਾਂਹ ਦਾ ਪੈਂਡਾ ਉਸ ਆਪ ਉਲੀਕਿਆ।

ਉਸ ਨੇ ''ਪੱਥਰ ਗੀਟੇ''(1946), ''ਲੰਮੀਆ ਵਾਟਾਂ''(1947), ''ਸਰਘੀ ਵੇਲਾ'', ''ਸੁਨੇਹੜੇ''(1955), ''ਕਸਤੂਰੀ'', ''ਅਸ਼ੋਕਾ ਚੇਤੀ''(1957), ''ਨਾਗਮਣੀ'' (1964), ''ਕਾਗ਼ਜ਼ ਤੇ ਕੈਨਵਸ'' (1970) ਅਤੇ ਕਈ ਹੋਰ ਕਾਵਿ ਸੰਗ੍ਰਿਹ, ''ਕਾਗ਼ਜ਼ ਤੇ ਕੈਨਵਸ ਤੋਂ ਪਿੱਛੋਂ'', ''ਮੈਂ ਜਮ੍ਹਾਂ ਤੂੰ'', ''ਖ਼ਾਮੋਸ਼ੀ ਤੋਂ ਪਹਿਲਾਂ'', ''ਮੈਂ ਤੈਨੂੰ ਫੇਰ ਮਿਲਾਂਗੀ'' ਆਦਿ ਲਿਖੇ।

https://www.youtube.com/watch?v=MDyauO6XPEM

ਆਪਣੀਆਂ ਲਿਖਤਾਂ ਲਈ ਉਹ ਭਾਰਤੀ ਸਾਹਿਤ ਅਕਾਦਮੀ, ਗਿਆਨ ਪੀਠ, ਪਦਮ ਸ਼੍ਰੀ ਅਤੇ ਕਈ ਹੋਰ ਦੇਸੀ-ਵਿਦੇਸ਼ੀ ਪੁਰਸਕਾਰਾਂ ਨਾਲ ਨਵਾਜੀ ਗਈ।

ਕਵਿਤਾ ਤੋਂ ਇਲਾਵਾ ਨਾਵਲ, ਕਹਾਣੀਆਂ, ਲੇਖ, ਸਵੈ-ਜੀਵਨੀ, ਆਦਿ ਲਿਖੇ ਅਤੇ ਨਾਗਮਣੀ ਰਸਾਲੇ ਦਾ ਵਰ੍ਹਿਆਂ ਤੱਕ ਸੰਪਾਦਨ ਕੀਤਾ।

ਲੋਕ-ਧਾਰਾ ਦੇ ਖੇਤਰ ਵਿੱਚ ''ਮੌਲੀ ਤੇ ਮਹਿੰਦੀ'' ਨਾਲ ਹਾਜ਼ਰੀ ਲਵਾਈ।

ਅੰਮ੍ਰਿਤਾ ਦੀਆਂ ਕਵਿਤਾਵਾਂ ਔਰਤ ਦੇ ਸਦੀਵੀ ਮਸਲਿਆਂ ਦੀ ਬਾਤ ਪਾਉਂਦੀਆਂ, ਅੰਤਰ ਮਨ ਦੀ ਅਥਾਹ ਵੇਦਨਾ ਦੀ ਪੇਸ਼ਕਾਰੀ ਸਮਕਾਲੀ ਸੰਦਰਭ ਵਿੱਚ ਕਰਦੀਆਂ ਹਨ।

ਅੰਨ ਦਾਤਾ!

ਮੇਰੀ ਜੀਭ ''ਤੇ ਤੇਰਾ ਲੂਣ ਏ

ਤੇਰਾ ਨਾਂ ਮੇਰੇ ਬਾਪ ਦਿਆਂ ਹੋਠਾਂ ''ਤੇ …

ਅੰਨ ਦਾਤਾ!

ਮੈਂ ਚੰਮ ਦੀ ਗੁੱਡੀ ਖੇਡ ਲੈ, ਖਿਡਾ ਲੈ

ਅੰਨ ਦਾਤਾ!

ਮੇਰੀ ਜ਼ਬਾਨ ''ਤੇ ਇਨਕਾਰ? ਇਹ ਕਿਵੇਂ ਹੋ ਸਕਦੈ!

...ਹਾਂ… ਪਿਆਰ…ਇਹ ਤੇਰੇ ਮਤਲਬ ਦੀ ਸ਼ੈ ਨਹੀਂ …(ਅੰਨਦਾਤਾ)

ਅਤੇ

ਜਿਸਮਾਂ ਦਾ ਵਿਉਪਾਰ

ਤੱਕੜੀ ਦੇ ਦੋ ਛਾਬਿਆਂ ਵਾਕੁਰ ਇੱਕ ਮਰਦ ਇੱਕ ਨਾਰ

ਰੋਜ਼ ਤੋਲਦੇ ਮਾਸ ਵੇਚਦੇ ਲਹੂ

ਤੇ ਆਖ਼ਰ ਕਾਰੇ ਵੱਟ ਲੈਂਦੇ ਨੇ

ਲਹੂ ਮਾਸ ਦੇ ਨਿੱਕੇ-ਨਿੱਕੇ ਸਿੱਕੇ ਦੋ… ਤ੍ਰੈ… ਚਾਰ।(ਵਿਉਪਾਰ)

ਇਹ ਵੀ ਪੜ੍ਹੋ:

ਸਮਾਜਿਕ ਬੰਧਨਾਂ ਵਿੱਚ ਨਪੀੜੀ ਤੇ ਦੂਹਰੀ ਅਧੀਨਗੀ ਵਿੱਚ ਜਕੜੀ ਔਰਤ ਦੀ ਸ਼ਨਾਖ਼ਤ ਕਰਦੀ ਉਹ ਰਿਸ਼ਤਿਆਂ ਦੇ ਆਰ-ਪਾਰ ਫੈਲੇ ਤਾਣੇ-ਬਾਣੇ ''ਤੇ ਵੀ ਸਵਾਲ ਖੜ੍ਹੇ ਕਰਦੀ ਹੈ। ਇਸ ਤੋਂ ਨਾਬਰ ਹੁੰਦੀ ਹੈ ਅਤੇ ਮੁਕਤੀ ਦਾ ਰਾਹ ਲੱਭਦੀ ਹੈ।

ਇਹ ਰਾਹ ਮੁਹੱਬਤ ਦੇ ਇਸ਼ਕ ਬਣ ਜਾਣ ਦਾ ਹੈ, ਇਸ਼ਕ ਦੇ ਜ਼ਰੀਏ ਹੱਕ ਲਈ ਜੱਦੋ-ਜਹਿਦ ਦਾ ਹੈ।

ਕਿੱਕਰਾ ਵੇ ਕੰਡਿਆਲਿਆ! ਉੱਤੋਂ ਚੜ੍ਹਿਆ ਪੋਹ

ਹੱਕ ਜਿਨ੍ਹਾਂ ਦੇ ਆਪਣੇ ਆਪ ਲੈਣਗੇ ਖੋਹ।(ਬਾਰਾਂਮਾਹ )

ਅਤੇ

ਚੇਤਰ ਦਾ ਵਣਜਾਰਾ ਆਇਆ ਮੋਢੇ ਬੁਚਕੀ ਚਾਈ ਵੇ

ਅਸਾਂ ਵਿਹਾਜੀ ਪਿਆਰ ਕਥੂਰੀ ਵੇਂਹਦੀ ਰਹੀ ਲੁਕਾਈ ਵੇ।

ਸਾਡਾ ਵਣਜ ਮੁਬਾਰਕ ਸਾਨੂੰ, ਕੱਲ੍ਹ ਹਸਦੀ ਸੀ ਜਿਹੜੀ ਦੁਨੀਆਂ

ਉਹ ਦੁਨੀਆਂ ਅੱਜ ਸਾਡੇ ਕੋਲੋਂ ਚੁਟਕੀ ਮੰਗਣ ਆਈ ਵੇ।(ਚੇਤਰ)

ਉਸ ਦੀ ਕਵਿਤਾ ਔਰਤ ਦੇ ਮਸਲਿਆ ਦੀ ਪੇਸ਼ਕਾਰੀ ਕਰਦੀ ਹੈ ਅਤੇ ਹੋ ਰਹੇ ਜਬਰ ਅਤੇ ਵਧੀਕੀਆਂ ਦੀ ਪੜਚੋਲ ਵੀ ਕਰਦੀ ਹੈ। ਇੰਝ ਇਸ ਕਵਿਤਾ ਦਾ ਹਾਸਿਲ ਬੇਬਸੀ ਤੋਂ ਚੇਤਨਤਾ ਦਾ ਆਗ਼ਾਜ਼ ਅਤੇ ਨਾਬਰੀ ਤੋਂ ਕਰਮਸ਼ੀਲਤਾ ਦਾ ਸਫ਼ਰ ਬਣਦਾ ਹੈ।

ਉਸ ਦੀ ਸੰਵੇਦਨਾ ਦਾ ਇੱਕ ਹੋਰ ਪਾਸਾਰ ਦੇਸ ਦੀ ਵੰਡ ਵੇਲੇ ਸਾਹਮਣੇ ਆਉਂਦਾ ਹੈ।

ਵਾਰਸ ਸ਼ਾਹ ਨੂੰ ਮਾਰੀ ਉਸ ਦੀ ਹਾਕ ਆਜ਼ਾਦੀ ਦੇ ਜਸ਼ਨ ਦੇ ਸ਼ੋਰ ਵਿੱਚ ਗੁਆਚੀ ਪੰਜਾਬੀਅਤ ਦੀ ਚੀਕ ਹੈ। ਹਰ ਹੋਸ਼ਮੰਦ ਦੀ ਆਵਾਜ਼ ਹੈ। ਦਰਦਮੰਦੀ ਦੀ ਹੂਕ ਹੈ;

ਧਰਤੀ ''ਤੇ ਲਹੂ ਵੱਸਿਆ ਕਬਰਾਂ ਪਈਆਂ ਚੋਣ

ਪ੍ਰੀਤ ਦੀਆਂ ਸ਼ਹਿਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ

ਅੱਜ ਸੱਭੇ ਕੈਦੋਂ ਬਣ ਗਏ ਹੁਸਨ ਇਸ਼ਕ ਦੇ ਚੋਰ

ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇੱਕ ਹੋਰ

ਅੱਜ ਆਖਾਂ ਵਾਰਸ ਸ਼ਾਹ ਨੂੰ ਤੂੰਹੇਂ ਕਬਰਾਂ ਵਿੱਚੋਂ ਬੋਲ !

ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ! (ਆਖਾਂ ਵਾਰਸ ਸ਼ਾਹ ਨੂੰ)

ਅਤੇ

ਰਾਜਿਆ ਰਾਜ ਕਰੇਂਦਿਆ! ਚੜ੍ਹਿਆ ਅੱਜ ਵਿਸਾਖ

ਏਸ ਨਵੀਂ ਸਦੀ ਦੇ ਮੂੰਹ ਤੇ ਉਡ ਉਡ ਪੈਂਦੀ ਰਾਖ਼।

ਰਾਜਿਆ ਰਾਜ ਕਰੇਂਦਿਆ! ਕਿਹਾ ਕੁ ਚੜ੍ਹਿਆ ਜੇਠ

ਸਿਰ ਤੇ ਕੋਈ ਆਕਾਸ਼ ਨਾ ਜ਼ਿਮੀਂ ਨਾ ਪੈਰਾਂ ਹੇਠ।(ਪੰਜਾਬ ਦੀ ਕਹਾਣੀ)

ਇਹ ਵੀ ਪੜ੍ਹੋ:

ਇਸ ਬਰਬਾਦੀ ਦੀ ਜ਼ਿੰਮੇਵਾਰ ਹਰ ਧਿਰ ਦੀ ਨਿਸ਼ਾਨਦੇਹੀ ਕਰਦੀ ਉਹ ਸਭ ਨੂੰ ਬਰਾਬਰ ਦੋਸ਼ ਦਿੰਦੀ ਹੈ।

ਸਿਆਸਤ- ਜ਼ਹਬ ਦਾ ਜੁੱਟ ਜਨੂੰਨ ਦੇ ਮੌਰੀਂ ਚੜ੍ਹ ਕੇ ਇਨਸਾਨੀਅਤ ਤੋਂ ਹੈਵਾਨੀਅਤ ਵਿੱਚ ਬਦਲਦਾ ਵੇਖ ਉਹ ਕਹਿੰਦੀ ਹੈ;

ਜਦ ਮਜ਼ਹਬੀ ਇਸ਼ਕ ਜਨੂੰਨ ਬਣ ਸਿਰ ਨੂੰ ਚੜ੍ਹਦੇ ਜਾਨ …

ਤਦ ਲੋਹਾ ਚੜ੍ਹਦਾ ਸਾਨ, ਬੰਦਿਆਂ ਦੇ ਮੂੰਹ ਤ੍ਰਿੱਖੇ ਪ੍ਰੀਤਾਂ ਦੇ ਮੂੰਹ ਖੁੰਢੇ …

ਖਟਦੇ ਜਾਣ ਸਵਾਬ ਪੁੰਨ ਦੇ ਭਾਗੀ ਬਣਦੇ ਜਾਨ

ਮਜ਼ਹਬ ਦੀ ਸੇਵਾ ਪਏ ਕਮਾਨ ਧਰਮ ਦਾ ਝੰਡਾ ਪਏ ਝੁਲਾਨ

ਚਿੱਟੇ ਦਿਨੀਂ ਤੇ ਕਾਲੀ ਰਾਤੀਂ ਲੋਹਾ ਚੜ੍ਹਦਾ ਸਾਨ

ਬਾਲ ਅਲੂੰਏਂ ਕੋਮਲ ਅੰਗੀਆਂ ਕੜੀਆਂ ਜਹੇ ਜਵਾਨ

ਇਸ਼ਕ ਦੀ ਬਲੀ ਚਾੜ੍ਹਦੇ ਜਾਨ।(ਜਨੂੰਨ)

ਅਤੇ

ਓਸ ਮਜ਼ਹਬ ਦੇ ਮੱਥੇ ਉੱਤੋਂ ਕੌਣ ਧੋਏਗਾ ਖ਼ੂਨ?

ਜਿਸਦੇ ਆਸ਼ਕ ਹਰ ਇੱਕ ਪਾਪ ਮਜ਼ਹਬ ਦੇ ਮੱਥੇ ਲਾਈ ਜਾਨ…

ਥਰ ਥਰ ਕੰਬੇ ਧਰਤ ਆਕਾਸ਼

ਸ਼ਰੇ ਬਾਜ਼ਾਰੀਂ ਰੁਲਦੀ ਫਿਰਦੀ ਸੱਭਿਅਤਾ ਦੀ ਲਾਸ਼ … (ਕੌਣ ਧੋਏਗਾ ਖ਼ੂਨ)

ਅਤੇ

ਮੈਂ ਤਵਾਰੀਖ਼ ਹਾਂ ਹਿੰਦ ਦੀ, ਬੈਠੀ ਸਦੀਆਂ ਲੰਘ

ਅਜੇ ਵੀ ਸੱਜਰੇ ਲਹੂ ਵਿੱਚ ਮੇਰੇ ਭਿੱਜੇ ਹੋਏ ਨੇ ਅੰਗ …

ਕਿੱਥੇ ਜੰਮਣ ਵਾਲੜੇ ਕਿੱਥੇ ਸੱਜਣ ਸੈਣ

ਮੈਂ ਤੱਤੀ ਧੀ ਪੰਜਾਬ ਦੀ ਰੋਣ ਤੱਤੀ ਦੇ ਨੈਣ

ਜ਼ਿਮੀਂ ਹੋਈ ਦੋਫਾੜ ਵੇ ਕਿਸੇ ਨਾ ਮੰਗੀ ਰੱਖ

ਲਹੂਆਂ ਨਾਲੋਂ ਲਹੂ ਵੇ ਕਿਸ ਨੇ ਕੀਤੇ ਵੱਖ …(ਤਵਾਰੀਖ਼)

ਵੰਡ ਦੀ ਇਸ ਤ੍ਰਾਸਦੀ ਨੂੰ ਹੰਢਾਉਂਦੀ, ਮੁੜ ਵਸੇਬੇ ਦੀ ਪੁਰਜ਼ੋਰ ਕੋਸ਼ਿਸ਼ ਕਰਦੀ ਅੰਮ੍ਰਿਤਾ ਨਿੱਜੀ ਪੀੜ ਤੋਂ ਪਾਰ ਆਲਮੀ ਨਜ਼ਰੀਏ ਤੋਂ ਇਸ ਸਾਰੇ ਮਸਲੇ ਨੂੰ ਚਿਤਰਦੀ ਹੈ। ਉਹ ਆਲਮੀ ਸਾਂਝ ਤੇ ਭਾਈਚਾਰੇ ਦੀ ਮੁੱਦਈ ਬਣ ਆਲਮਾਂ ਅਤੇ ਅਦੀਬਾਂ ਨੂੰ ਸੁਨੇਹੜੇ ਦੇਂਦੀ, ਨਵੀਂ ਦੁਨੀਆਂ ਦੀ ਸਿਰਜਣਾ ਦੀ ਚਾਹਵਾਨ ਹੈ।

ਨਫ਼ਰਤਾਂ ਨੂੰ ਸਦਾ ਲਈ ਮਿਟਾ ਕੇ ਅਮਨ ਦਾ ਅਹਿਦਨਾਮਾ ਕਰਦੀ ਉਹ ਕਹਿੰਦੀ ਹੈ;

ਅਮਨ ਦਾ ਇਹ ਅਹਿਦਨਾਮਾ

ਆਓ ਦੁਨੀਆਂ ਵਾਲਿਓ ਦਸਤਖ਼ਤ ਕਰੋ!

ਦੀਨਾਂ ਈਮਾਨਾਂ ਵਾਲਿਓ ਦਸਤਖ਼ਤ ਕਰੋ!

ਦੋਹਾਂ ਜਹਾਨਾਂ ਵਾਲਿਓ ਦਸਤਖ਼ਤ ਕਰੋ!

ਨੇਮਾਂ ਤੇ ਧਰਮਾਂ ਵਾਲਿਓ ਦਸਤਖ਼ਤ ਕਰੋ!

ਆਓ ਵੇ ਕਰਮਾਂ ਵਾਲਿਓ ਦਸਤਖ਼ਤ ਕਰੋ! (ਅਹਿਦਨਾਮਾ)

ਅਮਨ ਅਤੇ ਸਾਂਝ ਦਾ ਮੁਜੱਸਮਾ ਬਣ ਉਹ ਦੁਨੀਆਂ ਨੂੰ ਮੁਹੱਬਤ ਨਾਲ ਚੁੰਮਣਾ ਲੋਚਦੀ, ਤਾ-ਉਮਰ ਆਪਣੀ ਮੁਹੱਬਤ ਨੂੰ ਜੁਰਅਤ ਨਾਲ ਜਿਊਂਦੀ, 31 ਅਕਤੂਬਰ, 2005 ਦੇ ਦਿਨ ਵਿਦਾ ਹੋ ਗਈ। ਉਸ ਦੇ ਬੋਲ ਅੱਜ ਵੀ ਗੂੰਜਦੇ ਨੇ;

ਮਾਣ ਸੁੱਚੇ ਇਸ਼ਕ ਦਾ ਹੈ, ਹੁਨਰ ਦਾ ਦਾਅਵਾ ਨਹੀਂ

ਕਲਮ ਦੇ ਇਸ ਭੇਤ ਨੂੰ ਕੋਈ ਇਲਮ ਵਾਲਾ ਪਾਏਗਾ। (ਕਲਮ ਦਾ ਭੇਤ)

(ਲੇਖਿਕਾ ਕਾਲਜ ਵਿੱਚ ਸਾਹਿਤ ਪੜ੍ਹਾਉਂਦੀ ਹੈ।)

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

https://www.youtube.com/watch?v=xWw19z7Edrs

https://www.youtube.com/watch?v=hiwMKj5BY-8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News