ਆਰਟੀਕਲ 370: ਮਹਿਬੂਬਾ ਦੀ ਧੀ ਬੋਲੀ, ''''ਫ਼ੈਸਲਾ ਕਸ਼ਮੀਰੀਆਂ ਦੇ ਭਵਿੱਖ ਲਈ ਹੈ ਤਾਂ ਉਨ੍ਹਾਂ ਨੂੰ ਜਾਨਵਰਾਂ ਵਾਂਗ ਕਿਉਂ ਬੰਦ ਕੀਤਾ''''
Tuesday, Aug 06, 2019 - 04:16 PM (IST)
ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਨੂੰ ਇੱਕ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਭਾਰਤ ਵੱਲੋਂ ਖ਼ਤਮ ਕੀਤੇ ਜਾਣ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ-ਮੰਤਰੀ ਮਹਿਬੂਬਾ ਮੁਫ਼ਤੀ ਅਤੇ ਉਮਰ ਅਬਦੁੱਲਾ ਨੂੰ ਅਹਿਤਿਆਤ ਵਜੋਂ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਨੂੰ ਸਰਕਾਰੀ ਗੈਸਟ ਹਾਊਸ ''ਹਰੀ ਨਿਵਾਸ'' ਵਿੱਚ ਰੱਖਿਆ ਗਿਆ।
ਸ਼੍ਰੀਨਗਰ ਦੇ ਕਾਰਜਕਾਰੀ ਮੈਜਿਸਟਰੇਟ ਵਲੋਂ ਜਾਰੀ ਕੀਤੇ ਇੱਕ ਹੁਕਮ ਮੁਤਾਬਕ, ਮਹਿਬੂਬਾ ਮੁਫ਼ਤੀ ਦੀਆਂ ਗਤਿਵਿਧੀਆਂ ਨਾਲ ਸੂਬੇ ਦੀ ਸ਼ਾਂਤੀ ਭੰਗ ਹੋਣ ਦਾ ਖ਼ਤਰਾ ਸੀ, ਇਸ ਲਈ ਉਨ੍ਹਾਂ ਨੂੰ ਹਿਰਾਸਤ ''ਚ ਲਿਆ ਗਿਆ ਹੈ।
ਇਸ ਬਾਰੇ ਮਹਿਬੂਬਾ ਮੁਫ਼ਤੀ ਦੀ ਧੀ ਸਨਾ ਮੁਫ਼ਤੀ ਨਾਲ ''ਵੋਆਇਸ ਨੋਟਸ'' ਜ਼ਰੀਏ ਬੀਬੀਸੀ ਪੱਤਰਕਾਰ ਕੁਲਦੀਪ ਮਿਸ਼ਰ ਨੇ ਗੱਲ ਕੀਤੀ।
ਜਦੋਂ ਮਹਿਬੂਬਾ ਮੁਫ਼ਤੀ ਨੂੰ ਸ਼੍ਰੀਨਗਰ ਸਥਿਤ ਉਨ੍ਹਾਂ ਦੇ ਘਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤਾਂ ਸਨਾ ਉਨ੍ਹਾਂ ਨਾਲ ਘਰ ਵਿੱਚ ਹੀ ਮੌਜੂਦ ਸੀ।
ਇਹ ਵੀ ਪੜ੍ਹੋ-
- ਜੰਮੂ-ਕਸ਼ਮੀਰ ਤੋਂ ਸਾਡਾ ਮਤਲਬ ਪਾਕ-ਸ਼ਾਸਿਤ ਕਸ਼ਮੀਰ ਵੀ ਹੈ - ਅਮਿਤ ਸ਼ਾਹ
- ‘ਕਸ਼ਮੀਰ ’ਚੋਂ ਧਾਰਾ 370 ਹਟਾਉਣਾ ਗ਼ੈਰ-ਕਾਨੂੰਨੀ ਤੇ ਗ਼ੈਰ-ਸੰਵਿਧਾਨਕ’
- ਕੀ ਕਸ਼ਮੀਰ ਨੂੰ ਧਾਰਾ 370 ਦੇ ਖ਼ਤਮ ਹੋਣ ਨਾਲ ਕੋਈ ਫਾਇਦਾ ਹੋਵੇਗਾ
- ਕਸ਼ਮੀਰ ਦੇ ਮੌਜੂਦਾ ਹਾਲਾਤ ਬਾਰੇ ਲਾਹੌਰ ਦੇ ਪੰਜਾਬੀ ਕੀ ਕਹਿੰਦੇ?
ਇੱਕ ਕਾਗ਼ਜ਼ ਅਤੇ ਸਮਾਨ ਬੰਨਣ ਦਾ ਸਮਾਂ ਦਿੱਤਾ
ਸਨਾ ਮੁਫ਼ਤੀ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਹੀ ਕਸ਼ਮੀਰੀ ਨੇਤਾਵਾਂ ਨੂੰ ਇਹ ਪਤਾ ਲੱਗ ਗਿਆ ਕਿ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ, "ਸਭ ਤੋਂ ਪਹਿਲਾਂ ਉਮਰ (ਅਬਦੁੱਲਾ) ਸਾਬ੍ਹ ਨੇ ਟਵੀਟ ਕੀਤਾ। ਸੋਮਵਾਰ ਸ਼ਾਮ ਤੱਕ ਉਹ ਨਜ਼ਰਬੰਦ ਸੀ। ਫਿਰ ਸ਼ਾਮ 6 ਵਜੇ ਸਾਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਅਹਿਤਿਆਤ ਵਜੋਂ ਹਿਰਾਸਤ ਵਿੱਚ ਰੱਖਿਆ ਜਾਵੇਗਾ। ਲਗਭਗ 7 ਵਜੇ 4-5 ਅਧਿਕਾਰੀ ਆਏ, ਜ਼ਿਲ੍ਹਾ ਅਧਿਕਾਰੀ ਵੀ ਆਈ। ਉਨ੍ਹਾਂ ਨੇ ਮੇਰੀ ਮਾਂ ਨੂੰ ਇੱਕ ਕਾਗਜ਼ ਦਿੱਤਾ ਅਤੇ ਉਨ੍ਹਾਂ ਨੂੰ ਥੋੜ੍ਹਾ ਸਮਾਂ ਦਿੱਤਾ ਕਿ ਉਹ ਜ਼ਰੂਰਤ ਦਾ ਸਮਾਨ ਨਾਲ ਲੈ ਸਕਣ।"
ਸਨਾ ਨੇ ਦੱਸਿਆ ਕਿ ਹਰੀ ਨਿਵਾਸ, ਜਿੱਥੇ ਉਨ੍ਹਾਂ ਦੀ ਮਾਂ ਨੂੰ ਰੱਖਿਆ ਗਿਆ ਹੈ, ਉਨ੍ਹਾਂ ਦੇ ਘਰ ਤੋਂ 5-10 ਮਿੰਟਾਂ ਦੀ ਦੂਰੀ ''ਤੇ ਹੈ ਪਰ ਪਰਿਵਾਰ ਵਿੱਚੋਂ ਕਿਸੇ ਨੂੰ ਉਨ੍ਹਾਂ ਨਾਲ ਸੰਪਰਕ ਕਰਨ ਜਾਂ ਮਿਲਣ ਦੀ ਇਜ਼ਾਜਤ ਨਹੀਂ ਦਿੱਤੀ ਗਈ।
ਉਨ੍ਹਾਂ ਨੇ ਕਿਹਾ, "ਮੈਂ ਆਪਣੀ ਮਾਂ ਦੇ ਨਾਲ ਜਾਣਾ ਚਾਹੁੰਦੀ ਸੀ ਪਰ ਉਸ ਦੀ ਆਗਿਆ ਨਹੀਂ ਦਿੱਤੀ ਗਈ।"
''ਕਦੋਂ ਤੱਕ ਰਹਿਣਗੇ ਹਿਰਾਸਤ ਵਿੱਚ, ਕੁਝ ਪਤਾ ਨਹੀਂ''
ਸਨਾ ਮੁਫ਼ਤੀ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਦੇ ਅਧਿਕਾਰੀਆਂ ਨੂੰ ਆਪ ਵੀ ਅੰਦਾਜ਼ਾ ਨਹੀਂ ਕਿ ਇਹ ਹਿਰਾਸਤ ਕਦੋਂ ਤੱਕ ਜ਼ਾਰੀ ਰਹੇਗੀ, ਉਹ ਸਿਰਫ਼ ਉਪਰੋਂ ਆਏ ਹੁਕਮਾਂ ਦੀ ਪਾਲਣਾ ਕਰ ਰਹੇ ਹਨ।
ਸਨਾ ਨੇ ਕਿਹਾ, "ਜਦੋਂ ਇੱਥੋਂ ਦੇ ਸੰਵਿਧਾਨਕ ਮੁਖੀ ਰਾਜਪਾਲ ਸਾਬ੍ਹ ਨੂੰ ਦੋ ਦਿਨ ਪਹਿਲਾਂ ਤੱਕ ਪਤਾ ਹੀ ਨਹੀਂ ਸੀ ਕਿ ਕੀ ਹੋਣ ਵਾਲਾ ਹੈ, ਤਾਂ ਮੈਨੂੰ ਨਹੀਂ ਲੱਗਦਾ ਕਿ ਅਧਿਕਾਰੀਆਂ ਨੂੰ ਇਸ ਬਾਰੇ ਕੋਈ ਅੰਦਾਜ਼ਾ ਹੋਵੇਗਾ। ਸਾਨੂੰ ਕਿਹਾ ਗਿਆ ਹੈ ਕਿ ਕੱਲ-ਪਰਸੋਂ ਤੱਕ ਉਨ੍ਹਾਂ ਨੂੰ ਛੱਡ ਦੇਣਗੇ ਪਰ ਸਾਨੂੰ ਇਨਾਂ ''ਤੇ ਬਿਲਕੁਲ ਵੀ ਭਰੋਸਾ ਨਹੀਂ ਹੈ। ਮੈਂ ਬਸ ਉਮੀਦ ਕਰਦੀ ਹਾਂ ਕਿ ਮੇਰੀ ਮਾਂ ਸੁਰੱਖਿਅਤ ਹੋਵੇ ਕਿਉਂਕਿ ਇਸ ਤਰ੍ਹਾਂ ਦੇ ਮਾਹੌਲ ਵਿੱਚ ਕੁਝ ਵੀ ਹੋ ਸਕਦਾ ਹੈ।"
ਸਨਾ ਨੇ ਦੱਸਿਆ ਕਿ ਉਨ੍ਹਾਂ ਨੇ ਰਾਜਨੀਤਿਕ ਸ਼ਾਸਤਰ ਦੀ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇੰਗਲੈਂਡ ਦੀ ਵਾਰਵਿਕ ਯੂਨਿਵਰਸਿਟੀ ਦੇ ਇੰਟਰਨੈਸ਼ਨਲ ਰਿਲੇਸ਼ਨ ਵਿੱਚ ਮਾਸਟਰ ਕੀਤੀ ਹੈ। ਉਹ ਦੁਬਈ ਅਤੇ ਲੰਡਨ ਵਿੱਚ ਨੌਕਰੀ ਕਰ ਚੁੱਕੀ ਹੈ ਤੇ ਹੁਣ ਉਹ ਜਿਆਦਾ ਸਮਾਂ ਕਸ਼ਮੀਰ ਵਿੱਚ ਹੀ ਰਹਿੰਦੀ ਹੈ।
ਸਨਾ ਮੁਤਾਬਕ," ਜਦੋਂ ਦੇ ਮੇਰੇ ਨਾਨਾ (ਮੁਫ਼ਤੀ ਮੁਹੰਮਦ ਸਈਦ) ਦੀ ਮੌਤ ਹੋਈ ਹੈ, ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਆਪਣੀ ਮਾਂ ਦੇ ਨਾਲ ਰਹਾਂ ਅਤੇ ਉਨ੍ਹਾਂ ਦੇ ਸਿਆਸੀ ਸਫ਼ਰ ਅਤੇ ਵਿਜ਼ਨ ਵਿੱਚ ਉਨ੍ਹਾਂ ਦੀ ਮਦਦ ਕਰਾਂ।"
ਇਹ ਵੀ ਪੜ੍ਹੋ-
- ''ਭਾਰਤ ਨੇ ਜਿੰਨ ਨੂੰ ਬੋਤਲ ''ਚੋਂ ਬਾਹਰ ਕੱਢ ਦਿੱਤਾ ਹੈ'': BBC ਨਾਲ ਮਹਿਬੂਬਾ ਮੁਫ਼ਤੀ ਦੀ ਖ਼ਾਸ ਗੱਲਬਾਤ
- 11 ਨੁਕਤਿਆਂ ’ਚ ਸਮਝੋ ਧਾਰਾ 370 ਖ਼ਤਮ ਹੋਣ ਮਗਰੋਂ ਕੀ-ਕੀ ਬਦਲੇਗਾ
- ਨਵਾਂ ਸੰਕਟ ਪੈਦਾ ਹੋ ਸਕਦਾ ਹੈ: ਇਮਰਾਨ ਖ਼ਾਨ
- ਕਸ਼ਮੀਰ ਤੋਂ ਧਾਰਾ 370 ਹਟਣ ''ਤੇ ਕੀ ਬੋਲਿਆ ਬਾਲੀਵੁੱਡ
''ਗੁੱਸਾ ਪ੍ਰਗਟ ਕਰਨ ਦੀ ਇਜਾਜ਼ਤ ਵੀ ਨਹੀਂ''
ਸਨਾ ਮੰਨਦੀ ਹੈ ਕਿ ਧਾਰਾ 370 ਦੇ ਹੇਠ ਮਿਲੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦੇ ਦਰਜੇ ਨੂੰ ਹਟਾਉਣ ਦੇ ਫ਼ੈਸਲੇ ਨਾਲ ਕਸ਼ਮੀਰ ਦੇ ਨੌਜਵਾਨ ਬਹੁਤ ਨਰਾਜ਼ ਹਨ ਅਤੇ ਠੱਗਿਆ ਹੋਇਆ ਮਹਿਸੂਸ ਕਰਦੇ ਹਨ।
ਸਨਾ ਨੇ ਕਿਹਾ, "ਪਹਿਲਾਂ ਇਹ ਕਿਹਾ ਗਿਆ ਸੀ ਕਿ ਅਮਰਨਾਥ ਯਾਤਰੀਆਂ ਨੂੰ ਇਸ ਲਈ ਕੱਢਿਆ ਜਾ ਰਿਹਾ ਸੀ ਕਿਉਂਕਿ ਹਮਲੇ ਦਾ ਖਦਸ਼ਾ ਸੀ। ਸਾਨੂੰ ਬਿਲਕੁਲ ਝੂਠ ਬੋਲਿਆ ਗਿਆ ਅਤੇ ਅੱਜ ਚੋਰਾਂ ਵਾਂਗ ਸੰਸਦ ਵਿੱਚ 370 ਨੂੰ ਹਟਾਉਣ ਦਾ ਗ਼ੈਰ-ਕਾਨੂੰਨੀ ਫ਼ੈਸਲਾ ਲਿਆ ਗਿਆ। ਨੌਜਵਾਨਾਂ ਨੂੰ ਇਸ ਗੱਲ ਦੀ ਇਜ਼ਾਜ਼ਤ ਵੀ ਨਹੀਂ ਹੈ ਕਿ ਉਹ ਆਪਣਾ ਗੁੱਸਾ ਵਿਖਾ ਸਕਣ। ਤੁਸੀਂ ਕਿੰਨੇ ਸਮੇਂ ਲਈ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਬੰਦ ਰੱਖ ਸਕਦੇ ਹੋ? ਜੇਕਰ ਇਹ ਫ਼ੈਸਲਾ ਕਸ਼ਮੀਰੀਆਂ ਦੇ ਭਵਿੱਖ ਲਈ ਹੈ ਤਾਂ ਉਨ੍ਹਾਂ ਨੂੰ ਜਾਨਵਰਾਂ ਵਾਂਗ ਕਿਉਂ ਬੰਦ ਕੀਤਾ ਗਿਆ ਹੈ?"
ਉਹ ਦੱਸਦੀ ਹੈ ਕਿ ਕਸ਼ਮੀਰੀਆਂ ਨੇ ਧਰਮ ਨਿਰਪੱਖ ਲੋਕਤੰਤਰ ਨੂੰ ਚੁਣਿਆ ਸੀ ਅਤੇ ਇਹ ਉਨ੍ਹਾਂ ਨਾਲ ਧੋਖਾ ਹੈ।
ਮਹਿਬੂਬਾ ਮੁਫ਼ਤੀ ਨੂੰ ਹਿਰਾਸਤ ਵਿੱਚ ਲਏ ਜਾਣ ''ਤੇ ਸਨਾ ਨੇ ਕਿਹਾ, "ਮੇਰੀ ਮਾਂ ਨੇ 2016 ਤੋਂ 2018 ਤੱਕ ਭਾਜਪਾ ਨਾਲ ਗਠਜੋੜ ਤੋੜਨ ਤੱਕ, ਪੂਰੀ ਇਮਾਨਦਾਰੀ ਨਾਲ ਕੰਮ ਕੀਤਾ। ਪਰ ਮੁੱਖ ਨੇਤਾਵਾਂ ਨੇ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਾ ਰਿਹਾ ਹੈ। ਇਹ ਲੋਕ ਐਂਟੀ-ਨੈਸ਼ਨਲ ਤਾਂ ਨਹੀਂ ਹਨ।"
ਸਨਾ ਨੂੰ ਲੱਗਦਾ ਹੈ ਕਿ ਇੰਝ ਕਰਕੇ ਭਾਜਪਾ ਆਪਣੇ ਵੋਟ ਬੈਂਕ ਨੂੰ ਖ਼ੁਸ਼ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਨੂੰ ਵਿਖਾਉਣਾ ਚਾਹੁੰਦੀ ਹੈ ਕਿ ਵੇਖੋ ਅਸੀਂ ਕਸ਼ਮੀਰੀ ਨੇਤਾਵਾਂ ਨੂੰ ਕਿਸ ਤਰ੍ਹਾਂ ਸਜ਼ਾ ਦੇ ਰਹੇ ਹਾਂ।
ਉਹ ਕਹਿੰਦੀ ਹੈ, "ਜੇਕਰ ਮੁੱਖ ਨੇਤਾਵਾਂ ਨਾਲ ਇਸ ਤਰ੍ਹਾਂ ਹੋਵੇਗਾ ਤਾਂ ਭਾਰਤ ''ਤੇ ਯਕੀਨ ਕੌਣ ਰਖੇਗਾ।"
''ਸਵੇਰ ਤੋਂ ਮਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰ ਰਹੀ ਸੀ''
ਜੰਮੂ-ਕਸ਼ਮੀਰ ਵਿੱਚ ਵੱਡੇ ਪੱਧਰ ''ਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਨਾਲ ਹੀ ਕਿਸੇ ਵੱਡੇ ਫ਼ੈਸਲੇ ਦੇ ਅੰਦਾਜ਼ੇ ਲਗਾਏ ਜਾ ਰਹੇ ਸਨ।
ਸਨਾ ਨੇ ਦੱਸਿਆ ਕਿ ਇੱਕ ਹਫ਼ਤੇ ਤੋਂ ਉਨ੍ਹਾਂ ਦੇ ਘਰ ਵਿੱਚ ਕਾਫ਼ੀ ਤਣਾਅ ਰਿਹਾ ਹੈ ਅਤੇ ਇਹ ਖਦਸ਼ਾ ਸੀ ਕਿ ਧਾਰਾ 370 ਦੇ ਸਬੰਧ ਵਿੱਚ ਹੀ ਕੋਈ ਫ਼ੈਸਲਾ ਲਿਆ ਜਾਵੇਗਾ।
"ਐਂਵੇ ਦਾ ਤਾਂ ਕੁਝ ਨਹੀਂ ਕਿ ਉਨ੍ਹਾਂ ਨੇ ਸਾਡੇ ਲਈ ਕੋਈ ਸਲਾਹ ਦਿੱਤੀ ਹੋਵੇ ਪਰ ਮੈਂ ਸਵੇਰ ਤੋਂ ਬਹੁਤ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦਾ ਮੂਡ ਠੀਕ ਰਖਾਂ। ਦੋ-ਤਿੰਨ ਗੱਲਾਂ ''ਤੇ ਉਨ੍ਹਾਂ ਨੂੰ ਹਸਾਉਣ ਦੀ ਵੀ ਕੋਸ਼ਿਸ਼ ਕੀਤੀ।"
"ਹਲਾਂਕਿ ਮੇਰੀ ਮਾਂ ਨੇ ਆਪਣੇ ਜੀਵਨ ਵਿੱਚ ਬਹੁਤ ਸੰਘਰਸ਼ ਦੇਖੇ ਹਨ ਅਤੇ ਉਨ੍ਹਾਂ ਨੂੰ ਕਿਸੇ ਗੱਲ ਦਾ ਡਰ ਨਹੀਂ ਹੈ। ਉਨ੍ਹਾਂ ਨੂੰ ਇਹ ਚਿੰਤਾ ਜ਼ਰੂਰ ਹੈ ਕਿ ਕਸ਼ਮੀਰੀ ਲੋਕਾਂ ਦੇ ਆਤਮ ਸਨਮਾਨ ਨੂੰ ਢਾਹ ਲਗਾਉਣ ਦਾ ਅਸੀਂ ਕੀ ਜਵਾਬ ਦਈਏ ਕਿ ਕਸ਼ਮੀਰੀਆਂ ਦੀ ਵਿਸ਼ੇਸ਼ ਪਛਾਣ ਲਈ ਲੜ ਸਕਣ।"
''ਬਰਬਾਦੀ ਤਿੰਨ ਪਰਿਵਾਰਾਂ ਕਾਰਨ ਨਹੀਂ''
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਰਾਜ ਸਭਾ ਵਿੱਚ ਆਪਣੇ ਭਾਸ਼ਣ ਵਿੱਚ ਮੁਫ਼ਤੀ ਪਰਿਵਾਰ ਨੂੰ ਵੀ ਨਿਸ਼ਾਨੇ ''ਤੇ ਲਿਆ। ਉਨ੍ਹਾਂ ਨੇ ਕਿਹਾ ਕਿ ਧਾਰਾ 370 ਤੋਂ ਕਸ਼ਮੀਰ ਦੇ ਸਿਰਫ਼ ਤਿੰਨ ਪਰਿਵਾਰਾਂ ਨੂੰ ਫ਼ਾਇਦਾ ਹੋਇਆ ਹੈ।
ਇਸ ''ਤੇ ਸਨਾ ਭਾਜਪਾ ''ਤੇ ਪਰਿਵਾਰਵਾਦ ਦਾ ਦੋਸ਼ ਲਗਾਉਂਦੀ ਹੋਏ ਕਹਿੰਦੀ ਹੈ ਕਿ ਕੇਂਦਰ ਸਰਕਾਰ ਵਿੱਚ ਕਈ ਮੰਤਰੀ ਵੱਡੇ ਨੇਤਾਵਾਂ ਦੇ ਧੀ ਜਾਂ ਪੁੱਤਰ ਹਨ।
ਉਹ ਕਹਿੰਦੀ ਹੈ, "ਤੁਸੀਂ ਬਾਕੀ ਲੋਕਾਂ ਨੂੰ ਸੁਖਾਲਾ ਕਰਕੇ ਦੱਸਣਾ ਚਾਹੁੰਦੇ ਹੋ ਕਿ ਇਹ ਬਰਬਾਦੀ ਤਿੰਨ ਪਰਿਵਾਰਾਂ ਦੇ ਕਾਰਨ ਹੈ। ਜਦਕਿ ਬਰਬਾਦੀ ਇਸ ਲਈ ਹੋਈ ਹੈ ਕਿਉਂਕਿ ਭਾਰਤ ਸਰਕਾਰ ਨੇ ਹਮੇਸ਼ਾ ਗਲਤ ਫ਼ੈਸਲੇ ਲਏ ਹਨ। ਬਾਕੀ ਭਾਰਤ ਵਿੱਚ ਆਪਣੀ ਸਿਆਸੀ ਸਥਿਤੀ ਮਜ਼ਬੂਤ ਕਰਨ ਲਈ ਕਸ਼ਮੀਰੀਆਂ ਦੇ ਗਲੇ ''ਤੇ ਹਮੇਸ਼ਾ ਤਲਵਾਰ ਰੱਖੀ ਗਈ ਹੈ।"
"ਜੇਕਰ ਸਾਡਾ ਪਰਿਵਾਰ ਇੰਨਾਂ ਗ਼ਲਤ ਸੀ ਤਾਂ ਸਾਡੇ ਨਾਲ ਗਠਜੋੜ ਦੀ ਸਰਕਾਰ ਕਿਉਂ ਬਣਾਈ? ਕਿਉਂ ਨੈਸ਼ਨਲ ਕਾਨਫਰੰਸ ਨੂੰ ਆਪਣੀ ਕੇਂਦਰ ਸਰਕਾਰ ਵਿੱਚ ਸ਼ਾਮਿਲ ਕੀਤਾ ਸੀ?"
ਇਹ ਵੀ ਪੜ੍ਹੋ-
- ਜੇਤਲੀ ਨੇ ਕਸ਼ਮੀਰ ਮਸਲੇ ਦਾ ਭਾਂਡਾ ਨਹਿਰੂ ਸਿਰ ਭੰਨਿਆ, ਪਰ ਕੀ ਹੈ ਸੱਚਾਈ
- ਕਿਵੇਂ ਬਣਿਆ ਜੰਮੂ-ਕਸ਼ਮੀਰ ਦਾ ਵੱਖਰਾ ਝੰਡਾ?
- ਕੀ ਕਸ਼ਮੀਰ ਪਾਕਿਸਤਾਨ ਨੂੰ ਦੇਣ ਲਈ ਰਾਜ਼ੀ ਸੀ ਪਟੇਲ?
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
https://www.youtube.com/watch?v=5Ku9XumWfJI
https://www.youtube.com/watch?v=cyaOLy3s2gI
https://www.youtube.com/watch?v=xWw19z7Edrs&t=1s
https://www.youtube.com/watch?v=UaXb0wWb2Sk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)