ਸਾਊਦੀ ਅਰਬ ’ਚ ਔਰਤਾਂ ਬਿਨਾਂ ਪੁਰਸ਼ ਸਰਪਰਸਤ ਦੇ ਬਣਵਾ ਸਕਣਗੀਆਂ ਪਾਸਪੋਰਟ ਤੇ ਕਰ ਸਕਣਗੀਆਂ ਵਿਦੇਸ਼ ਯਾਤਰਾ

Friday, Aug 02, 2019 - 09:01 AM (IST)

ਕਾਰ ਵਿੱਚ ਬੈਠੀ ਸਾਊਦੀ ਔਰਤ
EPA

ਹੁਣ ਸਾਉਦੀ ਅਰਬ ਦੀਆਂ ਔਰਤਾਂ ਬਿਨਾਂ ਕਿਸੇ ਪੁਰਸ਼ ਸਰਪ੍ਰਸਤ ਦੇ ਇਕੱਲਿਆਂ ਸਫ਼ਰ ਕਰ ਸਕਣਗੀਆਂ।

ਸ਼ੁੱਕਰਵਾਰ ਨੂੰ ਐਲਾਨੇ ਗਏ ਸ਼ਾਹੀ ਹੁਕਮਾਂ ਮੁਤਾਬਕ ਔਰਤਾਂ ਬਿਨਾਂ ਕਿਸੇ ਪੁਰਸ਼ ਸਰਪ੍ਰਸਤ ਦੇ ਤਸਦੀਕ ਕੀਤਿਆਂ ਪਾਸਪੋਰਟ ਬਣਵਾ ਸਕਣਗੀਆਂ।

ਇਸ ਤੋਂ ਇਲਾਵਾ ਔਰਤਾਂ ਬੱਚੇ ਦਾ ਜਨਮ, ਵਿਆਹ ਜਾਂ ਤਲਾਕ ਵੀ ਰਜਿਸਟਰ ਕਰਵਾ ਸਕਣਗੀਆਂ। ਔਰਤਾਂ ਲਈ ਕੰਮ ਵਿੱਚ ਵੀ ਬਰਾਬਰੀ ਦੇ ਮੌਕੇ ਖੋਲ੍ਹੇ ਜਾਣਗੇ।

ਸਾਰੇ ਨਾਗਰਿਕ ਬਰਾਬਰ ਹੋਣਗੇ ਤੇ ਉਨ੍ਹਾਂ ਨੂੰ ਰੁਜ਼ਗਾਰ ਦੇਣ ਸਮੇਂ ਲਿੰਗ, ਅਪੰਗਤਾ ਅਤੇ ਉਮਰ ਦਾ ਵਿਤਕਰਾ ਨਹੀਂ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ:

ਹੁਣ ਤੱਕ ਸਾਊਦੀ ਦੀਆਂ ਔਰਤਾਂ ਨੂੰ ਪਾਸਪਰੋਰਟ ਬਣਵਾਉਣ ਤੇ ਵਿਦੇਸ਼ ਸਫ਼ਰ ਕਰਨ ਲਈ ਕਿਸੇ ਨਾ ਕਿਸੇ ਪੁਰਸ਼ ਸਰਪ੍ਰਸਤ ਦੀ ਮਨਜ਼ੂਰੀ ਹਾਸਲ ਕਰਨੀ ਜ਼ਰੂਰੀ ਹੁੰਦੀ ਸੀ ਉਹ ਭਾਵੇਂ ਪਿਤਾ ਹੋਵੇ ਪਤੀ ਜਾਂ ਕੋਈ ਹੋਰ ਪੁਰਸ਼ ਰਿਸ਼ਤੇਦਾਰ।

ਸਾਊਦੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਇਸ ਤੋਂ ਪਹਿਲਾਂ ਵੀ ਖੁੱਲੇ ਅਰਬੀ ਸਮਾਜ ਦੀ ਸਿਰਜਣਾ ਨੂੰ ਧਿਆਨ ਵਿੱਚ ਰੱਖਦਿਆਂ ਔਰਤਾਂ ਨੂੰ ਜੀਵਨ ਦੇ ਹੋਰ ਪੱਖਾਂ ਵਿੱਚ ਵੀ ਬਰਾਬਰੀ ਦੇਣ ਦੇ ਯਤਨ ਕੀਤੇ ਹਨ। ਸਾਊਦੀ ਅਰਬ ਵਿੱਚ ਔਰਤਾਂ ਨੂੰ ਗੱਡੀ ਚਲਾਉਣ ਦੀ ਆਗਿਆ ਦਿੱਤੀ ਗਈ।

ਸਾਲ 2016 ਵਿੱਚ ਉਨ੍ਹਾਂ ਨੇ 2030 ਤੱਕ ਦੇਸ਼ ਦੇ ਅਰਥਚਾਰੇ ਦੇ ਬਦਲਾਅ ਦੀ ਵੱਕਾਰੀ ਯੋਜਨਾ ਸਾਹਮਣੇ ਰੱਖੀ ਜਿਸ ਲਈ ਔਰਤਾਂ ਦੀ ਹਿੱਸੇਦਾਰੀ 22 ਫੀਸਦੀ ਤੋੰ ਵਧਾ ਕੇ 30 ਫੀਸਦੀ ਕੀਤੀ ਜਾਵੇਗੀ।

ਫਿਰ ਵੀ ਅਜਿਹੇ ਮਾਮਲੇ ਸਾਹਮਣੇ ਆਏ ਜਦੋਂ ਕੁਝ ਔਰਤਾਂ ਨੇ ਲਿੰਗਕ ਵਿਤਕਰੇ ਦਾ ਹਵਾਲਾ ਦਿੰਦਿਆਂ ਕੈਨੇਡਾ ਵਰਗੇ ਬਾਹਰਲੇ ਮੁਲਕਾਂ ਵਿੱਚ ਸ਼ਰਨ ਦੀ ਮੰਗ ਕੀਤੀ।

ਰਾਹਫ਼ ਮੁਹੰਮਦ ਅਲ-ਕਿਉਨੁਨ
AFP
ਰਾਹਫ਼ ਮੁਹੰਮਦ ਅਲ-ਕਿਉਨੁਨ 12 ਜਨਵਰੀ ਨੂੰ ਟੋਰੰਟੋ ਏਅਰਪੋਰਟ ਉੱਤੇ

ਇਸੇ ਸਾਲ ਜਨਵਰੀ ਵਿੱਚ 18 ਸਾਲਾ ਰਾਹਫ਼ ਮੁਹੰਮਦ ਅਲ-ਕਿਉਨੁਨ ਨੂੰ ਕੈਨੇਡਾ ਨੇ ਸ਼ਰਨ ਦਿੱਤੀ। ਉਹ ਸਾਉਦੀ ਅਰਬ ਤੋਂ ਭੱਜ ਕੇ ਆਸਟਰੇਲੀਆ ਜਾਣਾ ਚਾਹੁੰਦੀ ਸੀ ਪਰ ਥਾਈਲੈਂਡ ਦੇ ਇੱਕ ਹੋਟਲ ਵਿੱਚ ਘਿਰ ਗਈ।

ਮਗਰੋਂ ਥਾਈ ਸਰਕਾਰ ਨੇ ਵੀ ਉਸ ਦਾ ਪੱਖ ਲਿਆ ਕਿ ਜਿਵੇਂ ਉਹ ਚਾਹੇਗੀ ਉਸੇ ਤਰ੍ਹਾਂ ਹੋਵੇਗਾ। ਬਾਅਦ ਵਿੱਚ ਜਦੋਂ ਰਹਾਫ਼ ਨੇ ਕੌਮਾਂਤਰੀ ਮਦਦ ਦੀ ਮੰਗ ਕੀਤੀ ਤਾਂ ਕੈਨੇਡਾ ਨੇ ਉਸ ਨੂੰ ਸ਼ਰਨ ਦਿੱਤੀ।

ਮਨੁੱਖੀ ਅਧਿਕਾਰ ਸੰਗਠਨ ਅਕਸਰ ਇਹ ਦਾਅਵੇ ਕਰਦੇ ਰਹਿੰਦੇ ਹਨ ਕਿ ਸਾਊਦੀ ਅਰਬ ਵਿੱਚ ਔਰਤਾਂ ਨੂੰ ਦੂਸਰੇ ਦਰਜੇ ਦੀਆਂ ਨਾਗਰਕ ਸਮਝਿਆ ਜਾਂਦਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=4c_5eKlQFvI

https://www.youtube.com/watch?v=ZcOtKaL2B_w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News