ਅਬੋਹਰ ਫਾਰਮ ਹਾਊਸ ਕਾਂਡ: ''''ਇੱਕ ਬੰਦਾ ਫੜਦਾ ਸੀ ਅਤੇ ਦੂਜਾ ਸਾਡੇ ਅੰਗ ਵੱਢਦਾ ਸੀ''''
Sunday, Aug 11, 2019 - 07:31 PM (IST)

ਲਗਭਗ ਸਾਢੇ ਤਿੰਨ ਸਾਲ ਪਹਿਲਾਂ ਅਬੋਹਰ ਦੇ ਰਹਿਣ ਵਾਲੇ ਭੀਮ ਟਾਂਕ ਦੇ ਹੱਥ ਪੈਰ ਵੱਢ ਦਿੱਤੇ ਗਏ ਸਨ ਅਤੇ ਉਸ ਦੇ ਸਾਥੀ ਗੁਰਜੰਟ ਸਿੰਘ ਦਾ ਸੱਜਾ ਹੱਥ ਵੱਢ ਦਿੱਤਾ ਗਿਆ ਸੀ।
11 ਦਸੰਬਰ 2015 ਨੂੰ ਇਹ ਘਟਨਾ ਅਬੋਹਰ ਦੇ ਬਾਹਰ ਬਣੇ ਰਾਮਸਰਾ ਵਿੱਚ ਇੱਕ ਫਾਰਮ ਹਾਊਸ ''ਚ ਵਪਾਰੀ ਸੀ।
ਭੀਮ ਟਾਂਕ ਦੀ ਬਾਅਦ ਵਿੱਚ ਮੌਤ ਹੋ ਗਈ ਸੀ ਜਦਕਿ ਗੁਰਜੰਟ ਸਿੰਘ ਨੂੰ ਬਚਾ ਲਿਆ ਗਿਆ ਸੀ ਅਤੇ ਉਸ ਦਾ ਕੱਟਿਆ ਹੱਥ ਵੀ ਇਲਾਜ ਦੌਰਾਨ ਜੋੜ ਦਿੱਤਾ ਗਿਆ ਸੀ।
ਇਸ ਮਾਮਲੇ ਵਿੱਚ ਅਬੋਹਰ ਦੇ ਨਾਮੀ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਸਮੇਤ 26 ਲੋਕਾਂ ਨੂੰ ਵੱਖ-ਵੱਖ ਧਾਰਾਵਾਂ ਅਧੀਨ ਨਾਮਜ਼ਦ ਕੀਤਾ ਗਿਆ ਸੀ।
ਬੀਤੀ 8 ਅਗਸਤ ਨੂੰ ਫਾਜ਼ਿਲਕਾ ਜ਼ਿਲ੍ਹਾ ਸੈਸ਼ਨ ਜੱਜ ਵੱਲੋਂ ਨਾਮਜ਼ਦ ਦੋਸ਼ੀਆਂ ਵਿੱਚੋਂ 24 ਨੂੰ ਉਮਰ ਕੈਦ ਅਤੇ ਇੱਕ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਸੀ ਜਦਕਿ ਇੱਕ ਵਿਅਕਤੀ ਨੂੰ ਦੋਸ਼ ਸਾਬਤ ਨਾ ਹੋਣ ਕਰਕੇ ਬਰੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ-
- BBC EXCLUSIVE: ਸ਼੍ਰੀਨਗਰ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਦੀ ਵੀਡੀਓ
- ਪਾਣੀ ਪ੍ਰਤੀ ਬੇਰੁਖ਼ੀ ਸਾਨੂੰ ਲੈ ਬੈਠੇਗੀ
- ਸੋਨੀਆ ਬਣੀ ਕਾਂਗਰਸ ਦੀ ਅੰਤਰਿਮ ਪ੍ਰਧਾਨ
- ਪੰਜਾਬ ''ਚ ਬਰਫ਼ ਵੇਚਣ ਵਾਲਾ ਕਿਵੇਂ ਸ਼ਰਾਬ ਦਾ ਵੱਡਾ ਕਾਰੋਬਾਰੀ ਬਣਿਆ
https://www.youtube.com/watch?v=eIQ7qWsU5dQ
ਸਾਲ 2015 ਦਾ ਇਹ ਮਾਮਲਾ ਉਸ ਸਮੇਂ ਪੰਜਾਬ ਵਿੱਚ ਬਹੁ ਚਰਚਿਤ ਮਾਮਲਾ ਰਿਹਾ ਸੀ।
ਭੀਮ ਟਾਂਕ ਦੇ ਕਤਲ ਨੂੰ ਲੈ ਕੇ ਅਬੋਹਰ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਵੀ ਧਰਨੇ ਪ੍ਰਦਰਸ਼ਨ ਕੀਤੇ ਗਏ ਸਨ।
ਅਦਾਲਤ ਵੱਲੋਂ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਬੀਬੀਸੀ ਨਿਊਜ਼ ਵੱਲੋਂ ਭੀਮ ਦੇ ਪਰਿਵਾਰ ਅਤੇ ਉਸ ਦੇ ਸਾਥੀ ਗੁਰਜੰਟ ਸਿੰਘ ਦੇ ਤੱਕ ਪਹੁੰਚ ਕਰਕੇ ਮੌਜੂਦਾ ਹਾਲਾਤ ਅਤੇ ਉਨ੍ਹਾਂ ਦਾ ਅਦਾਲਤੀ ਫ਼ੈਸਲੇ ਉੱਤੇ ਪ੍ਰਤੀਕਰਮ ਜਾਣਨ ਦੀ ਵੀ ਕੋਸ਼ਿਸ਼ ਕੀਤੀ ਗਈ।
ਭੀਮ ਟਾਂਕ ਦਾ ਘਰ ਅਬੋਹਰ ਦੇ ਸੰਤ ਨਗਰ ਵਿੱਚ ਸਥਿਤ ਹੈ। ਸਥਾਨਕ ਲੋਕਾਂ ਮੁਤਾਬਕ ਸੰਤ ਨਗਰ ਵਿੱਚ ਬਹੁਗਿਣਤੀ ਵਸੋਂ ਵਾਲਮੀਕੀ ਭਾਈਚਾਰੇ ਨਾਲ ਸਬੰਧਿਤ ਹੈ।
ਭੀਮ ਟਾਂਕ ਵੀ ਵਾਲਮੀਕੀ ਭਾਈਚਾਰੇ ਨਾਲ ਹੀ ਸਬੰਧ ਰੱਖਦਾ ਸੀ। ਮੁਹੱਲੇ ਵਿੱਚ ਦਾਖ਼ਲ ਹੁੰਦਿਆਂ ਇੱਥੋਂ ਦੇ ਵਸਨੀਕਾਂ ਦੀ ਆਰਥਿਕਤਾ ਦਾ ਅੰਦਾਜ਼ਾ ਸੌਖਿਆਂ ਹੀ ਹੋ ਜਾਂਦਾ ਹੈ।
ਸੰਤ ਨਗਰ ਦੀਆਂ ਗਲੀਆਂ ਦੀ ਹਾਲਤ ਖਸਤਾ ਹੈ। ਕਈ ਥਾਵਾਂ ਉੱਤੇ ਗਲੀਆਂ ਦੀ ਹਾਲਤ ਕੱਚੇ ਰਾਹਾਂ ਵਰਗੀ ਹੈ। ਜ਼ਿਆਦਾਤਰ ਘਰ ਛੋਟੇ-ਛੋਟੇ ਹਨ, ਕਈਆਂ ਦੀ ਹਾਲਤ ਖਸਤਾ ਹੈ ਕਈ ਅੱਧ-ਬਣੇ ਹੀ ਵਸੇਬੇ ਦਾ ਸਾਧਨ ਬਣੇ ਹੋਏ ਹਨ।
ਭੀਮ ਦਾ ਘਰ ਮੁਹੱਲੇ ਦੇ ਵਿਚਕਾਰ ਜਿਹੇ ਕਰਕੇ ਹੈ। ਘਰ ਦੀ ਹਾਲਤ ਮੁਹੱਲੇ ਦੇ ਜ਼ਿਆਦਾਤਰ ਘਰਾਂ ਨਾਲੋਂ ਚੰਗੀ ਹੈ।
ਸਾਡੇ ਉੱਥੇ ਪਹੁੰਚਣ ਦੀ ਜਾਣਕਾਰੀ ਸਥਾਨਕ ਸੰਪਰਕ ਰਾਹੀਂ ਪਰਿਵਾਰ ਨੂੰ ਪਹਿਲਾਂ ਦੀ ਦੇ ਦਿੱਤੀ ਗਈ ਸੀ। ਪੱਕੇ ਬਣੇ ਘਰ ਦਾ ਬੂਹਾ ਖੜਕਾਉਣ ਸਾਰ ਪੰਜਾਬ ਪੁਲਿਸ ਦਾ ਇੱਕ ਜਵਾਨ ਹਥਿਆਰ ਸਮੇਤ ਖੜ੍ਹਾ ਦਿਖਾਈ ਦਿੰਦਾ ਹੈ, ਇੱਕ ਵਰਦੀਧਾਰੀ ਪੁਲਿਸ ਮੁਲਾਜ਼ਮ ਚੁਬਾਰੇ ਉੱਤੇ ਖੜ੍ਹਾ ਨਜ਼ਰ ਰੱਖ ਰਿਹਾ ਹੈ।
ਆਪਣੀ ਪਛਾਣ ਦੱਸ ਕੇ ਭੀਮ ਦੇ ਘਰ ਵਿੱਚ ਦਾਖ਼ਲ ਹੁੰਦੇ ਹਾਂ। ਅੰਦਰ ਭੀਮ ਦੇ ਮਾਤਾ ਪਿਤਾ ਅਤੇ ਕੁਝ ਹੋਰ ਲੋਕ ਬੈਠੇ ਹਨ।
ਭੀਮ ਦੀ ਮਾਤਾ ਕੁਸ਼ੱਲਿਆ ਦੇਵੀ ਦੱਸਦੇ ਹਨ, "ਮੇਰੇ ਦੋ ਬੇਟੇ ਅਤੇ ਦੋ ਬੇਟੀਆਂ ਹਨ। ਭੀਮ ਸਾਰਿਆਂ ਤੋਂ ਛੋਟਾ ਸੀ। ਚਾਰ ਕੁ ਸਾਲ ਇੰਨੇ ਸ਼ਿਵ ਲਾਲਾ ਡੋਡਾ ਲਈ ਕੰਮ ਕੀਤਾ। ਜਦੋਂ ਇਸ ਦਾ ਕਤਲ ਹੋਇਆ ਤਾਂ ਇਸ ਨੂੰ ਸ਼ਿਵ ਲਾਲ ਦਾ ਕੰਮ ਛੱਡੇ ਨੂੰ ਛੇ ਮਹੀਨੇ ਹੋ ਗਏ ਸਨ।"
"ਉਸ ਨੇ ਆਪਣਾ ਢਾਬਾ ਖੋਲ੍ਹ ਲਿਆ ਸੀ। ਭੀਮ ਅਕਸਰ ਗੱਲ ਕਰਦਾ ਸੀ ਕਿ ਸ਼ਿਵ ਲਾਲ ਅਤੇ ਉਸ ਦੇ ਸਾਥੀ ਉਸ ਨੂੰ ਕੰਮ ਛੱਡਣ ਕਰਕੇ ਧਮਕੀਆਂ ਦਿੰਦੇ ਹਨ। ਉਸ ਦਾ ਉਨ੍ਹਾਂ ਨਾਲ ਦੁਬਾਰਾ ਕੰਮ ਕਰਨ ਦਾ ਇਰਾਦਾ ਨਹੀਂ ਸੀ। ਮੌਤ ਵਾਲੇ ਦਿਨ ਵੀ ਉਨ੍ਹਾਂ ਬੁਲਾਇਆ ਸੀ।"
"ਭੀਮ ਜਾਂਦਾ ਹੋਇਆ ਇਹ ਕਹਿ ਕੇ ਗਿਆ ਸੀ ਕਿ ਉਨ੍ਹਾਂ ਨਾਲ ਕੰਮ ਕਰਨ ਦਾ ਕੋਈ ਇਰਾਦਾ ਨਹੀਂ ਹੈ ਪਰ ਜੇ ਜ਼ਿਆਦਾ ਦਬਾਅ ਬਣਾਇਆ ਤਾਂ ਢਾਬਾ ਕਿਸੇ ਨੂੰ ਸੌਂਪ ਦੇਵਾਂਗਾ। ਮੈਨੂੰ ਤਾਂ ਬਾਅਦ ਵਿੱਚ ਗੁਆਂਢਣਾਂ ਨੇ ਦੱਸਿਆ ਕਿ ਭੀਮ ਨਾਲ ਤਾਂ ਆਹ ਘਟਨਾ ਵਾਪਰ ਗਈ। ਭੀਮ ਦਾ ਸੁਭਾਅ ਬਹੁਤ ਚੰਗਾ ਸੀ, ਸਾਰੇ ਮੁਹੱਲੇ ਨੂੰ ਪਤਾ ਹੈ ਇਸ ਗੱਲ ਦਾ।"
ਕੁਸ਼ੱਲਿਆ ਦੇਵੀ ਨੇ ਪੂਰੀ ਗੱਲਬਾਤ ਬੜੇ ਠਰ੍ਹੰਮੇ ਨਾਲ ਸੁਣਾਈ ਪਰ ਆਖ਼ਰੀ ਗੱਲ ਉਨ੍ਹਾਂ ਕੰਬਦੀ ਅਵਾਜ਼ ਵਿੱਚ ਕਹੀ ਹੈ।
''ਚੰਦਾ ਮੰਗ ਕੇ ਵੀ ਕੇਸ ਲੜਾਂਗੇ''
ਭੀਮ ਦੇ ਪਿਤਾ ਕਪੂਰ ਟਾਂਕ ਨੇ ਆਪਣੇ ਨਾਲ ਬੀਤੀ ਘਟਨਾ ਯਾਦ ਕਰਦਿਆਂ ਦੱਸਿਆ, "ਜਦੋਂ ਸਾਨੂੰ ਘਟਨਾ ਦਾ ਪਤਾ ਲੱਗਿਆ ਤਾਂ ਅਸੀਂ ਹਸਪਤਾਲ ਗਏ ਪਰ ਉਦੋਂ ਤੱਕ ਭੀਮ ਨੂੰ ਅੰਮ੍ਰਿਤਸਰ ਲੈ ਗਏ ਸੀ। ਸਾਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਦੇ ਹੱਥ ਪੈਰ ਕੱਟ ਦਿੱਤੇ ਗਏ ਹਨ। ਕਾਫ਼ੀ ਸਮਾਂ ਤਾਂ ਇੰਝ ਹੀ ਕਹਿੰਦੇ ਰਹੇ ਕਿ ਉਹ ਠੀਕ ਹੋ ਜਾਵੇਗਾ।"
"ਗ਼ਰੀਬ ਆਦਮੀ ਕੀ ਕਰ ਸਕਦਾ ਹੈ। ਅਸੀਂ ਘਰ ਆ ਗਏ। ਬਾਅਦ ਵਿੱਚ ਉਸ ਦੀ ਮੌਤ ਦੀ ਖ਼ਬਰ ਮਿਲੀ। ਮੁਸ਼ਕਲਾਂ ਬਹੁਤ ਆਈਆਂ। ਪਹਿਲਾਂ ਪੋਸਟਮਾਰਟਮ ਅਬੋਹਰ ਵਿੱਚ ਹੀ ਕਰਾਉਣ ਨੂੰ ਲੈ ਕੇ ਸੰਘਰਸ਼ ਕਰਨਾ ਪਿਆ। ਕੇਸ ਦਰਜ ਕਰਵਾਉਣ ਅਤੇ ਗ੍ਰਿਫ਼ਤਾਰੀਆਂ ਕਰਵਾਉਣ ਲਈ ਵੀ ਲੜਨਾ ਪਿਆ।"
"ਲੋਕਾਂ ਨੇ ਅਤੇ ਮੀਡੀਆ ਨੇ ਬਹੁਤ ਸਾਥ ਦਿੱਤਾ। ਸਾਰੀਆਂ ਪਾਰਟੀਆਂ ਸਾਡੇ ਹੱਕ ਵਿੱਚ ਆ ਗਈਆਂ ਸਨ। ਸਮਝੌਤਾ ਕਰਨ ਦੇ ਲਾਲਚ ਵੀ ਦਿੱਤੇ ਗਏ ਪਰ ਅਸੀਂ ਖ਼ੂਨ ਦਾ ਸੌਦਾ ਨਹੀਂ ਕੀਤਾ। ਮੇਰਾ ਵੱਡਾ ਬੇਟਾ ਬਰਫ਼ ਵੇਚਣ ਦਾ ਕੰਮ ਕਰਦਾ ਹੈ। ਤਿੰਨ ਚਾਰ ਮਹੀਨੇ ਕੰਮ ਚਲਦਾ ਹੈ ਬਾਕੀ ਲੋਕ ਮਦਦ ਕਰਦੇ ਹਨ। ਸਰਕਾਰ ਨੇ ਵੀ ਮਦਦ ਕੀਤੀ ਹੈ।"
ਦੋਸ਼ੀਆਂ ਨੂੰ ਸੁਣਾਈ ਸਜ਼ਾ ਉੱਤੇ ਭੀਮ ਦੇ ਮਾਪੇ ਬਹੁਤੇ ਸੰਤੁਸ਼ਟ ਨਹੀਂ ਹਨ। ਸਜ਼ਾ ਸਬੰਧੀ ਭੀਮ ਦੇ ਪਿਤਾ ਦਾ ਕਹਿਣਾ ਸੀ, "ਭੀਮ ਦੇ ਕਾਤਲ ਦੋਸ਼ੀ ਸਾਬਤ ਹੋਏ ਹਨ ਇਸ ਗੱਲ ਦੀ ਮਨ ਨੂੰ ਸੰਤੁਸ਼ਟੀ ਹੈ ਪਰ ਦੋਸ਼ੀਆਂ ਨੂੰ ਫਾਂਸੀ ਹੋਣੀ ਚਾਹੀਦੀ ਸੀ।ਅਸੀਂ ਹਾਈ ਕੋਰਟ ਵਿੱਚ ਫਾਂਸੀ ਦੀ ਸਜ਼ਾ ਲਈ ਅਪੀਲ ਕਰਾਂਗੇ। ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਜੇ ਚੰਦਾ ਮੰਗ ਕੇ ਵੀ ਕੇਸ ਲੜਨਾ ਪਿਆ ਤਾਂ ਵੀ ਅਸੀਂ ਸੰਕੋਚ ਨਹੀਂ ਕਰਾਂਗੇ।"
ਭੀਮ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਅਸੀਂ ਮੌਕੇ ਦੇ ਗਵਾਹ ਅਤੇ ਭੀਮ ਦੇ ਦੋਸਤ ਗੁਰਜੰਟ ਦੇ ਘਰ ਗਏ।
ਇਹ ਵੀ ਪੜ੍ਹੋ-
- ਕੀ ਮਾਂ ਬਣਨਾ ਔਰਤਾਂ ਨੂੰ ਕੁਸ਼ਲ ਦੌੜਾਕ ਬਣਾਉਂਦਾ ਹੈ
- ਇਹ ਔਰਤਾਂ ਮਾਹਵਾਰੀ ਦੇ ਖੂਨ ਨਾਲ ਮੂੰਹ ਕਿਉਂ ਰੰਗ ਰਹੀਆਂ ਹਨ
- ''ਕਸ਼ਮੀਰ ਮੁੱਦੇ ''ਤੇ ਪਾਕਿਸਤਾਨ ਦੇ ਨਾਲ ਹੈ ਚੀਨ''
- ਲਦਾਖ ਦੀ ਸੋਲੋ ਬੂਟੀ ਬਾਰੇ ਜਾਣੋ ਜਿਸ ਦਾ ਮੋਦੀ ਨੇ ਜ਼ਿਕਰ ਕੀਤਾ
ਗੁਰਜੰਟ ਦੇ ਘਰ ਦੇ ਬਾਹਰ ਦੋ ਕਮਾਂਡੋ ਦੇ ਜਵਾਨਾਂ ਸਮੇਤ 7-8 ਪੁਲਿਸ ਮੁਲਾਜ਼ਮ ਖੜੇ ਸਨ। ਘਰ ਦੇ ਬਾਹਰ ਖੜੀਆਂ ਪੁਲਿਸ ਦੀਆਂ ਜਿਪਸੀਆਂ ਅਤੇ ਪੁਲਿਸ ਦੀ ਨਫ਼ਰੀ ਤੋਂ ਇਹ ਆਮ ਬੰਦੇ ਦਾ ਘਰ ਬਿਲਕੁਲ ਨਹੀਂ ਜਾਪਦਾ।
''ਉਹ ਸਮਾਂ ਬਹੁਤ ਭਿਆਨਕ ਸੀ''
ਓਪਰੀ ਕਾਰ ਦੇ ਬਾਰ ਵਿੱਚ ਰੁਕਣ ਸਾਰ ਉਹ ਇੱਕਦਮ ਮੁਸਤੈਦੀ ਵਾਲੀ ਪੁਜ਼ੀਸ਼ਨ ਵਿੱਚ ਆ ਗਏ। ਘਰ ਦੇ ਬਾਹਰ ਇੱਕ ਪੁਲਿਸ ਅਧਿਕਾਰੀ ਦੇ ਨਾਲ ਸਿਵਲ ਕੱਪੜਿਆਂ ਵਿੱਚ ਇੱਕ ਆਦਮੀ ਬੈਠਾ ਸੀ। ਇਹ ਗੁਰਜੰਟ ਦਾ ਭਰਾ ਰਣਜੀਤ ਸਿੰਘ ਰਾਣਾ ਸੀ।
ਰਣਜੀਤ ਸਿੰਘ ਰਾਣਾ ਹੀ ਸਭ ਤੋਂ ਪਹਿਲਾਂ ਘਟਨਾ ਸਥਾਨ ਉੱਤੇ ਪਹੁੰਚਿਆ ਸੀ ਅਤੇ ਭੀਮ ਅਤੇ ਗੁਰਜੰਟ ਨੂੰ ਚੁੱਕ ਕੇ ਹਸਪਤਾਲ ਲੈ ਕੇ ਗਿਆ ਸੀ।
ਆਪਣੀ ਪਛਾਣ ਦੱਸਣ ਉੱਤੇ ਰਾਣਾ ਬੜੇ ਅਦਬ ਨਾਲ ਮਿਲਿਆ ਅਤੇ ਗੁਰਜੰਟ ਨਾਲ ਮਿਲਾਉਣ ਲਈ ਘਰ ਦੇ ਅੰਦਰ ਲੈ ਗਿਆ। ਗੁਰਜੰਟ ਦੇ ਗੇਟ, ਘਰ ਦੇ ਕੋਨਿਆਂ ਅਤੇ ਛੱਤ ਉੱਤੇ ਘਰ ਦੇ ਹਰ ਪਾਸੇ ਪੁਲਿਸ ਮੁਲਾਜ਼ਮ ਖੜੇ ਹਨ।
ਰਣਜੀਤ ਸਿੰਘ ਰਾਣਾ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ, "ਉਹ ਸਮਾਂ ਬਹੁਤ ਭਿਆਨਕ ਸੀ। ਅੱਜ ਵੀ ਯਾਦ ਕਰਕੇ ਡਰ ਆਉਂਦਾ ਹੈ। ਗੁਰਜੰਟ ਨੇ ਮੈਨੂੰ ਫ਼ੋਨ ਕਰਕੇ ਫਾਰਮ ਹਾਊਸ ਉੱਤੇ ਕਾਰ ਦੀ ਆਰਸੀ ਦੇਣ ਲਈ ਬੁਲਾਇਆ ਸੀ। ਜਦੋਂ ਮੈਂ ਅੰਦਰ ਗਿਆ ਤਾਂ ਭੀਮ ਦੇ ਹੱਥ ਪੈਰ ਕੱਟੇ ਪਏ ਸਨ ਅਤੇ ਮੇਰੇ ਭਰਾ ਦਾ ਹੱਥ ਉਨ੍ਹਾਂ ਕੱਟ ਦਿੱਤਾ ਸੀ।"
"ਮੇਰੇ ਨਾਲ ਮੇਰਾ ਮਾਮਾ ਵੀ ਸੀ। ਅਸੀਂ ਦੇਖ ਕੇ ਦਹਿਲ ਗਏ। ਅਸੀਂ ਬਚਾਅ ਲਈ ਰੌਲਾ ਪਾਇਆ ਤਾਂ ਦੋਸ਼ੀ ਉੱਥੋਂ ਦੌੜ ਗਏ। ਭੀਮ ਦੇ ਪੈਰ ਉਸ ਤੋਂ ਕੋਈ ਇੱਕ ਕਿੱਲਾ ਦੂਰ ਪਏ ਸਨ। ਉਨ੍ਹਾਂ ਬੜੀ ਬੇਰਹਿਮੀ ਨਾਲ ਭੀਮ ਨੂੰ ਕੋਹਿਆ ਸੀ।"
"ਅਸੀਂ ਦੋਹਾਂ ਨੂੰ ਪਹਿਲਾਂ ਅਬੋਹਰ ਅਤੇ ਫਿਰ ਅੰਮ੍ਰਿਤਸਰ ਲੈ ਗਏ। ਭੀਮ ਰਸਤੇ ਵਿੱਚ ਘਟਨਾ ਸਬੰਧੀ ਦੱਸਦਾ ਰਿਹਾ ਪਰ ਫ਼ਿਰੋਜ਼ਪੁਰ ਕੋਲ ਉਹ ਬੋਲਣਾ ਬੰਦ ਕਰ ਗਿਆ ਸੀ। ਅੰਮ੍ਰਿਤਸਰ ਜਾ ਕੇ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਗਈ ਹੈ। ਪਿਛਲੇ ਦੋ ਤਿੰਨ ਸਾਲ ਸਾਡੇ ਪਰਿਵਾਰ ਲਈ ਬਹੁਤ ਚਿੰਤਾਜਨਕ ਰਹੇ ਹਨ।"
"ਇਨਸਾਫ਼ ਲਈ ਥਾਂ-ਥਾਂ ਭਟਕੇ ਹਾਂ। ਮੈਂ ਤਾਂ ਖੇਤੀਬਾੜੀ ਕਰਨ ਵਾਲਾ ਬੰਦਾ ਸੀ ਪਰ ਮੇਰੇ ਭਰਾ ਦੀ ਤਾਂ ਲਾਈਫ਼ ਹੀ ਖ਼ਤਮ ਹੋ ਗਈ। ਇਹ ਉਦੋਂ ਐਮਏ ਕਰ ਰਿਹਾ ਸੀ ਪਰ ਹੁਣ ਸਭ ਕੁਝ ਖ਼ਤਮ ਹੋ ਗਿਆ।"
ਗੁਰਜੰਟ ਸਿੰਘ ਸਾਨੂੰ ਘਰ ਦੇ ਅੰਦਰ ਗੇਟ ਕੋਲ ਬਣੇ ਦਫ਼ਤਰ ਨੁਮਾ ਕਮਰੇ ਵਿੱਚ ਮਿਲਦਾ ਹੈ। ਗੁਰਜੰਟ ਦੇ ਸੱਜੇ ਹੱਥ ਅਤੇ ਖੱਬੀ ਕੂਹਣੀ ਉੱਤੇ ਟਾਂਕਿਆਂ ਦੇ ਨਿਸ਼ਾਨ ਸਾਫ਼ ਦਿਖਾਈ ਦਿੰਦੇ ਹਨ।
''ਸ਼ਾਇਦ ਸਾਡੀਆਂ ਲਾਸ਼ਾਂ ਵੀ ਨਾ ਮਿਲਦੀਆਂ''
ਗੁਰਜੰਟ ਨਾਲ ਗੱਲਬਾਤ ਕਰਨ ਲਈ ਜਿੱਥੇ ਵੀ ਜਾਂਦੇ ਹਾਂ, ਚਾਰ ਪੰਜ ਪੁਲਿਸ ਮੁਲਾਜ਼ਮ ਅਤੇ ਇੱਕ ਅਧਿਕਾਰੀ ਪੂਰਾ ਸਮਾਂ ਸਾਡੇ ਨਾਲ ਹੀ ਰਹਿੰਦੇ ਹਨ।
ਗੁਰਜੰਟ ਸਿੰਘ ਨੇ ਆਪਣੀ ਹੱਡਬੀਤੀ ਸਾਂਝੀ ਕਰਦਿਆਂ ਦੱਸਿਆ, "ਭੀਮ ਮੇਰਾ ਦੋਸਤ ਹੀ ਨਹੀਂ ਭਰਾ ਵੀ ਸੀ। ਅਸੀਂ ਇਕੱਠੇ ਮੁਲਾਇਮ ਲਾਲ ਡੋਡਾ ਦੇ ਫਾਰਮ ਹਾਊਸ ਗਏ ਸੀ। ਉਸ ਤੋਂ ਬਾਅਦ ਅਸੀਂ ਮੇਰੀ ਗੱਡੀ ਦੀ ਸਰਵਿਸ ਕਰਵਾਉਣ ਜਾਣਾ ਸੀ। ਜਦੋਂ ਅਸੀਂ ਗਏ ਤਾਂ ਉਨ੍ਹਾਂ ਸਾਨੂੰ ਗੱਡੀ ਅੰਦਰ ਲਾਉਣ ਦਾ ਇਸ਼ਾਰਾ ਕੀਤਾ।"
"ਅਸੀਂ ਜਿਵੇਂ ਹੀ ਗੱਡੀ ਅੰਦਰ ਲਾ ਕੇ ਬਾਹਰ ਨਿਕਲੇ ਤਾਂ ਉਨ੍ਹਾਂ ਵੱਡਾ ਗੇਟ ਬੰਦ ਕਰ ਲਿਆ। ਛੋਟੇ ਗੇਟ ਵਿੱਚੋਂ 10-12 ਮੁੰਡੇ ਬਾਹਰੋਂ ਭੱਜ ਕੇ ਆਏ ਅਤੇ ਇੰਨੇ ਕੁ ਹੀ ਅੰਦਰੋਂ ਸਰਵੈਂਟ ਕਵਾਰਟਰਾਂ ਵਾਲੇ ਪਾਸਿਉਂ ਆ ਪਏ। ਸਾਰਿਆਂ ਕੋਲ ਤੇਜ਼ਧਾਰ ਹਥਿਆਰ ਸਨ। ਉਨ੍ਹਾਂ ਆਉਣ ਸਾਰ ਸਾਡੇ ਸੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।"
"ਇਸ ਤੋਂ ਬਾਅਦ ਇਨ੍ਹਾਂ ਸਾਡੇ ਅੰਗ ਵੱਢਣੇ ਸ਼ੁਰੂ ਕੀਤੇ। ਪਹਿਲਾਂ ਉਨ੍ਹਾਂ ਭੀਮ ਦੇ ਹੱਥ ਪੈਰ ਵੱਢੇ। ਇੱਕ ਬੰਦਾ ਫੜਦਾ ਸੀ ਅਤੇ ਦੂਜਾ ਵੱਢਦਾ ਸੀ। ਫਿਰ ਇਨ੍ਹਾਂ ਮੇਰੇ ਅੰਗ ਵੱਢਣੇ ਸ਼ੁਰੂ ਕੀਤੇ। ਮੇਰਾ ਹਾਲੇ ਹੱਥ ਹੀ ਵੱਢਿਆ ਸੀ ਕਿ ਮੇਰਾ ਭਰਾ ਅਤੇ ਮਾਮਾ ਅੰਦਰ ਆ ਗਏ। ਉਨ੍ਹਾਂ ਦੇ ਰੌਲਾ ਪਾਉਣ ਕਰਕੇ ਦੋਸ਼ੀ ਦੌੜ ਗਏ। ਜੇ ਇਹ ਨਾ ਆਉਂਦੇ ਤਾਂ ਸ਼ਾਇਦ ਸਾਡੀਆਂ ਲਾਸ਼ਾਂ ਵੀ ਨਾ ਮਿਲਦੀਆਂ।"
ਗੁਰਜੰਟ ਨੇ ਅੱਗੇ ਦੱਸਿਆ, "ਹੁਣ ਅਦਾਲਤ ਨੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇੰਨੀ ਕੁ ਸੰਤੁਸ਼ਟੀ ਤਾਂ ਹੈ ਕਿ ਦੋਸ਼ੀ ਸਲਾਖ਼ਾਂ ਪਿੱਛੇ ਰਹਿਣਗੇ। ਪਰ ਇਨ੍ਹਾਂ ਨੂੰ ਫਾਂਸੀ ਹੋਣੀ ਚਾਹੀਦੀ ਸੀ। ਇਹ ਕੋਈ ਆਮ ਮਾਮਲਾ ਨਹੀਂ ਸੀ। ਇਸ ਤਰਾਂ ਤਾਂ ਜਾਨਵਰਾਂ ਨਾਲ ਵੀ ਨਹੀਂ ਕੀਤਾ ਜਾਂਦਾ।"
"ਭੀਮ ਦੀ ਜਾਨ ਚਲੀ ਗਈ। ਮੈਂ ਭਾਵੇਂ ਬਚ ਗਿਆ ਪਰ ਜ਼ਿੰਦਗੀ ਤਬਾਹ ਹੋ ਗਈ। ਇੰਨੀ ਸਕਿਉਰਿਟੀ ਵਿੱਚ 24 ਘੰਟੇ ਰਹਿਣਾ, ਤੁਸੀਂ ਆਪ ਦੇਖ ਲਓ। ਇਹ ਇੱਕ ਤਰਾਂ ਦੀ ਘਰ ਵਿੱਚ ਹੀ ਕੈਦ ਹੈ। ਜੇ ਬਾਹਰ ਜਾਂਦੇ ਹਾਂ ਤਾਂ ਘਰੇ ਕਹਿ ਕੇ ਜਾਂਦੇ ਹਾਂ ਕਿ ਜੇ ਵਾਪਸ ਨਾ ਆਏ ਤਾਂ ਰੱਬ ਦਾ ਭਾਣਾ ਮੰਨ ਲਿਓ।"
"ਮੇਰੀ ਪੜ੍ਹਾਈ ਵਿਚਾਲੇ ਰਹਿ ਗਈ। ਇੰਨੀ ਸਕਿਉਰਿਟੀ ਲੈ ਕੇ ਕਿਤੇ ਕੰਮ ਵੀ ਨਹੀਂ ਕਰ ਸਕਦਾ। ਜੇ ਦੋਸ਼ੀ ਬਾਹਰ ਆ ਗਏ ਤਾਂ ਕੁਝ ਵੀ ਹੋ ਸਕਦਾ ਹੈ। ਅਸੀਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਹਾਈ ਕੋਰਟ ਅਪੀਲ ਕਰਾਂਗੇ, ਜੇ ਲੋੜ ਪਈ ਤਾਂ ਸੁਪਰੀਮ ਕੋਰਟ ਵੀ ਜਾਵਾਂਗੇ। ਪਿੱਛੇ ਹਟਣ ਦਾ ਸਵਾਲ ਹੀ ਨਹੀਂ ਰਿਹਾ, ਹੁਣ ਤਾਂ ਜ਼ਿੰਦਗੀ ਇੱਕ ਸੰਘਰਸ਼ ਹੈ।"
ਇਸ ਕੇਸ ਵਿੱਚ ਪੀੜਤ ਧਿਰ ਦੇ ਵਕੀਲ ਸੁਰਿੰਦਰ ਪਾਲ ਸਿੰਘ ਮੁਤਾਬਕ, "ਜ਼ਿਲ੍ਹਾ ਸੈਸ਼ਨ ਅਦਾਲਤ ਨੇ 26 ਨਾਮਜ਼ਦ ਦੋਸ਼ੀਆਂ 24 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਇੱਕ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਹੈ ਜਦਕਿ ਇੱਕ ਨਾਮਜ਼ਦ ਦੋਸ਼ੀ ਨੂੰ ਬਰੀ ਕੀਤਾ ਹੈ।"
"ਅਸੀਂ ਅਦਾਲਤ ਤੋਂ ਭੀਮ ਟਾਂਕ ਦੇ ਪਰਿਵਾਰ ਲਈ ਇੱਕ ਕਰੋੜ ਰੁਪਏ ਅਤੇ ਜਖਮੀਂ ਗੁਰਜੰਟ ਸਿੰਘ ਲਈ 10 ਲੱਖ ਰੁਪਏ ਮੁਆਵਜ਼ੇ ਦੀ ਮੰਗ ਵੀ ਕੀਤੀ ਸੀ ਜੋ ਅਦਾਲਤ ਨੇ ਖ਼ਾਰਜ ਕਰ ਦਿੱਤੀ ਹੈ। ਅਸੀਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ, ਬਰੀ ਕੀਤੇ ਵਿਅਕਤੀ ਨੂੰ ਦੋਸ਼ ਮੁਕਤ ਕਰਨ ਖ਼ਿਲਾਫ਼ ਅਤੇ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਾਂਗੇ।"
ਇਹ ਵੀ ਪੜ੍ਹੋ-
- ਲਦਾਖ ਦੀ ਸੋਲੋ ਬੂਟੀ ਬਾਰੇ ਜਾਣੋ ਜਿਸ ਦਾ ਮੋਦੀ ਨੇ ਜ਼ਿਕਰ ਕੀਤਾ
- ''ਕਸ਼ਮੀਰ ਮੁੱਦੇ ''ਤੇ ਪਾਕਿਸਤਾਨ ਦੇ ਨਾਲ ਹੈ ਚੀਨ''
- ਜਦੋਂ ਸੁਸ਼ਮਾ ਨੇ ਸਾਲਵੇ ਨੂੰ ਕਿਹਾ, ਆਪਣਾ ਇੱਕ ਰੁਪਈਆ ਲੈ ਜਾਣਾ
- ਚੱਲੋ ਕਸ਼ਮੀਰ...ਜ਼ਮੀਨ ਖਰੀਦਾਂਗੇ, ਕੁੜੀਆਂ ਨਾਲ ਵਿਆਹ ਕਰਾਵਾਂਗੇ... ਅੱਗੇ? -ਬਲਾਗ
ਇਹ ਵੀਡੀਓਜ਼ ਵੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=gNe7Fg6gps4
https://www.youtube.com/watch?v=GuzA3OrBinA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)