ਮਾਲਵੇ ''''ਚ ਭਾਰੀ ਬਾਰਿਸ਼ ਤੇ ਘੱਗਰ ਨੇ ਇੰਝ ਵਧਾਈ ਲੋਕਾਂ ਦੀ ਮੁਸ਼ਕਿਲ

Thursday, Jul 18, 2019 - 09:16 PM (IST)

ਮਾਲਵੇ ''''ਚ ਭਾਰੀ ਬਾਰਿਸ਼ ਤੇ ਘੱਗਰ ਨੇ ਇੰਝ ਵਧਾਈ ਲੋਕਾਂ ਦੀ ਮੁਸ਼ਕਿਲ

ਪੰਜਾਬ ਵਿੱਚ ਮਾਨਸੂਨ ਦੀ ਸ਼ੁਰੂਆਤ ਢਿੱਲੀ ਸੀ ਪਰ ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਕਈ ਥਾਵਾਂ ''ਤੇ ਹੜ੍ਹ ਵਰਗੇ ਹਾਲਾਤ ਨਜ਼ਰ ਆ ਰਹੇ ਹਨ ਅਤੇ ਪਿੰਡਾ ਸ਼ਹਿਰਾਂ ਵਿੱਚ ਪਾਣੀ ਇੰਝ ਭਰਿਆ ਹੈ ਜਿਵੇਂ ਦਰਿਆ।

ਬਠਿੰਡਾ ਵਿੱਚ ਸੋਮਵਾਰ ਅਤੇ ਮੰਗਲਵਾਰ ਨੂੰ ਪਏ ਭਾਰੀ ਮੀਂਹ ਕਾਰਨ ਸ਼ਹਿਰ ਤਕਰੀਬਨ ਦਰਿਆ ਵਿੱਚ ਤਬਦੀਲ ਹੋ ਗਿਆ ਸੀ। ਜੁਲਾਈ ਮਹੀਨੇ ਵਿੱਚ ਪਏ ਭਾਰੀ ਮੀਂਹ ਨੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਇਸ ਵਾਰੀ 175 ਐਮਐਮ ਮੀਂਹ ਪਿਆ ਹੈ। ਇੰਨਾ ਮੀਂਹ ਤਕਰੀਬਨ ਪਿਛਲੇ 25 ਸਾਲਾਂ ਤੋਂ ਇੱਥੇ ਨਹੀਂ ਪਿਆ।

ਮੇਨ ਬਜ਼ਾਰਾਂ, ਅਫ਼ਸਰਾਂ ਦੇ ਰਿਹਾਇਸ਼ੀ ਇਲਾਕੇ ਸਿਵਲ ਲਾਈਨਜ਼ ਅਤੇ ਲਾਈਨ ਤੋਂ ਪਾਰ ਇਲਾਕਿਆਂ ਵਿੱਚ ਪੰਜ-ਪੰਜ ਫੁੱਟ ਤੱਕ ਪਾਣੀ ਭਰ ਗਿਆ ਹੈ।

ਇੱਥੋਂ ਤੱਕ ਕਿ ਐਨਆਰਆਈ ਥਾਣੇ ਵਿੱਚ ਵੀ ਮੀਂਹ ਦਾ ਪਾਣੀ ਵੜ ਗਿਆ ਹੈ।

ਪੂਰੇ ਸ਼ਹਿਰ ਵਿੱਚ 40-50 ਘੰਟਿਆਂ ਲਈ ਬਿਜਲੀ ਵੀ ਠੱਪ ਰਹੀ ਕਿਉਂਕਿ ਮੀਟਰ ਪਾਣੀ ਵਿੱਚ ਡੁੱਬ ਗਏ ਸਨ।

ਇਸੇ ਤਰ੍ਹਾਂ ਬਠਿੰਡਾ ਦੇ ਪਿੰਡਾਂ ਬਹਿਮਣ ਦੀਵਾਨਾ ਅਤੇ ਘੁੱਦਾ ਵਿੱਚ ਸੂਆ ਟੁੱਟਣ ਕਾਰਨ ਕਰੀਬ 150 ਏਕੜ ਫ਼ਸਲ ਦੇ ਨੁਕਸਾਨ ਦਾ ਵੀ ਖਦਸ਼ਾ ਹੈ। ਇਸੇ ਤਰ੍ਹਾਂ ਦਾ ਹੀ ਹਾਲ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੈ।

ਇਹ ਵੀ ਪੜ੍ਹੋ:

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰੀ ਮੀਂਹ ਕਾਰਨ ਮੁਹਾਲੀ, ਪਟਿਆਲਾ, ਸੰਗਰੂਰ ਅਤੇ ਬਠਿੰਡਾ ਜਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਅਲਰਟ ਰਹਿਣ ਲਈ ਕਿਹਾ ਹੈ।

https://twitter.com/capt_amarinder/status/1151484256238968832

ਬੰਨ੍ਹ ਵਿੱਚ ਪਾਣੀ ਦਾ ਪੱਧਰ

ਬੀਬੀਸੀ ਦੀ ਟੀਮ ਨੇ ਬਠਿੰਡਾ ਸਣੇ ਪੰਜਾਬ ਦੇ ਚਾਰ ਵੱਡੇ ਜ਼ਿਲ੍ਹਿਆਂ ਵਿੱਚ ਤਾਜ਼ਾ ਹਾਲਾਤ ਜਾਣਨ ਦੀ ਕੋਸ਼ਿਸ਼ ਕੀਤੀ।

ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪੌਲ ਨੇ ਦੱਸਿਆ, "19 ਜੁਲਾਈ ਤੋਂ 23 ਜੁਲਾਈ ਤੱਕ ਮਾਨਸੂਨ ਕਮਜ਼ੋਰ ਰਹੇਗਾ। ਕਈ ਇਲਾਕਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ।"

ਇਸ ਦੇ ਨਾਲ ਹੀ ਭਾਖੜਾ ਤੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਹੈ। ਭਾਖੜਾ ਵਿੱਚ ਖ਼ਤਰੇ ਦਾ ਨਿਸ਼ਾਨ 1680 ਫੁੱਟ ਹੈ ਜਦੋਂਕਿ ਪੌਂਗ ਵਿੱਚ ਖ਼ਤਰੇ ਦਾ ਨਿਸ਼ਾਨ 1390 ਫੁੱਟ ਹੈ।

ਸ਼ੁੱਕਰਵਾਰ ਨੂੰ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1626.79 ਫੁੱਟ ਸੀ ਜਦੋਂਕਿ ਪੌਂਗ ਡੈਮ ''ਚ ਪਾਣੀ ਦਾ ਪੱਧਰ 1330.77 ਫੁੱਟ ਸੀ।

ਹੁਣ ਦੱਸਦੇ ਹਾਂ ਕਿ ਸੰਗਰੂਰ, ਪਟਿਆਲਾ ਤੇ ਮੋਹਾਲੀ ਵਿੱਚ ਮੌਜੂਦਾ ਸਥਿਤੀ ਕੀ ਹੈ

ਸੰਗਰੂਰ

ਸੰਗਰੂਰ ਵਿੱਚ ਪਿੰਡ ਮਕੌਰੜਾ ਸਾਹਿਬ ਕੋਲ ਵੀਰਵਾਰ ਸਵੇਰੇ ਘੱਗਰ ਦਰਿਆ ਦਾ ਬੰਨ੍ਹ ਟੁੱਟ ਗਿਆ ਅਤੇ ਤਿੰਨ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਵੜ ਗਿਆ।

ਪਿੰਡ ਵਾਲਿਆਂ ਨੇ ਖੁਦ ਹੀ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਮਨਰੇਗਾ ਵਰਕਰ ਵੀ ਮਦਦ ਲਈ ਆਏ।

ਹਾਲਾਤ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਅਤੇ ਫਿਰ ਐਸਡੀਐਮ ਪ੍ਰਸ਼ਾਸਨਿਕ ਟੀਮ ਨਾਲ ਮੌਕੇ ''ਤੇ ਪਹੁੰਚੇ। ਉਸ ਤੋਂ ਬਾਅਦ ਐਨਡੀਆਰਐਫ਼ ਦੀ ਟੀਮ ਵੀ ਪਹੁੰਚ ਗਈ।

ਪ੍ਰਸ਼ਾਸਨ ਮੁਤਾਬਕ 500 ਅਤੇ ਲੋਕਾਂ ਮੁਤਾਬਕ 1000 ਏਕੜ ਫ਼ਸਲ ਪ੍ਰਭਾਵਿਤ ਹੋਈ ਹੈ। ਇਹ ਜਾਣਕਾਰੀ ਲਿਖਣ ਤੱਕ ਹਾਲਾਤ ਕਾਬੂ ਨਹੀਂ ਕੀਤੇ ਜਾ ਸਕੇ ਸੀ।

ਇਹ ਵੀ ਪੜ੍ਹੋ

ਪਟਿਆਲਾ

ਹਰਿਆਣਾ ਦੇ ਨਾਲ ਲੱਗਦੇ ਖਨੌਰੀ ਹੈੱਡ ਤੇ ਘੱਗਰ ਦਾ ਪੱਧਰ 750 ਹੈ ਜੋ ਕਿ ਖ਼ਤਰੇ ਦੇ ਨਿਸ਼ਾਨ ਨੂੰ ਛੂੰਹਦਾ ਹੈ। ਮੰਗਲਵਾਰ ਨੂੰ ਸਰਾਲਾ ਹੈੱਡ ਨੇੜਲੇ ਪਿੰਡ ਸਰਾਲਾ ਕਲਾਂ ਅਤੇ ਸਰਾਲਾ ਖੁਰਦ ਵਿੱਚ ਘੱਗਰ ਦਾ ਪਾਣੀ ਖੇਤਾਂ ਵਿੱਚ ਚਲਾ ਗਿਆ ਸੀ ਜਿਸ ਕਾਰਨ ਝੋਨੇ ਦੀ ਫ਼ਸਲ ਅਤੇ ਪਸ਼ੂਆਂ ਲਈ ਲਾਏ ਚਾਰੇ ਦਾ ਨੁਕਸਾਨ ਹੋਇਆ। ਹੜ੍ਹ ਕੰਟਰੋਲ ਰੂਮ ਮੁਤਾਬਕ ਹੁਣ ਉੱਥੇ ਪਾਣੀ ਦਾ ਪੱਧਰ ਘੱਟ ਗਿਆ ਹੈ।

ਇਸ ਤੋਂ ਇਲਾਵਾ ਇੱਥੇ ਪਿੰਡ ਪਿੱਪਲ ਮੰਗੋਲੀ, ਰਾਏਪੁਰ ਅਤੇ ਨਨਹੇੜੀ ਵਿੱਚ ਵੀ ਘੱਗਰ ਦਾ ਪਾਣੀ ਵਧਣ ਕਾਰਨ ਸੂਆ ਟੁੱਟ ਗਿਆ ਅਤੇ ਪਾਣੀ ਖੇਤਾਂ ਵਿੱਚ ਭਰ ਗਿਆ।

ਉਹਨਾਂ ਦੱਸਿਆ ਕਿ ਪ੍ਰਸ਼ਾਸਨ ਅਲਰਟ ''ਤੇ ਹੈ, ਫੌਜ ਨੂੰ ਵੀ ਬੁਲਾਇਆ ਗਿਆ ਹੈ। ਪਟਿਆਲਾ ਵਿੱਚ ਹਾਲਾਤ ਕਾਬੂ ਹੇਠ ਹਨ।

ਪਟਿਆਲਾ ਹੜ੍ਹ ਕੰਟਰੋਲ ਰੂਮ ਮੁਤਾਬਕ ਇੱਥੇ ਘੱਗਰ ਦਾ ਪੱਧਰ ਭਾਂਖਰਪੁਰ (ਡੇਰਾ ਬੱਸੀ) ਵਿੱਚ 0.40 ਹੈ ਜੋ ਕਿ ਖ਼ਤਰੇ ਦੇ ਨਿਸ਼ਾਨ (10 ਫੁੱਟ) ਤੋਂ ਬਹੁਤ ਹੇਠਾਂ ਹੈ।

ਮੁਹਾਲੀ

ਮੰਗਲਵਾਰ ਨੂੰ ਬਨੂੜ ਨੇੜਲੇ ਕਈ ਪਿੰਡਾਂ ਵਿੱਚ ਨਿਕਾਸੀ ਨਾ ਹੋਣ ਕਾਰਨ ਮੀਂਹ ਦਾ ਪਾਣੀ ਖੇਤਾਂ ਵਿੱਚ ਇਕੱਠਾ ਹੋ ਗਿਆ ਸੀ ਜਿਸ ਕਾਰਨ ਫਸਲਾਂ ਦਾ ਕਾਫ਼ੀ ਨੁਕਸਾਨ ਹੋਣ ਦਾ ਖਦਸ਼ਾ ਹੈ।

ਹਾਲਾਂਕਿ ਮੁਹਾਲੀ ਕੰਟਰੋਲ ਰੂਮ ਮੁਤਾਬਕ ਹਾਲਾਤ ਕਾਬੂ ਵਿੱਚ ਹਨ ਅਤੇ ਪ੍ਰਸ਼ਾਸਨ ਮੁਸ਼ਤੈਦ ਹੈ।

(ਬਠਿੰਡਾ ਤੋਂ ਬੀਬੀਸੀ ਲਈ ਕੁਲਬੀਰ ਬੀਰਾ, ਸੰਗਰੂਰ ਤੋਂ ਸੁਖਚਰਨ ਪ੍ਰੀਤ ਤੇ ਮੋਹਾਲੀ ਤੇ ਪਟਿਆਲਾ ਤੋਂ ਬੀਬੀਸੀ ਪੱਤਰਕਾਰ ਨਵਦੀਪ ਕੌਰ ਦੀ ਰਿਪੋਰਟ।)

ਇਹ ਵੀ ਪੜ੍ਹੋ:

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=_2rBdIKFLvE

https://www.youtube.com/watch?v=egoC6a6HNFQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News