ਕਸ਼ਮੀਰ ‘ਚ ਤਣਾਅ: ‘ਮੈਂ ਵੀ ਹੁਣ ਬੰਦੂਕ ਚੁੱਕਾਂਗਾ’

Sunday, Aug 11, 2019 - 10:01 AM (IST)

ਕਸ਼ਮੀਰ ‘ਚ ਤਣਾਅ: ‘ਮੈਂ ਵੀ ਹੁਣ ਬੰਦੂਕ ਚੁੱਕਾਂਗਾ’
ਕਸ਼ਮੀਰ
Abid Bhat

ਭਾਰਤ ਵੱਲੋਂ ਭਾਰਤ-ਸ਼ਾਸਿਤ ਜੰਮੂ-ਕਸ਼ਮੀਰ ਨੂੰ ਖ਼ਾਸ ਰੁਤਬਾ ਪ੍ਰਦਾਨ ਕਰਨ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਮਨਸੂਖ਼ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਕਸ਼ਮੀਰੀ ਖੇਤਰ ''ਚ ਬੰਦ ਦਾ ਮਾਹੌਲ ਹੈ।

ਲਗਭਗ 70 ਸਾਲਾਂ ਤੋਂ ਭਾਰਤ-ਸ਼ਾਸਿਤ ਜੰਮੂ-ਕਸ਼ਮੀਰ ਨੂੰ ਇਹ ਖਡਾਸ ਰੁਤਬਾ ਹਾਸਿਲ ਸੀ।

ਬੀਬੀਸੀ ਦੀ ਪੱਤਰਕਾਰ ਗੀਤਾ ਪਾਂਡੇ ਵੱਲੋਂ ਦੋ ਦਿਨਾਂ ਲਈ ਇਸ ਖੇਤਰ ਦਾ ਦੌਰਾ ਕੀਤਾ ਗਿਆ ਤਾਂ ਜੋ ਸਾਰੀ ਸਥਿਤੀ ਨੂੰ ਨਜ਼ਦੀਕ ਤੋਂ ਦੇਖਿਆ ਜਾ ਸਕੇ।

ਆਪਣੀ ਇਸ ਫੇਰੀ ਦੌਰਾਨ ਉਨ੍ਹਾਂ ਨੂੰ ਕਈ ਖੱਟੇ-ਮਿੱਠੇ ਤਜ਼ਰਬੇ ਮਿਲੇ।

ਸ਼੍ਰੀਨਗਰ ਸ਼ਹਿਰ ਦੇ ਕੇਂਦਰ ''ਚ ਪੈਂਦੇ ਖਨਿਆਰ ''ਚ ਭਾਰਤ ਵਿਰੋਧੀ ਵਿਚਾਰਧਾਰਾ ਦੇ ਲੋਕ ਰਹਿੰਦੇ ਹਨ। 24 ਘੰਟਿਆਂ ਦੇ ਲੱਗੇ ਕਰਫਿਊ ਦੌਰਾਨ ਇਸ ਖੇਤਰ ਤੱਕ ਪਹੁੰਚਣ ਲਈ ਸਾਨੂੰ ਕਈ ਸੜਕੀ ਨਾਕਿਆਂ ਨੂੰ ਪਾਰ ਕਰਨਾ ਪਿਆ।

ਜਿਵੇਂ ਹੀ ਅਸੀਂ ਇੱਕ ਨਾਕੇ ਨੂੰ ਪਾਰ ਕਰ ਰਹੇ ਸਾਂ, ਮੈਂ ਆਪਣੀ ਕਾਰ ਤੋਂ ਬਾਹਰ ਆ ਗਈ ਤਾਂ ਜੋ ਕੁੱਝ ਫੋਟੋਆਂ ਖਿੱਚ ਸਕਾਂ।

''ਤੁਸੀਂ ਸਾਨੂੰ ਦਿਨ ਹੋਵੇ ਜਾਂ ਰਾਤ ਹਰ ਸਮੇਂ ਬੰਦ ਕਰ ਦਿੰਦੇ ਹੋ''

ਉੱਥੇ ਇੱਕ ਪਾਸੇ ਕੁਝ ਲੋਕਾਂ ਦਾ ਇਕੱਠ ਇਸ ਸਾਰੀ ਸਥਿਤੀ ਭਾਵ ਘੇਰਾਬੰਦੀ ਦੌਰਾਨ ਖੁਦ ਨੂੰ ਬੰਨ੍ਹਿਆ ਮਹਿਸੂਸ ਕਰਨ ਦੀ ਸ਼ਿਕਾਇਤ ਕਰਦਾ ਹੈ। ਉਨ੍ਹਾਂ ਦੇ ਹੀ ਸਮੂਹ ''ਚੋਂ ਇੱਕ ਬਜ਼ੁਰਗ ਨੇ ਕਿਹਾ ਕਿ ਇਹ ਸਰਕਾਰ ਵੱਲੋਂ ਇੱਕ ਬਹੁਤ ਵੱਡੀ ਠੱਗੀ ਹੈ।

ਇਹ ਵੀ ਪੜ੍ਹੋ-

https://www.youtube.com/watch?v=prWc8-QRtc4

ਨੀਮ ਫੌਜੀ ਪੁਲਿਸ ਸਾਨੂੰ ਉਨ੍ਹਾਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਵਿਅਕਤੀ ਦੀ ਆਵਾਜ਼ ਸਾਨੂੰ ਸੁਣਾਈ ਦਿੰਦੀ ਹੈ।

ਉਹ ਕਹਿ ਰਿਹਾ ਸੀ, "ਤੁਸੀਂ ਸਾਨੂੰ ਦਿਨ ਹੋਵੇ ਜਾਂ ਰਾਤ ਹਰ ਸਮੇਂ ਬੰਦ ਕਰ ਦਿੰਦੇ ਹੋ।"

ਪੁਲਿਸ ਮੁਲਾਜ਼ਮ ਨੇ ਕਿਹਾ ਕਿ ਇੱਥੇ ਕਰਫਿਊ ਲੱਗਿਆ ਹੋਇਆ ਹੈ ਅਤੇ ਇੰਨ੍ਹਾਂ ਨੂੰ ਤੁਰੰਤ ਆਪਣੇ ਘਰਾਂ ਅੰਦਰ ਜਾਣਾ ਪਵੇਗਾ। ਉਹ ਬਜ਼ੁਰਗ ਵਿਅਕਤੀ ਟਸ ਤੋਂ ਮਸ ਨਾ ਹੋਇਆ ਅਤੇ ਉਸ ਨੇ ਫਿਰ ਪੁਲਿਸ ਨੂੰ ਵੰਗਾਰਿਆ।

ਉਸ ਸਮੇਂ ਮੈਂ ਵੀ ਅੱਗੇ ਵੱਧਣ ਲਈ ਕਿਹਾ। ਪਰ ਇਸ ਤੋਂ ਪਹਿਲਾਂ ਕਿ ਅਸੀਂ ਉਸ ਜਗ੍ਹਾ ਤੋਂ ਅਗਾਂਹ ਵੱਧਦੇ ਇੱਕ ਨੌਜਵਾਨ ਆਪਣੇ ਛੋਟੇ ਜਿਹੇ ਬੱਚੇ ਨਾਲ ਆਉਂਦਾ ਦਿਸਿਆ। ਉਸ ਨੇ ਮੈਨੂੰ ਕਿਹਾ ਕਿ ਉਹ ਭਾਰਤ ਨਾਲ ਲੜਨ ਲਈ ਬੰਦੂਕ ਵੀ ਚੁੱਕਣ ਨੂੰ ਤਿਆਰ ਹੈ।

"ਇਹ ਮੇਰਾ ਪੁੱਤਰ ਹੈ ਅਤੇ ਅਜੇ ਇਸ ਦੀ ਉਮਰ ਬਹੁਤ ਛੋਟੀ ਹੈ। ਪਰ ਮੈਂ ਇਸ ਨੂੰ ਵੀ ਬੰਦੂਕ ਚੁੱਕਣ ਦੀ ਸਿਖਲਾਈ ਦੇਵਾਂਗਾ।"

ਸ਼੍ਰੀਨਗਰ ''ਚ 5 ਅਗਸਤ ਤੋਂ ਹੀ ਬੰਦ ਦਾ ਐਲਾਨ

ਉਹ ਵਿਅਕਤੀ ਬਹੁਤ ਗੁੱਸੇ ''ਚ ਸੀ ਅਤੇ ਉਸ ਨੂੰ ਇਹ ਵੀ ਡਰ ਨਹੀਂ ਸੀ ਕਿ ਉਹ ਸਾਡੇ ਲਾਗੇ ਖੜ੍ਹੀ ਪੁਲਿਸ ਦੇ ਸਾਹਮਣੇ ਹੀ ਅਜਿਹਾ ਕਹਿ ਰਿਹਾ ਸੀ।

ਮੁਸਲਿਮ ਬਹੁਗਿਣਤੀ ਕਸ਼ਮੀਰ ਵਾਦੀ ਨੂੰ ਪਾਰ ਕਰਕੇ ਮੈਂ ਉਨ੍ਹਾਂ ਵਿਅਕਤੀਆਂ ਨੂੰ ਮਿਲੀ ਜਿੰਨ੍ਹਾਂ ਦਾ ਕਹਿਣਾ ਸੀ ਕਿ ਉਹ ਹੁਣ ਸੁਰੱਖਿਆ ਬਲਾਂ ਦੇ ਡਰ ਦੇ ਸਾਏ ਹੇਠ ਜ਼ਿੰਦਗੀ ਨਹੀਂ ਕੱਟ ਸਕਦੇ ਹਨ।

https://www.youtube.com/watch?v=YVTg2UjMlCo

ਪਿਛਲੇ 30 ਸਾਲਾਂ ਤੋਂ ਇਸ ਖੇਤਰ ''ਚ ਵਿਦਰੋਹ ਰੂਪੀ ਸੱਪ ਨੇ ਆਪਣਾ ਫਨ ਫੈਲਾਇਆ ਹੈ।

ਉਨ੍ਹਾਂ ਕਿਹਾ ਕਿ ਕਸ਼ਮੀਰ ਅਤੇ ਭਾਰਤ ਲਈ ਇਹ ਚਿੰਤਾ ਦੀ ਸਥਿਤੀ ਹੈ ਜਿਸ ਦੇ ਗੰਭੀਰ ਨਤੀਜੇ ਭਵਿੱਖ ''ਚ ਨਿਕਲਣਗੇ।

ਮੈਂ ਜਿੱਥੇ ਵੀ ਜਾ ਰਹੀ ਸੀ, ਹਰ ਪਾਸੇ ਗੁੱਸੇ ਨਾਲ ਭਰੇ ਲੋਕ ਆਪਣੀਆਂ ਭਾਵਨਾਵਾਂ ਨੂੰ ਉਜਾਗਰ ਕਰ ਰਹੇ ਸਨ।

ਉਨ੍ਹਾਂ ਦੇ ਮਨਾਂ ''ਚ ਡਰ ਅਤੇ ਚਿੰਤਾ ਨੇ ਵਾਸ ਕੀਤਾ ਹੋਇਆ ਸੀ। ਇਸ ਦੇ ਨਾਲ ਹੀ ਉਹ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦੇ ਵਿਰੋਧ ''ਚ ਵਿਖਾਈ ਦੇ ਰਹੇ ਸਨ।

ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ''ਚ 5 ਅਗਸਤ ਤੋਂ ਹੀ ਬੰਦ ਦਾ ਐਲਾਨ ਕੀਤਾ ਗਿਆ।

ਹਰ ਪਾਸੇ ਖਾਲੀ ਮਾਹੌਲ ਅੱਖਾਂ ''ਚ ਰੜਕ ਰਿਹਾ ਸੀ। ਸਕੂਲ, ਕਾਲਜ, ਦੁਕਾਨਾਂ, ਦਫ਼ਤਰ ਸਭ ਕੁਝ ਬੰਦ ਪਏ ਹਨ ਅਤੇ ਇੱਥੋਂ ਤੱਕ ਕਿ ਸੜਕਾਂ ''ਤੇ ਜਨਤਕ ਆਵਾਜਾਈ ਦੀ ਵੀ ਰੌਣਕ ਨਹੀਂ ਸੀ।

https://www.youtube.com/watch?v=yMV7NVxQCrg

ਹਜ਼ਾਰਾਂ ਬੰਦੂਕਧਾਰੀ ਸੈਨਿਕ ਸੁੰਨਸਾਨ ਸੜਕਾਂ ''ਤੇ ਗਸ਼ਤ ''ਤੇ ਸਨ ਅਤੇ ਥਾਂ-ਥਾਂ ''ਤੇ ਨਾਕੇ ਵੀ ਲਗਾਏ ਗਏ ਸਨ। ਸਥਾਨਕਵਾਸੀ ਤਾਂ ਆਪਣੇ ਹੀ ਘਰਾਂ ''ਚ ਨਜ਼ਰਬੰਦ ਹੋ ਗਏ ਸਨ।

''ਕਸ਼ਮੀਰ ਹੁਣ ਇੱਕ ਜੇਲ੍ਹ ਵਾਂਗ ਹੈ, ਇੱਕ ਖੁਲ੍ਹੀ ਜੇਲ੍ਹ''

ਤਕਰੀਬਨ ਇੱਕ ਹਫ਼ਤਾ ਪਹਿਲਾਂ ਸੂਬੇ ਦੇ ਦੋ ਸਾਬਕਾ ਮੁੱਖ ਮੰਤਰੀਆਂ ਨੂੰ ਨਜ਼ਰਬੰਦ ਕੀਤਾ ਗਿਆ ਜਦਕਿ ਤੀਜੇ ਨੂੰ ਜੋ ਕਿ ਮੌਜੂਦਾ ਸਮੇਂ ਰਾਜ ਦੇ ਸੰਸਦ ਮੈਂਬਰ ਹਨ ਉਨ੍ਹਾਂ ਨੂੰ ਘਰ ''ਚ ਹੀ ਨਜ਼ਰਬੰਦ ਕਰ ਦਿੱਤਾ ਗਿਆ।

ਕਾਰਕੁੰਨਾਂ, ਕਾਰੋਬਾਰੀ ਆਗੂਆਂ ਅਤੇ ਪ੍ਰੋਫੈਸਰਾਂ ਸਮੇਤ ਸੈਂਕੜੇ ਹੀ ਹੋਰਨਾਂ ਲੋਕਾਂ ਨੂੰ ਵੀ ਹਿਰਾਸਤ ''ਚ ਲਿਆ ਗਿਆ ਹੈ ਅਤੇ ਅਸਥਾਈ ਜੇਲ੍ਹਾਂ ''ਚ ਭੇਜ ਦਿੱਤਾ ਗਿਆ ਹੈ।

ਰਿਜ਼ਵਾਨ ਮਲਿਕ ਨੇ ਕਿਹਾ, "ਕਸ਼ਮੀਰ ਹੁਣ ਇੱਕ ਜੇਲ੍ਹ ਵਾਂਗ ਹੈ, ਇੱਕ ਖੁਲ੍ਹੀ ਜੇਲ੍ਹ।"

ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਸ਼ਮੀਰ ''ਤੇ ਆਪਣੀਆਂ ਯੋਜਨਾਵਾਂ ਸੰਸਦ ''ਚ ਰੱਖਣ ਤੋਂ 48 ਘੰਟਿਆਂ ਤੋਂ ਵੀ ਘੱਟ ਸਮੇਂ ''ਚ ਰਿਜ਼ਵਾਨ ਦਿੱਲੀ ਤੋਂ ਸ਼੍ਰੀਨਗਰ ਲਈ ਰਵਾਨਾ ਹੋ ਗਏ।

ਰਿਜ਼ਵਾਨ ਮਲਿਕ
Abid Bhat
ਰਿਜ਼ਵਾਨ ਦਿੱਲੀ ਵਿੱਚ ਅਕਾਊਂਟੈਂਟ ਦੀ ਪੜ੍ਹਾਈ ਕਰ ਰਹੇ ਸਨ

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਆਪਣੇ ਮਾਪਿਆਂ ਨਾਲ ਆਖ਼ਰੀ ਗੱਲਬਾਤ ਐਤਵਾਰ ਰਾਤ, 4 ਅਗਸਤ ਨੂੰ ਹੋਈ ਸੀ।

ਉਸ ਤੋਂ ਬਾਅਦ ਕਸ਼ਮੀਰ ''ਚ ਸੰਚਾਰ ਦੇ ਸਾਰੇ ਮਾਧਿਅਮ ਠੱਪ ਕਰ ਦਿੱਤੇ ਗਏ, ਇੱਥੋਂ ਤੱਕ ਕਿ ਇੰਟਰਨੈੱਟ ''ਤੇ ਵੀ ਰੋਕ ਲਗਾ ਦਿੱਤੀ ਗਈ। ਇਸ ਕਰਕੇ ਪੂਰੀ ਤਰ੍ਹਾਂ ਨਾਲ ਸੰਪਰਕ ਰੁਕ ਗਿਆ।

ਉਨ੍ਹਾਂ ਨੇ ਕਿਹਾ, "ਮੈਨੂੰ ਮੇਰੇ ਮਾਪਿਆਂ ਦੀ ਸਲਾਮਤੀ ਬਾਰੇ ਪਤਾ ਨਹੀਂ ਲੱਗ ਰਿਹਾ ਸੀ, ਇਸ ਲਈ ਮੈਂ ਵਾਪਸ ਘਰ ਜਾਣ ਦਾ ਫ਼ੈਸਲਾ ਕੀਤਾ।"

ਰਿਜ਼ਵਾਨ ਨੇ ਅੱਗੇ ਕਿਹਾ, "ਮੇਰੀ ਜ਼ਿੰਦਗੀ ''ਚ ਇਹ ਪਹਿਲੀ ਵਾਰ ਸੀ ਕਿ ਸਾਡਾ ਇੱਕ-ਦੂਜੇ ਨਾਲ ਸੰਪਰਕ ਨਹੀਂ ਸੀ ਹੋ ਰਿਹਾ। ਇਸ ਤੋਂ ਪਹਿਲਾਂ ਕਦੇ ਵੀ ਮੈਂ ਅਜਿਹੇ ਹਾਲਾਤ ''ਚ ਨਹੀਂ ਸੀ ਫਸਿਆ।"

''ਫ਼ੈਸਲਾ ਕਿਸੇ ਵੀ ਕਸ਼ਮੀਰੀ ਨੂੰ ਮਨਜ਼ੂਰ ਨਹੀਂ ਹੈ''

ਰਿਜ਼ਵਾਨ ਮਲਿਕ ਭਾਰਤ ਸਰਕਾਰ ਵੱਲੋਂ ਧਾਰਾ 370 ਨੂੰ ਖ਼ਤਮ ਕੀਤੇ ਜਾਣ ਦੇ ਫ਼ੈਸਲੇ ਤੋਂ ਨਾਰਾਜ਼ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸੂਬਾ ਵਾਸੀਆਂ ਨਾਲ ਸਲਾਹ ਮਸ਼ਵਰਾ ਕੀਤੇ ਬਿਨ੍ਹਾਂ ਹੀ ਇਹ ਫ਼ੈਸਲਾ ਉਨ੍ਹਾਂ ''ਤੇ ਥੋਪਿਆ ਗਿਆ ਹੈ।

ਰਿਜ਼ਵਾਨ ਵੱਖਵਾਦ ''ਚ ਵਿਸ਼ਵਾਸ ਨਹੀਂ ਰੱਖਦੇ ਅਤੇ ਨਾ ਉਹ ਪੱਥਰਬਾਜ਼ੀ ਜਾਂ ਵਿਰੋਧ ਕਰਨ ਵਾਲੇ ਸ਼ਖ਼ਸ ਹਨ।

ਇਹ ਵੀ ਪੜ੍ਹੋ-

ਕਸ਼ਮੀਰ
Abid Bhat
ਸ੍ਰੀਨਗਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਤਾਇਨਾਤ

ਉਹ ਤਾਂ 25 ਸਾਲਾਂ ਦਾ ਇੱਕ ਨੌਜਵਾਨ ਹੈ, ਜੋ ਕਿ ਦਿੱਲੀ ''ਚ ਅਕਾਉਂਟੈਂਟ ਦੀ ਪੜ੍ਹਾਈ ਕਰਨ ਲਈ ਆਇਆ ਹੈ।

ਉਸ ਦਾ ਕਹਿਣਾ ਹੈ ਕਿ ਉਹ ਭਾਰਤ ਦੀ ਵਿਚਾਰਧਾਰਾ ''ਚ ਵਿਸ਼ਵਾਸ ਰੱਖਦੇ ਹਨ ਕਿਉਂਕਿ ਉਹ ਇਸ ਦੀ ਆਰਥਿਕ ਸਫ਼ਲਤਾ ਦੀ ਮੁਰੀਦ ਹੈ।

ਉਸ ਨੇ ਕਿਹਾ, "ਜੇਕਰ ਭਾਰਤ ਚਾਹੁੰਦਾ ਹੈ ਕਿ ਅਸੀਂ ਇਹ ਮੰਨ ਲਈਏ ਕਿ ਇਹ ਲੋਕਤੰਤਰ ਹੈ ਤਾਂ ਅਸੀਂ ਮੂਰਖ ਹੋਵਾਂਗੇ। ਕਸ਼ਮੀਰ ਦੇ ਭਾਰਤ ਨਾਲ ਸਬੰਧ ਅਸਹਿਜ ਰਹੇ ਹਨ ਪਰ ਸਾਡਾ ਵਿਸ਼ੇਸ਼ ਰੁਤਬਾ ਹੀ ਦੋਵਾਂ ਨੂੰ ਜੋੜ ਕੇ ਰੱਖ ਰਿਹਾ ਸੀ।"

"ਇਸ ਨੂੰ ਰੱਦ ਕਰਕੇ ਭਾਰਤ ਨੇ ਸਾਡੀ ਪਛਾਣ ਹੀ ਖ਼ਤਮ ਕਰਨ ਦਾ ਯਤਨ ਕੀਤਾ ਹੈ। ਇਹ ਫ਼ੈਸਲਾ ਕਿਸੇ ਵੀ ਕਸ਼ਮੀਰੀ ਨੂੰ ਮਨਜ਼ੂਰ ਨਹੀਂ ਹੈ।"

ਮਲਿਕ ਨੇ ਭਵਿੱਖਬਾਣੀ ਕਰਦਿਆਂ ਕਿਹਾ ਕਿ ਜਦੋਂ ਇਹ ਸਾਰੀ ਘੇਰਾਬੰਦੀ ਖ਼ਤਮ ਹੋ ਜਾਵੇਗੀ ਅਤੇ ਪ੍ਰਦਰਸ਼ਨਕਾਰੀ ਸੜਕਾਂ ''ਤੇ ਆਉਣਗੇ ਤਾਂ ਹਰ ਕਸ਼ਮੀਰੀ ਉਸ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਬਣੇਗਾ।

ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ''ਚ ਹਰ ਪਰਿਵਾਰ ਦਾ ਇੱਕ ਪੁੱਤਰ ਵੱਖਵਾਦੀ ਹੈ ਤਾਂ ਦੂਜਾ ਭਾਰਤ ਦੀ ਮੁੱਖ ਧਾਰਾ ਨਾਲ ਖੜ੍ਹਾ ਹੁੰਦਾ ਹੈ।

https://www.youtube.com/watch?v=rlIG_qlPxmg

ਹੁਣ ਭਾਰਤੀ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਉਨ੍ਹਾਂ ਦੋਵਾਂ ਨੂੰ ਇੱਕਜੁੱਟ ਕਰੇ।

ਉਸ ਦੀ 20 ਸਾਲਾ ਭੈਣ ਰੁਖਸਾਰ ਰਾਸ਼ਿਦ ਕਸ਼ਮੀਰ ਯੂਨੀਵਰਸਿਟੀ ''ਚ ਆਰਕੀਟੈਕਚਰ ਦੀ ਵਿਦਿਆਰਥਣ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਗ੍ਰਹਿ ਮੰਤਰੀ ਦਾ ਸੰਬੋਧਨ ਸੁਣਿਆ ਤਾਂ ਉਹ ਬਹੁਤ ਖੁਸ਼ ਹੋਈ ਪਰ ਦੂਜੇ ਪਾਸੇ ਬੈਠੀ ਉਸ ਦੀ ਮਾਂ ਰੋਣ ਲੱਗ ਪਈ ਸੀ।

ਸੈਲਾਨੀਆਂ ਅਮਰਨਾਥ ਦੇ ਯਾਤਰੀਆਂ ਨੂੰ ਵਾਪਸ ਜਾਣ ਲਈ ਕਿਹਾ

ਰਾਸ਼ਿਦ ਨੇ ਕਿਹਾ, "ਮਾਂ ਕਹਿ ਰਹੀ ਸੀ ਕਿ ਇਸ ਨਾਲੋਂ ਤਾਂ ਚੰਗੀ ਮੌਤ ਹੈ। ਮੈਨੂੰ ਤਣਾਅ ਕਾਰਨ ਨੀਂਦ ਨਹੀਂ ਆ ਰਹੀ। ਮੇਰੇ ਵਡੇਰੇ ਜੋ ਕਿ ਬਟਮਾਲੂ ਸ਼ਹਿਰ ''ਚ ਰਹਿੰਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਕਸ਼ਮੀਰ ਅਫ਼ਗਾਨਿਸਤਾਨ ਬਣ ਗਿਆ ਹੈ।"

ਭਾਰਤ ਪਿਛਲੇ ਲੰਮੇ ਸਮੇਂ ਤੋਂ ਕਸ਼ਮੀਰ ''ਚ ਕਿਸੇ ਵੱਡੀ ਕਾਰਵਾਈ ਦੀ ਤਿਆਰੀ ''ਚ ਲੱਗਾ ਹੋਇਆ ਸੀ।

ਪਿਛਲੇ ਮਹੀਨੇ ਦੇ ਅੰਤ ''ਚ ਕੇਂਦਰ ਸਰਕਾਰ ਨੇ ਪਹਿਲਾਂ ਐਲਾਨ ਕੀਤਾ ਕਿ ਉਹ 35 ਹਜ਼ਾਰ ਤੋਂ ਵੀ ਵਧੇਰੇ ਵਾਧੂ ਸੈਨਿਕਾਂ ਨੂੰ ਖੇਤਰ ''ਚ ਤੈਨਾਤ ਕਰ ਰਹੀ ਹੈ।

ਇਹ ਉਹ ਖੇਤਰ ਹੈ ਜਿੱਥੇ ਪਹਿਲਾਂ ਹੀ ਬਹੁਤਾਤ ਮਾਤਰਾ ''ਚ ਸੈਨਿਕ ਮੌਜੂਦ ਹਨ ਕਿਉਂਕਿ ਪ੍ਰਮਾਣੂ ਹਥਿਆਰਬੰਦ ਭਾਰਤ-ਪਾਕਿਸਤਾਨ ਵਿਚਾਲੇ ਇਹ ਖੇਤਰ ਵਿਵਾਦ ਦਾ ਕਾਰਨ ਹੈ।

ਪਿਛਲੇ ਹਫ਼ਤੇ ਅਮਰਨਾਥ ਲਈ ਸਾਲਾਨਾ ਹਿੰਦੂ ਯਾਤਰਾ ਅਚਾਨਕ ਬੰਦ ਕਰ ਦਿੱਤੀ ਗਈ ਸੀ ਕਿਉਂਕਿ ਸੰਬੰਧਿਤ ਅਧਿਕਾਰੀਆਂ ਨੂੰ ਅੱਤਵਾਦੀ ਹਮਲੇ ਦੀ ਚਿਤਾਵਨੀ ਹਾਸਿਲ ਹੋਈ ਸੀ।

ਫਿਰ ਡਲ ਝੀਲ ਦੇ ਨਾਲ ਲੱਗਦੇ ਹੋਟਲ ਅਤੇ ਘਰ ਰੂਪੀ ਕਿਸ਼ਤੀਆਂ ਨੂੰ ਵੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਅਤੇ ਸੈਲਾਨੀਆਂ ਨੂੰ ਇਥੋਂ ਵਾਪਸ ਜਾਣ ਲਈ ਕਿਹਾ ਗਿਆ।

ਕਸ਼ਮੀਰ
Abid Bhat
ਸੈਲਾਨੀਆਂ ਅਤੇ ਅਮਰਨਾਥ ਯਾਤਰੀਆਂ ਨੂੰ ਤੁਰੰਤ ਵਾਪਸ ਜਾਣ ਦੇ ਆਦੇਸ਼ ਹੋਏ ਸੀ ਜਾਰੀ

ਉਸ ਸਮੇਂ ਤੋਂ ਹੀ ਕਸ਼ਮੀਰ ''ਚ ਹਰ ਕਿਸੇ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਕੁਝ ਵੱਖਰਾ ਹੋਣ ਜਾ ਰਿਹਾ ਹੈ ਪਰ ਕਿਸੇ ਨੂੰ ਵੀ ਇਹ ਨਹੀਂ ਸੀ ਕਿ ਪਤਾ ਦਿੱਲੀ ਇਸ ਹੱਦ ਤੱਕ ਕਿਸੇ ਫ਼ੈਸਲੇ ਦਾ ਐਲਾਨ ਕਰ ਸਕਦੀ ਹੈ।

ਸੰਚਾਰ ਦੇ ਸਾਧਨਾਂ ''ਤੇ ਪਾਬੰਦੀ ਤੋਂ ਭਾਵ ਹੈ ਕਿ ਭਰੋਸੇਯੋਗ ਸੂਚਨਾ ਨੂੰ ਹਾਸਿਲ ਕਰਨਾ ਇੱਕ ਮੁਸ਼ਕਲ ਕਾਰਜ ਹੈ, ਜਿਸ ਕਰਕੇ ਇੱਕ ਤੋਂ ਦੂਜੇ ਵਿਅਕਤੀ ਤੱਕ ਕੋਈ ਵੀ ਖ਼ਬਰ ਅਗਾਂਹ ਨਾ ਵੱਧਣ ਲੱਗੇ।

ਬੰਦ ਦੇ ਆਦੇਸ਼ ਤੋਂ ਬਾਅਦ ਵੀ ਰਾਜ ''ਚ ਪ੍ਰਦਰਸ਼ਨ ਦੀਆਂ ਖ਼ਬਰਾਂ ਆਮ ਸੁਣਨ ਨੂੰ ਮਿਲ ਰਹੀਆਂ ਹਨ। ਸ਼੍ਰੀਨਗਰ ''ਚ ਸੁਰੱਖਿਆ ਬਲਾਂ ''ਤੇ ਪ੍ਰਦਰਸ਼ਨਕਾਰੀਆਂ ਵੱਲੋਂ ਪੱਥਰਬਾਜ਼ੀ ਹੋ ਰਹੀ ਹੈ।

ਅਸੀਂ ਇੱਕ ਹੋਰ ਖ਼ਬਰ ਸੁਣੀ ਕਿ ਇੱਕ ਪ੍ਰਦਰਸ਼ਨਕਾਰੀ ਡੁੱਬ ਗਿਆ। ਦਰਅਸਲ ਇੱਕ ਸੁਰੱਖਿਆ ਬਲ ਵੱਲੋਂ ਉਸ ਦਾ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਉਸ ਨੇ ਭੱਜ ਕੇ ਨਦੀ ''ਚ ਛਾਲ ਮਾਰ ਦਿੱਤੀ। ਕਈ ਲੋਕ ਜ਼ਖਮੀ ਹੋਏ, ਜੋ ਕਿ ਹਸਪਤਾਲ ''ਚ ਜ਼ੇਰੇ ਇਲਾਜ ਹਨ।

ਪਰ ਭਾਰਤ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਸ਼ਮੀਰ ''ਚ ਸਭ ਕੁਝ ਆਮ ਹੈ।

''ਕਸ਼ਮੀਰੀਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ''

ਬੁੱਧਵਾਰ ਨੂੰ ਟੀਵੀ ਚੈਨਲਾਂ ਨੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਸ਼ੌਪੀਆਂ ''ਚ ਕੁਝ ਲੋਕਾਂ ਨਾਲ ਦੁਪਿਹਰ ਦਾ ਖਾਣਾ ਖਾਂਦਿਆਂ ਵਿਖਾਇਆ।

ਦੱਸਣਯੋਗ ਹੈ ਕਿ ਸ਼ੌਪੀਆਂ ਅੱਤਵਾਦ ਦਾ ਮੁੱਖ ਗੜ੍ਹ ਮੰਨਿਆ ਜਾਣ ਵਾਲਾ ਇਲਾਕਾ ਹੈ। ਇਸ ਨਾਲ ਦੁਨੀਆਂ ਨੂੰ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇੱਥੋਂ ਦੇ ਲੋਕ ਸਰਕਾਰ ਦੇ ਫ਼ੈਸਲੇ ਤੋਂ ਖੁਸ਼ ਹਨ ਅਤੇ ਸਰਕਾਰ ਨੂੰ ਪੂਰਾ ਸਮਰਥਨ ਦੇ ਰਹੇ ਹਨ।

ਪਰ ਕਸ਼ਮੀਰੀਆਂ ਨੇ ਇਸ ਨੂੰ ਇੱਕ ਪ੍ਰਚਾਰ ਦਾ ਸਾਧਨ ਦੱਸਿਆ ਹੈ। ਰਿਜ਼ਵਾਨ ਮਲਿਕ ਨੇ ਕਿਹਾ , "ਜੇਕਰ ਲੋਕ ਖੁਸ਼ ਹਨ ਤਾਂ ਫਿਰ ਕਿਉਂ ਸੰਚਾਰ ਦੇ ਸਾਰੇ ਸਾਧਨਾਂ ''ਤੇ ਪਾਬੰਦੀ ਲਗਾਈ ਗਈ?"

ਸ਼੍ਰੀਨਗਰ ਦੇ ਹਰ ਹਿੱਸੇ ''ਚ ਇਹੋ ਸਵਾਲ ਗੂੰਜ ਰਹੇ ਹਨ।

ਜਿਵੇਂ ਹੀ ਇਸ ਖੇਤਰ ''ਚੋਂ ਨਿਕਲੀ ਤਾਂ ਸੜਕ ਕੰਢੇ ਸਮੂਹਾਂ ''ਚ ਖੜ੍ਹੇ ਲੋਕ ਅਤੇ ਸੜਕ ''ਤੇ ਚੱਲ ਰਹੇ ਵਾਹਨ ਮੇਰੇ ਨਾਲ ਗੱਲ ਕਰਨ ਲਈ ਮੈਨੂੰ ਰੋਕਦੇ ਹਨ।

ਉਨ੍ਹਾਂ ਕਿਹਾ ਕਿ ਕਸ਼ਮੀਰੀਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਇਸ ਸਮੇਂ ਗੁੱਸੇ ਨਾਲ ਭਰੇ ਪਏ ਹਨ ਅਤੇ ਨਾਲ ਹੀ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਹੁਣ ਖ਼ੂਨ-ਖਰਾਬੇ ਦੀ ਸਥਿਤੀ ਬਣ ਸਕਦੀ ਹੈ।

ਪੁਲਵਾਮਾ ''ਚ ਰਹਿੰਦੇ ਇੱਕ ਵਕੀਲ ਜ਼ਾਜਿਦ ਹੁਸੈਨ ਦਾਰ ਨੇ ਕਿਹਾ ਕਿ ਕਸ਼ਮੀਰ ਇਸ ਸਮੇਂ ਨਜ਼ਰਬੰਦ ਹੈ। ਇਕ ਵਾਰ ਸਿਆਸੀ ਆਗੂ ਅਤੇ ਵੱਖਵਾਦੀ ਹਿਰਾਸਤ ''ਚੋਂ ਆਜ਼ਾਦ ਹੋ ਜਾਣ ਤਾਂ ਫਿਰ ਵਿਰੋਧ-ਧਰਨਿਆਂ ਦਾ ਸੱਦਾ ਦਿੱਤਾ ਜਾਵੇਗਾ।

ਭਾਰਤੀ ਪ੍ਰੈਸ ''ਚ ਕਈ ਲੋਕਾਂ ਨੇ ਦੱਸਿਆ ਕਿ ਕਸ਼ਮੀਰ ''ਚ ਹੁਣ ਤੱਕ ਕਿਸੇ ਵੀ ਵੱਡੀ ਅਣਸੁਖਾਵੀਂ ਘਟਨਾ, ਪ੍ਰਦਰਸ਼ਨ ਦੀ ਖ਼ਬਰ ਨਹੀਂ ਹੈ। ਇਸ ਦਾ ਮਤਲਬ ਹੈ ਕਿ ਲੋਕਾਂ ਨੇ ਸਰਕਾਰ ਦੇ ਫ਼ੈਸਲੇ ''ਤੇ ਮੁਹਰ ਲਗਾ ਦਿੱਤੀ ਹੈ।

''ਤੂਫਾਨ ਆਉਣ ਤੋਂ ਪਹਿਲਾਂ ਦੀ ਸ਼ਾਂਤੀ''

ਪਰ ਜੋ ਕਸ਼ਮੀਰ ਮੈਂ ਵੇਖਿਆ ਉਹ ਤਾਂ ਇਸ ਤੋਂ ਵੱਖ ਸੀ। ਮੈਂ ਪਿਛਲੇ 20 ਸਾਲਾਂ ਤੋਂ ਇਸ ਖੇਤਰ ''ਚ ਭਾਰਤ ਸਰਕਾਰ ਖਿਲਾਫ਼ ਚੱਲ ਰਹੇ ਵਿਰੋਧ ਦੀ ਰਿਪੋਰਟਿੰਗ ਕਰ ਰਹੀ ਹਾਂ ਪਰ ਇਸ ਤਰ੍ਹਾਂ ਦਾ ਗੁੱਸਾ ਅਤੇ ਨਾਰਾਜ਼ਗੀ ਮੈਂ ਕਦੇ ਵੀ ਨਹੀਂ ਵੇਖੀ।

ਇੱਥੇ ਵਧੇਰੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਆਪਣੇ ਫ਼ੈਸਲੇ ਨੂੰ ਵਾਪਸ ਲਵੇ ਅਤੇ ਜੰਮੂ-ਕਸ਼ਮੀਰ ਦੇ ਖਾਸ ਰੁਤਬੇ ਨੂੰ ਮੁੜ ਬਹਾਲ ਕਰੇ। ਸਾਨੂੰ ਹੋਰ ਕੁਝ ਨਹੀਂ ਚਾਹੀਦਾ।

ਮੁਸਕਾਨ ਲਤੀਫ਼
Abid Bhat
ਮੁਸਕਾਨ ਦਾ ਕਹਿਨਾ ਹੈ ਭਾਰਤ-ਸ਼ਾਸਿਤ ਕਸ਼ਮੀਰ ਵਿਚਲੇ ਹਾਲਾਤ ਨੂੰ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ ਦੱਸਿਆ

ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਆਪਣੇ ਫ਼ੈਸਲਿਆਂ ਤੋਂ ਕਦੇ ਵੀ ਪਿੱਛੇ ਨਹੀਂ ਹਟੀ ਹੈ ਅਤੇ ਇਹ ਸਭਨਾਂ ਨੂੰ ਪਤਾ ਹੈ।

ਵਾਦੀ ਦੇ ਲੋਕਾਂ ਦੇ ਮਨਾਂ ''ਚ ਇੱਕ ਖੌਫ਼ ਹੈ ਕਿ ਵਿਰੋਧ ਕਰਨ ਵਾਲਿਆਂ ਦੀ ਆਵਾਜ਼ ਨੂੰ ਸਰਕਾਰ ਦਬਾ ਦੇਵੇਗੀ।

ਵੀਰਵਾਰ ਨੂੰ ਪੀਐਮ ਮੋਦੀ ਨੇ ਆਪਣੇ ਵਿਵਾਦਿਤ ਫ਼ੈਸਲੇ ਦੇ ਬਚਾਅ ਦੇ ਪੱਖ ''ਚ ਕਿਹਾ ਕਿ ਇਹ ਨਵੇਂ ਯੁੱਗ ਦੀ ਸ਼ੁਰੂਆਤ ਹੈ ਅਤੇ ਨਾਲ ਹੀ ਉਨ੍ਹਾਂ ਨੇ ਕਸ਼ਮੀਰ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਅਤੇ ਵਿਕਾਸ ਦਾ ਵਾਅਦਾ ਵੀ ਕੀਤਾ।

ਪਰ ਇੱਥੇ ਬਹੁਤਾਤ ''ਚ ਲੋਕ ਇਸ ਫ਼ੈਸਲੇ ਤੋਂ ਖੁਸ਼ ਨਹੀਂ ਹਨ ਅਤੇ ਇਹ ਨਾਰਾਜ਼ਗੀ ਦੀ ਸਥਿਤੀ ਕਸ਼ਮੀਰ ਅਤੇ ਭਾਰਤ ਦੋਵਾਂ ਲਈ ਸਹੀ ਨਹੀਂ ਹੈ।

ਹਾਈ ਸਕੂਲ ਦੀ ਵਿਦਿਆਰਥਣ ਮੁਸਕਾਨ ਲਤੀਫ ਨੇ ਇਸ ਸਾਰੀ ਸਥਿਤੀ ਨੂੰ ਤੂਫਾਨ ਆਉਣ ਤੋਂ ਪਹਿਲਾਂ ਦੀ ਸ਼ਾਂਤੀ ਦੱਸਿਆ ਹੈ।

ਉਸ ਨੇ ਕਿਹਾ ਕਿ ਇੰਝ ਲੱਗ ਰਿਹਾ ਹੈ ਜਿਵੇਂ ਕਿ ਸ਼ਾਂਤ ਸਮੁੰਦਰ ਹੋਵੇ ਪਰ ਸੁਨਾਮੀ ਕਿਨਾਰਿਆਂ ''ਤੇ ਆਪਣਾ ਕਹਿਰ ਵਖਾਉਣ ਵਾਲੀ ਹੈ।

ਕਸ਼ਮੀਰ ਬਾਰੇ ਸਾਡੀ ਇਹ ਵੀਡੀਓਜ਼ ਵੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=gNe7Fg6gps4

https://www.youtube.com/watch?v=GuzA3OrBinA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News