ਭਾਰਤ ਦੀ ਮਹਿਲਾ ਡੀਜੇ ਦਾ ਇੱਕ ਦਿਨ ਕਿਵੇਂ ਬੀਤਦਾ ਹੈ ਤੇ ਉਹ ਕਿਵੇਂ ਇਸ ਕੰਮ ਵੱਲ ਆਈ।

06/19/2019 7:48:12 AM

ਪੂਜਾ ਸੇਠ
BBC

ਭਾਰਤ ਵਿੱਚ ਮਹਿਲਾ ਡੀਜੇ ਹਾਲੇ ਆਮ ਨਹੀਂ ਹੋਈਆਂ। ਫੋਟੋਗ੍ਰਾਫ਼ਰ ਸਾਇਆਨ ਹਜ਼ਾਰਾ ਨੇ ਪੂਜਾ ਸੇਠ ਨਾਲ ਇੱਕ ਦਿਨ ਬਿਤਾਇਆ ਤੇ ਦੇਖਿਆ ਕਿ ਬੰਗਲੌਰ ਦੀ ਇਸ ਮਹਿਲਾ ਡੀਜੇ ਦਾ ਦਿਨ ਕਿਵੇਂ ਲੰਘਦਾ ਹੈ।

ਪੂਜਾ ਦੀ ਉਮਰ 31 ਸਾਲ ਹੈ। ਉਨ੍ਹਾਂ ਲਈ ਡੀਜੇ ਹੋਣਾ ਇੱਕ ਸੁਤੰਤਰਤਾ ਹੈ ਜੋ ਉਨ੍ਹਾਂ ਨੂੰ ਆਪਣਾ ਆਪਾ ਵਿਅਕਤ ਕਰਨ ਦੀ ਆਗਿਆ ਦਿੰਦੀ ਹੈ।

ਉਨ੍ਹਾਂ ਦੱਸਿਆ, "ਜਦੋਂ ਲੋਕ ਮੇਰੇ ਸੰਗੀਤ ਦਾ ਆਨੰਦ ਲੈਂਦੇ ਹਨ ਤਾਂ ਮੈਨੂੰ ਵਧੀਆ ਲਗਦਾ ਹੈ। ਮੇਰੇ ਲਈ ਇਹ ਇੱਕ ਆਜ਼ਾਦੀ ਹੈ ਜੋ ਮੈਨੂੰ ਦੁਨੀਆਂ ਦੇ ਸਾਹਮਣੇ ਆਪਣਾ ਪ੍ਰਗਟਾਵਾ ਕਰਨ ਦਿੰਦੀ ਹੈ।"

ਪੂਜਾ ਨੇ ਸਾਲ 2014 ਵਿੱਚ ਬੈਂਗਲੁਰੂ ਵਿੱਚ ਡੀਜੇ ਵਜੋਂ ਕੰਮ ਸ਼ੁਰੂ ਕੀਤਾ। ਬੈਂਗਲੁਰੂ ਨੂੰ ਦੇਸ਼ ਦੀ ''ਪੱਬ ਰਾਜਧਾਨੀ'' ਵਜੋਂ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ:-

ਪੂਜਾ ਸੇਠ
BBC

ਪਿਛਲੇ ਸਮੇਂ ਦੌਰਾਨ ਪੱਬਾਂ ਦੀ ਦੁਨੀਆਂ ਮਹਿਜ਼ ਸ਼ਹਿਰ ਦੇ ਕੇਂਦਰ ਤੱਕ ਹੀ ਬੱਝੀ ਨਹੀਂ ਰਹੀ ਸਗੋਂ ਸ਼ਹਿਰ ਦੇ ਦੂਸਰੇ ਹਿੱਸਿਆਂ ਵਿੱਚ ਵੀ ਪਹੁੰਚ ਗਈ ਹੈ।

ਹੁਣ ਸ਼ਹਿਰ ਦੇ ਰਿਹਾਇਸ਼ੀ ਤੇ ਪੁਰਾਣੇ ਇਲਾਕਿਆਂ ਤੇ ਗਲੀ-ਮੁੱਹਲਿਆਂ ਵਿੱਚ ਵੀ ਪੱਬ ਖੁੱਲ੍ਹ ਗਏ ਹਨ।

ਪੂਜਾ ਨੇ ਕਿਹਾ, "ਜਦੋਂ ਮੈਂ ਕਲੱਬਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਮੇਰੀ ਮੁਲਾਕਤ ਉਨ੍ਹਾਂ ਡੀਜੇ ਔਰਤਾਂ ਨਾਲ ਹੋਈ ਜੋ ਦੂਸਰੇ ਸ਼ਹਿਰਾਂ ਤੋਂ ਆ ਕੇ ਇੱਥੇ ਕੰਮ ਕਰਦੀਆਂ ਸਨ ਪਰ ਜਿੱਥੇ ਤੱਕ ਮੈਂ ਜਾਣਦੀ ਸੀ ਅਜਿਹੀ ਕੋਈ ਨਹੀਂ ਸੀ ਜੋ ਸ਼ਹਿਰ ਦੇ ਅੰਦਰ ਹੀ ਰਹਿ ਕੇ ਕੰਮ ਕਰਦੀ ਹੋਵੇ।"

ਆਪਣੀ ਗੱਲ ਜਾਰੀ ਰੱਖਦਿਆਂ ਉਨ੍ਹਾਂ ਨੇ ਕਿਹਾ, ਕੁਝ ਕੁ ਥਾਂ ’ਤੇ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ "ਬੈਂਗਲੁਰੂ ਦੀ ਆਪਣੀ ਡੀਜੇ" ਵਜੋਂ ਜਾਣਿਆ ਜਾਣ ਲੱਗਿਆ।

ਉਨ੍ਹਾਂ ਦਾ ਸਫ਼ਰ ਆਸਾਨ ਨਹੀਂ ਰਿਹਾ। ਪੂਰਬੀ ਭਾਰਤ ਦੇ ਇੱਕ ਰੂੜ੍ਹੀਵਾਦੀ ਪਰਿਵਾਰ ਵਿੱਚ ਪਲੀ-ਵੱਡੀ ਹੋਈ ਪੂਜਾ ਸ਼ੁਰੂ ਤੋਂ ਹੀ ਇਹ ਕੰਮ ਕਰਨਾ ਚਾਹੁੰਦੀ ਸੀ।

"ਮੇਰੇ ਮਾਂ-ਬਾਪ ਹਮੇਸ਼ਾ ਚਾਹੁੰਦੇ ਸਨ ਕਿ ਮੈਂ ਵਿਆਹ ਕਰਵਾ ਲਵਾਂ ਪਰ ਮੈਂ ਕਦੇ ਅਜਿਹਾ ਨਹੀਂ ਚਾਹਿਆ।"

ਹਾਈ ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਘਰੋਂ ਭੱਜ ਕੇ ਆਪਣਾ ਸੁਪਨਾ ਸਾਕਾਰ ਕਰਨ ਦੀ ਠਾਣ ਲਈ।

"ਮੇਰੀ ਬਿਰਾਦਰੀ ਵਿੱਚ ਕੁੜੀਆਂ ਨੂੰ ਕੰਮ ਕਰਨ ਦੀ ਆਗਿਆ ਨਹੀਂ ਹੈ। ਬਹੁਤੀਆਂ ਤਾਂ ਉਸ ਸਮੇਂ ਤੱਕ ਇਕੱਲੀਆਂ ਘਰੋਂ ਬਾਹਰ ਨਹੀਂ ਨਿਕਲਦੀਆਂ ਜਦੋਂ ਤੱਕ ਕਿ ਉਨ੍ਹਾਂ ਦਾ ਵਿਆਹ ਨਹੀਂ ਹੋ ਜਾਂਦਾ। ਇਸ ਲਈ ਮੈਨੂੰ ਪਤਾ ਸੀ ਕਿ ਮੈਨੂੰ ਜਾਣਾ ਹੀ ਪਵੇਗਾ।"

ਉਨ੍ਹਾਂ ਦੀ ਆਂਟੀ ਉਨ੍ਹਾਂ ਨੂੰ ਕੰਮ ਲਈ ਬੈਂਗਲੁਰੂ ਲੈ ਆਈ ਜਿੱਥੇ ਪੂਜਾ ਨੇ ਇੱਕ ਏਅਰ-ਹੋਸਟੈਸ ਵਜੋਂ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ।

ਇਸੇ ਦੌਰਾਨ ਪੂਜਾ ਨੂੰ ਪਹਿਲੀ ਵਾਰ ਕਿਸੇ ਪਾਰਟੀ ''ਤੇ ਜਾਣ ਦਾ ਮੌਕਾ ਮਿਲਿਆ।

ਉਸ ਪਾਰਟੀ ਵਿਚਲੇ ਡੀਜੇ ਨੇ ਪੂਜਾ ਦਾ ਸਭ ਤੋਂ ਪਹਿਲਾਂ ਧਿਆਨ ਖਿੱਚਿਆ, "ਪਹਿਲੀ ਚੀਜ਼ ਜਿਸ ਨੇ ਮੇਰਾ ਧਿਆਨ ਖਿੱਚਿਆ ਉਹ ਸੀ ਡੀਜੇ। ਮੈਨੂੰ ਯਾਦ ਹੈ ਮੈਂ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਸੀ।"

ਹੁਣ ਪੂਜਾ ਜਾਣਦੀ ਸੀ ਕਿ ਉਹ ਜ਼ਿੰਦਗੀ ਵਿੱਚ ਕੀ ਕਰਨਾ ਚਾਹੁੰਦੇ ਸਨ।

"ਮੈਂ ਸ਼ਹਿਰ ਦੇ ਕੁਝ ਡੀਜਿਆਂ ਨਾਲ ਦੋਸਤੀ ਕੀਤੀ ਜਿਨ੍ਹਾਂ ਨੇ ਮੈਨੂੰ ਕੁਝ ਬੁਨਿਆਦੀ ਗੱਲਾਂ ਦੱਸੀਆਂ। ਬਾਕੀ ਦੀਆਂ ਗੱਲਾਂ ਮੈਂ ਯੂਟਿਊਬ ਵੀਡੀਓ ਦੇਖ ਕੇ ਸਿੱਖੀਆਂ।"

ਪੂਜਾ ਨੇ ਇੱਕ ਡੀਜੇ ਵਜੋਂ ਪਿਛਲੇ ਪੰਜ ਸਾਲਾਂ ਦੌਰਾਨ ਪੂਰੇ ਭਾਰਤ ਵਿੱਚ 450 ਤੋਂ ਵਧੇਰੇ ਪ੍ਰੋਗਰਾਮ ਕੀਤੇ ਹਨ।

"ਮੈਂ ਆਪਣੇ ਪਿੰਡ ਵਿੱਚ ਕਦੇ ਔਰਤਾਂ ਨੂੰ ਸ਼ਰਾਬ ਜਾਂ ਸਿਗਰਟ ਪੀਂਦੀਆਂ ਨਹੀਂ ਦੇਖੀਆਂ ਪਰ ਹੁਣ ਮੈਂ ਲੋਕਾਂ ਦੇ ਵੱਡੇ ਹਜੂਮਾਂ ਦੇ ਸਾਹਮਣੇ ਆਪਣੇ ਪ੍ਰੋਗਰਾਮ ਕਰਦੀ ਹਾਂ ਜਿਸ ਵਿੱਚ ਔਰਤਾਂ ਇਹ ਸਭ ਕਰਦੀਆਂ ਹਨ ਤੇ ਮੈਂ ਅੱਖ ਵੀ ਨਹੀਂ ਝਪਕਾਉਂਦੀ।"

ਚਕਾਚੌਂਧ ਦੇ ਬਾਵਜੂਦ, ਪੂਜਾ ਦਾ ਕਹਿਣਾ ਹੈ ਕਿ ਇੱਕ ਔਰਤ ਵਜੋਂ ਉਨ੍ਹਾਂ ਲਈ ਡੀਜੇ ਬਣਨਾ ਖ਼ਤਰੇ ਤੋਂ ਖਾਲੀ ਨਹੀਂ ਸੀ: "ਲੋਕ ਕਹਿੰਦੇ ਰਹਿੰਦੇ ਹਨ ਕਿ ਇਹ ਕੰਮ ਔਰਤਾਂ ਦੇ ਕਰਨ ਵਾਲਾ ਨਹੀਂ ਹੈ।"

"ਪੱਬਾਂ ਵਿੱਚ ਲੋਕ ਟੱਲੀ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਮੇਰੇ ਤੱਕ ਪਹੁੰਚ ਸਕਦੇ ਹਨ। ਲੋਕ ਅਕਸਰ ਮੇਰਾ ਫੋਨ ਨੰਬਰ ਮੰਗਦੇ ਹਨ। ਕਈ ਵਾਰ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕਰਨਾ ਤੇ ਆਪਣਾ ਕੰਮ ਕਰਦੇ ਰਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਵਿੱਚ ਮੈਨੂੰ ਬਾਊਂਸਰਾਂ ਤੋਂ ਮਦਦ ਮਿਲਦੀ ਹੈ।"

ਇਸ ਸਭ ਦੇ ਬਾਵਜੂਦ ਪੂਜਾ ਨੇ ਕਿਸੇ ਨੂੰ ਵੀ ਆਪਣੇ ਰਾਹ ਦੀ ਰੁਕਾਵਟ ਨਹੀਂ ਬਣਨ ਦਿੱਤਾ।

"ਮੇਰੇ ਕੰਮ ਦਾ ਸਭ ਤੋਂ ਰੋਚਕ ਹਿੱਸਾ ਹੈ, ਲੋਕਾਂ ਨੂੰ ਸੰਗੀਤ ਤੇ ਝੂਮਣ ਲਾ ਦੇਣਾ ਤੇ ਉਨ੍ਹਾਂ ਨੂੰ ਮੇਰੇ ਵਾਂਗ ਹੀ ਸੰਗੀਤ ਨਾਲ ਜੁੜਦਿਆਂ ਦੇਖਣਾ। ਲੋਕ ਮੇਰੇ ਗਿਗ ਵਿੱਚ ਇਹੀ ਮਹਿਸੂਸ ਕਰਨ ਆਉਂਦੇ ਹਨ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

https://www.youtube.com/watch?v=xWw19z7Edrs&t=1s

https://youtu.be/cHg0rW_Kuus

https://youtu.be/sV6asbP0Nl4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।



Related News