ਊਧਮ ਸਿੰਘ ਦੀਆਂ ਅਸਥੀਆਂ ਕਿਸ ਨੂੰ ਕਿਸ ਦੀ ਉਡੀਕ
Wednesday, Jul 31, 2019 - 02:46 PM (IST)
"ਦੇਸ਼ ਅਜ਼ਾਦ ਹੋਏ ਨੂੰ 70 ਸਾਲ ਹੋ ਗਏ ਹਨ। ਸਾਡੇ ਬੱਚੇ ਅੱਜ ਵੀ ਬੇਰੁਜ਼ਗਾਰ ਘੁੰਮ ਰਹੇ ਹਨ। ਅਜ਼ਾਦੀ ਘੁਲਾਟੀਆਂ ਦੇ ਇਲਾਜ ਤੱਕ ਦੇ ਪੈਸੇ ਵੀ ਸਰਕਾਰ ਨਹੀਂ ਦੇ ਰਹੀ। ਸ਼ਹੀਦ ਊਧਮ ਸਿੰਘ ਦੀ ਯਾਦਗਾਰ ਵੀ ਹਾਲੇ ਤੱਕ ਲਾਰਾ ਹੀ ਰਹੀ ਹੈ।"
"ਹੁਣ ਅਸੀਂ ਊਧਮ ਸਿੰਘ ਦੇ ਬੁੱਤ ਕੋਲ ਬੈਠ ਕੇ ਸੰਘਰਸ਼ ਕਰ ਰਹੇ ਹਾਂ। ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਮਰਨ ਵਰਤ ਸ਼ੁਰੂ ਕਰ ਦੇਵਾਂਗੇ।"
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਜ਼ਾਦੀ ਘੁਲਾਟੀਏ ਮੋਹਕਮ ਸਿੰਘ ਨੇ ਕੀਤਾ, ਜੋ ਬੀਤੀ 28 ਜੁਲਾਈ ਤੋਂ ਅਜ਼ਾਦੀ ਘੁਲਾਟੀਏ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸੁਨਾਮ ਵਿਖੇ ਊਧਮ ਸਿੰਘ ਦੇ ਬੁੱਤ ਕੋਲ ਰੋਸ ਪ੍ਰਦਰਸ਼ਨ ''ਤੇ ਬੈਠੇ ਹਨ।
ਇਹ ਵੀ ਪੜ੍ਹੋ-
- ਕੁਲਦੀਪ ਸੇਂਗਰ ਦੇ ਸਾਹਮਣੇ ਭਾਜਪਾ ਬੇਵੱਸ ਕਿਉਂ ਹੈ?
- ਉਨਾਵ ਰੇਪ ਕੇਸ ਦੀ ਪੀੜਤਾ ਨੇ ਹਮਲੇ ਦੇ ਖਦਸ਼ੇ ਬਾਰੇ CJI ਨੂੰ ਲਿਖੀ ਸੀ ਚਿੱਠੀ
- CCD ਦਾ ਮਾਲਕ ਜਿੱਥੋਂ ਲਾਪਤਾ ਹੋਏ, ਉੱਥੋਂ ਇੱਕ ਲਾਸ਼ ਮਿਲੀ
- ਨੈਟਫਲਿਕਸ ਦੇ 199 ਰੁਪਏ ਵਾਲੇ ਪਲਾਨ ਪਿੱਛੇ ਮਜਬੂਰੀ ਕੀ ਹੈ
ਮੋਹਕਮ ਸਿੰਘ ਦੱਸਦੇ ਹਨ ਕਿ ਉਨ੍ਹਾਂ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲਿਆ ਸੀ। ਇਸ ਦੌਰਾਨ ਉਨ੍ਹਾਂ 9 ਮਹੀਨੇ ਲਾਹੌਰ ਜੇਲ੍ਹ ਵਿੱਚ ਕੱਟੇ ਸਨ।
ਕੀ ਹਨ ਇਨ੍ਹਾਂ ਦੀਆਂ ਮੰਗਾਂ
ਊਧਮ ਸਿੰਘ ਪੰਜਾਬ ਦੇ ਸ਼ਹਿਰ ਸੁਨਾਮ ਵਿੱਚ ਜਨਮੇ ਸਨ। 31 ਜੁਲਾਈ ਨੂੰ ਹਰ ਸਾਲ ਸੁਨਾਮ ਵਿਖੇ ਪੰਜਾਬ ਸਰਕਾਰ ਵੱਲੋਂ ਊਧਮ ਸਿੰਘ ਦੀ ਯਾਦ ਵਿੱਚ ਰਾਜ ਪੱਧਰੀ ਸਮਾਗਮ ਵੀ ਕੀਤਾ ਜਾਂਦਾ ਹੈ।
ਊਧਮ ਸਿੰਘ ਦਾ ਜੱਦੀ ਘਰ ਸਭਿਆਚਾਰਕ ਮਾਮਲੇ ਵਿਭਾਗ ਪੰਜਾਬ ਵੱਲੋਂ ਯਾਦਗਾਰ ਦੇ ਤੌਰ ਉੱਤੇ ਸੰਭਾਲਿਆ ਹੋਇਆ ਹੈ।
ਸੰਨ 1974 ਵਿੱਚ ਊਧਮ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਪੰਜਾਬ ਲਿਆਂਦੀਆਂ ਗਈਆਂ ਅਤੇ 31 ਜੁਲਾਈ 1974 ਨੂੰ ਤਤਕਾਲੀ ਮੁੱਖ ਮੰਤਰੀ ਪੰਜਾਬ ਗਿਆਨੀ ਜ਼ੈਲ ਸਿੰਘ ਦੀ ਅਗਵਾਈ ਵਿੱਚ ਇਹ ਅਸਥੀਆਂ ਸੁਨਾਮ ਵਿਖੇ ਲਿਆਂਦੀਆਂ ਗਈਆਂ ਸਨ।
ਇਨ੍ਹਾਂ ਅਸਥੀਆਂ ਨੂੰ ਵੱਖ-ਵੱਖ ਕਲਸਾਂ ਵਿੱਚ ਰੱਖਿਆ ਗਿਆ ਸੀ। ਇਨ੍ਹਾਂ ਕਲਸਾਂ ਵਿੱਚੋਂ ਹੀ ਦੋ ਕਲਸ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਦੀ ਲਾਇਬਰੇਰੀ ਵਿੱਚ ਰੱਖੇ ਗਏ ਹਨ।
ਸਥਾਨਕ ਲੋਕਾਂ ਮੁਤਾਬਿਕ ਇਨ੍ਹਾਂ ਕਲਸਾਂ ਨੂੰ ਉਨ੍ਹਾਂ ਦੀ ਯਾਦ ਵਿੱਚ ਬਣਨ ਵਾਲੇ ਮਿਊਜ਼ੀਅਮ ਵਿੱਚ ਰੱਖਿਆ ਜਾਣਾ ਸੀ ਪਰ ਮਿਊਜ਼ੀਅਮ ਨਾਂ ਬਣਨ ਕਰਕੇ ਹਾਲੇ ਤੱਕ ਇਹ ਕਲਸ ਲਾਇਬਰੇਰੀ ਵਿੱਚ ਹੀ ਪਏ ਹਨ।
ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਲਸਾਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਦਕਿ ਸੁਨਾਮ ਨਾਲ ਹੀ ਸਬੰਧਿਤ ਇਤਿਹਾਸਕਾਰ ਰਕੇਸ਼ ਕੁਮਾਰ ਇਨ੍ਹਾਂ ਕਲਸਾਂ ਦੀ ਗਿਣਤੀ ਸੱਤ ਦੱਸਦੇ ਹਨ।
ਪਿਛਲੀ ਪੰਜਾਬ ਸਰਕਾਰ ਨੇ ਊਧਮ ਸਿੰਘ ਦੀ ਯਾਦ ਵਿਚ ਮਿਊਜ਼ਮ ਬਣਾਉਣ ਲਈ ਨੀਂਹ ਪੱਥਰ ਰੱਖਿਆ ਸੀ।
ਮੌਜੂਦਾ ਸਰਕਾਰ ਦੇ ਕਾਰਜਕਾਲ ਨੂੰ ਵੀ ਦੋ ਸਾਲ ਤੋਂ ਉੱਪਰ ਸਮਾਂ ਹੋ ਗਿਆ ਹੈ ਪਰ ਯਾਦਗਾਰ ਵਾਲੀ ਇਸ ਥਾਂ ਉੱਤੇ ਹਾਲੇ ਤੱਕ ਵੀ ਇਕੱਲਾ ਨੀਂਹ ਪੱਥਰ ਹੀ ਖੜ੍ਹਾ ਹੈ।
ਨਹੀਂ ਬਣਿਆ ਮਿਊਜ਼ੀਅਮ
ਆਰਟੀਆਈ ਕਾਰਕੁਨ ਜਤਿੰਦਰ ਜੈਨ ਮੁਤਾਬਿਕ, "ਪੰਜਾਬ ਸਰਕਾਰ ਵੱਲੋਂ 2006 ਵਿੱਚ ਸੁਨਾਮ ਦਾ ਨਾਂ ਬਦਲ ਕੇ ਊਧਮ ਸਿੰਘ ਵਾਲਾ ਕਰ ਦਿੱਤਾ ਗਿਆ ਸੀ ਪਰ ਅਮਲੀ ਰੂਪ ਵਿੱਚ ਕੁਝ ਨਹੀਂ ਕੀਤਾ ਗਿਆ। ਮੇਰੇ ਸਮੇਤ ਹੋਰ ਆਰਟੀਆਈ ਕਾਰਕੁਨਾਂ ਅਤੇ ਸਥਾਨਕ ਲੋਕਾਂ ਵੱਲੋਂ ਕੀਤੇ ਯਤਨਾਂ ਕਰਕੇ ਸੁਨਾਮ ਦੇ ਰੇਲਵੇ ਸਟੇਸ਼ਨ ਦਾ ਨਾਂ ਸਾਲ 2016 ਵਿੱਚ ਊਧਮ ਸਿੰਘ ਵਾਲਾ ਕੀਤਾ ਗਿਆ ਸੀ।"
"ਉਨ੍ਹਾਂ ਦੀ ਯਾਦ ਵਿੱਚ ਪਿਛਲੀ ਪੰਜਾਬ ਸਰਕਾਰ ਵੇਲੇ ਮਿਊਜ਼ੀਅਮ ਉਸਾਰਨ ਦਾ ਐਲਾਨ ਵੀ ਕੀਤਾ ਗਿਆ ਸੀ, ਨਵੀਂ ਸਰਕਾਰ ਨੂੰ ਵੀ ਤਿੰਨ ਸਾਲ ਹੋਣ ਵਾਲੇ ਹਨ ਪਰ ਹਾਲੇ ਤੱਕ ਮਿਊਜ਼ੀਅਮ ਨਹੀਂ ਬਣਿਆ ਹੈ। ਕੇਂਦਰ ਸਰਕਾਰ ਕੋਲੋਂ ਆਰਟੀਆਈ ਰਾਹੀਂ ਮੇਰੇ ਵੱਲੋਂ ਜਾਣਕਾਰੀ ਹਾਸਲ ਕੀਤੀ ਗਈ ਸੀ।"
"ਇਸ ਜਾਣਕਾਰੀ ਮੁਤਾਬਿਕ ਉਨ੍ਹਾਂ ਦਾ ਪਿਸਤੌਲ, ਗੋਲੀਆਂ ਅਤੇ ਹੋਰ ਸਮਾਨ ਕੇਸ ਪ੍ਰਾਪਰਟੀ ਵਜੋਂ ਇੰਗਲੈਂਡ ਸਰਕਾਰ ਕੋਲ ਪਿਆ ਹੈ। ਇਸ ਨੂੰ ਭਾਰਤ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਸਾਲ 2014 ਵਿੱਚ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖਣ ਤੋਂ ਇਲਾਵਾ ਹੋਰ ਕੋਈ ਯਤਨ ਨਹੀਂ ਕੀਤਾ ਗਿਆ।"
ਉਨ੍ਹਾਂ ਨੇ ਕਿਹਾ, "ਸਾਡੀ ਇਹ ਮੰਗ ਹੈ ਕਿ ਜਲਦੀ ਹੀ ਮਿਊਜ਼ੀਅਮ ਬਣਾ ਕੇ ਉਨ੍ਹਾਂ ਦੀਆਂ ਅਸਥੀਆਂ ਦੇ ਕਲਸ, ਉਨ੍ਹਾਂ ਦੀਆਂ ਇੰਗਲੈਂਡ ਵਿੱਚ ਪਈਆਂ ਵਸਤਾਂ ਵੀ ਮੰਗਵਾ ਕੇ ਰੱਖਿਆਂ ਜਾਵੇ ਤਾਂ ਜੋ ਨਵੀਂ ਪੀੜ੍ਹੀ ਇਸ ਸ਼ਹੀਦ ਤੋਂ ਪ੍ਰੇਰਨਾ ਲੈ ਸਕੇ।"
ਬੀਤੀ 28 ਜੁਲਾਈ ਤੋਂ ਅਜ਼ਾਦੀ ਘੁਲਾਟੀਏ ਅਤੇ ਉਨ੍ਹਾਂ ਦੇ ਪਰਿਵਾਰ ਸੁਨਾਮ ਵਿਖੇ ਊਧਮ ਸਿੰਘ ਤੇ ਬੁੱਤ ਕੋਲ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਇਹ ਵੀ ਪੜ੍ਹੋ-
- MAN vs WILD ''ਚ ਮੋਦੀ ਅਤੇ ਪੁਲਵਾਮਾ ਕੁਨੈਕਸ਼ਨ
- ਭਾਜਪਾ ਵਿਧਾਇਕ ''ਤੇ ਰੇਪ ਦਾ ਇਲਜ਼ਾਮ ਲਗਾਉਣ ਵਾਲੀ ਪੀੜਤਾ ਜ਼ਖ਼ਮੀ
- ਕਾਰਗਿਲ ਜੰਗ: ਸਤਪਾਲ ਸਿੰਘ ਨੂੰ ਪੰਜਾਬ ਸਰਕਾਰ ਨੇ ਬਣਾਇਆ ASI
- ਗੁਰਮੇਹਰ ਨੇ ਕਿਉਂ ਕਿਹਾ ''ਖ਼ੈਰਾਤ ''ਚ ਮਿਲੀ ਹਮਦਰਦੀ ਪਸੰਦ ਨਹੀਂ''
ਫਰੀਡਮ ਫਾਈਟਰ ਉਤਰਾ-ਅਧਿਕਾਰੀ ਜਥੇਬੰਦੀ ਪੰਜਾਬ ਦੇ ਬੈਨਰ ਹੇਠ ਸੰਘਰਸ਼ ਕਰ ਰਹੇ ਇਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ ਕਿ 31 ਜੁਲਾਈ ਤੱਕ ਜੇ ਉਨ੍ਹਾਂ ਦੀਆਂ ਮੰਗਾਂ ਉੱਤੇ ਗ਼ੌਰ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨਗੇ।
ਪ੍ਰਦਰਸ਼ਨਕਾਰੀਆਂ ਨੇ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਸਿਆਸੀ ਆਗੂਆਂ ਨੂੰ ਊਧਮ ਸਿੰਘ ਦੇ ਬੁੱਤ ਉੱਤੇ ਫੁੱਲ ਮਾਲਾ ਭੇਂਟ ਨਾ ਕਰਨ ਦੇਣ ਦੀ ਚਿਤਾਵਨੀ ਵੀ ਦਿੱਤੀ ਹੈ।
ਹੋਰ ਕਿਹੜੀਆਂ ਮੰਗਾਂ ਹਨ
ਅਜ਼ਾਦੀ ਘੁਲਾਟੀਆਂ ਦੇ ਪਰਿਵਾਰ ਨਾਲ ਸਬੰਧਿਤ ਹਰਿੰਦਰ ਸਿੰਘ ਖ਼ਾਲਸਾ ਮੁਤਾਬਕ, "ਸਰਕਾਰੀ ਨੌਕਰੀਆਂ ਵਿੱਚ 5 ਫੀਸਦ ਰਾਖਵਾਂਕਰਨ, ਟੋਲ ਟੈਕਸ ਤੋਂ ਛੋਟ, ਬਿਜਲੀ ਦੇ 300 ਯੂਨਿਟ ਮੁਆਫ ਕਰਨਾ, ਘਰ ਦੀ ਸਹੂਲਤ ਅਤੇ ਬੱਸ ਪਾਸ ਸਾਡੀਆਂ ਮੁੱਖ ਮੰਗਾਂ ਹਨ।"
ਉਨ੍ਹਾਂ ਨੇ ਅੱਗੇ ਦੱਸਿਆ, "ਇਹ ਸਹੂਲਤਾਂ ਸ਼ਰਤਾਂ ਸਮੇਤ ਅਜ਼ਾਦੀ ਘੁਲਾਟੀਆਂ ਨੂੰ ਦਿੱਤੀਆਂ ਗਈਆਂ ਹਨ ਪਰ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਤੋਂ ਵਾਂਝਾ ਰੱਖਿਆ ਗਿਆ ਹੈ। ਸਾਡੇ ਪਰਿਵਾਰਾਂ ਨੂੰ ਵੀ ਇਹ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਅਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਕਰਕੇ ਪਰਿਵਾਰਾਂ ਨੂੰ ਬਹੁਤ ਕੁਝ ਝੱਲਣਾ ਪੈਂਦਾ ਹੈ ਇਸ ਲਈ ਉਹ ਵੀ ਮਾਣਯੋਗ ਜ਼ਿੰਦਗੀ ਦੇ ਹੱਕਦਾਰ ਹਨ।"
ਊਧਮ ਸਿੰਘ ਦੀ ਯਾਦਗਾਰ ਨਾ ਬਣਾਉਣ ਸਬੰਧੀ ਉਨ੍ਹਾਂ ਕਿਹਾ, "ਸਰਕਾਰ ਕਿਸੇ ਪਾਰਟੀ ਦੀ ਹੋਵੇ, ਹਰ ਸਾਲ ਸਿਰਫ਼਼ ਐਲਾਨ ਕੀਤੇ ਜਾਂਦੇ ਹਨ। ਐਲਾਨਾਂ ਉੱਤੇ ਅਮਲ ਕੋਈ ਪਾਰਟੀ ਨਹੀਂ ਕਰਦੀ। ਜਿਹੜੀਆਂ ਸਰਕਾਰਾਂ ਨੇ 72 ਸਾਲਾਂ ਵਿੱਚ ਦੇਸ਼ ਦਾ ਨਾ ਚਮਕਾਉਣ ਵਾਲੇ ਊਧਮ ਸਿੰਘ ਦੀ ਯਾਦਗਾਰ ਤੱਕ ਨਹੀਂ ਉਸਾਰੀ ਉਨ੍ਹਾਂ ਤੇ ਯਕੀਨ ਕਿਵੇਂ ਕੀਤਾ ਜਾ ਸਕਦਾ ਹੈ।"
ਇਤਿਹਾਸਕਾਰ ਰਕੇਸ਼ ਕੁਮਾਰ ਸੁਨਾਮ ਦੇ ਹੀ ਰਹਿਣ ਵਾਲੇ ਹਨ। ਉਨ੍ਹਾਂ ਨੇ ਊਧਮ ਸਿੰਘ ਉੱਤੇ ਕਈ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਖੋਜ ਪੁਸਤਕ ਵੀ ਸ਼ਾਮਲ ਹੈ।
ਰਕੇਸ਼ ਕੁਮਾਰ ਦੱਸਦੇ ਹਨ ਕਿ ਸਾਲ 1974 ਵਿੱਚ ਉਨ੍ਹਾਂ ਦੀਆਂ ਅਸਥੀਆਂ ਦਾ ਸਥਾਨਕ ਸਟੇਡੀਅਮ ਵਿੱਚ ਸੰਸਕਾਰ ਕੀਤਾ ਗਿਆ ਸੀ ਅਤੇ ਅਸਥੀਆਂ ਚੁਗਣ ਤੋਂ ਬਾਅਦ ਉਨ੍ਹਾਂ ਦੇ 7 ਕਲਸ ਬਣਾਏ ਗਏ ਸਨ।
ਉਨ੍ਹਾਂ ਮੁਤਾਬਕ, "ਸਾਲ 1940 ਵਿੱਚ ਉਨ੍ਹਾਂ ਦੀ ਸ਼ਹਾਦਤ ਹੋਈ ਸੀ। 1974 ਵਿੱਚ ਉਨ੍ਹਾਂ ਦੀਆਂ ਅਸਥੀਆਂ ਸੁਨਾਮ ਲਿਆਂਦੀਆਂ ਗਈਆਂ ਸਨ। ਉਨ੍ਹਾਂ ਦੀਆਂ ਅਸਥੀਆਂ ਦੇ 7 ਕਲਸ਼ ਬਣਾਏ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਕਲਸ ਹਰਿਦੁਆਰ ਸਾਹਿਬ ਅਤੇ ਇੱਕ ਕੀਰਤਪੁਰ ਵਿਖੇ ਪਾਇਆ ਗਿਆ ਸੀ। ਇੱਕ ਕਲਸ ਰੋਜ਼ਾ ਸ਼ਰੀਫ਼ ਫਤਹਿਗੜ੍ਹ ਸਾਹਿਬ, ਇੱਕ ਜੱਲ੍ਹਿਆਂ ਵਾਲੇ ਬਾਗ਼ ਵਿੱਚ ਅਤੇ ਇੱਕ ਉਨ੍ਹਾਂ ਦੇ ਸੁਨਾਮ ਸਟੇਡੀਅਮ ਵਿਚਲੇ ਬਾਗ ਸਮਾਰਕ ਵਿੱਚ ਰੱਖਿਆ ਗਿਆ ਸੀ।"
"ਦੋ ਕਲਸ ਮਿਊਜ਼ੀਅਮ ਵਿੱਚ ਰੱਖੇ ਜਾਣੇ ਸਨ ਪਰ ਹਾਲੇ ਤੱਕ ਮਿਊਜ਼ੀਅਮ ਹੀ ਨਹੀਂ ਬਣ ਸਕਿਆ ਇਸ ਕਰਕੇ ਉਹ ਕਲਸ ਸੁਨਾਮ ਦੇ ਸਰਕਾਰੀ ਕਾਲਜ ਦੀ ਲਾਇਬਰੇਰੀ ਵਿੱਚ ਹੀ ਪਏ ਹਨ। ਹਾਲੇ ਤੱਕ ਉਨ੍ਹਾਂ ਦੀਆਂ ਚਿੱਠੀਆਂ ਅਤੇ ਹੋਰ ਸਮਾਨ ਵਿਸ਼ਵ ਪੱਧਰੀ ਕੋਈ ਮਿਊਜ਼ੀਅਮ ਨਾ ਹੋਣ ਕਰਕੇ ਵੱਖ-ਵੱਖ ਥਾਵਾਂ ਉੱਤੇ ਪਈਆਂ ਹਨ।"
"ਇਸੇ ਤਰ੍ਹਾਂ ਬਹੁਤ ਸਾਰਾ ਸਾਮਾਨ ਵਿਦੇਸ਼ਾਂ ਵਿੱਚ ਪਿਆ ਹੈ। ਮਿਊਜ਼ੀਅਮ ਲਈ ਜ਼ਮੀਨ ਜ਼ਰੂਰ ਖ਼ਰੀਦੀ ਗਈ ਹੈ ਪਰ ਬਾਕੀ ਵਾਅਦੇ ਸਿਰਫ਼ ਲਾਰੇ ਹੀ ਸਾਬਤ ਹੋਏ ਹਨ। ਸ਼ਹਿਰ ਦਾ ਨਾਂ ਵੀ ਕਾਗ਼ਜ਼ਾਂ ਵਿੱਚ ਹੀ ਊਧਮ ਸਿੰਘ ਵਾਲਾ ਹੈ ਪਰ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਹੈ।"
ਡਿਪਟੀ ਕਮਿਸ਼ਨਰ ਸੰਗਰੂਰ ਘਨਸ਼ਿਆਮ ਥੋਰੀ ਨੇ ਯਾਦਗਾਰੀ ਮਿਊਜ਼ੀਅਮ ਸਬੰਧੀ ਦੱਸਿਆ, "ਸ਼ਹੀਦ ਊਧਮ ਸਿੰਘ ਮੈਮੋਰੀਅਲ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜਿਸ ਦਾ 2 ਕਰੋੜ 65 ਲੱਖ ਦਾ ਬਜਟ ਹੈ। ਇਸ ਲਈ ਠੇਕੇਦਾਰ ਨੂੰ ਨੌ ਮਹੀਂਨੇ ਦਾ ਸਮਾਂ ਦਿੱਤਾ ਗਿਆ ਹੈ।"
ਉਨ੍ਹਾਂ ਦੀ ਵਸਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, "ਜਿੱਥੋਂ ਤੱਕ ਉਨ੍ਹਾਂ ਦੀਆਂ ਵਸਤਾਂ ਅਤੇ ਮਿਊਜ਼ੀਅਮ ਦੇ ਕੰਮ ਦਾ ਸਬੰਧ ਹੈ ਇਹ ਸਭਿਆਚਾਰਕ ਵਿਭਾਗ ਦਾ ਕੰਮ ਹੈ ਅਤੇ ਜਿਵੇਂ ਹੀ ਕੋਈ ਨਵੀਂ ਡਿਮਾਂਡ ਵੀ ਆਵੇਗੀ। ਇਸ ਡਿਪਾਰਟਮੈਂਟ ਨਾਲ ਗੱਲ ਕਰਕੇ ਕਾਰਵਾਈ ਕੀਤੀ ਜਾਵੇਗੀ।"
ਅਸਥੀਆਂ ਦੇ ਕਲਸਾਂ ਸਬੰਧੀ ਪੁੱਛੇ ਜਾਣ ਉੱਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਕੌਣ ਸਨ ਊਧਮ ਸਿੰਘ
ਸ਼ਹੀਦ ਊਧਮ ਸਿੰਘ ਭਾਰਤ ਦੀ ਅਜ਼ਾਦੀ ਲਹਿਰ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ। ਵਿਸਾਖੀ ਵਾਲੇ ਦਿਨ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿੱਚ ਹੋਏ ਜਨਤਕ ਇੱਕਠ ਉੱਤੇ ਬ੍ਰਿਟਿਸ਼ ਇੰਡੀਅਨ ਆਰਮੀ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ।
ਇਸ ਗੋਲ਼ੀਬਾਰੀ ਵਿੱਚ ਸੈਂਕੜੇ ਆਮ ਨਾਗਰਿਕ ਮਾਰੇ ਗਏ ਸਨ ਜਦਕਿ ਇਸ ਤੋਂ ਕਈ ਗੁਣਾ ਜ਼ਿਆਦਾ ਲੋਕ ਜ਼ਖ਼ਮੀ ਹੋਏ ਸਨ।
ਊਧਮ ਸਿੰਘ ਨੇ 13 ਮਾਰਚ 1940 ਨੂੰ ਇਸ ਕਤਲੇਆਮ ਦੇ ਰੋਸ ਵਜੋਂ ਉਸ ਸਮੇਂ ਦੇ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਮਾਈਕਲ ਉਡਵਾਇਰ ਨੂੰ ਲੰਡਨ ਵਿੱਚ ਮਾਰ ਦਿੱਤਾ ਸੀ।
ਊਧਮ ਸਿੰਘ ਨੂੰ ਇਸ ਕਤਲ ਮਾਮਲੇ ਵਿੱਚ 31 ਜੁਲਾਈ 1940 ਨੂੰ ਇੰਗਲੈਂਡ ਵਿੱਚ ਹੀ ਫਾਂਸੀ ਦੇ ਦਿੱਤੀ ਗਈ ਸੀ।
ਇਹ ਵੀ ਪੜ੍ਹੋ-
- ਆਜ਼ਮ ਖ਼ਾਨ, ਰਮਾ ਦੇਵੀ ਤੇ ਸੰਸਦ ਵਿੱਚ 10 ਸਕਿੰਟ ਦੀ ਮਾਫ਼ੀ
- ਕਾਰਗਿਲ: ਜਦੋਂ ਇੱਕ ਭਾਰਤੀ ਬ੍ਰਿਗੇਡੀਅਰ ਨੇ ਪਾਕਿਸਤਾਨੀ ਕੈਪਟਨ ਦੀ ਬਾਹਦਰੀ ਦੀ ਕਦਰ ਪਾਈ
- ਪੰਜਾਬ ਦੇ ਸਕੂਲਾਂ ''ਚ ਚੀਨੀ ਭਾਸ਼ਾ ਸਿਖਾਉਣ ਦੀ ਤਿਆਰੀ
- ਬ੍ਰਾਜ਼ੀਲ ਦੀ ਜੇਲ੍ਹ ''ਚ ਗੈਂਗਵਾਰ, 50 ਤੋਂ ਵੱਧ ਮੌਤਾਂ
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=4c_5eKlQFvI
https://www.youtube.com/watch?v=ZcOtKaL2B_w
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)