ਵੀ ਜੀ ਸਿਧਾਰਥ: ਭਾਰਤ ਦੇ ਕੌਫ਼ੀ ਬਾਦਸ਼ਾਹ ਦੇ ਅਰਸ਼ ''''ਤੇ ਪਹੁੰਚਣ ਤੇ ਦੁਖਦਾਈ ਅੰਤ ਦੀ ਕਹਾਣੀ
Friday, Aug 02, 2019 - 06:31 AM (IST)
ਕੈਫ਼ੇ ਕੌਫ਼ੀ ਡੇਅ ਦੇ ਸੰਸਥਾਪਕ ਵੀ.ਜੀ. ਸਿਧਰਾਥ ਦੀ ਮੌਤ ਦੀ ਖ਼ਬਰ ਨੇ ਸਭਨਾਂ ਨੂੰ ਹੈਰਾਨ ਕਰ ਦਿੱਤਾ ਹੈ।ਭਾਰਤ ਦੇ ਕਾਰੋਬਾਰੀ ਭਾਈਚਾਰੇ ''ਚ ਤਾਂ ਸਦਮੇ ਦਾ ਮਾਹੌਲ ਬਣਿਆ ਹੋਇਆ ਹੈ।
ਦੱਸਣਯੋਗ ਹੈ ਕਿ ਬੁੱਧਵਾਰ ਸਵੇਰ ਨੂੰ ਮਰਹੂਮ ਸਿਧਾਰਥ ਦੀ ਲਾਸ਼ ਦੇਸ਼ ਦੇ ਦੱਖਣੀ ਸ਼ਹਿਰ ਮੰਗਲੁਰੂ ਨਜ਼ਦੀਕ ਨੇਤਰਵਤੀ ਨਦੀ ਦੇ ਕਿਨਾਰਿਆਂ ਤੋਂ ਬਰਾਮਦ ਕੀਤੀ ਗਈ।
ਇੱਕ ਸਾਦੇ ਜੀਵਨ ਦੇ ਧਾਰਨੀ
ਭਾਵੇਂ ਕਿ ਉਹ ਭਾਰਤ ਦੀ ਸਭ ਤੋਂ ਵੱਡੀ ਕੌਫ਼ੀ ਚੇਨ ਦੇ ਮਾਲਿਕ ਸਨ ਪਰ ਉਹ ਮੀਡੀਆ ਤੋਂ ਦੂਰੀ ਹੀ ਬਣਾ ਕੇ ਰੱਖਦੇ ਸਨ।ਉਹ ਬਹੁਤ ਹੀ ਸ਼ਰਮੀਲੇ ਅਤੇ ਆਪਣੇ ''ਚ ਮਸਤ ਸੁਭਾਅ ਦੇ ਮਾਲਕ ਸਨ।
ਸੁਰਖੀਆਂ ਤੋਂ ਦੂਰ ਰਹਿਣਾ ਹੀ ਉਨ੍ਹਾਂ ਨੂੰ ਭਾਉਂਦਾ ਸੀ।ਮਰਹੂਮ ਸਿਧਾਰਥ ਵੱਲੋਂ ਤੋਰੇ ਗਏ ਬ੍ਰਾਂਡ ਨੇ ਦੁਨੀਆ ਭਰ ''ਚ ਭਾਰਤੀ ਆਰਥਿਕਤਾ ਦੀ ਬਣਤਰ ਨੂੰ ਉੱਚਾ ਚੁੱਕਿਆ ਹੈ ਪਰ ਉਹ ਆਪ ਬਹੁਤ ਹੀ ਸਾਦਾ ਜੀਵਣ ਜਿਉਂਣਾ ਪਸੰਦ ਕਰਦੇ ਸਨ।
ਮਰਹੂਮ ਸਿਧਾਰਥ ਦਾ ਜਨਮ ਕਰਨਾਟਕ ਰਾਜ ਦੇ ਚਿਕਮਾਗਲੂਰ ਜ਼ਿਲ੍ਹਾ ਦੇ ਮੰਲੇਨਾਡੂ ਖੇਤਰ ''ਚ ਕੌਫ਼ੀ ਦੀ ਕਾਸ਼ਤ ਕਰਨ ਵਾਲੇ ਪਰਿਵਾਰ ''ਚ ਹੋਇਆ ਸੀ।
ਇਹ ਵੀ ਪੜ੍ਹੋ :
- ''ਘੱਟ ਕਮਾ ਲਓ, ਘੱਟ ਖਾ ਲਓ ਪਰ ਵਿਦੇਸ਼ ਨਾ ਜਾਓ''
- ਜਦੋਂ ਬ੍ਰਿਗੇ. ਬਾਜਵਾ ਦੀ ਸਿਫਾਰਿਸ਼ ’ਤੇ ਪਾਕ ਕੈਪਟਨ ਨੂੰ ਮਿਲਿਆ ਸਰਬ-ਉੱਚ ਸਨਮਾਨ
- ਔਰਤ ਜੇ ਮਰਦ ਨਾਲ ਜ਼ਬਰਦਸਤੀ ਕਰੇ ਤਾਂ ਕੀ ਇਹ ਬਲਾਤਕਾਰ ਹੈ
- ਦੁਬਈ ਦੇ ਸ਼ਾਸਕ ਦੀ ਪਤਨੀ ਨੂੰ ਕਿਉਂ ਦਰ-ਦਰ ਭਟਕਣਾ ਪੈ ਰਿਹਾ
ਉਨ੍ਹਾਂ ਨੇ 1980 ਦੇ ਦਹਾਕੇ ''ਚ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਨਿਵੇਸ਼ ਸ਼ਾਹੂਕਾਰ ਦੇ ਤੌਰ ''ਤੇ ਕੀਤੀ ਪਰ ਜਲਦ ਹੀ ਉਨ੍ਹਾਂ ਨੇ ਸ਼ੇਅਰ ਬਾਜ਼ਾਰ ''ਚ ਪੈਸਾ ਲਗਾਉਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੂੰ 1991 ਤੋਂ ਬਾਅਦ ਪਹਿਲੀ ਵੱਡੀ ਸਫ਼ਲਤਾ ਉਦੋਂ ਮਿਲੀ ਜਦੋਂ ਭਾਰਤੀ ਆਰਥਿਕਤਾ ਦਾ ਉਦਾਰੀਕਰਨ ਹੋਇਆ ਅਤੇ ਕੌਫ਼ੀ ਵਪਾਰ ਤੋਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ।
ਇਸ ਸਥਿਤੀ ਨੇ ਸ੍ਰੀ ਸਿਧਾਰਥ ਨੂੰ ਇੱਕ ਨਵੇਂ ਵਪਾਰ ਲਈ ਤਿਆਰ ਕੀਤਾ ਅਤੇ 1993 ''ਚ ਉਨ੍ਹਾਂ ਨੇ ਕੌਫ਼ੀ ਬੀਨ ਦਾ ਵਪਾਰ ਸ਼ੁਰੂ ਕੀਤਾ।
ਦੋ ਸਾਲਾਂ ਦੇ ਅੰਦਰ ਹੀ ਸ੍ਰੀ ਸਿਧਾਰਥ ਦੀ ਕੰਪਨੀ ਭਾਰਤ ਤੋਂ ਕੌਫ਼ੀ ਨਿਰਯਾਤ ਕਰਨ ਵਾਲੀ ਸਭ ਤੋਂ ਵੱਡੀ ਨਿਰਯਾਤ ਕੰਪਨੀ ਬਣ ਗਈ।
ਪੱਛਮੀ ਕੈਫ਼ੇ ਸੱਭਿਆਚਾਰ ਤੋਂ ਪ੍ਰਭਾਵਿਤ ਅਤੇ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਭਾਰਤ ''ਚ ਕੌਫ਼ੀ ਚੇਨ ਸ਼ੁਰੂ ਕਰਨ ਬਾਰੇ ਸੋਚਿਆ।
ਸ਼ੁਰੂ ''ਚ ਉਨ੍ਹਾਂ ਨੂੰ ਆਪਣੇ ਸਾਥੀਆਂ ਅਤੇ ਹੋਰ ਲੋਕਾਂ ਤੋਂ ਨਿਰਾਸ਼ਾ ਹੀ ਮਿਲੀ, ਕਿਉਂਕਿ ਉਨ੍ਹਾਂ ਲੋਕਾਂ ਦਾ ਮੰਨਣਾ ਸੀ ਕਿ ਭਾਰਤ ਅਜਿਹਾ ਮੁਲਕ ਹੈ ਜਿੱਥੇ ਚਾਹ ( Tea ) ਦੇ ਸ਼ੌਕੀਨ ਲੋਕ ਹਨ ਉੱਥੇ ਕੌਫ਼ੀ ਨੂੰ ਕੌਣ ਪੁੱਛੇਗਾ?
ਪਰ ਸਿਧਾਰਥ ਨੇ ਆਪਣੇ ਇਰਾਦਿਆਂ ਨੂੰ ਢਹਿ ਢੇਰੀ ਨਾ ਹੋਣ ਦਿੱਤਾ।ਬਾਅਦ ''ਚ ਜਰਮਨ ਦੇ ਇੱਕ ਕੌਫ਼ੀ ਚੇਨ ਦੇ ਮਾਲਕ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਵਿਚਾਰ ਨੂੰ ਅਮਲੀ ਜਾਮਾ ਪਹਿਣਾਉਣ ਲਈ ਯਤਨ ਸ਼ੁਰੂ ਕਰ ਦਿੱਤੇ।
ਸੂਰਜ ਦੀ ਤਰ੍ਹਾਂ ਚਮਕਿਆ ਕੌਫ਼ੀ ਕਿੰਗ
1996 ''ਚ ਮਰਹੂਮ ਸਿਧਾਰਥ ਨੇ ਬੰਗਲੁਰੂ ਵਿਖੇ ਆਪਣਾ ਪਹਿਲਾ ਕੈਫ਼ੇ ਕੌਫ਼ੀ ਡੇਅ ਖੋਲ੍ਹਿਆ ਜਿਸ ਦੀ ਟੈਗ ਲਾਈਨ ਸੀ- ''A lot can happen over a cup of coffee''।
ਨੌਜਵਾਨਾਂ ''ਚ ਇਸ ਕੇਫ਼ੇ ਦੇ ਚਰਚੇ ਹੋਣ ਲੱਗੇ ਅਤੇ ਵਿਿਦਆਰਥੀ ਅਤੇ 30 ਸਾਲ ਤੋਂ ਘੱਟ ਉਮਰ ਦੇ ਕਾਰਪੋਰੇਟ ਅਧਿਕਾਰੀ ਇੱਥੇ ਹੀ ਆਪਣਾ ਵਧੇਰੇ ਸਮਾਂ ਕੌਫ਼ੀ ਦੀਆਂ ਚੁਸਕੀਆਂ ਨਾਲ ਬਤੀਤ ਕਰਨ ਲੱਗੇ।
1990 ਦੇ ਅੰਤ ਅਤੇ 2000 ਦੇ ਦਹਾਕੇ ਦੀ ਸ਼ੁਰੂਆਤ ''ਚ ਸੀ.ਸੀ.ਡੀ.ਦਾ ਨਾਂਅ ਨੌਜਵਾਨਾਂ ਦੀ ਜ਼ੁਬਾਨ ''ਤੇ ਆਉਣ ਲੱਗਾ ਅਤੇ ਸੀ.ਸੀ.ਡੀ. ਦਾ ਪਹਿਲਾ ਅੰਤਰਰਾਸ਼ਟਰੀ ਆਉਟਲੈੱਟ ਸਾਲ 2005 ''ਚ ਵਿਆਨਾ ਵਿਖੇ ਖੋਲ੍ਹਿਆ ਗਿਆ ਅਤੇ ਸਾਲ 2011 ਤੱਕ ਆਉਂਦਿਆਂ ਸੀ.ਸੀ.ਡੀ. ਦੇ 1 ਹਜ਼ਾਰ ਤੋਂ ਵੀ ਵੱਧ ਸਟੋਰ ਖੁੱਲ ਚੁੱਕੇ ਸਨ।
ਬੰਗਲੁਰੂ ਅਧਾਰਤ ਬ੍ਰਾਂਡ ਸਲਾਹਕਾਰ ਹਰੀਸ਼ ਬਿਜੌਰ ਸ੍ਰੀ ਸਿਧਾਰਥ ਨੂੰ ਭਾਰਤ ਦਾ ''Howard Schultz'' ਦੱਸਦੇ ਹਨ। Schultz ਸਟਾਰਬਕਸ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਸਨ, ਜਿੰਨ੍ਹਾਂ ਨੇ ਸਭ ਤੋਂ ਵੱਧ ਇਸ ਅਹੁਦੇ ਦਾ ਕਾਰਜਭਾਰ ਸੰਭਾਲਿਆ ਸੀ ਅਤੇ ਅਮਰੀਕਾ ਅਧਾਰਤ ਇੱਕ ਕੌਫ਼ੀ ਕੰਪਨੀ ਨੂੰ ਕੌਮਾਂਤਰੀ ਪੱਧਰ ''ਤੇ ਪਛਾਣ ਦਿਵਾਉਣ ''ਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਸੀ।
ਸ੍ਰੀ ਬਿਜੌਰ ਨੇ ਬੀ.ਬੀ.ਸੀ. ਨੂੰ ਦੱਸਿਆ, " ਸਿਧਾਰਥ ਨੇ ਭਾਰਤ ''ਚ ਕੌਫ਼ੀ ਕਲਚਰ ''ਚ ਵੱਡੀ ਕ੍ਰਾਂਤੀ ਲਿਆਂਦੀ।ਉਹ ਇੱਕ ਨਿਰਵਿਵਾਦਿਤ ਕੌਫ਼ੀ ਦੇ ਬਾਦਸ਼ਾਹ ਸਨ।"
ਸੀ.ਸੀ.ਡੀ. ਦਾ ਵਪਾਰਕ ਮਾਡਲ ਤਿੰਨ ਸਿਧਾਂਤਾ ''ਤੇ ਅਧਾਰਿਤ ਹੈ: ਕਿਫਾਇਤੀ ਕੌਫ਼ੀ, ਵਧੀਆ ਮਾਹੌਲ ਅਤੇ ਗੁਣਵੱਤਾ ਭਰਪੂਰ ਸੇਵਾ।
ਸੀ.ਸੀ.ਡੀ. ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸ੍ਰੀ ਸਿਧਾਰਥ ਨੇ ਹਮੇਸ਼ਾਂ ਹੀ ਆਪਣੇ ਗਾਹਕਾਂ ਦੀਆਂ ਮੰਗਾਂ ਦੀ ਪੂਰਤੀ ਲਈ ਆਪਣੇ ਵੱਖ-ਵੱਖ ਸਟੋਰਾਂ ਦੇ ਫਾਰਮੈਟਾਂ ''ਚ ਤਬਦੀਲੀ ਕੀਤੀ ਤਾਂ ਜੋ ਹਰ ਵਰਗ ਦੇ ਲੋਕ ਸੀ.ਸੀ.ਡੀ. ''ਚ ਆ ਸਕਣ।
ਵੈਸੇ ਤਾਂ ਸ਼ੁਰੂਆਤ ''ਚ ਸੀ.ਸੀ.ਡੀ. ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਆਪਣੇ ਵੱਲ ਖਿੱਚਣਾ ਸੀ, ਜੋ ਕਿ 1 ਜਾਂ 1.5 ਡਾਲਰ ਤੋਂ ਵੱਧ ਕੌਫ਼ੀ ''ਤੇ ਖਰਚ ਨਹੀਂ ਸੀ ਕਰਨਾ ਚਾਹੁੰਦੇ।ਇਸ ਤੋਂ ਇਲਾਵਾ ਉਨ੍ਹਾਂ ਗਾਹਕਾਂ ਵੱਲ ਵੀ ਧਿਆਨ ਕੇਂਦਰਿਤ ਕੀਤਾ ਗਿਆ ਜੋ ਕਿ ਇਸ ਤਰ੍ਹਾਂ ਦੀਆਂ ਸੇਵਾਵਾਂ ਲਈ ਵਾਧੂ ਪੈਸਾ ਖਰਚ ਕਰਨ ਦੇ ਹੱਕ ''ਚ ਨਹੀਂ ਸਨ।
ਇਹ ਵੀ ਪੜ੍ਹੋ:
- ਇਹ ਔਰਤਾਂ ਮਾਹਵਾਰੀ ਦੇ ਖੂਨ ਨਾਲ ਮੂੰਹ ਕਿਉਂ ਰੰਗ ਰਹੀਆਂ ਹਨ
- ਆਮ ਪੱਥਰਾਂ ਨੂੰ ਵੇਚ ਕੇ ਲੱਖਪਤੀ ਬਣਨ ਵਾਲਾ ਸ਼ਖ਼ਸ
- CCD ਦੇ ਮਾਲਕ ਵੀਜੀ ਸਿਧਾਰਥ ਦੀ ਨੇਤਰਾਵਤੀ ਨਦੀ ਨੇੜਿਓਂ ਬਰਾਮਦ ਹੋਈ ਲਾਸ਼
ਇੰਨ੍ਹਾਂ ਕੈਫ਼ਿਆਂ ''ਚ ਕੌਫ਼ੀ ਤੋਂ ਇਲਾਵਾ ਹੋਰ ਖਾਣ ਦੀਆਂ ਵਸਤਾਂ ਦਾ ਵੀ ਪ੍ਰਬੰਧ ਕੀਤਾ ਗਿਆ ਅਤੇ ਮੁਫ਼ਤ ਇੰਟਰਨੈੱਟ ਸਹੂਲਤ ਵੀ ਪ੍ਰਦਾਨ ਕੀਤੀ ਗਈ ਜੋ ਕਿ ਉਨ੍ਹਾਂ ਦਿਨਾਂ ''ਚ ਹਰ ਕਿਸੇ ਦੀ ਪਹੁੰਚ ''ਚ ਨਹੀਂ ਸੀ।
ਸ੍ਰੀ ਬਿਜੌਰ ਨੇ ਕਿਹਾ ਕਿ ਕੌਫ਼ੀ ਅਤੇ ਉਸ ਨਾਲ ਇੰਟਰਨੈੱਟ ਸੇਵਾ ਦੀ ਸਹੂਲਤ ਮਿਲਣਾ ਸੋਨੇ ''ਤੇ ਸੁਹਾਗੇ ਵਾਲੀ ਗੱਲ ਸੀ।
ਸੀ.ਸੀ.ਡੀ. ਦੇ ਕੁੱਝ ਸਟੋਰਾਂ ''ਤੇ ਤਾਂ ਸੰਗੀਤ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ, ਜਿੱਥੇ ਗਾਹਕ ਤੈਅ ਭੁਗਤਾਨ ਕਰਕੇ ਆਪਣੀ ਮਰਜ਼ੀ ਦੇ ਗਾਣੇ ਸੁਣ ਸਕਦੇ ਹਨ।
ਮੌਜੂਦਾ ਸਮੇਂ ''ਚ ਭਾਰਤ ਸਮੇਤ ਦੁਨੀਆ ਭਰ ''ਚ ਸੀ.ਸੀ.ਡੀ. ਦੇ 1700 ਤੋਂ ਵੀ ਵੱਧ ਸਟੋਰ ਹਨ।ਪ੍ਰਾਗ, ਵਿਆਨਾ ਅਤੇ ਕੁਆਲਾਲੰਪੁਰ ਵਰਗੇ ਸ਼ਹਿਰਾਂ ''ਚ ਸੀ.ਸੀ.ਡੀ. ਦੇ ਸਟੋਰਾਂ ਦਾ ਪੂਰਾ ਬੋਲਬਾਲਾ ਹੈ।
ਸਖ਼ਤ ਮੁਕਾਬਲਾ ਅਤੇ ਵਿੱਤੀ ਤਣਾਅ
ਇੱਕ ਦਹਾਕੇ ਤੋਂ ਵੀ ਵੱਧ ਬਿਨ੍ਹਾਂ ਕਿਸੇ ਸਖ਼ਤ ਮੁਕਾਬਲੇ ਦੇ ਸਫ਼ਰ ਕਰਨ ਤੋਂ ਬਾਅਦ ਸੀ.ਸੀ.ਡੀ. ਨੂੰ ਅੰਤਰਰਾਸ਼ਟਰੀ ਕੌਫ਼ੀ ਚੇਨਾਂ- ਸਟਾਰਬਕਸ ਅਤੇ ਕੋਸਟਾ ਕੌਫ਼ੀ ਦੀ ਆਮਦ ਨਾਲ ਕੁੱਝ ਹਲਚੱਲ ਮਹਿਸੂਸ ਹੋਣ ਲੱਗੀ।ਸਾਲ 2012 ਤੋਂ ਬਾਅਦ ਸੀ.ਸੀ.ਡੀ. ਨੂੰ ਆਪਣੇ ਮੁਕਾਬਲੇ ''ਚ ਕੋਈ ਖੜ੍ਹਾ ਦਿਖਣ ਲੱਗਾ।
ਪਿਛਲੇ ਕੁੱਝ ਸਾਲਾਂ ਤੋਂ ਸਖ਼ਤ ਮੁਕਾਬਲੇ ਦੇ ਕਾਰਨ ਸੀ.ਸੀ.ਡੀ. ਨੂੰ ਆਪਣੇ ਵਿਸਥਾਰ ''ਤੇ ਰੋਕ ਲਗਾਉਣੀ ਪਈ।ਸਾਲ 2015 ''ਚ ਵਧੇਰੇ ਪੈਸਿਆਂ ਦੀ ਪੂਰਤੀ ਲਈ ਸ੍ਰੀ ਸਿਧਾਰਥ ਨੇ ਸ਼ੇਅਰ ਬਾਜ਼ਾਰ ''ਚ ਆਪਣੀ ਕੰਪਨੀ ਨੂੰ ਜਨਤਕ ਰੁਤਬੇ ਹੇਠ ਲੈ ਆਉਂਦਾ, ਪਰ ਨਿਵੇਸ਼ਕਾਂ ਵੱਲੋਂ ਭਰਵਾਂ ਹੁੰਗਾਰਾਂ ਨਾ ਮਿਲਣ ਕਰਕੇ ਕੰਪਨੀ ਦੇ ਸ਼ੇਅਰ ਪਹਿਲੇ ਹੀ ਦਿਨ 18% ਹੇਠਾਂ ਡਿੱਗ ਗਏ।
ਰੀਅਲ ਅਸਟੇਟ ਸਲਾਹਕਾਰੀ ਫਰਮ, ਜੇ.ਐਲ.ਐਲ ਦੇ ਸੁਭ੍ਰਾਂਸ਼ੂ ਪਾਨੀ ਨੇ ਕਿਹਾ ਕਿ ਇਸ ਸਥਿਤੀ ਤੋਂ ਬਾਹਰ ਆਉਣ ਲਈ ਕੰਪਨੀ ਨੇ ਆਪਣੀ ਮਾਰਕਿਟ ਕੀਮਤ ਨੂੰ ਵਧਾਉਣ ਲਈ ਘਾਟੇ ''ਚ ਜਾ ਰਹੇ ਆਪਣੇ ਸਟੋਰਾਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ।
ਸ੍ਰੀ ਪਾਨੀ ਨੇ ਬੀ.ਬੀ.ਸੀ. ਨੂੰ ਦੱਸਿਆ ਕਿ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਇਸ ਮੁਕਾਬਲੇਬਾਜ਼ੀ ਦੇ ਦੌਰ ''ਚ ਜੇਕਰ ਕਾਮਯਾਬੀ ਦੀ ਰਾਹ ''ਤੇ ਚੱਲਦੇ ਰਹਿਣਾ ਹੈ ਤਾਂ ਉਨ੍ਹਾਂ ਨੂੰ ਆਪਣੀ ਰਣਨੀਤੀ ''ਚ ਤਬਦੀਲੀ ਲਿਆਉਣੀ ਜ਼ਰੂਰੀ ਹੋਵੇਗੀ।
ਇਸ ਕਦਮ ਨਾਲ ਸੀ.ਸੀ.ਡੀ. ਨੂੰ ਕੁੱਝ ਹੱਦ ਤੱਕ ਮਦਦ ਤਾਂ ਮਿਲੀ ਅਤੇ ਕੰਪਨੀ ਨੇ ਲਗਾਤਾਰ ਪਿਛਲੇ ਤਿੰਨ ਵਿੱਤੀ ਵਰ੍ਹਿਆਂ ਦੌਰਾਨ ਮੁਨਾਫ਼ਾ ਕਮਾਇਆ ਹੈ।ਇੱਥੋਂ ਤੱਕ ਮੁਨਾਫ਼ੇ ''ਚ ਸੁਧਾਰ ਵੀ ਦਰਜ ਕੀਤਾ ਗਿਆ ਸੀ।ਸਿਰਫ ਵੱਧ ਰਹੇ ਕਰਜੇ ਦੀ ਮਾਰ ਨੇ ਹੀ ਸੀ.ਸੀ.ਡੀ. ਦੇ ਵਿਕਾਸ ਅੱਗੇ ਅੜਿੱਕਾ ਪਾਇਆ ਹੋਇਆ ਹੈ।
ਮਾਰਚ 2019 ''ਚ ਖ਼ਤਮ ਹੋਏ ਵਿੱਤੀ ਵਰ੍ਹੇ ''ਚ ਕੰਪਨੀ ਦਾ ਕੁੱਲ ਕਰਜਾ 1 ਬਿਲੀਅਨ ਡਾਲਰ ਤੋਂ ਹੇਠਾਂ ਹੀ ਸੀ।ਕੰਪਨੀ ਸਿਰ ਚੜ੍ਹੇ ਉਧਾਰ ਨੂੰ ਘੱਟ ਕਰਨ ਲਈ ਸ੍ਰੀ ਸਿਧਾਰਥ ਨੇ ਮਿੰਡਤਰੀ ''ਚ ਆਪਣੇ ਨਿਵੇਸ਼ ਦੇ 20.41% ਸ਼ੇਅਰ ਨਿਲਾਮ ਕਰ ਦਿੱਤੇ।
ਇੱਥੋਂ ਤੱਕ ਸੁਣਨ ''ਚ ਆਇਆ ਹੈ ਕਿ ਸ੍ਰੀ ਸਿਧਾਰਥ ਕਈ ਨਿਵੇਸ਼ਕਾਂ ਨਾਲ ਵੀ ਗੱਲਬਾਤ ਕਰ ਰਹੇ ਸਨ ਤਾਂ ਜੋ ਸੀ.ਸੀ.ਡੀ ਦੇ ਕੁੱਝ ਸ਼ੇਅਰਾਂ ਨੂੰ ਵੇਚ ਕੇ ਕਰਜਾ ਉਤਾਰਿਆ ਜਾ ਸਕੇ।ਇੰਨ੍ਹਾਂ ਨਿਵੇਸ਼ਕਾਂ ''ਚ ਕੋਕਾ ਕੋਲਾ ਵੀ ਸ਼ਾਮਲ ਹੈ।ਹਾਲਾਂਕਿ ਕੰਪਨੀ ਅਤੇ ਕੋਕਾ ਕੋਲਾ ਨੇ ਇੰਨ੍ਹਾਂ ਰਿਪੋਰਟਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ।
ਪਰ ਲਗਾਤਾਰ ਵੱਧ ਰਹੇ ਕਰਜੇ ਕਾਰਨ ਕੰਪਨੀ ਦੇ ਮੁਲਾਂਕਣ ''ਤੇ ਬੁਰਾ ਪ੍ਰਭਾਵ ਪੈ ਰਿਹਾ ਹੈ।ਜਨਵਰੀ 2018 ''ਚ ਸੀ.ਸੀ.ਡੀ. ਦੇ ਸ਼ੇਅਰ ਦੀ ਕੀਮਤ ਸਭ ਤੋਂ ਉੱਚ ਪੱਧਰ ''ਤੇ ਪਹੁੰਚੀ ਪਰ ਉਦੋਂ ਤੱਕ ਸ਼ੇਅਰ ਦੀ ਕੀਮਤ 2/3 ਦੀ ਗਿਰਾਵਟ ਝੇਲ ਚੁੱਕੀ ਸੀ। ਮੰਗਲਵਾਰ ਜਦੋਂ ਖ਼ਬਰ ਆਈ ਕਿ ਸ੍ਰੀ ਸਿਧਾਰਥ ਲਾਪਤਾ ਹਨ ਤਾਂ ਸ਼ੇਅਰਾਂ ਦੀ ਕੀਮਤ ''ਚ 35% ਘਾਟਾ ਦਰਜ ਕੀਤਾ ਗਿਆ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਚੁਣੌਤੀਆਂ ਦੇ ਬਾਵਜੂਦ ਸੀ.ਸੀ.ਡੀ. ਇੱਕ ਪ੍ਰਮੁੱਖ ਅਤੇ ਮਜ਼ਬੂਤ ਬ੍ਰਾਂਡ ਹੈ, ਅਤੇ ਜੇਕਰ ਇਸ ਦਾ ਪ੍ਰਬੰਧਨ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਇਸ ਦਾ ਭਵਿੱਖ ਬਹੁਤ ਸੁਨਹਿਰਾ ਹੈ।
ਪਰ ਅਚਨਚੇਤ ਸ੍ਰੀ ਸਿਧਾਰਥ ਦੀ ਹੋਈ ਮੌਤ ਨੇ ਕਈ ਸਵਾਲਾਂ ਨੂੰ ਜਨਮ ਦੇ ਦਿੱਤਾ ਹੈ। ਜਿੰਨ੍ਹਾਂ ''ਚੋਂ ਇਕ ਸਵਾਲ ਇਹ ਹੈ ਕਿ ਕੀ ਕੰਪਨੀ ਇਸ ਹਨੇਰੇ ਨੂੰ ਪਾਰ ਕਰ ਆਪਣੀ ਰੌਸ਼ਨੀ ਦੀਆਂ ਕਿਰਨਾ ਨੂੰ ਹਾਸਿਲ ਕਰ ਪਾਵੇਗੀ ?
ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ
https://www.youtube.com/watch?v=NAnPwkP8mwM
https://www.youtube.com/watch?v=KWcxJ77SzSM
https://www.youtube.com/watch?v=hx_m0fQVuCI