''''ਮਿਸ਼ਨ ਫ਼ਤਿਹ'''': ਨਿਆਣਾ ਤਾਂ ਰੱਬ ਕੋਲ ਚਲਾ ਗਿਆ ਪਰ ਖੱਡੇ ਵਿੱਚ ਕੌਣ ਰਹਿ ਗਿਆ - ਬਲਾਗ

Saturday, Jun 15, 2019 - 07:18 AM (IST)

''''ਮਿਸ਼ਨ ਫ਼ਤਿਹ'''': ਨਿਆਣਾ ਤਾਂ ਰੱਬ ਕੋਲ ਚਲਾ ਗਿਆ ਪਰ ਖੱਡੇ ਵਿੱਚ ਕੌਣ ਰਹਿ ਗਿਆ - ਬਲਾਗ

ਬੋਰਵੈੱਲ ਤਾਂ ਪਹਿਲਾਂ ਹੀ ਪੁੱਟਿਆ ਪਿਆ ਸੀ, ਬੱਚੇ ਦਾ ਅੰਦਰ ਡਿੱਗਣਾ ਉਸ ਦੀ ਮਾੜੀ ਕਿਸਮਤ ''ਤੇ ਮੜ੍ਹਿਆ ਜਾ ਸਕਦਾ ਸੀ।

ਪ੍ਰਸ਼ਾਸਨ ਦੀ ਅਣਗਹਿਲੀ, ਬਚਾਅ ਕਾਰਜ ਸਾਂਭਣ ਵਾਲਿਆਂ ਦੀ ਨਲਾਇਕੀ ਅਤੇ ਇੱਕ ਖ਼ਾਸ ਜਮਾਤ ਦੇ ਸਵਾਹ ਵਰਗੇ ਦਿਲਾਂ ਦਾ ਵੀ ਪਹਿਲਾਂ ਹੀ ਪਤਾ ਸੀ।

ਘਟਨਾ ਦਰਦਨਾਕ ਸੀ ਪਰ ਕਈਆਂ ਨੂੰ ਲਗਦਾ ਸੀ ਕਿ ਇਸ ਦੇ ਬਾਵਜੂਦ ਮਸਾਲੇ ਦੀ ਗੁੰਜਾਇਸ਼ ਸੀ, ਇਹ ਪਤਾ ਹੀ ਸੀ।

ਬਹੁਤੇ ਮੀਡੀਆ ਵਾਲਿਆਂ ਨੂੰ ਬਹੁਤ ਦੇਰ ਤੋਂ ਜਾਪਦਾ ਹੈ ਕਿ ਉਨ੍ਹਾਂ ਨੂੰ ਬਹੁਤ ਕੁਝ ਪਹਿਲਾਂ ਹੀ ਪਤਾ ਹੁੰਦਾ ਹੈ। ਕਹਾਣੀ ਨਵੀਂ ਵੀ ਨਹੀਂ ਸੀ।

ਇਹ ਵੀ ਜ਼ਰੂਰ ਪੜ੍ਹੋ:

13 ਸਾਲ ਪਹਿਲਾਂ ਜਦੋਂ ਪ੍ਰਿੰਸ ਨਾਂ ਦਾ ਬੱਚਾ ਹਰਿਆਣਾ ਵਿੱਚ ਇਸੇ ਤਰ੍ਹਾਂ ਖੱਡੇ ਵਿੱਚ ਡਿੱਗਿਆ ਸੀ ਤਾਂ ਮੀਡੀਆ ਕਵਰੇਜ ਦਾ ਇੱਕ ਖ਼ਾਕਾ ਤਿਆਰ ਹੋ ਗਿਆ ਸੀ।

ਇੰਟਰਨੈੱਟ ਦੇ ਦੌਰ ''ਚ ਨਵਾਂ ਮਸਾਲਾ

ਸੰਗਰੂਰ ਦੇ ਪਿੰਡ ਭਗਵਾਨਪੁਰਾ ਦੀ ਘਟਨਾ ਨੂੰ ਰਿਪੋਰਟ ਕਰਨ ਲਈ ਪਹਿਲਾਂ ਤਾਂ ਸੈੱਟ ਫਾਰਮੂਲਾ ਵਰਤਿਆ ਗਿਆ।

ਗੰਭੀਰਤਾ ਪੂਰੇ ਸੁਹੱਪਣ ਨਾਲ ਰਚੀ ਗਈI ਬਰੈਂਡਿੰਗ ਵੀ ਕੀਤੀ ਗਈ, ਬੱਚੇ ਦਾ ਨਾਂ ਫ਼ਤਿਹ ਸੀ ਤਾਂ ਕੰਮ ਸੌਖਾ ਹੋ ਗਿਆ — ਮਿਸ਼ਨ ਫ਼ਤਿਹ।

ਪਰ ਛੇਤੀ ਹੀ ਇਹ ਸੱਚਾਈ ਮੁੜ ਸਾਹਮਣੇ ਆ ਗਈ ਕਿ ਇੰਟਰਨੈੱਟ ਨੇ ਨਵੇਂ ਮਸਾਲੇ ਬਾਜ਼ਾਰ ਵਿੱਚ ਲੈ ਆਂਉਂਦੇ ਹਨ, ਤੜਕੇ ਦਾ ਸਵਾਦ ਵੀ ਨਿੱਤ ਨਵੇਕਲਾ ਬਣਾਉਣਾ ਪੈਂਦਾ ਹੈ।

6 ਜੂਨ ਨੂੰ ਦੋ ਸਾਲ ਦੇ ਫ਼ਤਿਹ ਦੇ ਡਿੱਗਣ ਤੋਂ ਲੈ ਕੇ 11 ਜੂਨ ਨੂੰ ਲਾਸ਼ ਕੱਢੇ ਜਾਣ ਤੱਕ, ਪਹਿਲਾਂ ਤਾਂ ਹਮਦਰਦੀ ਦੇ ਨਾਂ ''ਤੇ ਅਫ਼ਵਾਹਾਂ ਛਾਪ ਕੇ ''ਕਲਿੱਕ'' ਇਕੱਠੇ ਕੀਤੇ ਗਏ, ਅਰਦਾਸਾਂ ਦੇ ਨਾਂ ''ਤੇ ''ਲਾਈਕ'' ਇਕੱਠੇ ਕੀਤੇ ਗਏ ਅਤੇ ਵੀਡੀਓ ਦੇ ''ਵਿਊਜ਼'' ਵੀ ਬਟੋਰੇ ਗਏ।

ਇਹ ਆਲੋਚਨਾ ਇੰਟਰਨੈੱਟ ਉੱਤੇ ਚੱਲ ਰਹੇ ਕਿਸੇ ਵੀ ਚੈਨਲ ਦੀ ਕੀਤੀ ਜਾ ਸਕਦੀ ਹੈ, ਥੋੜ੍ਹੀ ਜਾਂ ਜ਼ਿਆਦਾ।

ਚੰਗਿਆਈ ਦੀ ਸਦਾ ਹੀ ਘਾਟ ਹੁੰਦੀ ਹੈ, ਇਹ ਵੀ ਤਾਂ ਪਹਿਲਾਂ ਹੀ ਪਤਾ ਸੀ।

''ਮਿਸ਼ਨ ਫ਼ਤਿਹ'' ''ਚੋਂ ਆਇਆ ਨਵਾਂ ਬਿਜ਼ਨੇਸ ਮਾਡਲ

ਹਾਂ, ਵੱਡੀ ਖ਼ਬਰ ਇਹ ਹੈ ਕਿ ''ਮਿਸ਼ਨ ਫ਼ਤਿਹ'' ਵਿੱਚੋਂ ਕਈਆਂ ਲਈ ਇੱਕ ਨਵਾਂ ਬਿਜ਼ਨੇਸ ਮਾਡਲ ਨਿਕਲ ਕੇ ਆਇਆ ਹੈ।

ਆਨਲਾਈਨ ਮੀਡੀਆ ਲਈ ਖ਼ਾਸ ਖੁਸ਼ਖ਼ਬਰੀ ਹੈ। ਪੱਤਰਕਾਰ ਵੀਰਾਂ-ਭੈਣਾਂ ਅਤੇ ਪੱਕੇ ਦਰਸ਼ਕ ਪਿਆਰੇ ਜ਼ਰੂਰ ਨੋਟ ਕਰਨ।

ਫ਼ਤਿਹ ਦੀ ਨਿੱਕੀ ਜਿਹੀ ਜ਼ਿੰਦਗੀ ਭਾਵੇਂ ਸਾਨੂੰ ਇੱਕ ਹੋਰ ਸਾਕਾ ਦੇ ਗਈ ਪਰ ਨਾਲ ਹੀ ਕੈਨੇਡਾ ਜਾਣ ਦੇ ਸੁਪਨੇ ਵੇਖਣ-ਵੇਚਣ ਦਾ ਇੱਕ ਨਵਾਂ ਤਰੀਕਾ ਵੀ ਦੇ ਗਈ ਹੈ।

ਇੱਕ ਨਿਊਜ਼ ਵੈੱਬਸਾਈਟ ਨੇ ਪੰਜਾਬ ਦੇ ''ਮੌਜੂਦਾ'' ਨੂੰ ''ਹਮੇਸ਼ਾ'' ਨਾਲ ਜੋੜ ਕੇ ਜੁਗਾੜ ਲਗਾਇਆ, ਇੱਕ ਇਮੀਗ੍ਰੇਸ਼ਨ ਏਜੰਟ ਦੇ ਨਾਲ ਮਿਲ ਕੇ ਫੇਸਬੁੱਕ ਲਈ ਸਪੈਸ਼ਲ ਵੀਡੀਓ ਤਿਆਰ ਕਰ ਲਿਆ।

ਏਜੰਟ ਨੂੰ ਆਖਿਆ ਕਿ ਫ਼ਤਹਿ ਦੇ ਇੰਨੇ ਡੂੰਘੇ ਖੱਡੇ ਵਿੱਚ ਡਿੱਗਣ ਦਾ ਸਬੰਧ ਪੰਜਾਬ ਦੇ ਲੋਕਾਂ ਦੀ ਕੈਨੇਡਾ ਜਾਣ ਦੀ ਗਗਨਚੁੰਬੀ ਖਾਹਿਸ਼ ਨਾਲ ਜੋੜੋ।

ਏਜੰਟ ਨੇ ਵੀ 110 ਫੁੱਟ ਡੂੰਘੇ ਖਿਆਲ ਪੇਸ਼ ਕਰ ਦਿੱਤੇ।

ਪੱਤਰਕਾਰ ਨੂੰ ਲੱਗਿਆ ਕਿ ਉਹ ਮਾਈਕ ਨੂੰ ਤਮੀਜ਼ ਨਾਲ ਸਿੱਧਾ ਫੜੇਗਾ, ਸੁਚੱਜੀ ਜਿਹੀ ਇੱਕ ਭੂਮਿਕਾ ਰਚੇਗਾ ਤੇ ਇੰਟਰਵਿਊ ਇੰਝ ਕਰੇਗਾ ਕਿ ਕਿਸੇ ਨੂੰ ਸਮਝ ਹੀ ਨਹੀਂ ਆਵੇਗਾ ਕਿ ਵੇਚਿਆ ਕੀ ਜਾ ਰਿਹਾ ਹੈ।

ਇੱਕ ਬੱਚੇ ਦੀ ਜ਼ਿੰਦਗੀ-ਮੌਤ ਦੇ ਲਾਈਵ ਸ਼ੋਅ ਵਿੱਚ ਇਸ ਏਜੰਟ ਨੂੰ ਲਿਆ ਕੇ ''ਸਰੋਗੇਟ ਐਡਵਰਟਾਈਜ਼ਿੰਗ'' (ਕਿਸੇ ਚੀਜ਼ ਦੇ ਬਹਾਨੇ ਕਿਸੇ ਹੋਰ ਚੀਜ਼ ਦੀ ਮਸ਼ਹੂਰੀ) ਦਾ ਇੱਕ ਨਵਾਂ ਮਾਡਲ ਪੇਸ਼ ਕਰ ਦਿੱਤਾ ਗਿਆ।

ਸ਼ਰਾਬ ਕੰਪਨੀਆਂ ਤਾਂ ਮਿਊਜ਼ਿਕ ਸੀਡੀ ਜਾਂ ਸੋਡਾ-ਵਾਟਰ ਦੇ ਬਹਾਨੇ ਅਜਿਹੀਆਂ ਮਸ਼ਹੂਰੀਆਂ ਕਰਦੀਆਂ ਰਹਿ ਗਈਆਂ।

ਇਹ ਵੀ ਜ਼ਰੂਰ ਪੜ੍ਹੋ:

ਇਹ ਪੱਤਰਕਾਰ ਪਤੰਦਰ, ਉਸ ਦੇ ਪਤਵੰਤੇ ਮਾਲਕ ਤੇ ਇੱਕ ਸੁਪਨਾ-ਸਪੈਸ਼ਲਿਸਟ ਏਜੰਟ ਤਾਂ ਮਲਟੀਨੈਸ਼ਨਲ ਕੰਪਨੀਆਂ ਨੂੰ ਵੀ ਮਾਤ ਦੇ ਗਏ।

''ਲਾਸ਼ਾਂ ਉੱਤੇ ਰਾਜਨੀਤੀ ਦਾ ਨਾਚ'', ਇਹ ਫਿਕਰਾ ਤੁਸੀਂ ਭਾਸ਼ਣਾਂ ਵਿੱਚ ਸੁਣਿਆ ਹੋਣਾ ਹੈ। ਲਓ, ਹੁਣ ਲਾਸ਼ਾਂ ਉੱਤੇ ਸਟੂਡੈਂਟ ਵੀਜ਼ਾ ਦੀ ਸੇਲ ਵੀ ਪੇਸ਼ ਹੈ।

ਇਮੀਗ੍ਰੇਸ਼ਨ ਏਜੰਟ ਤੋਂ ਨੀਟੂ ਸ਼ਟਰਾਂ ਵਾਲੀ ਪੱਤਰਕਾਰੀ

ਫ਼ਤਿਹ ਤਾਂ ਭਾਵੇਂ ਮਾੜੀ ਕਿਸਮਤ ਕਾਰਨ ਖੱਡੇ ਵਿੱਚ ਡਿੱਗਿਆ ਹੋਵੇਗਾ ਪਰ ਇਸ ਚੈਨਲ ਨੇ ਗਰਤ ਵੱਲ ਜਾਂਦੀ ਬੁਲੇਟ ਟਰੇਨ ''ਤੇ ਛਾਲ ਆਪੇ ਮਾਰੀ ਅਤੇ ਇਸ ਮਾਮਲੇ ਵਿੱਚ ਹੋਈ ਜ਼ਿਆਦਾਤਰ ਮੀਡੀਆ ਕਵਰੇਜ ਦਾ ਮੁਹਾਵਰਾ ਵੀ ਬਣ ਗਿਆ।

ਕਈ ਹੋਰ ਵੀ ਇਸੇ ਗੱਡੀ ਚੜ੍ਹੇ। ਇੱਕ ਜਣਾ ਬੱਸ ਵਿੱਚ ਬਹਿ ਗਿਆ, ਲੋਕ ਸਭਾ ਚੋਣਾਂ ਦੇ ‘ਸਭ ਤੋਂ ਕਾਮਯਾਬ’ ਕੈਂਡੀਡੇਟ ਨੀਟੂ ਸ਼ਟਰਾਂਵਾਲੇ ਦੇ ਨਾਲ! ਨੀਟੂ ਕਿੱਥੇ ਜਾ ਰਿਹਾ ਸੀ? ਫ਼ਤਿਹ ਨੂੰ ਬਚਾਉਣ।

ਨੀਟੂ ਤੇ ਫ਼ਤਿਹ ਦੀ ਇਹ ਸਾਂਝ ਇੱਕ ਚੈਨਲ ਨੇ ਅਜਿਹੀ ਰਚਾਈ ਕਿ ਮਹੀਨੇ ਦੀਆਂ ਦੋ ਵਾਇਰਲ ਖ਼ਬਰਾਂ ਨੂੰ ਸਲੀਕੇ ਨਾਲ ਜੋੜ ਕੇ ਵਿਖਾ ਦਿੱਤਾ। ਇਸ ਚੈਨਲ ਨੇ ਵੀ ਸੋਚਿਆ ਕਿ ਕਿਸੇ ਨੂੰ ਪਤਾ ਨਹੀਂ ਲੱਗਣਾ ਕਿ ਵੇਚਿਆ ਕੀ ਜਾ ਰਿਹਾ ਹੈ।

ਅਜਿਹੇ ਦੋ ਨਵੇਕਲੇ ਉਪਰਾਲਿਆਂ ਸਾਹਮਣੇ ਬਾਕੀ ਪੱਤਰਕਾਰੀ ਦੀ ਆਲੋਚਨਾ ਕਰਨਾ ਔਖਾ ਹੋ ਗਿਆ ਹੈ। ਚੰਗੀ ਪੱਤਰਕਾਰੀ ਦੀ ਸ਼ਲਾਘਾ ਕਰਨਾ ਵੀ ਬੇਮਾਅਨੇ ਹੈ।

ਇਸ ਮੇਲੇ ਵਿੱਚ ਕੁਝ ਰਿਪੋਰਟਰਾਂ ਦੀ ਕ੍ਰਿਕਟ ਵਰਗੀ ਕੁਮੈਂਟਰੀ ਵੀ ਹੁਣ ਜਾਇਜ਼ ਹੀ ਜਾਪਦੀ ਹੈ — "ਲੈ ਗਏ, ਲੈ ਗਏ, ਓ ਵੇਖੋ ਲੈ ਗਏ ਫ਼ਤਿਹਵੀਰ ਨੂੰ... ਓ, ਸੌਰੀ, ਗਲਤੀ ਲੱਗ ਗਈ!"

ਇਹ ਵੀ ਜ਼ਰੂਰ ਪੜ੍ਹੋ:

ਲੋਕਾਂ ਨੂੰ ਇਕੱਠੇ ਕਰ ਕੇ, ਲਾਈਵ ਕੈਮਰੇ ਸਾਹਮਣੇ ਗਾਲਾਂ ਕਢਵਾ ਕੇ ਵੀ ਸ਼ਾਇਦ ਕੋਈ ਪੱਤਰਕਾਰੀ ਡਿਊਟੀ ਹੀ ਨਿਭਾਈ ਗਈ।

ਜੁਗਾੜ, ਝੂਠ ਤੇ ਭਰਮ ਤਾਂ ਕੋਈ ਵੱਡੀ ਗੁਸਤਾਖੀ ਨਹੀਂ ਰਹਿ ਗਏ।

ਹਾਂ, ਇਹ ਵੀ ਨਹੀਂ ਕਿ ਚੈਨਲ ਮਾਲਕਾਂ ਦੀਆਂ ਥਾਪੀਆਂ ਦੇ ਚਾਹਵਾਨ, ਮਹੀਨਾਵਾਰ ਕਿਸ਼ਤਾਂ ਦੇ ਦੇਣਦਾਰ ਅਤੇ ਆਦਤ ਤੋਂ ਮਜਬੂਰ ਇਨ੍ਹਾਂ ਪੱਤਰਕਾਰਾਂ ਦੀ ਇਨਸਾਨੀਅਤ ਇਸ ਘੁੰਮਣਘੇਰੀ ''ਚ ਪੂਰੀ ਤਰ੍ਹਾਂ ਗੁੰਮ ਹੋ ਗਈ ਹੋਵੇ।

ਇਨਸਾਨੀਅਤ ਨਾਤੇ ਕਈਆਂ ਨੇ ਸੋਚਿਆ ਸੀ ਕਿ ਫ਼ਤਿਹ ਜ਼ਿੰਦਾ ਬਾਹਰ ਆ ਜਾਵੇਗਾ ਤਾਂ ਇੱਕ ''ਪੋਜ਼ਿਟਿਵ ਸਟੋਰੀ'' ਵੀ ਕਰਾਂਗੇ। ਅਫ਼ਸੋਸ, ਇਹ ਹੋ ਨਾ ਸਕਿਆ, ਮਿਸ਼ਨ ਪੂਰਾ ਫ਼ਤਿਹ ਹੋ ਨਾ ਸਕਿਆ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

https://www.youtube.com/watch?v=xWw19z7Edrs&t=1s

https://www.youtube.com/watch?v=q3i3eK-dMrk

https://www.youtube.com/watch?v=rgOFp0tRcg8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News