ਪੰਜਾਬ ''''ਚ ਨਸ਼ਿਆਂ ਦੇ ਆਦੀ ਨੌਜਵਾਨਾ ਲਾਗ ਦੀਆਂ ਬਿਮਾਰੀਆਂ ਦੇ ਸ਼ਿਕਾਰ

Saturday, Aug 03, 2019 - 07:31 AM (IST)

ਨਸ਼ਾ ਕਰਨਾ ਆਪਣੇ-ਆਪ ਵਿੱਚ ਬੀਮਾਰੀ ਹੈ ਪਰ ਇਹ ਆਪਣੇ ਨਾਲ ਹੋਰ ਬਹੁਤ ਸਾਰੇ ਰੋਗ ਵੀ ਲਿਆਉਂਦੀ ਹੈ। ਨਸ਼ੇ ਦੀ ਤੋੜ ਪੂਰੀ ਕਰਦੇ ਨੌਜਵਾਨ ਛੂਤ ਦੀਆਂ ਬੀਮਾਰੀਆਂ ਨਾਲ ਵੀ ਹਸਪਤਾਲਾਂ ਵਿੱਚ ਪੁੱਜਦੇ ਹਨ।

ਮਾਲਵੇ ਦੇ ਇੱਕ ਪਿੰਡ ਵਿੱਚ ਟੀਕੇ ਰਾਹੀਂ ਨਸ਼ੇ ਦੀ ਵਰਤੋਂ ਕਰਨ ਵਾਲੇ 17 ਨੌਜਵਾਨਾਂ ਵਿੱਚੋਂ ਜ਼ਿਆਦਾਤਰ ਛੂਤ ਦੀਆਂ ਬੀਮਾਰੀਆਂ ਸਹੇੜ ਬੈਠੇ ਹਨ।

ਪਿੰਡ ਦੇ ਇੱਕ ਨਾਬਾਲਗ਼ ਮੁੰਡੇ ਨੂੰ ਨਸ਼ਿਆਂ ਦਾ ਆਦੀ ਹੋਣ ਕਰਕੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਤਾਂ ਹੋਰ ਬੀਮਾਰੀਆਂ ਦੀ ਤਸਦੀਕ ਹੋਈ।

ਇਸ ਨੌਜਵਾਨ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਉਸ ਦੇ ਦੋਸਤਾਂ ਦੀ ਪੁੱਛ-ਪੜਤਾਲ ਹੋਈ।

ਸਿਹਤ ਵਿਭਾਗ ਦੇ ਅਮਲੇ ਵੱਲੋਂ ਇਨ੍ਹਾਂ ਦੇ ਮੈਡੀਕਲ ਟੈਸਟ ਕੀਤੇ ਗਏ ਤਾਂ ਜ਼ਿਆਦਾਤਰ ਛੂਤ ਦੀਆਂ ਬੀਮਾਰੀਆਂ ਨਾਲ ਗ੍ਰਸਤ ਨਿਕਲੇ।

ਸਿਵਲ ਅਧਿਕਾਰੀਆਂ ਨੂੰ ਪੜਤਾਲ ਦੌਰਾਨ ਪਿੰਡ ਨੇੜੇ ਸੁੰਨੀ ਥਾਂ ਉੱਤੇ ਡਾਕਟਰੀ ਕੂੜਾ (ਬਾਇਓ ਮੈਡੀਕਲ ਵੇਸਟ) ਮਿਲਿਆ ਜਿਸ ਵਿੱਚ ਵਰਤੀਆਂ ਹੋਈਆਂ ਸਰਿੰਜਾਂ, ਸੂਈਆਂ ਅਤੇ ਦਵਾਈਆਂ ਆਦਿ ਸਨ।

ਇਹ ਵੀ ਪੜ੍ਹੋ-

ਸਾਨੂੰ ਪਿੰਡ ਦੀ ਗਲੀ ਦੇ ਮੋੜ ਉੱਤੇ ਕੁਝ ਲੋਕ ਮਿਲੇ, ਜਿਨ੍ਹਾਂ ਵਿਚੋਂ ਗੁਰਪ੍ਰੀਤ ਕੌਰ ਨੇ ਆਪਣੀ ਕਹਾਣੀ ਸੁਣਾਈ।

ਇਸ ਔਰਤ ਦਾ ਬੇਟਾ ਵੀ ਉਨ੍ਹਾਂ ਸਤਾਰਾਂ ਵਿੱਚ ਹੀ ਸ਼ਾਮਲ ਸੀ ਜੋ ਇਲਾਜ਼ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਏ ਗਏ ਹਨ।

ਇਸ ਔਰਤ ਦੇ ਕਹਿਣ ਉੱਤੇ ਤੰਗ ਗਲੀਆਂ ਵਿੱਚ ਦੀ ਹੁੰਦੇ ਹੋਏ ਉਸਦੇ ਘਰ ਵੱਲ ਨੂੰ ਚੱਲ ਪਏ।

ਰਸਤੇ ਵਿੱਚ ਜਾਂਦੇ ਹੋਏ ਇਹ ਬੀਬੀ ਸਾਨੂੰ ਇਸ਼ਾਰੇ ਨਾਲ ਉਹ ਘਰ ਦਿਖਾਉਂਦੀ ਰਹੀ ਜਿੰਨਾਂ ਘਰਾਂ ਦੇ ਨੌਜਵਾਨ ਉਸ ਦੇ ਮੁੰਡੇ ਵਾਂਗ ਚਿੱਟੇ ਦਾ ਸੇਵਨ ਕਰਦੇ ਹਨ।

ਇਸ ਬੀਬੀ ਦੀ ਨਿਸ਼ਾਨਦੇਹੀ ਮੁਤਾਬਕ ਦਸ ਕੁ ਘਰਾਂ ਵਾਲੀ ਗਲੀ ਵਿੱਚ ਤਿੰਨ ਘਰਾਂ ਦੇ ਨੌਜਵਾਨ ਨਸ਼ੇ ਦੇ ਆਦੀ ਹਨ।

ਇਸ ਅੰਕੜੇ ਨੂੰ ਜੇ ਪੰਜਾਬ ਦੇ ਸੰਦਰਭ ਵਿੱਚ ਸਮਝੀਏ ਤਾਂ ਹਾਲਾਤ ਬਹੁਤ ਖ਼ਤਰਨਾਕ ਹੋ ਸਕਦੇ ਹਨ।

ਗੁਰਪ੍ਰੀਤ ਕੌਰ ਦੀ ਕਹਾਣੀ ਸੁਣ ਕੇ ਵੀ ਡਰ ਦਾ ਅਹਿਸਾਸ ਹੁੰਦਾ ਹੈ, ਹੰਡਾਉਣ ਵਾਲੇ ਦੀ ਹਾਲਾਤ ਦੀ ਤਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

ਸਰਕਾਰੀ ਅਦਾਰੇ ਵਿੱਚ ਸਹਾਇਕ ਵਜੋਂ ਕੰਮ ਕਰਦੀ ਗੁਰਪ੍ਰੀਤ ਦੀ ਤਨਖ਼ਾਹ ਨਿਗੂਣੀ ਜਿਹੀ ਹੈ।

ਇਹ ਬੀਬੀ ਦੱਸਦੀ ਹੈ, "ਮੇਰੇ ਤਿੰਨ ਬੱਚੇ ਹਨ। ਮੇਰਾ ਘਰਵਾਲਾ ਬਜ਼ੁਰਗ ਹੋ ਗਿਆ ਹੈ। ਵੱਡੇ ਮੁੰਡੇ ਦਾ ਹੀ ਆਸਰਾ ਸੀ। ਦੋ ਕੁ ਸਾਲ ਪਹਿਲਾਂ ਉਹ ਵੀ ਨਸ਼ੇ ਵਿੱਚ ਪੈ ਗਿਆ।"

ਉਹ ਅੱਗੇ ਦੱਸਦੀ ਹੈ, "ਪਹਿਲਾਂ ਗੋਲੀਆਂ ਖਾਂਦਾ ਸੀ ਫਿਰ ਚਿੱਟਾ ਖਾਣ ਲੱਗ ਪਿਆ। ਰਸੋਈ ਦੇ ਚਮਚੇ ਚਿੱਟਾ ਪੀ-ਪੀ ਕੇ ਕਾਲੇ ਕਰ ਦਿੱਤੇ। ਜੇ ਰੋਕਦੇ ਸੀ ਤਾਂ ਮਾਰਨ ਲਈ ਦੌੜਦਾ ਸੀ, ਘਰ ਦਾ ਸਮਾਨ ਭੰਨ੍ਹਦਾ ਸੀ। ਹੌਲੀ-ਹੌਲੀ ਘਰੋਂ ਸਰਿੰਜਾਂ ਲੱਭਣ ਲੱਗ ਪਈਆਂ।"

ਇਸ ਤੋਂ ਬਾਅਦ ਗੁਰਪ੍ਰੀਤ ਦਾ ਪੁੱਤਰ ਸ਼ਰੇਆਮ ਨਸ਼ਾ ਕਰਨ ਲੱਗਿਆ ਅਤੇ ਘਰੋਂ ਚੋਰੀ ਕਰਨ ਲੱਗ ਪਿਆ।

ਹੁਣ ਗੁਰਪ੍ਰੀਤ ਦਾ ਪੁੱਤਰ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਕਿਸੇ ਲਾਗ ਦੀ ਬੀਮਾਰੀ ਤੋਂ ਵੀ ਪੀੜਤ ਹੈ।

ਜਦੋਂ ਗੁਰਪ੍ਰੀਤ ਆਪਣੀ ਹੱਡ-ਬੀਤੀ ਸੁਣਾ ਰਹੀ ਸੀ ਤਾਂ ਇੱਕ ਨੌਜਵਾਨ ਰਿਸ਼ੀਪਾਲ ਸਿੰਘ ਆ ਕੇ ਕੋਲ ਬੈਠ ਗਿਆ।

ਇਸ ਗਲੀ ਦੇ ਚਰਚਾ ਵਿੱਚ ਆਏ ਤਿੰਨੇ ਮੁੰਡੇ ਰਿਸ਼ੀਪਾਲ ਸਿੰਘ ਦੇ ਦੋਸਤਾਂ ਵਿੱਚੋਂ ਹੀ ਹਨ।

ਇਹ ਵੀ ਪੜ੍ਹੋ-

ਉਹ ਦੱਸਦਾ ਹੈ, "ਜਦੋਂ ਨਸ਼ੇ ਦੀ ਤੋੜ ਲੱਗੀ ਹੁੰਦੀ ਸੀ ਤਾਂ ਫਿਰ ਸੁਸਤ ਜਿਹੇ ਪਏ ਰਹਿੰਦੇ ਸੀ। ਪਤਾ ਨਹੀਂ ਕਿੱਥੋਂ ਲਿਆਉਂਦੇ ਸੀ। ਜਦੋਂ ਅਸੀਂ ਨਸ਼ਾ ਛੱਡਣ ਨੂੰ ਕਹਿੰਦੇ ਤਾਂ ਅੱਗੋਂ ਜਵਾਬ ਦਿੰਦੇ ਸੀ ਕਿ ਇਹ ਤਾਂ ਅਗਲੇ ਜਹਾਨ ਵਿੱਚ ਹੀ ਛੁੱਟੇਗਾ। ਸਰਿੰਜਾਂ ਤਾਂ ਇੱਕ ਦੂਜੇ ਦੀਆਂ ਹੀ ਲਗਾਉਂਦੇ ਹੋਣਗੇ। ਜਦੋਂ ਨਸ਼ੇ ਇਕੱਠੇ ਕਰਦੇ ਸੀ ਤਾਂ ਸਰਿੰਜਾਂ ਵੀ ਇੱਕ ਦੂਜੇ ਦੀਆਂ ਹੀ ਵਰਤਦੇ ਹੋਣਗੇ।"

ਰਿਸ਼ੀਪਾਲ ਸਿੰਘ ਸਾਨੂੰ ਇੱਕ ਹੋਰ ਨੌਜਵਾਨ ਅਸ਼ਵੀਰ ਸਿੰਘ ਦੇ ਘਰ ਲੈ ਗਿਆ ਜਿਹੜਾ ਹਸਪਤਾਲ ਦਾਖ਼ਲ ਕੀਤੇ ਮੁੰਡਿਆਂ ਵਿੱਚੋਂ ਹੀ ਇੱਕ ਹੈ।

ਇਸ ਘਰ ਵਿੱਚ ਅਰਸ਼ਵੀਰ ਸਿੰਘ ਦੀ ਘਰਵਾਲੀ ਅਤੇ ਭੈਣ ਮੌਜੂਦ ਸਨ। ਪੀੜਤ ਦੀ ਘਰਵਾਲੀ ਬਿੰਨੀ ਕੌਰ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ, "ਮੇਰਾ ਵਿਆਹ ਹੋਏ ਨੂੰ ਸਾਲ ਕੁ ਹੀ ਹੋਇਆ ਹੈ। ਚੰਗਾ ਭਲਾ ਕੰਮ ਉੱਤੇ ਜਾਂਦਾ ਸੀ। ਘਰੇ ਖਰਚਾ ਵੀ ਦਿੰਦਾ ਸੀ। ਹੁਣ ਦੋ ਕੁ ਮਹੀਨਿਆਂ ਦਾ ਘਰੇ ਕੁਝ ਦੇਣੋਂ ਵੀ ਹਟ ਗਿਆ ਸੀ। ਕਈ ਵਾਰ ਸ਼ਕਲ ਬਦਲੀ ਜਿਹੀ ਹੁੰਦੀ ਤਾਂ ਪੁੱਛਣ ਉੱਤੇ ਗੱਲ ਟਾਲ ਦਿੰਦਾ ਸੀ। ਕਈ ਵਾਰ ਰਾਤ ਨੂੰ ਚੀਸਾਂ ਪੈਣ ਲੱਗ ਜਾਂਦੀਆਂ ਤਾਂ ਮੈਂ ਉਸ ਦੀਆਂ ਲੱਤਾਂ ਘੁੱਟਦੀ। ਸ਼ੱਕ ਤਾਂ ਪੈਂਦਾ ਸੀ ਪਰ ਪਤਾ ਹੁਣ ਲੱਗਿਆ ਜਦੋਂ ਇਸ ਨੂੰ ਦਾਖ਼ਲ ਕਰਨ ਲਈ ਲੈ ਕੇ ਗਏ।"

ਅਰਸ਼ਵੀਰ ਦੀ ਭੈਣ ਜਗਪਾਲ ਕੌਰ ਨੇ ਦੱਸਿਆ, "ਭਰਾ ਮੇਰਾ ਬਹੁਤ ਵਧੀਆ ਮਿਸਤਰੀ ਹੈ। ਭਰਜਾਈ ਮੇਰੀ ਗਰਭਵਤੀ ਹੈ। ਹੁਣ ਇਸ ਹਾਲਤ ਵਿੱਚ ਇਹ ਵਿਚਾਰੀ ਕੀ ਕਰੇ? ਜਾਂਦਾ ਹੋਇਆ ਕਹਿ ਕੇ ਗਿਆ ਹੈ ਕਿ ਮੈਂ ਦਿਲੋਂ ਨਸ਼ੇ ਛੱਡਣ ਲਈ ਤਿਆਰ ਹਾਂ। ਛੱਡ ਦੇਵੇ ਤਾਂ ਵਧੀਆ ਹੈ। ਨਹੀਂ ਤਾਂ ਸਾਡੀ ਕੀ ਜ਼ਿੰਦਗੀ ਹੈ?"

ਪਿੰਡ ਨੇੜੇ ਜਿਸ ਥਾਂ ਉੱਤੇ ਡਾਕਟਰੀ ਕੂੜਾ (ਬਾਇਓ ਮੈਡੀਕਲ ਵੇਸਟ) ਮਿਲਿਆ ਸੀ ਉਸ ਥਾਂ ਉੱਤੇ ਅੱਗ ਬੁੱਝਣ ਤੋਂ ਬਾਅਦ ਦੀ ਸਵਾਹ ਪਈ ਸੀ। ਕੁਝ ਟੀਕਿਆ ਦੀਆਂ ਖਾਲੀ ਸ਼ੀਸ਼ੀਆਂ, ਵਰਤੀਆਂ ਹੋਈਆਂ ਸੂਈਆਂ, ਸਰਿੰਜਾਂ ਆਦਿ ਪਈਆਂ ਸਨ।

ਸੰਗਰੂਰ ਦੇ ਐੱਸ.ਐੱਮ.ਓ. ਡਾ. ਕ੍ਰਿਪਾਲ ਸਿੰਘ ਨੇ ਦੱਸਿਆ, "ਸਾਡੇ ਕੋਲ ਇਸ ਪਿੰਡ ਦੇ 17 ਮਰੀਜ਼ ਦਾਖ਼ਲ ਹੋਏ ਹਨ ਜਿਨ੍ਹਾਂ ਵਿੱਚੋਂ ਚਾਰ ਸਿਵਲ ਹਸਪਤਾਲ ਸੰਗਰੂਰ ਵਿੱਚ ਹਨ, ਬਾਕੀ ਮਰੀਜ਼ ਨਸ਼ਾ ਛੁਡਾਉ ਕੇਂਦਰ ਵਿੱਚ ਦਾਖ਼ਲ ਹਨ।

ਇਹ ਆਈ.ਵੀ. (ਟੀਕੇ ਰਾਹੀਂ) ਨਸ਼ੇ ਲੈਂਦੇ ਸਨ। ਹੁਣ ਇਨ੍ਹਾਂ ਮਰੀਜ਼ਾਂ ਨੇ ਸਾਡੇ ਕੋਲ ਨਸ਼ੇ ਛੱਡਣ ਦੀ ਇੱਛਾ ਜਤਾਈ ਹੈ। ਸਾਡੇ ਕੋਲ ਦਾਖ਼ਲ ਮਰੀਜ਼ ਤਕਰੀਬਨ ਛੂਤ ਦੀਆਂ ਬੀਮਾਰੀਆਂ (ਕਮਿਊਨੀਕੇਬਲ ਡਿਸੀਜਜ਼) ਤੋਂ ਪੀੜਤ ਹਨ। ਸਰਕਾਰੀ ਹਦਾਇਤਾਂ ਮੁਤਾਬਕ ਉਨ੍ਹਾਂ ਦੀ ਪਛਾਣ ਗੁਪਤ ਰੱਖ ਕੇ ਇਲਾਜ ਕੀਤਾ ਜਾ ਰਿਹਾ ਹੈ।"

ਐੱਸਡੀਐੱਮ. ਸੰਗਰੂਰ ਅਵੀਕੇਸ਼ ਗੁਪਤਾ ਦਾ ਇਸ ਸਬੰਧੀ ਕਹਿਣਾ ਸੀ, "ਸਾਡੇ ਵੱਲੋਂ ਨਸ਼ਿਆਂ ਖ਼ਿਲਾਫ਼ ਪ੍ਰਚਾਰ ਮੁਹਿੰਮ ਵੀ ਚਲਾਈ ਜਾ ਰਹੀ ਹੈ ਅਤੇ ਹੋਰ ਸਾਧਨਾਂ ਤੋਂ ਵੀ ਸਾਨੂੰ ਸੂਚਨਾ ਮਿਲ ਜਾਂਦੀ ਹੈ। ਸਾਨੂੰ ਇੱਕ ਮੁੰਡੇ ਦੇ ਨਸ਼ੇ ਦੀ ਲੱਤ ਦਾ ਸ਼ਿਕਾਰ ਹੋਣ ਦਾ ਪਤਾ ਲੱਗਿਆ ਸੀ। ਫਿਰ ਅੱਗੇ ਛਾਣਬੀਣ ਕੀਤੀ ਤਾਂ ਹੋਰ ਕੇਸ ਵੀ ਸਾਹਮਣੇ ਆ ਗਏ।"

ਇਨ੍ਹਾਂ ਨੌਜਵਾਨਾਂ ਵੱਲੋਂ ਡਾਕਟਰੀ ਕੂੜੇ ਵਿੱਚੋਂ ਸਰਿੰਜਾਂ ਵਰਤਣ ਸਬੰਧੀ ਉਨ੍ਹਾਂ ਦਾ ਕਹਿਣਾ ਸੀ, "ਇਸ ਬਾਰੇ ਪੱਕਾ ਨਹੀਂ ਕਿਹਾ ਜਾ ਸਕਦਾ। ਸਾਨੂੰ ਪਿੰਡ ਦੇ ਨਜ਼ਦੀਕ ਡਾਕਟਰੀ ਕੂੜਾ ਮਿਲਿਆ ਸੀ ਜਿਸ ਨੂੰ ਪ੍ਰਦੂਸ਼ਨ ਕੰਟਰੋਲ ਵਿਭਾਗ ਵੱਲੋਂ ਪ੍ਰਵਾਨਿਤ ਕੰਪਨੀ ਰਾਹੀਂ ਨਸ਼ਟ ਕਰਵਾ ਦਿੱਤਾ ਗਿਆ ਸੀ।"

ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਸੰਗਰੂਰ ਹਰਜੀਤ ਸਿੰਘ ਤੋਂ ਜਦੋਂ ਡਾਕਟਰੀ ਕੂੜੇ ਨੂੰ ਖ਼ਤਮ ਕਰਨ ਦਾ ਸਹੀ ਤਰੀਕਾ ਅਤੇ ਉਲੰਘਣਾ ਕਰਨ ਤੇ ਹੋਣ ਵਾਲੀ ਕਾਰਵਾਈ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ, "ਬਾਇਓ ਮੈਡੀਕਲ ਵੇਸਟ ਨੂੰ ਸਰਕਾਰੀ ਜਾਂ ਗ਼ੈਰ-ਸਰਕਾਰੀ ਹਸਪਤਾਲ, ਕਲੀਨਕ ਜਾਂ ਲੈਬੋਰੇਟਰੀ ਵੱਲੋਂ ਇੱਕ ਥਾਂ ਇਕੱਠਾ ਕਰਨਾ ਹੁੰਦਾ ਹੈ।

ਇਸ ਤੋਂ ਬਾਅਦ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਤੈਅ ਕੀਤੀ ਗਈ ਕੰਪਨੀ ਵੱਲੋਂ ਉਸ ਨੂੰ ਚੁੱਕਿਆ ਜਾਂਦਾ ਹੈ। ਜਿਸ ਨੂੰ ਬਾਇਓ ਵੇਸਟ ਪਲਾਂਟ ਉੱਤੇ ਲਿਜਾ ਕੇ ਕੰਪਨੀ ਵੱਲੋਂ ਡਿਸਪੋਜ਼ ਕੀਤਾ ਜਾਂਦਾ ਹੈ।

ਜੇ ਕੋਈ ਹਸਪਤਾਲ ਖੁੱਲ੍ਹੇ ਵਿੱਚ ਬਾਇਓ ਵੇਸਟ ਸੁੱਟਦਾ ਹੈ ਤਾਂ ਉਸ ਦੀ ਮਾਨਤਾ ਰੱਦ ਕੀਤੀ ਜਾ ਸਕਦੀ ਹੈ ਅਤੇ ਉਸ ਖ਼ਿਲਾਫ਼ ਕੇਸ ਵੀ ਦਾਇਰ ਕੀਤਾ ਜਾ ਸਕਦਾ ਹੈ।

ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ ਅੰਡਰਸੈਕਸ਼ਨ-5 ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਵੱਲੋਂ ਅਜਿਹੇ ਮਾਮਲਿਆਂ ਵਿੱਚ ਅਧੀਨ ਕੀਤੀ ਜਾਂਦੀ ਹੈ।"

ਬਾਇਓ ਵੇਸਟ ਨੂੰ ਕਿਓਟਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਵੱਲੋਂ ਪੰਜ ਕੰਪਨੀਆਂ ਨੂੰ ਅਧਿਕਾਰਤ ਕੀਤਾ ਗਿਆ ਹੈ।

ਇਨ੍ਹਾਂ ਵਿੱਚੋਂ ਇੱਕ ਮੈਡੀਕੇਅਰ ਇਨਵਾਇਰਮੈਂਟ ਮੈਨੇਜਮੇਂਟ ਕੰਪਨੀ ਵੀ ਹੈ। ਇਸ ਕੰਪਨੀ ਵੱਲੋਂ ਲੁਧਿਆਣਾ ਵਿੱਚ ਬਾਇਓ ਮੈਡੀਕਲ ਵੇਸਟ ਮਨੇਜਮੈਂਟ ਪਲਾਂਟ ਸਥਾਪਿਤ ਕੀਤਾ ਗਿਆ ਹੈ।

ਕੰਪਨੀ ਦੇ ਜਨਰਲ ਮੈਨੇਜਰ ਸੁਨੀਲ਼ ਅਗਰਵਾਲ ਨੇ ਬਾਇਓ ਮੈਡੀਕਲ ਵੇਸਟ ਨੂੰ ਸਹੀ ਤਰੀਕੇ ਨਾਲ ਖ਼ਤਮ ਕਰਨ ਸਬੰਧੀ ਦੱਸਦਿਆ ਕਿਹਾ, "ਅਸੀਂ ਹਸਪਤਾਲ ਦੇ ਕੁਲੈਕਸ਼ਨ ਪੁਆਇੰਟ ਤੋਂ ਠੋਸ ਬਾਇਓ ਮੈਡੀਕਲ ਵੇਸਟ ਚੁੱਕਦੇ ਹਾਂ। ਤਰਲ ਬਾਇਓ ਮੈਡੀਕਲ ਵੇਸਟ ਹਸਪਤਾਲ ਵੱਲੋਂ ਆਪਣੇ ਤੌਰ ਉੱਤੇ ਨਿਪਟਾਇਆ ਜਾਂਦਾ ਹੈ। ਸਾਲਿਡ ਵੇਸਟ ਨੂੰ ਪੀਲੀ, ਲਾਲ, ਨੀਲੀ ਅਤੇ ਚਿੱਟੀ ਕੈਟਾਗਰੀ ਵਿੱਚ ਰੱਖਿਆ ਜਾਂਦਾ ਹੈ। ਪੀਲੀ ਕੈਟਾਗਰੀ ਵਿੱਚ ਮਨੁੱਖੀ ਸਰੀਰ,ਜਾਨਵਰਾਂ ਦੇ ਸਰੀਰ ਨਾਲ ਸਬੰਧਿਤ ਵੇਸਟ ਅਤੇ ਮਿਆਦ ਪੁਗਾ ਚੁੱਕੀਆਂ ਦਵਾਈਆਂ ਆਦਿ ਹੁੰਦੀਆਂ ਹਨ।"

"ਇਸਤੋਂ ਇਲਾਵਾ ਸੂਈਆਂ, ਪਲਾਸਟਿਕ, ਕੱਚ ਅਤੇ ਹੋਰ ਠੋਸ ਵੇਸਟ ਲਾਲ ਚਿੱਟੀ ਅਤੇ ਨੀਲੀ ਸ਼੍ਰੇਣੀ ਵਿੱਚ ਆਉਂਦਾ ਹੈ। ਪੀਲੀ ਕੈਟਾਗਰੀ ਦੇ ਵੇਸਟ ਨੂੰ ਭੱਠੀ ਵਿੱਚ ਜਲਾ ਕੇ ਭਸਮ ਕੀਤਾ ਜਾਂਦਾ ਹੈ ਅਤੇ ਰਾਖ ਨੂੰ ਮਾਪਦੰਡਾ ਅਨੁਸਾਰ ਖ਼ਤਮ ਕੀਤਾ ਜਾਂਦਾ ਹੈ। ਬਾਕੀ ਸ਼੍ਰੇਣੀਆਂ ਦੇ ਵੇਸਟ ਨੂੰ ਆਟੋਕਲੇਵ (ਕੀਟਾਣੂ ਰਹਿਤ) ਕਰਕੇ ਇਸ ਨੂੰ ਸ਼ਰੈੱਡ (ਬਰੀਕ ਟੁਕੜੇ) ਕੀਤਾ ਜਾਂਦਾ ਹੈ। ਇਸ ਨੂੰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਰੀਸਾਈਕਲਿਮਗ ਪਲਾਂਟਾਂ ਉੱਤੇ ਭੇਜਿਆ ਜਾਂਦਾ ਹੈ।"

ਕਮਿਊਨੀਕੇਬਲ ਡੀਸੀਸਜ਼ ਦੀ ਸੰਘਿਆ ਮੈਡੀਕਲ ਖੇਤਰ ਦੇ ਮਾਹਿਰਾਂ ਵਿੱਚ ਆਮ ਵਰਤੀ ਜਾਂਦੀ ਹੈ ਪਰ ਆਮ ਲੋਕ ਇਸ ਤੋਂ ਜ਼ਿਆਦਾ ਵਾਕਿਫ਼ ਨਹੀਂ ਹਨ। ਕਮਿਊਨੀਕੇਬਲ ਡੀਸੀਸਜ਼ (ਛੂਤ ਦੀਆਂ ਬੀਮਾਰੀਆਂ) ਉਹ ਸੰਘਿਆ ਹੈ ਜੋ ਉਨ੍ਹਾਂ ਬੀਮਾਰੀਆਂ ਲਈ ਵਰਤੀ ਜਾਂਦੀ ਹੈ ਜਿਹੜੀਆਂ ਇੱਕ ਮਨੁੱਖ ਦੇ ਦੂਜੇ ਮਨੁੱਖ ਦੇ ਸੰਪਰਕ ਵਿੱਚ ਆਉਣ ਨਾਲ ਫੈਲਦੀਆਂ ਹਨ।

ਇਹ ਬੀਮਾਰੀਆਂ ਸਾਹ ਰਾਹੀਂ, ਗੰਦਗੀ ਵਾਲੀਆਂ ਥਾਵਾਂ,ਕਿਸਰੇ ਦੂਸਰੇ ਦੇ ਖੂਨ ਜਾਂ ਸਰੀਰ ਦੇ ਹੋਰ ਤਰਲ ਪਦਾਰਥਾਂ ਦੇ ਸੰਪਰਕ ਵਿੱਚ ਆਉਣ ਨਾਲ ਫੈਲਦੀਆਂ ਹਨ।

ਐੱਚਆਈਵੀ, ਹੈਪੇਟਾਈਟਸ ਏ, ਬੀ, ਸੀ ਅਤੇ ਟੀ.ਵੀ. ਆਦਿ ਅਜਿਹੀਆਂ ਹੀ ਬੀਮਾਰੀਆਂ ਹਨ। ਵਰਤੀਆਂ ਗਈਆਂ ਸਰਿੰਜਾਂ, ਪੱਟੀਆਂ ਅਤੇ ਹੋਰ ਮੈਡੀਕਲ ਕੂੜਾ ਕਰਕਟ ਬਾਇਓ ਮੈਡੀਕਲ ਵੇਸਟ ਵਿੱਚ ਆਉਂਦਾ ਹੈ ਅਤੇ ਇਸ ਦੇ ਮਨੁੱਖਾਂ ਸੰਪਰਕ ਵਿੱਚ ਆਉਣ ਨਾਲ ਕਮਿਊਨੀਕੇਬਲ ਡੀਸੀਸਜ਼ ਫੈਲ ਸਕਦੀਆਂ ਹਨ।

(ਇਸ ਰਪਟ ਵਿੱਚ ਪਿੰਡ ਵਾਸੀਆਂ ਦੇ ਨਾਮ ਬਦਲ ਦਿੱਤੇ ਗਏ ਹਨ।)

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=8jOEiwzxo5Y

https://www.youtube.com/watch?v=0c7m0sqhqBk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News