ਭੈਣਾਂ ਤੁਰ ਗਈਆਂ ਤੇ ਰੱਖੜੀਆਂ ਵੀ ਮੁੜ ਆਈਆਂ ਪਰ ਫ਼ਿਰ ਕਾਇਮ ਹੈ ਪਾਕਿਸਤਾਨ ''''ਚ ਕੈਦ ਜੰਗੀਆਂ ਦੇ ਆਉਣ ਦੀ ਆਸ

Friday, Jul 19, 2019 - 04:31 PM (IST)

ਭੈਣਾਂ ਤੁਰ ਗਈਆਂ ਤੇ ਰੱਖੜੀਆਂ ਵੀ ਮੁੜ ਆਈਆਂ ਪਰ ਫ਼ਿਰ ਕਾਇਮ ਹੈ ਪਾਕਿਸਤਾਨ ''''ਚ ਕੈਦ ਜੰਗੀਆਂ ਦੇ ਆਉਣ ਦੀ ਆਸ

"ਮੈਂ ਆਪ ਵੀ ਫ਼ੌਜ ਵਿੱਚ 19 ਸਾਲ ਸੇਵਾ ਕੀਤੀ ਹੈ। ਇਹੀ ਸੋਚਦਾਂ ਹਾਂ ਕਿ ਜੇ ਕੁਲਭੂਸ਼ਣ ਜਾਧਵ ਲਈ ਇੰਟਰਨੈਸ਼ਨਲ ਕੋਰਟ ਜਾਇਆ ਜਾ ਸਕਦਾ ਹੈ ਤਾਂ ਮੇਰੇ ਪਿਤਾ ਨੂੰ ਵੀ ਜੇਲ੍ਹ ''ਚੋਂ ਬਾਹਰ ਲਿਆਉਣ ਲਈ ਕੇਂਦਰ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ।"

ਇਹ ਸ਼ਬਦ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਰਮਗੜ੍ਹ ਵਿੱਚ ਰਹਿਣ ਵਾਲੇ ਲਾਲ ਸਿੰਘ ਦੇ ਪੁੱਤਰ ਮਹਾਂ ਸਿੰਘ ਦੇ ਹਨ। ਲਾਲ ਸਿੰਘ ਨੂੰ ਸਾਲ 1965 ਦੀ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ ਭਾਰਤ ਨੇ ਸ਼ਹੀਦ ਐਲਾਨ ਦਿੱਤਾ ਪਰ ਪਰਿਵਾਰ ਨੂੰ ਕਦੇ ਉਨ੍ਹਾਂ ਦੀ ਲਾਸ਼ ਨਹੀਂ ਮਿਲੀ।

ਮਹਾਂ ਸਿੰਘ ਨੇ ਦੱਸਿਆ, "ਸਾਲ 2013 ਵਿੱਚ ਸਾਨੂੰ ਪਤਾ ਲਗਿਆ ਕਿ ਉਹ ਪਾਕਿਸਤਾਨ ਦੀ ਜੇਲ੍ਹ ਵਿੱਚ ਹਨ। ਅਸੀਂ ਉਦੋਂ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲੇ ਸੀ ਪਰ ਕੋਈ ਹੱਲ ਨਹੀਂ ਹੋਇਆ, ਮੇਰੇ ਪਿਤਾ ਨੇ ਦੇਸ ਲਈ ਜੇਲ੍ਹ ਕੱਟੀ ਹੈ।"


ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਨੇ ਕੁਲਭੂਸ਼ਣ ਦੀ ਫਾਂਸੀ ਦੀ ਸਜ਼ਾ ''ਤੇ ਰੋਕ ਲਾਉਂਦਿਆਂ ਪਾਕਿਸਤਾਨ ਨੂੰ ਆਪਣੀ ਫੌਜੀ ਅਦਾਲਤ ਦੇ ਫੈਸਲੇ ''ਤੇ ਮੁੜ ਵਿਚਾਰ ਕਰਨ ਨੂੰ ਕਿਹਾ ਹੈ।

ਕੁਲਭੂਸ਼ਣ ਜਾਧਵ ਬਾਰੇ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ICJ) ਦੇ ਫ਼ੈਸਲੇ ਨੂੰ ਭਾਰਤ ਤੇ ਪਾਕਿਸਤਾਨ ਆਪੋ-ਆਪਣੀ ਜਿੱਤ ਦੱਸ ਰਹੇ ਹਨ।

ਪਾਕਿਸਤਾਨੀ ਜੇਲ੍ਹਾਂ ਵਿੱਚ ਕੈਦ ਹੋਰ ਭਾਰਤੀ ਫ਼ੌਜੀਆਂ ਨੂੰ ਰਿਹਾ ਕਰਵਾਉਣ ਦਾ ਮਾਮਲਾ ਵੀ ਆਉਣ ਵਾਲੇ ਦਿਨਾਂ ਵਿੱਚ ਭਖ ਸਕਦਾ ਹੈ।

ਲਾਲ ਸਿੰਘ 28 ਮਈ 1963 ਨੂੰ ਭਾਰਤੀ ਫ਼ੌਜ ਵਿੱਚ ਸਿਪਾਹੀ ਵਜੋਂ ਭਰਤੀ ਹੋਏ ਸਨ। ਸਾਲ 1965 ਵਿੱਚ ਭਾਰਤ-ਪਾਕਿਸਤਾਨ ਦੀ ਜੰਗ ਸਮੇਂ ਉਹ ਜੰਮੂ-ਕਸ਼ਮੀਰ ਵਿੱਚ ਤਾਇਨਾਤ ਸਨ।

ਲਾਲ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੇ ਜ਼ਿੰਦਾ ਹੋਣ ਅਤੇ ਪਾਕਿਸਤਾਨ ਦੀ ਕੈਦ ਵਿੱਚ ਹੋਣ ਦਾ ਦਾਅਵਾ ਕੀਤਾ ਹੈ।

ਲਾਲ ਸਿੰਘ ਦੇ ਪੁੱਤਰ ਮਹਾਂ ਸਿੰਘ ਮੁਤਾਬਕ, "ਮੇਰੇ ਪਿਤਾ ਨੂੰ 4 ਅਕਤੂਬਰ 1965 ਨੂੰ ਫ਼ੌਜ ਵੱਲੋਂ ਸ਼ਹੀਦ ਕਰਾਰ ਦਿੱਤਾ ਗਿਆ ਸੀ। ਫ਼ੌਜ ਵੱਲੋਂ ਉਨ੍ਹਾਂ ਦੀ ਸ਼ਹਾਦਤ ਦਾ ਐਲਾਨ ਪੱਤਰ ਸਾਨੂੰ 1988 ਵਿੱਚ ਮਿਲਿਆ ਸੀ।"

ਇਹ ਵੀ ਪੜ੍ਹੋ:

"ਮੇਰੇ ਪਿਤਾ ਦੀ ਲਾਸ਼ ਵੀ ਨਹੀਂ ਮਿਲੀ ਸੀ। ਉਦੋਂ ਤੱਕ ਮੈਂ ਵੀ ਫ਼ੌਜ ਵਿੱਚ ਭਰਤੀ ਹੋ ਗਿਆ ਸੀ। ਮੇਰਾ ਜਨਮ ਉਨ੍ਹਾਂ ਦੀ ਮੌਤ ਤੋਂ 3 ਮਹੀਨੇ ਬਾਅਦ ਹੋਇਆ ਸੀ।"

"ਅਸੀਂ ਬੜੀ ਮੁਸ਼ਕਲ ਨਾਲ ਦਿਨ ਗੁਜ਼ਾਰੇ। ਮਾਤਾ ਨੂੰ 10 ਰੁਪਏ ਪੈਨਸ਼ਨ ਲੱਗੀ ਸੀ। 10 ਕਿੱਲੇ ਜ਼ਮੀਨ ਅਲਾਟ ਹੋਈ ਸੀ ਤੇ ਉਹ ਵੀ ਸਾਡੇ ਨਾਲ ਸਾਡਾ ਜਾਣਕਾਰ ਹੀ ਹੇਰਾਫੇਰੀ ਕਰ ਗਿਆ। ਖ਼ੁਦ ਮਜ਼ਦੂਰੀ ਕਰਕੇ ਪੜ੍ਹਾਈ ਕੀਤੀ।"

ਲਾਲ ਸਿੰਘ ਦੀ ਪਤਨੀ ਭਜਨ ਕੌਰ ਓਦੋਂ ਭਰ ਜਵਾਨ ਸੀ। ਹੁਣ ਉਨ੍ਹਾਂ ਦੀ ਉਮਰ 75 ਸਾਲ ਦੀ ਹੋ ਚੁੱਕੀ ਹੈ। ਉਨ੍ਹਾਂ ਨੂੰ ਇਹੀ ਉਮੀਦ ਬਚੀ ਹੈ ਕਿ ਜਿਉਂਦੇ ਜੀਅ ਉਨ੍ਹਾਂ ਦਾ ਪਤੀ ਘਰ ਵਾਪਸ ਆ ਜਾਵੇ।

ਨਾ-ਉਮੀਦਗੀ ਜਿਹੀ ਨਾਲ ਭਜਨ ਕੌਰ ਦੱਸਦੇ ਹਨ, "ਬਹੁਤ ਮੁਸ਼ਕਿਲ ਸੀ ਉਹ ਸਮਾਂ। ਉਹ ਵੇਲਾ ਤਾਂ ਜਿਵੇਂ ਕਿਵੇਂ ਬੀਤ ਗਿਆ। ਹੁਣ ਤਾਂ ਬੱਸ ਇਹੀ ਉਮੀਦ ਹੈ ਕਿ ਮੇਰੇ ਘਰਵਾਲੇ ਨੂੰ ਸਰਕਾਰ ਵਾਪਸ ਲਿਆ ਦੇਵੇ। ਸਾਡੇ ਪਰਿਵਾਰ ਵਿੱਚੋਂ ਮੈਂ ਹੀ ਬਚੀ ਹਾਂ ਉਸਦੀ ਪਛਾਣ ਕਰਨ ਵਾਲੀ।"

"ਜੇ ਮੇਰੇ ਜਿਉਂਦਿਆਂ ਆ ਜਾਵੇ ਤਾਂ ਮੇਰਾ ਪਤੀ ਆਪਣੇ ਪਰਿਵਾਰ ਨੂੰ ਮਿਲ ਲਵੇ। ਮੇਰੇ ਬੱਚੇ ਨੇ ਤਾਂ ਉਹਦਾ ਮੂੰਹ ਵੀ ਨਹੀਂ ਦੇਖਿਆ। ਇੱਕ ਬੇਨਤੀ ਸਰਕਾਰ ਨੂੰ ਇਹ ਵੀ ਕਰਦੀ ਹਾਂ ਕਿ ਸਾਡੀ ਤਾਂ ਜ਼ਿੰਦਗੀ ਨਿਕਲ ਗਈ, ਹੁਣ ਮੇਰੇ ਪੋਤੇ ਨੂੰ ਹੀ ਨੌਕਰੀ ਦੇ ਦੇਵੇ ਤਾਂ ਇਨ੍ਹਾਂ ਦੀ ਜ਼ਿੰਦਗੀ ਸੌਖੀ ਨਿਕਲ ਜਾਵੇ।"

ਬਠਿੰਡਾ ਦੇ ਪਿੰਡ ਲਹਿਰਾ ਧੂਰਕੋਟ ਦੇ ਧਰਮਪਾਲ ਸਿੰਘ

ਧਰਮਪਾਲ ਸਿੰਘ ਸੰਨ 1958 ਵਿੱਚ ਫ਼ੌਜ ਵਿੱਚ ਭਰਤੀ ਹੋਏ ਸਨ। ਉਨ੍ਹਾਂ ਦੇ ਪੁੱਤਰ ਅਰਸ਼ਿੰਦਰ ਪਾਲ ਸਿੰਘ ਨੇ ਦੱਸਿਆ ਕਿ 1965 ਅਤੇ 1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਉਨ੍ਹਾਂ ਦੇ ਪਿਤਾ ਨੇ ਹਿੱਸਾ ਲਿਆ ਸੀ।

ਅਰਸ਼ਿੰਦਰ ਪਾਲ ਮੁਤਾਬਕ, "1965 ਦੀ ਜੰਗ ਵਿੱਚ ਵੀ ਉਹ ਪਾਕਿਸਤਾਨੀ ਆਰਮੀ ਵੱਲੋਂ ਫੜ ਲਏ ਗਏ ਸਨ ਪਰ ਕੈਦੀਆਂ ਦੀ ਅਦਲਾ ਬਦਲੀ ਵਿੱਚ ਤਿੰਨ ਮਹੀਨੇ ਬਾਅਦ ਵਾਪਸ ਆ ਗਏ ਸਨ। 1971 ਦੀ ਜੰਗ ਵਿੱਚ ਉਹ ਲਾਪਤਾ ਹੋ ਗਏ ਸਨ।"

"ਫ਼ੌਜ ਨੇ ਇੱਕ ਮਹੀਨੇ ਬਾਅਦ ਉਨ੍ਹਾਂ ਨੂੰ ਸ਼ਹੀਦ ਐਲਾਨ ਦਿੱਤਾ ਸੀ। ਚਾਰ ਕੁ ਸਾਲ ਪਹਿਲਾਂ ਫ਼ਿਰੋਜ਼ਪੁਰ ਦੇ ਇੱਕ ਸਾਬਕਾ ਫ਼ੌਜੀ ਸਤੀਸ਼ ਕੁਮਾਰ ਤੋਂ ਪਤਾ ਲਗਿਆ ਕਿ ਉਹ ਪਾਕਿਸਤਾਨ ਦੀ ਜੇਲ੍ਹ ਵਿੱਚ ਹਨ। ਸਤੀਸ਼ ਕੁਮਾਰ ਨੇ ਦੱਸਿਆ ਸੀ ਕਿ ਮੇਰੇ ਪਿਤਾ ਉਨ੍ਹਾਂ ਨਾਲ ਲਾਹੌਰ ਦੀ ਜੇਲ੍ਹ ਵਿੱਚ ਕੈਦ ਰਹੇ ਸਨ।"

ਉਨ੍ਹਾਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ,"ਇਸ ਸਬੰਧੀ ਅਸੀਂ ਉਸ ਸਮੇਂ ਦੇ ਵਿਦੇਸ਼ ਮੰਤਰੀ ਨੂੰ ਵੀ ਮਿਲੇ, ਕੈਂਡਲ ਮਾਰਚ ਵੀ ਕੀਤੇ, ਦਿੱਲੀ ਵਿੱਚ ਜੰਤਰ- ਮੰਤਰ ''ਤੇ ਇੱਕ ਦਿਨ ਲਈ ਰੋਸ ਪ੍ਰਦਰਸ਼ਨ ਵੀ ਕੀਤਾ ਪਰ ਕੁਝ ਹਾਸਲ ਨਹੀਂ ਹੋਇਆ। ਇਸ ਸਬੰਧੀ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਵੀ ਦਾਇਰ ਕੀਤਾ ਹੋਇਆ ਹੈ।"

"ਹੁਣ ਕੁਲਭੂਸ਼ਣ ਜਾਧਵ ਮਸਲੇ ਦੇ ਮੁੜ ਉੱਭਰਨ ਨਾਲ ਥੋੜ੍ਹੀ ਉਮੀਦ ਜਾਗੀ ਹੈ ਕਿ ਸ਼ਾਇਦ ਸਾਡੀ ਵੀ ਸੁਣੀ ਜਾਵੇ।"

ਗੁਰਦਾਸਪੁਰ ਦੇ ਪਿੰਡ ਬਰਨਾਲਾ ਦੇ ਸੁਜਾਨ ਸਿੰਘ

ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਬਰਨਾਲਾ ਦਾ ਇੱਕ ਪਰਿਵਾਰ ਆਪਣੇ ਸੁਜਾਨ ਸਿੰਘ ਦੀ ਉਡੀਕ ਵਿੱਚ ਹੈ।

ਸੁਜਾਨ ਦੇ ਭਰਾ ਮੋਹਿੰਦਰ ਸਿੰਘ ਮੁਤਾਬਕ ਸੁਜਾਨ ਸਿੰਘ ਪਿਛਲੇ 54 ਸਾਲ ਤੋਂ ਪਾਕਿਸਤਾਨ ਜੇਲ੍ਹ ''ਚ ਬੰਦ ਹਨ। ਉਹ ਸੰਨ 1957 ''ਚ ਭਾਰਤੀ ਫੌਜ ਦੀ 14 ਫੀਲਡ ਰੈਜੀਮੇਂਟ ਵਿੱਚ ਭਰਤੀ ਹੋਏ ਸਨ।

ਇਹ ਵੀ ਪੜ੍ਹੋ:

ਮੋਹਿੰਦਰ ਅੱਗੇ ਦੱਸਦੇ ਹਨ, ''''ਫਿਰ ਸਾਲ 1965 ਵਿੱਚ ਭਾਰਤ-ਪਾਕਿਸਾਤਾਨ ਜੰਗ ਦੌਰਾਨ ਜੰਮੂ-ਕਸ਼ਮੀਰ ਦੇ ਛੰਬ ਜੋੜੀਆਂ ਦੇ ਦੇਵਾ ਬਟਾਲਾ ਸੈਕਟਰ ਵਿੱਚ ਤਾਇਨਾਤ ਸਨ ਅਤੇ ਜੰਗ ਦੌਰਾਨ 15 ਅਗਸਤ 1965 ਨੂੰ ਪਾਕਿਸਤਾਨੀ ਫੌਜ ਵਲੋਂ ਬੰਦੀ ਬਣਾ ਲਏ ਗਏ ਸਨ।''''

''''ਪਹਿਲਾਂ ਤਾਂ ਕਾਫ਼ੀ ਸਾਲ ਤੱਕ ਸੁਜਾਨ ਸਿੰਘ ਦੀ ਥਹੁ ਨਹੀਂ ਮਿਲੀ ਪਰ 1974 ਸੰਨ ''ਚ ਪਾਕਿਸਤਾਨ ਦੀ ਮੁਲਤਾਨ ਜੇਲ੍ਹ ਵਿੱਚੋਂ ਇੱਕ ਚਿੱਠੀ ਆਈ ਜਿਸ ਵਿੱਚ ਸੁਜਾਨ ਸਿੰਘ ਨੇ ਆਪਣੇ ਪਾਕਿਸਤਾਨ ਦੀ ਜੇਲ੍ਹ ''ਚ ਬੰਦ ਹੋਣ ਦੀ ਕਹਾਣੀ ਪਰਿਵਾਰ ਨੂੰ ਦੱਸੀ ਸੀ।''''

ਮੋਹਿੰਦਰ ਸਿੰਘ ਅੱਗੇ ਕਹਿੰਦੇ ਹਨ, ''''ਉਨ੍ਹਾਂ ਦਿਨਾਂ ''ਚ ਹੀ ਇੱਕ ਫ਼ੌਜੀ ਅੰਗਰੇਜ ਸਿੰਘ ਵੀ ਪਾਕਿਸਤਾਨ ਜੇਲ੍ਹ ਵਿੱਚ ਬੰਦ ਸੀ ਤੇ ਜਦੋਂ ਭਾਰਤ ਪਰਤਿਆ ਤਾਂ ਉਸ ਨੇ ਸੁਜਾਨ ਸਿੰਘ ਦੇ ਪਾਕਿਸਤਾਨ ਜੇਲ੍ਹ ਵਿੱਚ ਹੋਣ ਦੀ ਪੁਸ਼ਟੀ ਕੀਤੀ।''''

''''ਇਸੇ ਤਰ੍ਹਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਰਫ਼ੀਕ ਮਸੀਹ ਜੋ ਪਾਕਿਸਤਾਨ ਜੇਲ੍ਹ ''ਚੋਂ ਕਿਸੇ ਹੋਰ ਕੇਸ ''ਚ ਰਿਹਾਅ ਹੋ ਕੇ ਵਾਪਸ ਪਰਤੇ ਸਨ, ਉਨ੍ਹਾਂ ਵੀ ਜਾਣਕਾਰੀ ਦਿੱਤੀ ਸੀ ਕਿ ਸੁਜਾਨ ਸਿੰਘ ਪਾਕਿਸਤਾਨ ਦੀ ਸਿਆਲਕੋਟ ਜੇਲ੍ਹ ''ਚ ਬੰਦ ਹੈ ਅਤੇ ਉਹ ਉਸਨੂੰ ਉੱਥੇ ਮਿਲਿਆ ਸੀ।''''

ਪਰਿਵਾਰ ਵੱਲੋਂ ਪਿਛਲੇ 54 ਸਾਲ ਤੋਂ ਸੁਜਾਨ ਸਿੰਘ ਦੀ ਮੁਲਕ ਵਾਪਸੀ ਲਈ ਸਮੇਂ-ਸਮੇਂ ''ਤੇ ਸਰਕਾਰਾਂ ਨੂੰ ਅਪੀਲ ਕੀਤੀ ਗਈ ਪਰ ਅੱਜ ਤੱਕ ਪਰਿਵਾਰ ਨੂੰ ਕਦੇ ਵੀ ਸੁਖ ਦਾ ਸੁਨੇਹਾ ਨਹੀਂ ਮਿਲਿਆ।

ਸੁਜਾਨ ਸਿੰਘ ਦੇ ਛੋਟੇ ਭਰਾ ਮੋਹਿੰਦਰ ਸਿੰਘ ਆਖਦੇ ਹਨ ਕਿ ਪਰਿਵਾਰ ''ਚ ਉਹ 6 ਭਰਾ ਅਤੇ ਦੋ ਭੈਣਾਂ ਸਨ ਅਤੇ ਉਹ ਸਭ ਤੋਂ ਛੋਟੇ ਹਨ ਅਤੇ ਸੁਜਾਨ ਉਨ੍ਹਾਂ ਤੋਂ ਵੱਡਾ ਹੈ।

ਮੋਹਿੰਦਰ ਸਿੰਘ ਨੇ ਦੱਸਿਆ,"ਸੁਜਾਨ ਸਾਲ 1957 ''ਚ ਫੌਜ ਵਿੱਚ ਭਰਤੀ ਹੋਏ ਅਤੇ ਪਹਿਲਾਂ ਉਨ੍ਹਾਂ ਦੀ ਤਾਇਨਾਤੀ ਵੱਖ-ਵੱਖ ਜਗ੍ਹਾਂ ''ਤੇ ਰਹੀ ਪਰ ਜਦੋਂ ਭਾਰਤ-ਪਾਕਿਸਤਾਨ ਦੀ 1965 ਵਿੱਚ ਜੰਗ ਹੋਈ ਤਾਂ ਉਨ੍ਹਾਂ ਦਿਨਾਂ ਵਿੱਚ ਜੰਮੂ -ਕਸ਼ਮੀਰ ਦੇ ਦੇਵਾ ਬਟਾਲਾ ਸੈਕਟਰ ਵਿੱਚ ਤਾਇਨਾਤ ਸਨ ਅਤੇ ਲੜਾਈ ਦੌਰਾਨ ਲਾਪਤਾ ਹੋ ਗਏ ਸਨ।"

''''ਸੁਜਾਨ ਸਿੰਘ ਦੀ ਰੇਜੀਮੈਂਟ ਵੱਲੋਂ 23 ਅਗਸਤ ਨੂੰ ਇੱਕ ਟੈਲੀਗ੍ਰਾਮ ਮਿਲਿਆ ਕਿ ਸੁਜਾਨ ਸਿੰਘ 15 ਅਗਸਤ 1965 ਤੋਂ ਲਾਪਤਾ ਹੈ। ਇਹ ਸੁਨੇਹਾ ਮਿਲਦੇ ਹੀ ਪਰਿਵਾਰ ''ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪਰਿਵਾਰ ਵਿੱਚ ਸਾਰੇ ਭੈਣਾਂ-ਭਰਾਵਾਂ ਨੂੰ ਸੁਜਾਨ ਸਿੰਘ ਦੀ ਫਿਕਰ ਖਾ ਗਈ।''''

ਮੋਹਿੰਦਰ ਸਿੰਘ ਅੱਗੇ ਦੱਸਦੇ ਹਨ, “ਮਾਂ ਨੇ ਤਾਂ ਰੋਟੀ ਖਾਣੀ ਵੀ ਬੰਦ ਕਰ ਦਿੱਤੀ ਅਤੇ ਇਹ ਉਡੀਕ ਮਾਂ ਕਰੀਬ 25 ਸਾਲ ਤੱਕ ਕਰਦੀ ਰਹੀ ਅਤੇ ਰੋਜ਼ ਇਸ ਉਡੀਕ ਵਿੱਚ ਰਹਿੰਦੀ ਕਿ ਮੇਰਾ ਸੁਜਾਨ ਪੁੱਤ ਆਏਗਾ ਪਰ ਇਸੇ ਵਿਛੋੜੇ ''ਚ ਉਸਦਾ ਦੇਹਾਂਤ ਹੋ ਗਿਆ।”

ਭੈਣਾਂ ਚੱਲ ਵਸੀਆਂ

ਮੋਹਿੰਦਰ ਸਿੰਘ ਦੱਸਦੇ ਹਨ ਕਿ ਭਰਾ ਦੇ ਗ਼ਮ ਵਿੱਚ ਦੋਵੇ ਭੈਣਾਂ ਵੀ ਚੱਲ ਵਸੀਆਂ।

''''ਜਦੋਂ 1965 ਵਿੱਚ ਭਰਾ ਨੂੰ ਰੱਖੜੀ ਭੇਜੀ ਤਾਂ ਉਹ ਵਾਪਿਸ ਉਵੇਂ ਹੀ ਆ ਗਈ। ਉਸ ਦਿਨ ਤੋਂ ਪਰਿਵਾਰ ਵਿੱਚ ਕਦੇ ਰੱਖੜੀ ਦਾ ਤਿਉਹਾਰ ਹੀ ਨਹੀਂ ਮਨਾਇਆ ਗਿਆ। ਹੁਣ ਭਾਵੇਂ ਪਰਿਵਾਰ ਪੋਤਰਿਆਂ ਵਾਲਾ ਹੋ ਚੁੱਕਾ ਹੈ ਪਰ 1965 ਤੋਂ ਲੈ ਕੇ ਰੱਖੜੀ ਕਿਸੇ ਨੇ ਨਹੀਂ ਬੰਨ੍ਹੀ।''''

ਮੋਹਿੰਦਰ ਮੁਤਾਬਕ ਹੁਣ ਪਰਿਵਾਰ ਨੂੰ ਸਿਰਫ਼ ਉਸ ਦਿਨ ਦੀ ਉਡੀਕ ਹੈ ਕਿ ਜਦੋਂ ਸੁਜਾਨ ਘਰ ਵਾਪਿਸ ਆ ਜਾਵੇ।

ਇਹ ਵੀ ਪੜ੍ਹੋ:

ਮੋਹਿੰਦਰ ਸਿੰਘ ਨੇ ਆਖਿਆ, "ਸਮੇਂ-ਸਮੇਂ ਦੀਆਂ ਸਰਕਾਰਾਂ ਦੇਸ ਦੇ ਪ੍ਰਧਾਨ ਮੰਤਰੀਆਂ ਨੂੰ ਕਈ ਵਾਰ ਆਪਣੇ ਭਰਾ ਦੀ ਪੈਰਵਾਈ ਲਈ ਚਿੱਠੀਆਂ ਰਾਹੀਂ ਅਪੀਲ ਕਰ ਚੁੱਕਿਆ ਹਾਂ ਪਰ ਕਦੇ ਵੀ ਕੋਈ ਸੁਖ-ਸੁਨੇਹਾ ਸਰਕਾਰ ਵੱਲੋਂ ਨਹੀਂ ਮਿਲਿਆ।"

ਮੋਹਿੰਦਰ ਉਮੀਦ ਕਰਦੇ ਹਨ ਕਿ ਸੁਜਾਨ ਸਿੰਘ ਅਤੇ ਉਨ੍ਹਾਂ ਦੇ ਨਾਲ ਜੋ ਹੋਰ ਭਾਰਤੀ ਜੰਗੀ ਫੌਜੀ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਹਨ ਉਨ੍ਹਾਂ ਦੀ ਵਤਨ ਵਾਪਸੀ ਲਈ ਕੇਂਦਰ ਸਰਕਾਰ ਮਾਮਲਾ ਚੁੱਕੇ ਤਾਂ ਜੋ ਉਹ ਸਭ ਆਪਣੀ ਉਮਰ ਦੇ ਆਖਰੀ ਪੜਾਅ ''ਤੇ ਆਪਣੀ ਧਰਤੀ ਅਤੇ ਆਪਣਿਆਂ ਦੇ ਨਾਲ ਬਿਤਾ ਸਕਣ।

ਮੋਹਿੰਦਰ ਕਹਿੰਦੇ ਹਨ ਕਿ ਸੁਜਾਨ ਸਿੰਘ ਜਦੋਂ ਲਾਪਤਾ ਹੋਏ ਤਾਂ ਉਹ ਵਿਆਹੇ ਹੋਏ ਸਨ ਪਰ ਉਨ੍ਹਾਂ ਦੀ ਕੋਈ ਔਲਾਦ ਨਹੀਂ ਸੀ ਅਤੇ ਪਤਨੀ ਤਾਰਾ ਦੇਵੀ ਸੁਹਰੇ ਪਰਿਵਾਰ ਵਿੱਚ ਰਹਿੰਦੀ ਰਹੀ, ਪਰ ਕੁਝ ਸਾਲਾਂ ਬਾਅਦ ਉਹ ਜੰਮੂ ਆਪਣੇ ਪੇਕੇ ਵਾਪਸ ਚਲੀ ਗਈ।

''''ਤਾਰਾ ਨੇ ਮੁੜ ਵਿਆਹ ਨਹੀਂ ਕਰਵਾਇਆ ਅਤੇ ਉਹ ਅੱਜ ਵੀ ਆਪਣੇ ਪਤੀ ਸੁਜਾਨ ਸਿੰਘ ਦੀ ਉਡੀਕ ਕਰ ਰਹੇ ਹਨ।''''

ਸੁਜਾਨ ਸਿੰਘ ਦੇ ਭਰਾ ਮੋਹਿੰਦਰ ਸਿੰਘ ਦਾ ਪੋਤਰਾ ਦਮਨਪ੍ਰੀਤ ਸਿੰਘ ਆਖਦਾ ਹੈ ਕਿ ਉਨ੍ਹਾਂ ਨੂੰ ਅੱਜ ਵੀ ਤਾਏ ਦਾਦੇ ਸੁਜਾਨ ਸਿੰਘ ਜੀ ਦੀ ਘਰ ਵਾਪਸੀ ਦੀ ਉਡੀਕ ਹੈ।

ਦਮਨਪ੍ਰੀਤ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜਿਵੇਂ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਕੁਲਭੂਸ਼ਣ ਜਾਧਵ ਅਤੇ ਹੋਰ ਕੈਦੀਆਂ ਦੀ ਪੈਰਵਾਈ ਭਾਰਤ ਸਰਕਾਰ ਕਰ ਰਹੀ ਹੈ। ਉਸੇ ਤਰ੍ਹਾਂ 1965 ਅਤੇ 1971 ਦੇ ਭਾਰਤੀ ਫੌਜ ਦੇ ਜੰਗੀ ਕੈਦੀਆਂ ਵਜੋਂ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਭਾਰਤੀਆਂ ਦੀ ਵਤਨ ਵਾਪਸੀ ਲਈ ਕਦਮ ਚੁੱਕੇ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

https://www.youtube.com/watch?v=xWw19z7Edrs&t=1s

https://www.youtube.com/watch?v=LGPaq87iccY

https://www.youtube.com/watch?v=mdPdrtHANeA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News