ਮੇਰੇ ਗਲ਼ ਚ ਸੰਗਲ ਪਾ ਕੇ ਡਾਂਗਾ ਸੋਟਿਆਂ ਨਾਲ ਕੁੱਟਿਆ ਗਿਆ - ਵਾਇਰਲ ਵੀਡੀਓ ਦਾ ਸੱਚ

Thursday, Jul 18, 2019 - 08:01 AM (IST)

ਮੇਰੇ ਗਲ਼ ਚ ਸੰਗਲ ਪਾ ਕੇ ਡਾਂਗਾ ਸੋਟਿਆਂ ਨਾਲ ਕੁੱਟਿਆ ਗਿਆ - ਵਾਇਰਲ ਵੀਡੀਓ ਦਾ ਸੱਚ

ਇੱਕ ਬਜ਼ੁਰਗ ਦੇ ਗਲ ''ਚ ਲੋਹੇ ਦਾ ਸੰਗਲ ਪਾ ਕੇ ਉਸ ਦੀ ਖਿੱਚ-ਧੂਹ ਕਰਨ ਅਤੇ ਕੁੱਟਮਾਰ ਕੀਤੇ ਜਾਣ ਦੀ ਘਟਨਾ ਬਾਰੇ ਪੁਲਿਸ ਨੇ ਪਤਾ ਲਗਾ ਲਿਆ ਹੈ।

ਪੁਲਿਸ ਨੇ ਇਸ ਸਬੰਧੀ ਪੰਜ ਬੰਦਿਆਂ ਵਿਰੁੱਧ ਮਾਮਲਾ ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।

ਮੁਲਜ਼ਮਾਂ ਨੇ ਇਸ ਘਟਨਾ ਦਾ ਵੀਡੀਓ ਕਲਿੱਪ ਬਣਾ ਕੇ ਸੋਸ਼ਲ ਮੀਡਿਆ ''ਤੇ ਵੀ ਵਾਇਰਲ ਕੀਤਾ ਸੀ।

ਪੁਲਿਸ ਮੁਤਾਬਕ ਇਹ ਘਟਨਾ ਸਤਲੁਜ ਦਰਿਆ ਕਿਨਾਰੇ ਵਸੇ ਜ਼ਿਲ੍ਹਾ ਮੋਗਾ ਦੇ ਪਿੰਡ ਰੇੜਵਾਂ ਦੀ ਹੈ।

ਵਾਇਰਲ ਵੀਡੀਓ ਵਿੱਚ ਜਿਹੜੇ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਹੈ, ਉਹ ਇਸ ਵੇਲੇ ਕੋਟ ਈਸੇ ਖਾਂ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਜ਼ੇਰ-ਏ-ਇਲਾਜ ਹੈ।

ਇਹ ਵੀ ਪੜ੍ਹੋ:

ਪੀੜਤ ਅਤੇ ਮੁਲਜ਼ਮ ਪੱਖ ਦਾ ਤਰਕ

ਹਰਬੰਸ ਸਿੰਘ ਨਾਂ ਦੇ ਪੀੜਤ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਆਪਣੇ ਖੇਤ ''ਚ ਝੋਨਾ ਲਾਉਣ ਲਈ ਆਪਣੇ ਇੱਕ ਜਾਣਕਾਰ ਕਿਸਾਨ ਕੋਲੋਂ ਪਨੀਰੀ ਲੈ ਕੇ ਵਾਪਸ ਪਰਤ ਰਿਹਾ ਸੀ ਤਾਂ ਉਸ ਦੀ ਪੰਜ ਵਿਅਕਤੀਆਂ ਨੇ ਘੇਰ ਕੇ ਕੁੱਟਮਾਰ ਕੀਤੀ।

''''ਮੇਰੇ ਗਲ ''ਚ ਲੋਹੇ ਦਾ ਸੰਗਲ ਪਾਇਆ ਗਿਆ ਅਤੇ ਮੇਰੇ ਉੱਪਰ ਡਾਂਗਾ ਸੋਟੀਆਂ ਨਾਲ ਹਮਲਾ ਕਰ ਦਿੱਤਾ ਗਿਆ। ਮੈਂ ਬਥੇਰੇ ਤਰਲੇ ਮਿੰਨਤਾਂ ਕੀਤੇ, ਪਰ ਇਨ੍ਹਾਂਨੇ ਮੇਰੀ ਧੂ-ਘੜੀਸ ਜਾਰੀ ਰੱਖੀ। ਮੇਰੇ ਸਿਰ ਗੋਡਿਆਂ ਅਤੇ ਸਰੀਰ ਦੇ ਹੋਰਨਾਂ ਅੰਗਾਂ ਤੇ ਗੰਭੀਰ ਸੱਟਾਂ ਲੱਗੀਆਂ।"

ਹਰਬੰਸ ਸਿੰਘ ਦਾ ਕਹਿਣਾ ਹੈ ਕਿ, "ਹਮਲਾਵਰ ਇਹ ਕਹਿ ਰਹੇ ਸਨ ਕਿ ਮੈਂ ਹਮਲਾਵਰਾਂ ਦੇ ਘਰ ਬਿਜਲੀ ਚੋਰੀ ਲਈ ਲਾਈ ਗਈ ਕੁੰਡੀ ਦੀ ਇਤਲਾਹ ਬਿਜਲੀ ਵਿਭਾਗ ਨੂੰ ਦਿੱਤੀ ਹੈ."

ਪੀੜਤ ਦੇ ਪੁੱਤਰ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ''''ਮੇਰੇ ਬਿਰਧ ਪਿਤਾ ਦੇ ਗਲ ਵਿਚ ਸੰਗਲ ਪਾਉਣ ਕਾਰਨ ਉਨਾਂ ਦੀ ਹਾਲਤ ਕਾਫੀ ਖ਼ਰਾਬ ਹੈ। ਬਿਜਲੀ ਵਿਭਾਗ ਨੇ ਆਪਣੇ ਪੱਧਰ ''ਤੇ ਹੀ ਪਿੰਡ ਵਿੱਚ ਹੁੰਦੀ ਬਿਜਲੀ ਦੀ ਚੋਰੀ ਫੜਨ ਲਈ ਛਾਪੇਮਾਰੀ ਕੀਤੀ ਸੀ, ਜਿਸ ਵਿੱਚ ਮੇਰੇ ਪਿਤਾ ਹਰਬੰਸ ਸਿੰਘ ਦਾ ਕੋਈ ਕਸੂਰ ਨਹੀਂ ਸੀ।"

ਥਾਣਾ ਧਰਮਕੋਟ ਦੇ ਸਟੇਸ਼ਨ ਹਾਊਸ ਅਫ਼ਸਰ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਦੇ ਇਕ ਉੱਡਣ ਦਸਤੇ ਨੇ ਕੁੱਝ ਦਿਨ ਪਹਿਲਾਂ ਪਿੰਡ ਰੇੜਵਾਂ ਦੇ ਇਕ ਵਿਅਕਤੀ ਦੇ ਘਰ ਬਿਜਲੀ ਚੋਰੀ ਦਾ ਮਾਮਲਾ ਫੜ ਕੇ ਉਸ ਨੂੰ ਜ਼ੁਰਮਾਨਾ ਕੀਤਾ ਸੀ।

ਇਹ ਵੀ ਪੜ੍ਹੋ:

''''ਬਿਜਲੀ ਚੋਰੀ ਸਬੰਧੀ ਜਿਸ ਵਿਅਕਤੀ ਨੂੰ ਜ਼ੁਰਮਾਨਾ ਲਾਇਆ ਗਿਆ ਸੀ ਉਸ ਨੂੰ ਇਹ ਸ਼ੱਕ ਸੀ ਕਿ ਹਰਬੰਸ ਸਿੰਘ ਨੇ ਹੀ ਬਿਜਲੀ ਵਿਭਾਗ ਕੋਲ ਕੁੰਡੀ ਲਗਾਉਣ ਦੀ ਸ਼ਿਕਾਇਤ ਕੀਤੀ ਸੀ। ਇਸ ਰੰਜਿਸ਼ ਤਹਿਤ ਹੀ ਕੁਝ ਵਿਅਕਤੀਆਂ ਨੇ ਉਸ ਨੂੰ ਖੇਤਾਂ ''ਚ ਘੇਰ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ।"

ਐਸ.ਐਚ.ਓ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੀ ਹਦਾਇਤ ਤੋਂ ਬਾਅਦ ਇਕ ਵਿਸ਼ੇਸ਼ ਟੀਮ ਇਸ ਮਾਮਲੇ ਦੀ ਜਾਂਚ ''ਚ ਜੁਟੀ ਹੋਈ ਹੈ।

''''ਅਸੀਂ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਾਂ ਕਿ ਹਰਬੰਸ ਸਿੰਘ ਦੇ ਗਲ ''ਚ ਸੰਗਲ ਪਾ ਕੇ ਉਸ ਦੀ ਕੁੱਟਮਾਰ ਸਮੇਂ ਦੀ ਵੀਡੀਓ ਕਿਸ ਨੇ ਵਾਇਰਲ ਕੀਤੀ ਅਤੇ ਇਸ ਦਾ ਮਕਸਦ ਕੀ ਸੀ।"

ਇਸ ਮਾਮਲੇ ''ਚ ਨਾਮਜ਼ਦ ਕੀਤੇ ਗਏ ਪਿੰਡ ਰੇਹਰਵਾਂ ਦੇ ਨੰਬਰਦਾਰ ਮਹਿੰਦਰ ਸਿੰਘ ਨੇ ਕਿਹਾ ਹੈ ਕਿ, "ਮੇਰੀ ਮੋਟਰ ਦੀ ਕੁੰਡੀ ਇਸ ਬੰਦੇ ਨੇ ਫੜਾਈ ਸੀ ਤੇ ਮੈਨੂੰ ਇਸ ਗੱਲ ਦਾ ਰੰਜ਼ ਸੀ। ਮੈਂ ਉਸ ਨੂੰ ਉਲਾਂਭਾ ਦੇਣ ਗਿਆ ਤਾਂ ਸਾਡਾ ਝਗੜਾ ਹੋ ਗਿਆ।"

"ਮੇਰਾ ਵੀਡੀਓ ਵਾਇਰਲ ਕਰਨ ''ਚ ਕੋਈ ਹੱਥ ਨਹੀਂ ਹੈ।"

ਪੰਜਾਬ ਸਟੇਟ ਪਾਵਰਕਾਮ ਲਿਮਟਡ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਬਿਜਲੀ ਦੀ ਚੋਰੀ ਫੜਨ ਦੀ ਮੁਹਿੰਮ ਇੱਕ ਆਮ ਵਰਤਾਰਾ ਹੈ।

ਸੁਪਰੀਟੈਂਡੇਂਟ ਆਫ ਪੁਲਿਸ (ਇੰਨਵੈਸਟੀਗੇਸ਼ਨ) ਐਚ.ਪੀ.ਐਸ ਪਰਮਾਰ ਨੇ ਦੱਸਿਆ ਹੈ ਕਿ ਇਸ ਘਟਨਾ ਲਈ ਜ਼ਿੰਮੇਵਾਰ ਇੱਕ ਸ਼ਖ਼ਸ ਨੂੰ ਬਕਾਇਦਾ ਤੌਰ ''ਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਨੂੰ ਫੜਨ ਦੀ ਕਵਾਇਦ ਜਾਰੀ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=z3Yfbsgds28

https://www.youtube.com/watch?v=PiL1mOwB9OE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News