ਜਿਣਸੀ ਸੋਸ਼ਣ ਦੇ ਸ਼ਿਕਾਰ ਬੇਟੇ ਨੂੰ ਮਾਂ ਨੇ ਇੰਝ ਦਿਵਾਇਆ ਨਿਆਂ

08/29/2019 4:31:30 PM

15 ਅਗਸਤ 2019 ਨੂੰ ਦੇਸ ਵੀ ਆਜ਼ਾਦੀ ਦਿਹਾੜਾ ਦਾ ਮਨਾ ਰਿਹਾ ਸੀ ਤੇ ਇਹ ਦਿਨ ਮੇਰੀ ਵੀ ਜ਼ਿੰਦਗੀ ਦੇ ਯਾਦਗਾਰ ਦਿਨਾਂ ਵਿੱਚ ਸ਼ਾਮਿਲ ਹੋ ਗਿਆ।

ਮੇਰੇ ਕੋਲ ਪੂਣੇ ਪੁਲਿਸ ਸਟੇਸ਼ਨ ਤੋਂ ਫੋਨ ਆਇਆ।

"ਮੈਡਮ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।"

ਮੈਨੂੰ ਇਹ ਸੁਣ ਕੇ ਸਭ ਕੁਝ ਸਮਝਣ ਲਈ ਕੁਝ ਸਕਿੰਟ ਲੱਗੇ। ਇਹ ਮੇਰੇ ਬੇਟੇ ਨੂੰ ਨਿਆਂ ਦਿਵਾਉਣ ਲਈ ਲੜੀ 4 ਸਾਲਾਂ ਲੰਬੀ ਲੜਾਈ ਦੀ ਜਿੱਤ ਸੀ, ਜਿਸ ਦੇ ਨਾਲ ਉਸ ਦੇ ਸਕੂਲ ਵਿੱਚ ਇੱਕ ਚਪੜਾਸੀ ਨੇ ਜਿਣਸੀ ਸ਼ੋਸ਼ਣ ਕੀਤਾ ਸੀ।

ਇਹ ਅਪ੍ਰੈਲ 2015 ਦੀ ਗੱਲ ਹੈ। ਮੇਰਾ ਬੇਟਾ ਹਫ਼ਤਾ ਪਹਿਲਾਂ ਹੀ 13 ਸਾਲ ਦਾ ਹੋਇਆ ਸੀ। ਅਸੀਂ ਉਸ ਦਾ ਦਾਖ਼ਲਾ ਪੂਣੇ ਦੇ ਇੱਕ ਪ੍ਰਸਿੱਧ ਬੋਰਡਿੰਗ ਸਕੂਲ ਵਿੱਚ ਕਰਵਾਇਆ ਸੀ।

ਮੈਨੂੰ ਅੱਜ ਵੀ ਉਹ ਦਿਨ ਯਾਦ ਹੈ, ਜਦੋਂ ਮੈਂ ਉਸ ਨੂੰ ਛੱਡ ਕੇ ਘਰ ਵਾਪਸ ਆ ਰਹੀ ਸੀ। ਉਹ 100 ਕਿਲੋਮੀਟਰ ਦੀ ਦੂਰੀ ਇੱਕ ਸਦੀਆਂ ਦਾ ਫ਼ਾਸਲਾ ਲੱਗ ਰਿਹਾ ਸੀ।

ਇਹ ਵੀ ਪੜ੍ਹੋ-

ਮੈਂ ਭਰੇ ਹੋਏ ਦਿਲ ਨਾਲ ਵਾਪਸ ਆਈ ਸੀ। ਇਹ ਪਹਿਲੀ ਵਾਰ ਸੀ ਜਦੋਂ ਮੈਂ ਆਪਣੇ ਬੱਚੇ ਤੋਂ ਦੂਰ ਹੋਈ ਸੀ। ਸਭ ਕੁਝ ਠੀਕ ਚੱਲ ਰਿਹਾ ਸੀ ਕਿ ਮੈਨੂੰ ਮੇਰੇ ਪੁੱਤਰ ਦੀ ਇੱਕ ਈਮੇਲ ਮਿਲੀ, ਜਿਸ ਵਿੱਚ ਉਸ ਨੇ ਦੱਸਿਆ ਕਿ ਉਸ ਦੇ ਸਕੂਲ ਦੇ ਇੱਕ ਚਪੜਾਸੀ ਨੇ ਉਸ ਦਾ ਜਿਣਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਹੈ।

"ਮੰਮਾ...ਇਸ ਸਕੂਲ ਵਿੱਚ ਚਪੜਾਸੀ ਬੜੇ ਅਜੀਬ ਹਨ। ਉਸ ਨੇ ਮੈਨੂੰ ਪਿੱਛਿਓਂ ਫੜ੍ਹਨ ਦੀ ਕੋਸ਼ਿਸ਼ ਕੀਤੀ ਅਤੇ ਆਪਣਾ ਹੱਥ ਮੇਰੀ ਪੈਂਟ ''ਚ ਪਾ ਦਿੱਤਾ।"

ਨਿਆਂ ਲਈ ਲੜਾਈ

ਬੋਰਡਿੰਗ ਸਕੂਲ ਵਿੱਚ ਉਸ ਨੂੰ ਛੱਡੇ ਮੁਸ਼ਕਲ ਨਾਲ ਅਜੇ ਚਾਰ ਹੀ ਦਿਨ ਹੀ ਹੋਏ ਸਨ। ਮੈਂ ਇਸ ਘਟਨਾ ਤੋਂ ਬਾਅਦ ਸੁੰਨ ਸੀ, ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ।

ਉਦੋਂ ਹੀ ਉਸ ਦੇ ਪਿਤਾ ਦਾ ਮੈਨੂੰ ਫੋਨ ਆਇਆ, ਉਨ੍ਹਾਂ ਨੂੰ ਵੀ ਇਹੀ ਈਮੇਲ ਮਿਲਿਆ ਸੀ, ਜੋ ਮੇਰੇ ਪੁੱਤਰ ਨੇ ਮੈਨੂੰ ਭੇਜਿਆ ਸੀ। ਅਸੀਂ ਤੁਰੰਤ ਆਪਣੇ ਘਰ ਨਵੀਂ ਮੁੰਬਈ ਤੋਂ ਉਸ ਦੇ ਬੋਰਡਿੰਗ ਸਕੂਲ ਜਾਣ ਦਾ ਫ਼ੈਸਲਾ ਲਿਆ।

ਮੈਂ ਸਕੂਲ ਦੇ ਨੇੜਲੇ ਇਲਾਕੇ ਦੇ ਪੁਲਿਸ ਸਟੇਸ਼ਨ ''ਚ ਫੋਨ ਕੀਤਾ ਅਤੇ ਘਟਨਾ ਬਾਰੇ ਦੱਸਿਆ। ਪੁਲਿਸ ਅਧਿਕਾਰੀ ਬੇਹੱਦ ਮਦਦਗਾਰ ਲੱਗੇ, ਜਿਨ੍ਹਾਂ ਨੇ ਨਾ ਕੇਵਲ ਮੈਨੂੰ ਤਸੱਲੀ ਨਾਲ ਸੁਣਿਆ ਬਲਕਿ ਗੱਲ ਪੂਰੀ ਹੋਣ ਤੋਂ ਤੁਰੰਤ ਬਾਅਦ ਸਕੂਲ ਲਈ ਨਿਕਲ ਪਏ।

15 ਮਿੰਟ ਦੇ ਅੰਦਰ ਮੈਨੂੰ ਫਿਰ ਉਸੇ ਪੁਲਿਸ ਅਧਿਕਾਰੀ ਦਾ ਫੋਨ ਆਉਂਦਾ ਹੈ, ਉਹ ਦੱਸਦੇ ਹਨ ਕਿ ਮੇਰਾ ਬੇਟਾ ਉਨ੍ਹਾਂ ਦੇ ਨਾਲ ਹੈ ਅਤੇ ਸੁਰੱਖਿਅਤ ਹੈ। ਇਹ ਸੁਣ ਕੇ ਮੈਨੂੰ ਕੁਝ ਰਾਹਤ ਮਿਲੀ।


ਹ ਵੀ ਪੜ੍ਹੋ-


ਇੱਥੋਂ ਤੱਕ ਕਿ ਉਨ੍ਹਾਂ ਨੇ ਮੇਰੇ ਬੇਟੇ ਨਾਲ ਮੇਰੀ ਗੱਲ ਵੀ ਕਰਵਾਈ ਅਤੇ ਤਾਂ ਜਾ ਕੇ ਮੇਰੀ ਜਾਨ ਵਿੱਚ ਜਾਨ ਆਈ।

ਬੋਰਡਿੰਗ ਸਕੂਲ ਪਹੁੰਚਣ ਤੋਂ ਬਾਅਦ ਅਸੀਂ ਪ੍ਰਿੰਸੀਪਲ ਨੂੰ ਮਿਲੇ ਅਤੇ ਮੈਂ ਕਿਹਾ ਕਿ ਮੈਂ ਉਸ ਸ਼ਖ਼ਸ ਨੂੰ ਸਜ਼ਾ ਦਿਵਾ ਕੇ ਰਹਾਂਗੀ। ਉਹ ਮੇਰੀ ਇਸ ਗੱਲ ਤੋਂ ਨਾਰਾਜ਼ ਹੋ ਗਏ।

ਪ੍ਰਿੰਸੀਪਲ ਨੇ ਪਹਿਲਾਂ ਹੀ ਚਪੜਾਸੀ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਅਤੇ ਉਸ ਨੂੰ ਆਪਣੇ ਪਰਿਵਾਰ ਸਣੇ ਸਕੂਲ ਤੋਂ ਬਾਹਰ ਜਾਣ ਲਈ ਕਹਿ ਦਿੱਤਾ ਸੀ।

ਸ਼ਾਇਦ ਉਨ੍ਹਾਂ ਨੇ ਸੋਚਿਆ ਹੋਵੇਗਾ ਕਿ ਇਹ ਸਜ਼ਾ ਵਜੋਂ ਕਾਫ਼ੀ ਹੈ ਪਰ ਮੇਰੇ ਅੰਦਰ ਸੰਤੁਸ਼ਟੀ ਨਹੀਂ ਸੀ।

ਮੈਂ ਇੱਕ ਜਿਣਸੀ ਅਪਰਾਧੀ ਨੂੰ ਇੰਝ ਕਿਵੇਂ ਛੱਡ ਸਕਦੀ ਸੀ।

ਸਕੂਲ ਦੇ ਪ੍ਰਿੰਸੀਪਲ ਕੋਲ ਆਪਣੀਆਂ ਮਜ਼ਬੂਰੀਆਂ ਸਨ। ਉਨ੍ਹਾਂ ਦੇ ਸਕੂਲ ਦਾ ਵੱਕਾਰ ਦਾਅ ''ਤੇ ਲੱਗ ਜਾਂਦਾ ਅਤੇ ਅੱਜ ਮੈਂ ਉਨ੍ਹਾਂ ਦੀ ਇਸ ਦੁਚਿੱਤੀ ਨੂੰ ਪੂਰੀ ਤਰ੍ਹਾਂ ਸਮਝ ਸਕਦੀ ਹਾਂ।

ਮੈਂ ਸਥਾਨਕ ਪੁਲਿਸ ਸਟੇਸ਼ਨ ਵਿਚ ਐਫ਼ਆਈਆਰ ਦਰਜ ਕਰਵਾਈ।

ਚਪੜਾਸੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉੱਥੋਂ ਹੀ ਮੇਰੇ ਪੁੱਤਰ ਨੂੰ ਨਿਆਂ ਦਿਵਾਉਣ ਦੀ ਲੜਈ ਸ਼ੁਰੂ ਕੋਈ, ਜਿਸ ਦਾ ਅੰਤ 4 ਸਾਲ ਬਾਅਦ ਹੋਇਆ।

ਆਪਣੇ ਬੇਟੇ ਨਾਲ ਗੱਲ ਕਰਦਿਆਂ ਮੈਨੂੰ ਪਤਾ ਲੱਗਾ ਕਿ ਉਸ ਚਪੜਾਸੀ ਨੇ ਕੁਝ ਹੋਰ ਬੱਚਿਆਂ ਨਾਲ ਵੀ ਅਜਿਹਾ ਹੀ ਵਤੀਰਾ ਕੀਤਾ ਸੀ।

ਸੋਸ਼ਣ ਦੇ ਸ਼ਿਕਾਰ ਉਨ੍ਹਾਂ ਬੱਚਿਆਂ ''ਚ ਮੇਰੇ ਬੇਟੇ ਦੇ ਕੁਝ ਦੋਸਤ ਵੀ ਸ਼ਾਮਿਲ ਸਨ।

ਜਦੋਂ ਮੈਂ ਆਪਣੇ ਬੇਟੇ ਕੋਲੋਂ ਪੁੱਛਿਆਂ ਕਿ ਉਨ੍ਹਾਂ ਬੱਚਿਆਂ ਨੇ ਕਦੇ ਆਪਣੇ ਮਾਤਾ ਪਿਤਾ ਨੂੰ ਅਜਿਹੇ ਮਾੜੇ ਵਤੀਰੇ ਬਾਰੇ ਦੱਸਿਆ ਅਤੇ ਜੇਕਰ ਉਨ੍ਹਾਂ ਨੇ ਅਜਿਹਾ ਕੀਤਾ ਹੈ ਤਾਂ ਉਨ੍ਹਾਂ ਦੇ ਮਾਤਾ-ਪਿਤਾ ਨੇ ਕੀ ਕੀਤਾ।

ਮੈਂ ਆਪਣੇ ਬੇਟੇ ਦਾ ਜਵਾਬ ਸੁਣ ਕੇ ਸੁੰਨ ਹੋ ਗਈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਪ੍ਰਿੰਸੀਪਲ ਕੋਲ ਸ਼ਿਕਾਇਤ ਕਰਨ ਲਈ ਕਿਹਾ। ਬੱਚਿਆਂ ਨੇ ਸ਼ਿਕਾਇਤ ਕੀਤੀ ਵੀ ਪਰ ਪ੍ਰਿੰਸੀਪਲ ਨੂੰ ਪਤਾ ਸੀ ਕਿ ਕੀ ਕਰਨਾ ਉਚਿਤ ਹੈ।

ਮੈਂ ਇਸ ਬਾਰੇ ਸੋਚਦੀ ਰਹੀ ਕਿ ਕੋਈ ਵੀ ਮਾਤਾ-ਪਿਤਾ ਚੁੱਪ ਕਿਵੇਂ ਰਹਿ ਸਕਦੇ ਹਨ, ਜਾਂ ਫਿਰ ਮੈਂ ਹੀ ਤਾਂ ਗ਼ਲਤ ਨਹੀਂ ਕਰ ਰਹੀ ਅਤੇ ਮਾਮਲੇ ਨੂੰ ਵੱਡਾ ਬਣਾ ਰਹੀ ਹਾਂ।

ਬੇਟੇ ਦਾ ਈਮੇਲ ਪੜ੍ਹਨ ਤੋਂ ਬਾਅਦ ਜਦੋਂ ਮੈਂ ਉਸ ਦੇ ਸਕੂਲ ਜਾ ਰਹੀ ਸੀ ਤਾਂ ਮੇਰੇ ਅੰਦਰ ਮਿਲੀ-ਜੁਲੀ ਭਾਵਨਾ ਸੀ। ਇੱਕ ਪਾਸੇ ਮੈਨੂੰ ਗੁੱਸਾ ਆ ਰਿਹਾ ਸੀ ਤਾਂ ਦੂਜੇ ਪਾਸੇ ਮੈਂ ਅਸਹਾਇ ਮਹਿਸੂਸ ਕਰ ਰਹੀ ਸੀ।

ਮੈਨੂੰ ਲੱਗਾ ਕਿ ਮੈਂ ਆਪਣੇ ਬੱਚੇ ਦੀ ਰੱਖਿਆ ਨਹੀਂ ਕਰ ਸਕੀ। ਮੇਰੀਆਂ ਅੱਖਾਂ ਤੋਂ ਹੰਝੂ ਵਗ ਰਹੇ ਸਨ ਅਤੇ ਇਹ ਗੁੱਸੇ ਦੇ ਹੰਝੂ ਸਨ।

ਬੇਟਾ ਹੀ ਤਾਂ ਹੈ...

ਮੈਂ ਇਸ ਲੜਾਈ ਵਿੱਚ ਬਿਲਕੁਲ ਇਕੱਲੀ ਸੀ। ਮੇਰੇ ਪਤੀ ਨੇ ਕਿਹਾ ਸੀ ਕਿ ਕੋਰਟ ਜਾਣ ਦੇ ਝੰਝਟ ''ਚ ਕਿਉਂ ਫਸਣਾ। ਬੱਚੇ ਦੀ ਪੜ੍ਹਾਈ ''ਤੇ ਅਸਰ ਪਵੇਗਾ ਅਤੇ ਸਾਨੂੰ ਜੋ ਪਰੇਸ਼ਾਨੀ ਹੋਵੇਗੀ ਉਹ ਵੱਖ।

ਮੇਰੇ ਰਿਸ਼ਤਾਦਾਰ ਜਾਣਨਾ ਚਾਹੁੰਦੇ ਸਨ ਕਿ ਮੈਂ ਇਸ ਮਾਮਲੇ ਨੂੰ ਵੱਡਾ ਮੁੱਦਾ ਕਿਉਂ ਬਣਾ ਰਹੀ ਹਾਂ ਕਿਉਂਕਿ ਇਹ ਮੇਰੇ ਬੇਟੇ ਦੇ ਨਾਲ ਹੋਇਆ ਸੀ ਨਾ ਕਿ ਬੇਟੀ ਨਾਲ।

ਪਰ ਮੈਨੂੰ ਲਗਦਾ ਸੀ ਕਿ ਇੱਕ ਮਾਂ ਦੀ ਆਪਣੇ ਬੱਚੇ ਲਈ ਜੋ ਭਾਵਨਾ ਹੁੰਦੀ ਹੈ, ਉਨ੍ਹਾਂ ਨੂੰ ਉਸ ਦੇ ਪਤੀ ਜਾਂ ਰਿਸ਼ਤੇਦਾਰ ਸਮਝ ਨਹੀਂ ਸਕਦੇ।

ਮਾਮਲੇ ਨੂੰ ਅਦਾਲਤ ਆਉਣ ਵਿੱਚ ਕਰੀਬ ਦੋ ਸਾਲ ਲੱਗ ਗਏ ਅਤੇ ਸਾਡਾ ਕੇਸ ਸਰਕਾਰੀ ਵਕੀਲ ਲੜ ਰਹੇ ਸਨ। ਅਦਾਲਤ ਦੀ ਕਾਰਵਾਈ, ਤਰੀਕਾਂ ਅਤੇ ਹੋਰਨਾਂ ਕਾਨੂੰਨੀ ਪ੍ਰਕਿਰਿਆਵਾਂ ਬਾਰੇ ਸਮਝਣ ਲਈ ਸਾਨੂੰ ਉਨ੍ਹਾਂ ਨਾਲ ਮਿਲਣਾ ਪੈਂਦਾ ਸੀ।

4 ਘੰਟੇ ਦੀ ਥਕਾਣ ਭਰੀ ਡਰਾਈਵ ਤੋਂ ਬਾਅਦ ਮੈਂ ਉਨ੍ਹਾਂ ਨੂੰ ਮਿਲਣ ਪਹੁੰਚਦੀ ਸੀ। ਮੈਂ ਆਪਣੇ ਛੋਟੇ ਬੇਟੇ ਨੂੰ ਵੀ ਨਾਲ ਲੈ ਕੇ ਜਾਂਦੀ ਸੀ ਕਿਉਂਕਿ ਉਹ ਬਹੁਤ ਛੋਟਾ ਸੀ ਅਤੇ ਉਸ ਨੂੰ ਘਰ ਵਿੱਚ ਇਕੱਲੇ ਨਹੀਂ ਛੱਡਿਆ ਜਾ ਸਕਦਾ ਸੀ।

ਉਸ ਤੋਂ ਬਾਅਦ ਤਪਦੀ ਗਰਮੀ ਤੇ ਧੁੱਪ ''ਚ ਅਦਾਲਤ ''ਚ ਪੂਰਾ ਦਿਨ ਖੜ੍ਹੇ ਰਹਿਣਾ ਪੈਂਦਾ ਸੀ। ਉਹ ਮੇਰੇ ਛੋਟੇ ਬੇਟੇ ਲਈ ਕਿਸੇ ਤਸੀਹੇ ਤੋਂ ਘੱਟ ਨਹੀਂ ਸੀ ਪਰ ਅਸੀਂ ਦੋਵਾਂ ਨੇ ਨਾਲ ਮਿਲ ਕੇ ਇਸ ਨੂੰ ਮੈਨੇਜ ਕੀਤਾ।

ਇਸ ਪੂਰੀ ਕਵਾਇਦ ਵਿੱਚ ਇੱਕ ਚੰਗੀ ਗੱਲ ਇਹ ਸੀ ਕਿ ਜੋ ਪੁਲਿਸ ਅਧਿਕਾਰੀ ਮੇਰੇ ਬੇਟੇ ਦਾ ਕੇਸ ਦੇਖ ਰਹੇ ਸਨ, ਉਹ ਕਾਫੀ ਮਦਦਗਾਰ ਸਨ।

ਉਹ ਹਰ ਸੁਣਵਾਈ ''ਤੇ ਨਾ ਕੇਵਲ ਸਾਡੇ ਕੋਲ ਆਉਂਦੇ ਬਲਕਿ ਪੂਰਾ ਸਮਾਂ ਸਾਡੇ ਨਾਲ ਰਹਿੰਦੇ ਸਨ। ਉਸ ਸੱਜਣ ਕਾਰਨ ਹੀ ਪੁਲਿਸ ਵਿਭਾਗ ਪ੍ਰਤੀ ਮੇਰਾ ਵਿਸ਼ਵਾਸ ਵਧਿਆ ਹੈ।

ਦਸੰਬਰ 2018 ਵਿੱਚ ਮੇਰੇ ਪੁੱਤਰ ਨੂੰ ਬਿਆਨ ਲਈ ਅਦਾਲਤ ਦੇ ਕਟਿਹੜੇ ''ਚ ਬੁਲਾਇਆ ਗਿਆ। ਮੈਨੂੰ ਨਹੀਂ ਪਤਾ ਸੀ ਕਿ ਇਹ ਕਿਵੇਂ ਹੋਵੇਗਾ ਕਿਉਂਕਿ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਕੋਰਟ ਰੂਮ ਗਈ ਸੀ।

ਮੇਰੇ ਲਈ ਇਹ ਸਭ ਤੋਂ ਭਿਆਨਕ ਤਜ਼ਰਬਾ ਸੀ। ਇਸ ਵੇਲੇ ਮੇਰਾ ਬੇਟਾ 16 ਸਾਲ ਦਾ ਹੋ ਗਿਆ ਸੀ ਅਤੇ ਦੋਸ਼ੀਆਂ, ਅਪਰਾਧੀਆਂ ਅਤੇ ਮੁਲਜ਼ਮਾਂ ਨਾਲ ਭਰੀ ਅਦਾਲਤ ਵਿੱਚ ਉਸ ਨੂੰ ਕਟਿਹੜੇ ''ਚ ਖੜ੍ਹਾ ਹੋਣਾ ਪਿਆ।

ਜਦੋਂ ਮੇਰਾ ਬੇਟਾ ਕੋਰਟ ਰੂਮ ਅੰਦਰ ਸੀ, ਮੈਨੂੰ ਬਾਹਰ ਰਹਿਣ ਲਈ ਕਿਹਾ ਗਿਆ ਕਿਉਂਕਿ ਜੱਜ ਸਾਬ੍ਹ ਨੂੰ ਇਹ ਲਗਦਾ ਸੀ ਕਿ ਮਾਂ ਦੀ ਮੌਜੂਦਗੀ ਨਾਲ ਬੱਚੇ ਦੇ ਜਵਾਬ ਪ੍ਰਭਾਵਿਤ ਹੋਣਗੇ।

ਕੋਰਟ ਰੂਮ ਦੇ ਬਾਹਰ ਖੜ੍ਹੇ ਹੋ ਕੇ ਮੈਂ ਅੰਦਰ ਝਾਕਣ ਦੀ ਕੋਸ਼ਿਸ਼ ਕਰ ਰਹੀ ਸੀ। ਅੰਦਰ ਕੀ ਹੋ ਰਿਹਾ ਸੀ, ਮੈਨੂੰ ਬਹੁਤਾ ਕੁਝ ਨਹੀਂ ਸੁਣਾਈ ਦੇ ਰਿਹਾ ਸੀ ਪਰ ਮੈਂ ਆਪਣੇ ਬੇਟੇ ਨੂੰ ਅੰਦਰ ਸ਼ਾਂਤ ਅਤੇ ਸਹਿਜਤਾ ਨਾਲ ਖੜ੍ਹੇ ਦੇਖਿਆ।

ਮੈਂ ਆਪਣੇ ਬੇਟੇ ਦੇ ਇਸ ਚਿਹਰੇ ਨੂੰ ਕਦੇ ਨਹੀਂ ਭੁੱਲ ਸਕਦੀ। ਉਹ ਡਰਿਆ ਹੋਇਆ ਸੀ ਤਾਂ ਨਹੀਂ ਸੀ ਪਰ ਉਸ ਦੇ ਚਿਹਰੇ ''ਤੇ ਦਰਦ ਸੀ।

ਮੈਨੂੰ ਇਸ ਗੱਲ ਦੀ ਵੀ ਜਾਣਕਾਰੀ ਨਹੀਂ ਸੀ ਕਿ ਅਸੀਂ ਬੰਦ ਕਮਰੇ ਵਿੱਚ ਸੁਣਵਾਈ ਲਈ ਅਪੀਲ ਕਰ ਸਕਦੇ ਸੀ ਪਰ ਮੇਰੇ ਵਕੀਲ ਨੇ ਇਸ ਬਾਰੇ ਮੈਨੂੰ ਨਹੀਂ ਦੱਸਿਆ ਸੀ।

ਦੋ ਘੰਟੇ ਤੱਕ ਮੇਰੇ ਬੇਟੇ ਕੋਲੋਂ ਪੁੱਛਗਿੱਛ ਕੀਤੀ ਗਈ ਅਤੇ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਉਸ ਨੂੰ ਅਸਹਿਜ ਕਰਨ ਵਾਲੇ ਕਈ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ।

ਮੈਂ ਆਪਣੇ ਹੰਝੂਆਂ ਨੂੰ ਨਹੀਂ ਰੋਕ ਸਕੀ ਅਤੇ ਪਹਿਲੀ ਵਾਰ ਮੈਂ ਸਾਰਿਆਂ ਦੇ ਸਾਹਮਣੇ ਬੁਰੀ ਤਰ੍ਹਾਂ ਰੋਈ। ਮੈਂ ਆਪਣੇ ਬੇਟੇ ਨੂੰ ਗਲੇ ਲਗਾ ਲਿਆ ਅਤੇ ਉਸ ਨੂੰ ਕਿਹਾ ਕਿ ਮੈਂ ਹੁਣ ਹੋਰ ਨਹੀਂ ਲੜਨਾ ਚਾਹੁੰਦੀ ਜੇਕਰ ਉਸ ਨੂੰ ਇਹੀ ਸਭ ਝੱਲਣਾ ਹੈ ਤਾਂ।

ਮੇਰੇ ਬੇਟੇ ਨੇ ਮੈਨੂੰ ਗਲੇ ਲਗਾਉਂਦਿਆਂ ਹੋਇਆ ਕਿਹਾ, "ਤੁਸੀਂ ਫਾਇਟਰ ਹੋ, ਬਿਨਾਂ ਲੜੇ ਤੁਸੀਂ ਕਿਵੇਂ ਹਾਰ ਮੰਨ ਸਕਦੇ ਹੋ? ਕੀ ਅਸੀਂ ਇੰਨੀ ਦੂਰ ਤੱਕ ਲੜਾਈ ਵਿਚਾਲੇ ਛੱਡਣ ਲਈ ਲੈ ਕੇ ਆਏ ਸਨ?"

ਮੈਨੂੰ ਮੇਰੀ ਮਾਂ ਦੀ ਯਾਦ ਆ ਗਈ, ਜੋ ਮੈਨੂੰ ਹਮੇਸ਼ਾ ਕਿਹਾ ਕਰਦੀ ਸੀ, "ਮਜ਼ਬੂਤ ਮਾਵਾਂ ਹੀ ਮਜ਼ਬੂਤ ਪਰਿਵਾਰ ਬਣਾਉਂਦੀਆਂ ਹਨ।"

ਕਮਜ਼ੋਰ ਮਾਂ ਬਣਨਾ ਕੋਈ ਬਦਲ ਨਹੀਂ ਸੀ। ਮੈਨੂੰ ਖ਼ੁਦ ਨੂੰ ਹਿੰਮਤ ਦੇਣੀ ਪੈਂਦੀ ਅਤੇ ਲੜਾਈ ਲੜਨ ਲਈ ਫਿਰ ਤੋਂ ਖੜ੍ਹਾ ਹੋਣਾ ਪੈਂਦਾ।

ਹੁਣ ਮੇਰੀ ਵਾਰੀ ਸੀ। ਮੈਨੂੰ ਬਚਾਅ ਪੱਖ ਦੇ ਵਕੀਲ ਦੇ ਸਵਾਲਾਂ ਦੇ ਜਵਾਬ ਦੇਣਾ ਸੀ। ਮੈਨੂੰ ਵੀ ਕੁਝ ਅਜਿਹੇ ਸਵਾਲਾਂ ''ਚੋਂ ਲੰਘਣਾ ਪਿਆ, ਜਿਨ੍ਹਾਂ ਨੇ ਮੈਨੂੰ ਗੁੱਸੇ ਨਾਲ ਭਰ ਦਿੱਤਾ।

ਪਰ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਮੇਰੇ ਬੇਟੇ ਨੇ ਮੇਰੇ ਵੱਲ ਦੇਖਿਆ ਅਤੇ ਇੱਕ ਮੁਸਕਾਨ ਦੇ ਨਾਲ ਮੈਨੂੰ ਗੁੱਡ-ਲੱਕ ਦਾ ਇਸ਼ਾਰਾ ਕੀਤਾ।

ਬਚਾਅ ਪੱਖ ਦੇ ਵਕੀਲ ਇਹ ਮਾਮਲਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਕਿਉਂਕਿ ਮੇਰਾ ਬੇਟਾ ਪਹਿਲੀ ਵਾਰ ਆਪਣੀ ਮਾਂ ਤੋਂ ਦੂਰ ਸੀ ਇਸ ਲਈ ਉਸ ਨੇ ਘਰ ਵਾਪਸ ਜਾਣ ਲਈ ਝੂਠੀ ਕਹਾਣੀ ਬਣਾਈ। ਉਨ੍ਹਾਂ ਨੇ ਮੇਰੇ ਬੇਟੇ ਕੋਲੋਂ ਵੀ ਇਹੀ ਸਵਾਲ ਪੁੱਛਿਆ ਸੀ।

ਪਰ ਉਸ ਨੇ ਬੇਹੱਦ ਆਰਾਮ ਨਾਲ ਜਵਾਬ ਦਿੱਤਾ, "13 ਸਾਲ ਦੀ ਉਮਰ ਤੋਂ ਵਧੇਰੇ ਬੱਚੇ ''ਜਿਣਸੀ ਸ਼ੋਸ਼ਣ'' ਸ਼ਬਦ ਤੋਂ ਅਣਜਾਣ ਹੁੰਦੇ ਹਨ ਅਤੇ ਜੇਕਰ ਮੈਨੂੰ ਕਿਸੇ ਬਹਾਨੇ ਦੀ ਲੋੜ ਹੁੰਦੀ ਤਾਂ ਬਿਮਾਰ ਮਹਿਸੂਸ ਕਰਨ ਦਾ ਬਹਾਨਾ ਸਭ ਤੋਂ ਸੌਖਾ ਹੁੰਦਾ"

ਇੱਥੇ ਮੈਨੂੰ ਇਸ ਗੱਲ ਦਾ ਜ਼ਿਕਰ ਕਰਨਾ ਹੋਵੇਗਾ ਕਿ ਸਾਡੇ ਮਾਮਲੇ ਦੀ ਸੁਣਵਾਈ ਇੱਕ ਦਿਆਲੂ ਜੱਜ ਕਰ ਰਹੇ ਸਨ, ਜਿਨ੍ਹਾਂ ਨੇ ਨਾ ਕੇਵਲ ਧੀਰਜ ਨਾਲ ਸਾਡੀ ਗੱਲ ਸੁਣੀ ਬਲਕਿ ਕਈ ਵਾਰ ਬਚਾਅ ਪੱਖ ਦੇ ਵਕੀਲਾਂ ਦੇ ਬੁਰੇ ਸਵਾਲਾਂ ''ਤੇ ਇਤਰਾਜ਼ ਵੀ ਕੀਤਾ।

ਆਖਿਰਕਾਰ ਇਹ ਅਗਨ ਪ੍ਰੀਖਿਆ ਇਸ ਸਾਲ ਮਾਰਚ ਦੇ ਅੰਤ ਵਿੱਚ ਖ਼ਤਮ ਹੋਈ ਅਤੇ ਸਾਨੂੰ ਅਖ਼ੀਰਲੇ ਫ਼ੈਸਲੇ ਲਈ ਇੰਤਜ਼ਾਰ ਕਰਨ ਨੂੰ ਕਿਹਾ ਗਿਆ। ਹਾਲਾਂਕਿ ਮੈਨੂੰ ਪਤਾ ਸੀ ਕਿ ਮੇਰਾ ਕੇਸ ਕਮਜ਼ੋਰ ਨਹੀਂ ਹੈ ਪਰ ਮੇਰੇ ਪੱਖ ਵਿੱਚ ਫ਼ੈਸਲਾ ਆਵੇਗਾ, ਇਸ ਨੂੰ ਲੈ ਕੇ ਕੋਈ ਆਸ ਵੀ ਨਹੀਂ ਰੱਖੀ ਸੀ ਅਤੇ ਉਪਰੀ ਅਦਾਲਤ ''ਚ ਜਾਣ ਦੀ ਵੀ ਯੋਜਨਾ ਬਣਾ ਰਹੀ ਸੀ।

ਮੇਰੀਆਂ ਸਾਰੀਆਂ ਦੁਆਵਾਂ 16 ਅਗਸਤ ਨੂੰ ਕਬੂਲ ਹੋਈਆਂ। ਅਦਾਲਤ ਨੇ ਉਸ ਅਪਰਾਧੀ ਨੂੰ ਤਿੰਨ ਸਾਲ ਦੀ ਸਖ਼ਤ ਸਜ਼ਾ ਸੁਣਾਈ ਅਤੇ ਪੋਕਸੇ ਐਕਟ ਤਹਿਤ ਜ਼ੁਰਮਾਨਾ ਵੀ ਲਗਾਇਆ ਗਿਆ।

ਮੈਂ ਇਸ ਫ਼ੈਸਲੇ ਨਾਲ ਖ਼ੁਸ਼ ਹਾਂ ਪਰ ਮੈਨੂੰ ਅਫ਼ਸੋਸ ਹੈ ਕਿ ਮੈਂ ਉਨ੍ਹਾਂ ਕਈ ਬੱਚਿਆਂ ਦੀ ਮਦਦ ਨਹੀਂ ਕਰ ਸਕੀ, ਜਿਨ੍ਹਾਂ ਨੇ ਜਿਣਸੀ ਮਾੜੇ ਵਤੀਰੇ ਝੱਲੇ ਹਨ। ਉਨ੍ਹਾਂ ਲਈ ਕੋਈ ਖੜ੍ਹਾ ਨਹੀਂ ਹੋਇਆ, ਇੱਥੋਂ ਤੱਕ ਕਿ ਉਨ੍ਹਾਂ ਦੀਆਂ ਮਾਵਾਂ ਵੀ ਨਹੀਂ।

ਸ਼ਾਇਦ ਮੇਰੀ ਇਹ ਕਹਾਣੀ ਉਨ੍ਹਾਂ ਦੇ ਖ਼ਿਲਾਫ਼ ਆਵਾਜ਼ ਉਠਾਉਣ ਦੀ ਹਿੰਮਤ ਦੇ ਸਕਣ, ਉਹ ਸੋਸ਼ਣ ਅਤੇ ਅਪਰਾਧ ਦੇ ਖ਼ਿਲਾਫ਼ ਖੜ੍ਹੇ ਹੋਣ ਤਾਂ ਅਸੀਂ ਨਿਸ਼ਚਿਤ ਤੌਰ ''ਤੇ ਇਸ ਸਮਾਜ ਨੂੰ ਆਪਣੇ ਬੱਚੇ ਅਤੇ ਆਉਣ ਵਾਲੀਆਂ ਪੀੜੀਆਂ ਲਈ ਬਿਹਤਰ ਬਣਾ ਸਕਦੇ ਹਨ।

ਅੱਜ ਤੁਹਾਡੀ ਵਾਰੀ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਕੱਲ੍ਹ ਬਣਾਉਣਾ ਚਾਹੁੰਦੇ ਹੋ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=MqtqAKl2ssg

https://www.youtube.com/watch?v=OQ_pgCMV9wk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News