ਸ਼ਰਨਾਰਥੀ ਬਣ ਅਮਰੀਕਾ ਪਹੁੰਚੇ ਭਾਰਤੀ ਹੋਏ ਕੈਦ, 25 ਦਿਨਾਂ ਤੋਂ ਭੁੱਖ ਹੜਤਾਲ ’ਤੇ

Sunday, Aug 04, 2019 - 08:16 AM (IST)

ਅਮਰੀਕਾ, ਪਰਵਾਸੀ
Getty Images

ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤੌਰ ''ਤੇ ਦਾਖਲ ਹੋਣ ਤੋਂ ਬਾਅਦ ਗ੍ਰਿਫ਼ਤਾਰ ਹੋਣ ਵਾਲੇ ਕੁਝ ਭਾਰਤੀ ਨਾਗਰਿਕਾਂ ਦੀ ਅਮਰੀਕਾ ਵਿੱਚ ਸ਼ਰਨ ਲੈਣ ਦੀ ਅਰਜ਼ੀ ਰੱਦ ਹੋ ਗਈ ਹੈ ਜਿਸ ਤੋਂ ਬਾਅਦ ਉਹ ਭੁੱਖ ਹੜਤਾਲ ’ਤੇ ਬੈਠ ਗਏ ਹਨ।

ਟੈਕਸਸ ਸੂਬੇ ਦੇ ਅਲ ਪਾਸੋ ਸ਼ਹਿਰ ਵਿੱਚ ਘੱਟੋ-ਘੱਟ 4 ਭਾਰਤੀ ਨਾਗਰਿਕਾਂ ਦੀ ਅਮਰੀਕਾ ਵਿੱਚ ਸ਼ਰਨ ਦੀ ਅਰਜ਼ੀ ਅਦਾਲਤ ਵੱਲੋਂ ਨਾ-ਮਨਜ਼ੂਰ ਕੀਤੇ ਜਾਣ ਤੋਂ ਬਾਅਦ ਉਹ ਇਮੀਗ੍ਰੇਸ਼ਨ ਵਿਭਾਗ ਦੀ ਜੇਲ੍ਹ ''ਚ 9 ਜੁਲਾਈ ਤੋਂ ਭੁੱਖ ਹੜਤਾਲ ''ਤੇ ਬੈਠੇ ਹੋਏ ਹਨ।

ਇਹ ਲੋਕ ਕਈ ਮਹੀਨਿਆਂ ਤੋਂ ਜੇਲ੍ਹਾਂ ''ਚ ਬੰਦ ਹਨ ਅਤੇ ਇਨ੍ਹਾਂ ''ਚੋਂ ਕਈ ਲੋਕਾਂ ਨੂੰ ਅਮਰੀਕਾ ਤੋਂ ਬਾਹਰ ਕਰਨ ਦਾ ਅਦਾਲਤੀ ਹੁਕਮ ਵੀ ਜਾਰੀ ਹੋ ਗਿਆ ਹੈ।

ਪਰ ਇਮੀਗ੍ਰੇਸ਼ਨ ਵਿਭਾਗ ਇਨ੍ਹਾਂ ਨੂੰ ਵਾਪਸ ਭਾਰਤ ਨਹੀਂ ਭੇਜ ਪਾ ਰਿਹਾ ਹੈ।

ਇਹ ਵੀ ਪੜ੍ਹੋ-

ਇਸ ਤਰ੍ਹਾਂ ਕੈਦ ਵਿੱਚ ਕਈ ਮਹੀਨੇ ਗੁਜ਼ਰਨ ਤੋਂ ਬਾਅਦ ਇਨ੍ਹਾਂ ਲੋਕਾਂ ਦੀ ਭੁੱਖ ਹੜਤਾਲ ਦਾ ਸ਼ੁੱਕਰਵਾਰ ਨੂੰ 25ਵਾਂ ਦਿਨ ਸੀ।

ਇਨ੍ਹਾਂ ਵਿੱਚੋਂ 3 ਭਾਰਤੀ ਨਾਗਰਿਕਾਂ ਦੀ ਵਕੀਲ ਲਿੰਡਾ ਕੋਚਾਰਦੋ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਲੋਕ ਇਮੀਗ੍ਰੇਸ਼ਨ ਦੀ ਹਿਰਾਸਤ ''ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ''ਤੇ ਹਨ।

ਵਕੀਲ ਮੁਤਾਬਕ ਇਨ੍ਹਾਂ ਲੋਕਾਂ ਨੂੰ ਜ਼ਬਰਦਸਤੀ ਆਈਵੀ ਡ੍ਰਿਪਸ ਲਗਾਈ ਜਾ ਰਹੀ ਹੈ ਤਾਂ ਜੋ ਇਨ੍ਹਾਂ ਦੀ ਹਾਲਤ ਨਾ ਵਿਗੜੇ।

ਅਮਰੀਕਾ, ਪਰਵਾਸੀ
AFP

ਵਕੀਲ ਦਾ ਕਹਿਣਾ ਹੈ ਕਿ ਹੁਣ ਇਮੀਗ੍ਰੇਸ਼ਨ ਵਿਭਾਗ ਇਨ੍ਹਾਂ ਨੂੰ ਜ਼ਬਰਦਸਤੀ ਖਾਣਾ ਵੀ ਖੁਆਉਣ ਦੀ ਕੋਸ਼ਿਸ਼ ਕਰ ਸਕਦਾ ਹੈ।

''ਜ਼ਬਰਦਸਤੀ ਖਾਣਾ ਖੁਆਉਣਾ ਤਸੀਹੇ ਵਾਂਗ''

ਵਕੀਲ ਲਿੰਡਾ ਨੇ ਕਿਹਾ, "ਮੇਰੇ ਮੁਵੱਕਿਲ ਆਪਣੀ ਭੁੱਖ ਹੜਤਾਲ ਅਣਮਿੱਥੇ ਸਮੇਂ ਲਈ ਜਾਰੀ ਰੱਖਣਾ ਚਾਹੁੰਦੇ ਹਨ। ਮੈਂ ਇਸ ਨੂੰ ਖੁਦਕੁਸ਼ੀ ਦਾ ਮਿਸ਼ਨ ਤਾਂ ਨਹੀਂ ਕਹਾਂਗੀ...ਬਲਕਿ ਇਹ ਉਨ੍ਹਾਂ ਦੇ ਵਿਰੋਧ ਦਾ ਤਰੀਕਾ ਹੈ।”

“ਪਰ ਹੁਣ ਲਗਦਾ ਹੈ ਕਿ ਇਮੀਗ੍ਰੇਸ਼ਨ ਵਿਭਾਗ ਛੇਤੀ ਹੀ ਇਨ੍ਹਾਂ ਲੋਕਾਂ ਨੂੰ ਜ਼ਬਰਦਸਤੀ ਖਾਣਾ ਵੀ ਖੁਆਉਣ ਦੀ ਕੋਸ਼ਿਸ਼ ਕਰੇਗਾ ਜੋ ਕਿ ਇੱਕ ਤਸੀਹੇ ਵਾਂਗ ਸਮਝਿਆ ਜਾਂਦਾ ਹੈ ਅਤੇ ਇਸ ਦੀ ਕੋਈ ਜ਼ਰੂਰਤ ਨਹੀਂ ਹੈ।"

ਵਕੀਲ ਦਾ ਕਹਿਣਾ ਹੈ ਇਸ ਤਰ੍ਹਾਂ ਦੇ ਕੋਈ 10 ਲੋਕ ਵੱਖ-ਵੱਖ ਜੇਲ੍ਹਾਂ ''ਚ ਵਿਰੋਧ ਵਜੋਂ ਭੁੱਖ ਹੜਤਾਲ ''ਤੇ ਬੈਠੇ ਹਨ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਆਈਵੀ ਡ੍ਰਿਪਸ ਲਗਾਈ ਜਾ ਰਹੀ ਹੈ।

ਇਹ ਵੀ ਪੜ੍ਹੋ-

ਇਨ੍ਹਾਂ ਲੋਕਾਂ ਦੀ ਮੰਗ ਹੈ ਕਿ ਅਦਾਲਤ ਵਿੱਚ ਉਨ੍ਹਾਂ ਦੇ ਸ਼ਰਨ ਦੇ ਮਾਮਲੇ ਦੀ ਮੁੜ ਸੁਣਵਾਈ ਕੀਤੀ ਜਾਵੇ ਅਤੇ ਉਸ ਦੌਰਾਨ ਉਨ੍ਹਾਂ ਨੂੰ ਜੇਲ੍ਹਾਂ ਤੋਂ ਬਾਹਰ ਰਹਿਣ ਦਿੱਤਾ ਜਾਵੇ।

ਇਨ੍ਹਾਂ ਵਿੱਚੋਂ ਇੱਕ ਮਾਮਲੇ ਵਿੱਚ ਅਦਾਲਤੀ ਸੁਣਵਾਈ ਜਾਰੀ ਹੈ ਜਦਕਿ ਅਦਾਲਤ ਨੇ ਹੋਰ ਸਾਰਿਆਂ ਦੀ ਅਰਜ਼ੀ ਨਾ-ਮਨਜ਼ੂਰ ਕਰਕੇ ਅਮਰੀਕਾ ਤੋਂ ਬਾਹਰ ਕੱਢਣ ਦਾ ਹੁਕਮ ਜਾਰੀ ਕੀਤਾ ਹੈ।

ਵਕੀਲ ਮੁਤਾਬਕ ਅਜੇ ਇਮੀਗ੍ਰੇਸ਼ਨ ਵਿਭਾਗ ਇਨ੍ਹਾਂ ਲੋਕਾਂ ਨੂੰ ਵਾਪਸ ਭਾਰਤ ਭੇਜਣ ਦੀ ਕੋਸ਼ਿਸ਼ ''ਚ ਹੈ ਪਰ ਦਸਤਾਵੇਜ਼ ਤਿਆਰ ਹੋਣ ਵਿੱਚ ਸਮਾਂ ਲੱਗ ਰਿਹਾ ਹੈ।

ਅਮਰੀਕਾ, ਪਰਵਾਸੀ
Getty Images

ਉਧਰ ਟੈਕਸਸ ਦੇ ਹਿਊਟਨ ਸ਼ਹਿਰ ਵਿੱਚ ਭਾਰਤੀ ਕੰਸੁਲੇਟ ਨੇ ਵੀ ਇਨ੍ਹਾਂ ਕੈਦੀਆਂ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਹੈ।

ਕੈਦੀ ਨਹੀਂ ਦੱਸ ਰਹੇ ਕਿ ਕਿਸ ਸੂਬੇ ਤੋਂ ਹਨ

ਭਾਰਤੀ ਕਾਊਂਸਿਲ ਜਨਰਲ ਅਨੁਪਮ ਨੇ ਬੀਬੀਸੀ ਨਾਲ ਗੱਲ ਕਰਦਿਆਂ ਹੋਇਆ ਕਿਹਾ, "ਜੇਕਰ ਜਿਹੜੇ ਵਿਅਕਤੀ ਗ੍ਰਿਫ਼ਤਾਰ ਹੋਏ ਹਨ ਉਹ ਆਪਣੇ ਦੇਸ ਦੇ ਕੰਸੁਲੇਟ ਦੇ ਅਧਿਕਾਰੀਆਂ ਨਾਲ ਮਿਲਣਾ ਨਹੀਂ ਚਾਹੁੰਦੇ ਤਾਂ ਅਸੀਂ ਉਨ੍ਹਾਂ ਨਾਲ ਮੁਲਾਕਾਤ ਲਈ ਜ਼ਬਰਦਸਤੀ ਨਹੀਂ ਕਰ ਸਕਦੇ।"

ਇਨ੍ਹਾਂ ਕੈਦੀਆਂ ਦੀ ਵਕੀਲ ਲਿੰਡਾ ਕੋਚਾਰਦੋ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਵੱਕਿਲ ਇਹ ਨਹੀਂ ਦੱਸਣਾ ਚਾਹੁੰਦੇ ਹਨ ਕਿ ਉਹ ਭਾਰਤ ਵਿੱਚ ਕਿੱਥੋਂ ਦੇ ਰਹਿਣ ਵਾਲੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਭਾਰਤ ਵਿੱਚ ਰਹਿ ਰਹੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਲਈ ਮੁਸ਼ਕਿਲ ਹੋ ਸਕਦੀ ਹੈ।

ਹਿਊਸਟਨ ਸ਼ਹਿਰ ਵਿੱਚ ਸਥਿਤ ਭਾਰਤੀ ਕੰਸੁਲੇਟ ਵਿੱਚ ਸੂਤਰਾਂ ਦਾ ਕਹਿਣਾ ਹੈ ਕਿ ਇਹ ਕੈਦੀ ਭਾਰਤ ਦੇ ਪੰਜਾਬ ਸੂਬੇ ਦੇ ਰਹਿਣ ਵਾਲੇ ਹਨ।

ਅਮਰੀਕਾ ਵਿੱਚ ਰਾਸ਼ਟਰਪਤੀ ਡੌਨਲਡ ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਤੋਂ ਹੀ ਦੇਸ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ ਲੋਕਾਂ ਦੇ ਖ਼ਿਲਾਫ਼ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਪਣਾਇਆ ਹੈ।

ਹਜ਼ਾਰਾਂ ਲੋਕਾਂ ਨੂੰ ਮੈਕਸੀਕੋ ਦੀ ਸੀਮਾ ਰਾਹੀਂ ਅਮਰੀਕਾ ''ਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੇ ਜ਼ੁਰਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

ਅਮਰੀਕਾ, ਪਰਵਾਸੀ
AFP

ਇੱਕ ਭਾਰਤੀ ਮੂਲ ਦੇ ਅਮਰੀਕੀ ਵਕੀਲ ਗੁਰਪਾਲ ਸਿੰਘ ਇਸ ਤਰ੍ਹਾਂ ਦੇ ਕਈ ਮਾਮਲਿਆਂ ਵਿੱਚ ਸ਼ਰਨ ਦੀ ਅਰਜ਼ੀ ਦੇਣ ਵਾਲੇ ਲੋਕਾਂ ਦਾ ਕੇਸ ਲੜ ਰਹੇ ਹਨ।

ਉਹ ਕਹਿੰਦੇ ਹਨ ਕਿ ਇਸ ਤਰ੍ਹਾਂ ਅਮਰੀਕੀ ਸਰਹੱਦ ਵਿੱਚ ਗ਼ੈਰ-ਕਾਨੂੰਨੀ ਪ੍ਰਵੇਸ਼ ਨੂੰ ਰੋਕਣਾ ਸੰਭਵ ਨਹੀਂ ਲਗਦਾ।

ਕਮਜ਼ੋਰ ਹੋ ਗਏ ਕੈਦੀ

ਗੁਰਪਾਲ ਸਿੰਘ ਕਹਿੰਦੇ ਹਨ, "ਇੰਝ ਤਾਂ ਹਜ਼ਾਰਾਂ ਮਾਮਲੇ ਹਨ ਅਤੇ ਇਸ ਨੂੰ ਰੋਕਣ ਦਾ ਕੋਈ ਤਰੀਕਾ ਹੀ ਨਹੀਂ ਹੈ। ਬੱਸ ਇਹ ਉਦੋਂ ਹੀ ਰੁਕੇਗਾ ਜਦੋਂ ਉਨ੍ਹਾਂ ਦੇਸਾਂ ਵਿੱਚ ਹਾਲਾਤ ਬਿਹਤਰ ਹੁੰਦੇ ਹਨ ਜਿੱਥੋਂ ਇਹ ਲੋਕ ਆਉਂਦੇ ਹਨ। ਉਨ੍ਹਾਂ ਦੇਸਾਂ ਵਿੱਚ ਹੋਂਦੁਰਾਸ, ਗਵਾਟੇਮਾਲਾ, ਪਾਕਿਸਤਾਨ ਤੇ ਭਾਰਤ ਸ਼ਾਮਿਲ ਹੈ।”

“ਜੇਕਰ ਹਾਲਾਤ ਬਿਹਤਰ ਹੋ ਜਾਣ ਤਾਂ ਲੋਕ ਆਪਣੀ ਜਾਨ ਜੋਖ਼ਿਮ ਵਿੱਚ ਪਾ ਕੇ ਕਿਉਂ ਇੱਥੇ ਆਉਣਗੇ।"

ਇਹ ਵੀ ਪੜ੍ਹੋ-

ਉਧਰ ਅਲ ਪਾਸੋ ਸ਼ਹਿਰ ਦੀ ਜੇਲ੍ਹ ਵਿੱਚ ਭੁੱਖ ਹੜਤਾਲ ਕਰ ਰਹੇ ਭਾਰਤੀ ਨਾਗਰਿਕ ਇੰਨੇ ਕਮਜ਼ੋਰ ਹੋ ਗਏ ਹਨ ਕਿ ਉਨ੍ਹਾਂ ਨੂੰ ਹੁਣ ਵਕੀਲ ਨਾਲ ਮਿਲਣ ਲਈ ਵ੍ਹੀਲ ਚੇਅਰ ’ਤੇ ਬਿਠਾ ਕੇ ਲਿਆਂਦਾ ਜਾਂਦਾ ਹੈ।

ਅਮਰੀਕਾ ਮੈਡੀਕਲ ਐਸੋਸੀਏਸ਼ਨ ਕੈਦੀਆਂ ਨੂੰ ਜ਼ਬਰਦਸਤੀ ਖਾਣਾ ਖੁਆਉਣ ਨੂੰ ਅਨੈਤਿਕ ਮੰਨਦਾ ਹੈ ਅਤੇ ਸੰਯੁਕਤ ਰਾਸ਼ਟਰ ਨੇ ਵੀ ਇਸ ਤਰ੍ਹਾਂ ਵਿਰੋਧ ਵਿੱਚ ਭੁੱਖ ਹੜਤਾਲ ਨੂੰ ਤੋੜਨ ਦੀ ਕੋਸ਼ਿਸ਼ ਨੂੰ ਤਸੀਹਿਆਂ ਨਾਲ ਸੰਬੰਧਤ ਕਾਨੂੰਨ ਦੀ ਉਲੰਘਣਾ ਮੰਨਿਆ ਹੈ।

ਵਕੀਲ ਕੋਚਾਰਦੋ ਦਾ ਕਹਿਣਾ ਹੈ ਕਿ ਉਹ ਅਮਰੀਕੀ ਇਮੀਗ੍ਰੇਸ਼ ਵਿਭਾਗ ਵੱਲੋਂ ਇਨ੍ਹਾਂ ਕੈਦੀਆਂ ਨੂੰ ਜ਼ਬਰਦਸਤੀ ਆਈਵੀ ਡ੍ਰਿਪਸ ਲਗਾਏ ਜਾਣੇ ਅਤੇ ਇਨ੍ਹਾਂ ਨੂੰ ਜ਼ਬਰਦਸਤੀ ਖਾਣਾ ਖੁਆਉਣ ਦੀ ਕੋਸ਼ਿਸ਼ ਦੇ ਖ਼ਿਲਾਫ਼ ਕੇਂਦਰੀ ਅਦਾਲਤ ਵਿੱਚ ਮਨੁੱਖੀ ਅਧਿਕਾਰ ਦੀ ਉਲੰਘਣਾ ਦਾ ਕੇਸ ਦਾਇਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀਡੀਓਜ਼ ਵੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=dAaWdxGUPWQ

https://www.youtube.com/watch?v=PgSXNg2_R6I

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News