ਕਸ਼ਮੀਰ ਰਹਿਣਾ ਚਾਹੁੰਦੀ ਹੈ ‘ਫੌਜ ਦੀ ਤਸ਼ੱਦਦ’ ਖਿਲਾਫ਼ ਆਵਾਜ਼ ਚੁੱਕਣ ਵਾਲੀ ਇਰੋਮ

Wednesday, Mar 20, 2019 - 11:00 AM (IST)

ਇਰੋਮ ਸ਼ਰਮਿਲਾ
BBC
ਇਰੋਮ ਸ਼ਰਮਿਲਾ ਹੁਣ ਮਨੀਪੁਰ ਵਿੱਚ ਨਹੀਂ ਰਹਿੰਦੀ

16 ਸਾਲ ਇੱਕ ਕਾਨੂੰਨ ਦੇ ਖਿਲਾਫ਼ ਭੁੱਖ ਹੜਤਾਲ ਕਰਨ ਵਾਲੀ ਮਨੀਪੁਰ ਦੀ ''ਆਏਰਨ ਲੇਡੀ'' ਇਰੋਮ ਸ਼ਰਮਿਲਾ ਨੇ ਕੀ ਆਪਣੀ ਲੜਾਈ ਛੱਡ ਦਿੱਤੀ ਹੈ?

ਲੰਬੇ ਸਮੇਂ ਤੱਕ ਜ਼ਿੰਦਗੀ ਦਾ ਇੱਕ ਹੀ ਮਕਸਦ ਹੋਵੇ ਅਤੇ ਉਹ ਮਕਸਦ ਜ਼ਿੰਦਗੀ ਨੂੰ ਇੱਕੋ ਕਮਰੇ ਵਿੱਚ ਸੀਮਿਤ ਕਰ ਦੇਵੇ।

ਚਾਰਦੀਵਾਰੀ ਤੋਂ ਨਿਕਲਣ ਦੇ ਬਾਅਦ ਕੀ ਉਹ ਜ਼ਹਨ ਨਾਲ ਚਿਪਕਿਆ ਨਹੀਂ ਰਹਿ ਜਾਵੇਗਾ?

ਕੀ ਉਹ ਪ੍ਰੇਸ਼ਾਨ ਨਹੀਂ ਕਰੇਗਾ? ਸਵੇਰੇ-ਸ਼ਾਮ ਚੱਲ ਰਹੇ ਰੋਜ਼ ਦੇ ਕੰਮਾਂ ਵਿੱਚ ਆਪਣੀ ਯਾਦ ਨਹੀਂ ਦਿਵਾਏਗਾ?

ਮੈਂ ਇਨ੍ਹਾਂ ਸਾਰੇ ਸਵਾਲਾਂ ਨਾਲ ਸੁਰਖੀਆਂ ''ਚੋਂ ਗੁਆਚ ਚੁੱਕੀ ਇਰੋਮ ਨੂੰ ਲੱਭਣ ਨਿਕਲੀ।

ਇਹ ਵੀ ਪੜ੍ਹੋ

ਪਤਾ ਲਗਿਆ ਕਿ ਇਰੋਮ ਹੁਣ ਮਨੀਪੁਰ ਵਿੱਚ ਨਹੀਂ ਰਹਿੰਦੇ। ਉਹ ਉਨ੍ਹਾਂ ਵੱਲੋਂ ਬਣਾਈ ਗਈ ਸਿਆਸੀ ਪਾਰਟੀ ਦੇ ਵਰਕਰਾਂ ਦੇ ਸੰਪਰਕ ਵਿੱਚ ਵੀ ਨਹੀਂ ਹਨ।

ਇਰੋਮ ਨੇ ਆਪਣੇ ਬੁਆਏਫਰੈਂਡ, ਬਰਤਾਨਵੀ ਨਾਗਰਿਕ ਡੈਸਮੰਡ ਕੂਟਿੰਹੋ ਨਾਲ ਵਿਆਹ ਕਰਵਾ ਲਿਆ ਹੈ। ਦੋਵੇਂ ਬੈਂਗਲੂਰੂ ਵਿੱਚ ਇੱਕ ਮਕਾਨ ਵਿੱਚ ਰਹਿ ਰਹੇ ਹਨ।

ਸ਼ਹਿਰ ਦੇ ਬਾਹਰੀ ਇਲਾਕੇ ਦੀਆਂ ਛੋਟੀਆਂ-ਛੋਟੀਆਂ ਸੜਕਾਂ ਤੋਂ ਲੰਘਦੇ ਹੋਏ ਇੱਕ ਆਮ ਜਿਹੇ ਫਲੈਟ ਵਿੱਚ ਆਖਿਰ ਮੇਰੀ ਇਰੋਮ ਨਾਲ ਮੁਲਾਕਾਤ ਹੋਈ।

ਇਰੋਮ ਸ਼ਰਮਿਲਾ
BBC
ਸਾਲ 2009 ''ਚ ਦੀਪਤੀ ਪ੍ਰਿਆ ਮਹਿਰੋਤਰਾ ਨੇ ਇਰੋਮ ਦੇ ਅਨਸ਼ਨ ''ਤੇ ਕਿਤਾਬ ਲਿੱਖੀ ਸੀ

ਇਰੋਮ ਹੌਲੀ-ਹੌਲੀ ਬੋਲਦੀ ਹੈ। ਆਪਣਾ ਸਮਾਂ ਲੈ ਕੇ ਕਦੇ-ਕਦੇ ਮੁਸਕਰਾਉਂਦੀ ਹੈ। ਪਰ ਜ਼ਿਆਦਾ ਸਮਾਂ ਚਿਹਰੇ ਦੇ ਹਾਵ-ਭਾਵ ਗੰਭੀਰ ਰਹਿੰਦੇ ਹਨ ਜਿਵੇਂ ਅੰਦਰ ਹੀ ਅੰਦਰ ਕੁਝ ਚੱਲ ਰਿਹਾ ਹੋਵੇ।

ਕੁਝ ਘੰਟੇ ਚਲੀ ਮੁਲਾਕਾਤ ਵਿੱਚ ਕੁਝ ਪਰਤਾਂ ਖੁੱਲ੍ਹੀਆਂ।

ਇਰੋਮ ਨੇ ਕਿਹਾ, "ਮੇਰੇ ਅਧੂਰੇ ਸੰਘਰਸ਼ ਤੇ ਉਸ ਬਾਰੇ ਲੋਕਾਂ ਦੀ ਪ੍ਰਤੀਕਿਰੀਆ ਕਾਰਨ ਮੈਂ ਹੁਣ ਕਸ਼ਮੀਰ ਦੇ ਲੋਕਾਂ ਨਾਲ ਰਹਿਣਾ ਚਾਹੁੰਦੀ ਹਾਂ। ਮੈਂ ਦੇਖਣਾ ਚਾਹੁੰਦੀ ਹਾਂ ਕਿ ਮੈਂ ਉੱਥੇ ਕੀ ਕਰ ਸਕਦੀ ਹਾਂ।"

ਮੈਂ ਹੈਰਾਨ ਸੀ। ਇਰੋਮ ਨੂੰ ਕਿਹਾ ਉੱਥੋਂ ਦੇ ਲੋਕਾਂ ਦਾ ਵਿਸ਼ਵਾਸ ਜਿੱਤਣਾ ਔਖਾ ਹੋਵੇਗਾ। ਪਰ ਔਕੜਾਂ ਨੇ ਇਰੋਮ ਨੂੰ ਨਹੀਂ ਡਰਾਇਆ ਹੈ।

ਇਹ ਉਨ੍ਹਾਂ ਦਾ ਆਸ਼ਾਵਾਦੀ ਅਤੇ ਬਹਾਦੁਰ ਹੋਣਾ ਹੈ ਜਾਂ ਕੱਚੀ ਸਮਝ ਦਾ ਸੂਚਕ?

ਵਿਰੋਧ

28 ਸਾਲ ਦੀ ਉਮਰ ਵਿੱਚ ਮਨੀਪੁਰ ਦੀ ਇਰੋਮ ਸ਼ਰਮਿਲਾ ਫੌਜ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੇ ਕਾਨੂੰਨ ਆਰਮਡ ਫੋਰਸਸ (ਸਪੈਸ਼ਲ ਪਾਵਰਜ਼ ਐਕਟ) ਐਕਟ ਜਾਂ ਅਫਸਪਾ ਦੇ ਖਿਲਾਫ਼ ਭੁੱਖ ਹੜਤਾਲ ''ਤੇ ਬੈਠ ਗਈ ਸੀ।

ਉਨ੍ਹਾਂ ਦੀ ਮੰਗ ਸੀ ਕਿ ਮਨੀਪੁਰ ਵਿੱਚ ਲਾਗੂ ਅਫਸਪਾ ਹਟਾਇਆ ਜਾਵੇ ਕਿਉਂਕਿ ਇਸ ਦੀ ਆੜ ਵਿੱਚ ਮਾਸੂਮ ਲੋਕਾਂ ਦੀ ਜਾਨ ਲਈ ਜਾ ਰਹੀ ਹੈ।

ਉਹ ਇਸ ਮੁੱਦੇ ਨੂੰ ਚੁੱਕਣ ਵਾਲੀ ਇਕੱਲੀ ਨਹੀਂ ਸੀ। ਮਨੁੱਖੀ ਅਧਿਕਾਰ ਦੇ ਸੰਗਠਨ ''ਐਕਸਟਰਾ ਜੁਡੀਸ਼ਿਅਲ ਵਿਕਟਿਮ ਫੈਮਿਲੀ ਐਸੋਸੀਏਸ਼ਨ'' ਨੇ 1979 ਅਤੇ 2012 ਦੇ ਵਿਚਕਾਰ 1528 ਮਾਮਲਿਆਂ ਵਿੱਚ ਫੌਜ ਅਤੇ ਪੁਲਿਸ ਵੱਲੋਂ ਝੂਠੇ ਮੁਕਾਬਲਿਆਂ ਦੀ ਗੱਲ ਚੁੱਕੀ ਸੀ।

ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਜਾਂਚ ਦੇ ਹੁਕਮ ਦਿੱਤੇ ਸਨ।

ਇਰੋਮ ਸ਼ਰਮਿਲਾ
BBC
ਸਾਲ 2014 ''ਚ ਹਸਪਤਾਲ ਵਿੱਚ ਇਰੋਮ ਸ਼ਰਮਿਲਾ

ਸਾਲ 2000 ਵਿੱਚ ਸ਼ੁਰੂ ਹੋਏ ਇਰੋਮ ਦੇ ਅਨਸ਼ਨ ਨੂੰ ਆਤਮ ਹੱਤਿਆ ਦੀ ਕੋਸ਼ਿਸ਼ ਮਨ ਕੇ ਉਨ੍ਹਾਂ ਨੂੰ ਇਮਫਾਲ ਦੇ ਇੱਕ ਹਸਪਤਾਲ ਵਿੱਚ ਨਿਆਇਕ ਹਿਰਾਸਤ ਵਿੱਚ ਲਿਆ ਗਿਆ ਸੀ।

ਕਾਨੂੰਨ ਲਾਗੂ ਰਿਹਾ ਤੇ ਇਰੋਮ ਦੀ ਜ਼ਿੰਦਗੀ 15x10 ਫੁੱਟ ਦੇ ਹਸਪਤਾਲ ਦੇ ਛੋਟੇ ਕਮਰੇ ਵਿੱਚ ਗੁਜ਼ਰਨ ਲੱਗੀ।

ਇਕੱਲਾਪਨ

ਪਿਛਲੀਆਂ ਆਮ ਚੋਣਾਂ ਤੋਂ ਪਹਿਲਾਂ 2014 ਵਿੱਚ ਮੈਂ ਜਦੋਂ ਉਨ੍ਹਾਂ ਨੂੰ ਹਸਪਤਾਲ ਵਿੱਚ ਮਿਲੀ ਸੀ ਤੇ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਰੱਬ ਦਾ ਜਾਂ ਨੰਨ ਦਾ ਦਰਜਾ ਨਹੀਂ ਚਾਹੀਦਾ।

ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਇਸ ਲੰਬੇ ਸਮੇਂ ਦੌਰਾਨ ਉਨ੍ਹਾਂ ਨੂੰ ਇਨਸਾਨਾਂ ਦੀ ਕਮੀ ਸਭ ਤੋਂ ਜ਼ਿਆਦਾ ਮਹਿਸੂਸ ਹੋਈ।

ਸ਼ਾਇਦ ਇਸ ਲਈ 16 ਸਾਲ ਦੀ ਲੰਬੀ ਕੈਦ ਤੋਂ ਬਾਅਦ 2016 ਵਿੱਚ ਉਨ੍ਹਾਂ ਨੇ ਅਨਸ਼ਨ ਤੋੜਨ ਦਾ ਫੈਸਲਾ ਕਰ ਲਿਆ।

ਅਫਸਪਾ ਦਾ ਕਾਨੂੰਨ ਅਜੇ ਵੀ ਲਾਗੂ ਸੀ ਅਤੇ ਸਰਕਾਰ ਨੇ ਕੋਈ ਢਿੱਲ ਨਹੀਂ ਦਿੱਤੀ ਸੀ। ਪਰ ਇਰੋਮ ਥੱਕ ਚੁੱਕੀ ਸੀ।

16 ਸਾਲ ਬਾਅਦ ਉਨ੍ਹਾਂ ਨੇ ਕੁਝ ਖਾਦਾ, ਸ਼ਹਿਦ ਦੀਆਂ ਕੁਝ ਬੂੰਦਾਂ ਲਈਆਂ, ਅਤੇ ਕਿਹਾ, "ਮੈਂ ਆਜ਼ਾਦ ਹੋਣਾ ਚਾਹੁੰਦੀ ਹਾਂ ਕਿਉਂਕਿ ਲੋਕ ਮੈਨੂੰ ਆਮ ਇਨਸਾਨ ਦੀ ਤਰ੍ਹਾਂ ਨਹੀਂ ਦੇਖ ਰਹੇ।"

ਇਰੋਮ ਸ਼ਰਮਿਲਾ
BBC
ਸਾਲ 2014 ''ਚ ਹਸਪਤਾਲ ਵਿੱਚ ਇਰੋਮ ਸ਼ਰਮਿਲਾ

ਅਨਸ਼ਨ ਖਤਮ ਕਰਨ ਦੇ ਐਲਾਨ ਕਾਰਨ ਮਨੀਪੁਰ ਦੇ ਆਮ ਲੋਕ ਅਤੇ ਇਰੋਮ ਦੇ ਸਮਰਥਕ ਦੋਵੇਂ ਨਾਰਾਜ਼ ਹੋ ਗਏ।

ਸ਼ੁਰੂ ਵਿੱਚ ਤਾਂ ਉਨ੍ਹਾਂ ਨੂੰ ਰਹਿਣ ਦੀ ਕੋਈ ਥਾਂ ਵੀ ਨਹੀਂ ਮਿਲੀ। ਹਿਰਾਸਤ ਤੋਂ ਛੁੱਟਣ ਦੇ ਬਾਅਦ ਪਹਿਲੀ ਰਾਤ ਉਨ੍ਹਾਂ ਨੇ ਹਸਪਤਾਲ ਵਿੱਚ ਹੀ ਗੁਜ਼ਾਰੀ।

ਰਾਜਨੀਤੀ ਅਤੇ ਪਿਆਰ

ਆਜ਼ਾਦ ਇਰੋਮ ਨੇ ਦੋ ਫੈਸਲੇ ਕੀਤੇ। ਆਪਣੀ ਪਾਰਟੀ ਬਣਾ ਕੇ ਮਨੀਪੁਰ ਵਿੱਚ ਵਿਧਾਨ ਸਭਾ ਚੋਣਾਂ ਲੜਨ ਦਾ ਅਤੇ ਡੈਸਮੰਡ ਕੂਟਿੰਹੋ ਨਾਲ ਵਿਆਹ ਕਰਵਾਉਣ ਦਾ।

ਪਹਿਲੇ ਕਦਮ ਵਿੱਚ ਕਰਾਰੀ ਹਾਰ ਮਿਲੀ। ਇਰੋਮ ਨੂੰ ਕਾਂਗਰਸ ਦੇ ਇਬੋਬੀ ਸਿੰਘ ਦੀਆਂ 18649 ਵੋਟਾਂ ਦੇ ਸਾਹਮਣੇ ਸਿਰਫ 90 ਵੋਟਾਂ ਮਿਲੀਆਂ। ਇਰੋਮ ਨੇ ਮਨੀਪੁਰ ਛੱਡ ਦਿੱਤਾ।

ਦੂਜੇ ਫੈਸਲੇ ਨੇ ਜ਼ਿੰਦਗੀ ਦੀ ਦਸ਼ਾ ਅਤੇ ਦਿਸ਼ਾ ਦੋਵੇਂ ਬਦਲ ਦਿੱਤੀ। ਇਰੋਮ ਹੁਣ ਜੌੜੇ ਬੱਚਿਆਂ ਨਾਲ ਗਰਭਵਤੀ ਹੈ।

ਆਪਣੇ ਬੱਚਿਆਂ ਨੂੰ ਉਹ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਵੱਡਾ ਕਰਨ ਬਾਰੇ ਸੋਚ ਰਹੀ ਹੈ।

ਉੱਥੇ ਇੱਕ ਅਨਾਥ ਆਸ਼ਰਮ ਹੈ ਜਿੱਥੇ ਉਹ ਬੱਚੇ ਰਹਿੰਦੇ ਹਨ ਜਿਨ੍ਹਾਂ ਦੇ ਮਾਪੇ ''ਗਾਇਬ'' ਹੋ ਗਏ ਹਨ ਜਾਂ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿਚਕਾਰ ਸੰਘਰਸ਼ ਵਿੱਚ ਮਾਰੇ ਗਏ ਹਨ।

ਇਰੋਮ ਇਨ੍ਹਾਂ ਬੱਚਿਆ ਨਾਲ ਰਹਿਣ ਚਾਹੁੰਦੀ ਹੈ।

ਇਰੋਮ ਸ਼ਰਮਿਲਾ
BBC
ਤਾਜ ਮਹਿਲ ਦੇ ਸਾਹਮਣੇ ਇਰੋਮ ਅਤੇ ਡੈਸਮੰਡ

ਭਾਰਤ ਸ਼ਾਸਿਤ ਕਸ਼ਮੀਰ ਵਿੱਚ ਕਈ ਦਹਾਕਿਆਂ ਤੋਂ ਅਫਸਪਾ ਲਾਗੂ ਹੈ। ਇਰੋਮ ਦੇ ਮੁਤਾਬਿਕ ਇਸ ਕਾਰਨ ਉੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ।

ਇਹ ਅਨਾਥ ਬੱਚੇ ਇਸੇ ਸੰਘਰਸ਼ ਦੀ ਨਿਸ਼ਾਨੀ ਹਨ।

ਕਸ਼ਮੀਰ

ਇਰੋਮ ਅਤੇ ਡੈਸਮੰਡ ਨੇ ਪਿਛਲੇ ਸਾਲ ਦੌਰਾਨ ਕਸ਼ਮੀਰ ਦੇ ਕਈ ਇਲਾਕਿਆਂ ਦਾ ਦੌਰਾ ਕੀਤਾ।

ਕੁਨਾਨ ਅਤੇ ਪੋਸ਼ਪੋਰਾ ਪਿੰਡ ਗਏ ਜਿੱਥੇ ਭਾਰਤੀ ਫੌਜ ਦੀ ਇੱਕ ਟੁਕੜੀ ''ਤੇ 1991 ਵਿੱਚ ਔਰਤਾਂ ਦੇ ਸਮੂਹਿਕ ਬਲਾਤਕਾਰ ਦੇ ਇਲਜ਼ਾਮ ਲੱਗੇ ਸਨ।

ਇਹ ਵੀ ਪੜ੍ਹੋ

ਡੈਸਮੰਡ ਨੇ ਦੱਸਿਆ ਕਿ ਉੱਥੇ ਔਰਤਾਂ ਜ਼ਿਆਦਾ ਗੱਲ ਨਹੀਂ ਕਰਦਿਆਂ।

"ਉਨ੍ਹਾਂ ਨੂੰ ਲਗਦਾ ਹੈ ਕਿ ਬਾਹਰ ਦੇ ਲੋਕ ਉਨ੍ਹਾਂ ਨੂੰ ਦੇਖਣ ਆਉਂਦੇ ਹਨ, ਪਰ ਕੁਝ ਕਰਦੇ ਨਹੀਂ। ਇਰੋਮ ਨੇ ਉਨ੍ਹਾਂ ਦੀ ਚੁੱਪੀ ਸੁਣਨ ਦੀ ਕੋਸ਼ਿਸ਼ ਕੀਤੀ, ਇਹ ਸਮਝਨ ਲਈ ਕਿ ਉਹ ਕੀ ਕਰ ਸਕਦੀ ਹੈ।"

ਉਹ ਦਰਦਪੋਰਾ ਪਿੰਡ ਵੀ ਗਏ ਜਿੱਥੇ ਜ਼ਿਆਦਾਤਰ ਔਰਤਾਂ ਵਿਧਵਾਂ ਹਨ। ਇਹ ਪਿੰਡ ਨੌਜਵਾਨਾਂ ਦੇ ਲਈ ਪਾਕਿਸਤਾਨ ਜਾ ਕੇ ਹਥਿਆਰਾਂ ਦੀ ਟਰੇਨਿੰਗ ਲੈਣ ਦਾ ਰਸਤਾ ਵੀ ਮੰਨਿਆ ਜਾਂਦਾ ਹੈ।

ਉੱਥੇ ਔਰਤਾਂ ਦੀ ਜ਼ਿੰਦਗੀ ਬਦਹਾਲ ਦਿਖੀ। ਉਹ ਜ਼ਰੂਰਤ ਦੀਆਂ ਚੀਜ਼ਾਂ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀਆਂ ਸਨ।

ਉੱਥੇ ਇਕੱਲੀਆਂ ਔਰਤਾਂ ਦੀ ਇੱਜ਼ਤ ਨਹੀਂ ਕੀਤੀ ਜਾਂਦੀ। ਉਨ੍ਹਾਂ ਦੀਆਂ ਧੀਆਂ ਨਾਲ ਕੋਈ ਵਿਆਹ ਨਹੀਂ ਕਰਦਾ। ਉਨ੍ਹਾਂ ਦਾ ਆਪਣਾ ਵਜੂਦ ਨਹੀਂ ਹੈ।

ਇਰੋਮ ਸ਼ਰਮਿਲਾ
BBC
ਪੁਲਵਾਮਾ ਦੀ ਇਸਲਾਮਿਕ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੇ ਇਰੋਮ ਤੋਂ ਕਈ ਸਵਾਲ ਪੁੱਛੇ

ਸਮਾਜ ਦੇ ਇਸ ਤਰ੍ਹਾਂ ਦੇ ਸਖ਼ਤ ਰਵੱਈਏ ਨੂੰ ਇਰੋਮ ਨੇ ਵੀ ਬਰਦਾਸ਼ਤ ਕੀਤਾ ਹੈ। ਜਦੋਂ ਉਨ੍ਹਾਂ ਨੇ ਡੈਸਮੰਡ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਿਰ ਕੀਤੀ ਤਾਂ ਉਸ ਨੂੰ ਉਨ੍ਹਾਂ ਦੇ ਇਰਾਦੇ ਨੂੰ ਕਮਜ਼ੋਰ ਕਰਨ ਦਾ ਕਾਰਨ ਦੱਸਿਆ ਗਿਆ।

ਵਿਆਹ ਕਰ ਕੇ ਆਮ ਜ਼ਿੰਦਗੀ ਦੀ ਚਾਹਤ ਨੂੰ ਅਤੇ ਅਨਸ਼ਨ ਤੋੜਨ ਦੇ ਫੈਸਲੇ ਨੂੰ ਮਤਲਬੀ ਅਤੇ ਗਲਤ ਮੰਨਿਆ ਗਿਆ।

ਇਰੋਮ ਜਦੋਂ ਕਸ਼ਮੀਰ ਦੇ ਪੁਲਵਾਮਾ ਦੀ ''ਇਸਲਾਮਿਕ ਯੂਨੀਵਰਸਿਟੀ ਆਫ ਸਾਈਨਸ ਐਂਡ ਟੈਕਨਾਲੌਜੀ'' ਗਏ ਤਾਂ ਉੱਥੇ ਵੀ ਤਿੱਖੇ ਸਵਾਲ ਪੁੱਛੇ ਗਏ।

ਇੱਕ ਵਿਦਿਆਰਥੀ ਨੇ ਪੁੱਛਿਆ ਕਿ ਉਹ ਆਪਣੀ ਖਰਾਬ ਹੋਈ ਛਵੀ ਨੂੰ ਕਿਵੇਂ ਬਚਾਉਣਗੇ।

ਇਹ ਕਿੱਸਾ ਸੁਣ ਕੇ ਇਰੋਮ ਮੁਸਕੁਰਾ ਦਿੱਤੀ। ਫੇਰ ਭਰੀਆਂ ਅੱਖਾਂ ਨਾਲ ਬੋਲੀ ਕਿ ਇਸ ਤਰ੍ਹਾਂ ਦਾ ਇੱਕ ਸਵਾਲ ਨਹੀਂ ਹੈ, ਕਈ ਸਵਾਲ ਹਨ।

ਇਰੋਮ ਨੇ ਕਿਹਾ, "ਮੈਂ ਵਿਦਿਆਰਥੀਆਂ ਦੀ ਨਾਰਾਜ਼ਗੀ ਸਮਝਦੀ ਹਾਂ। ਇਨ੍ਹਾਂ ਲਈ ਅਤੇ ਮਨੀਪੁਰ ਦੇ ਲੋਕਾਂ ਲਈ ਮੈਂ ਸੰਘਰਸ਼ ਦਾ ਪ੍ਰਤੀਕ ਸੀ। ਅਨਸ਼ਨ ਤੋੜਨ ਅਤੇ ਚੋਣਾਂ ਹਾਰਨ ਤੋਂ ਬਾਅਦ ਉਨ੍ਹਾਂ ਨੂੰ ਲਗਿਆ ਕਿ ਮੈਂ ਅਸਫਲ ਹੋ ਗਈ।"

"16 ਸਾਲ ਬਾਅਦ ਵੀ ਮੈਂ ਉਨ੍ਹਾਂ ਦੇ ਜੀਵਨ ਵਿੱਚ ਕੋਈ ਬਦਲਾਅ ਨਹੀਂ ਲਿਆ ਸਕੀ ਅਤੇ ਹੁਣ ਇਸ ਦੀ ਉਮੀਦ ਵੀ ਖ਼ਤਮ ਕਰ ਦਿੱਤੀ ਹੈ।"

ਉਮੀਦ

ਪਰ ਸਫਲਤਾ ਕੀ ਹੋਵੇਗੀ? ਇਰੋਮ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਇਲਾਵਾ ਅਫਸਪਾ ਹਟਾਉਣਾ ਕਿਸੇ ਪਾਰਟੀ ਜਾਂ ਨੇਤਾ ਦੀ ਪ੍ਰਾਥਮਿਕਤਾ ਨਹੀਂ ਹੈ।

ਮੇਰੇ ਵਾਰ - ਵਾਰ ਪੁੱਛਣ ''ਤੇ ਵੀ ਉਹ ਕਿਸੇ ਪਾਰਟੀ ਜਾਂ ਨੇਤਾ ਤੋਂ ਕੋਈ ਉਮੀਦ ਜ਼ਾਹਿਰ ਨਹੀਂ ਕਰਦੀ ਹੈ।

ਇਰੋਮ ਸ਼ਰਮਿਲਾ
BBC
ਇਰੋਮ ਤੇ ਡੈਸਮੰਡ ਲੋਕਾਂ ਦੇ ਵਿਚਕਾਰ ਰਹਿ ਕੇ ਕੰਮ ਕਰਨਾ ਚਾਹੁੰਦੇ ਹਨ

ਮਨੀਪੁਰ ਵਿਧਾਨ ਸਭਾ ਚੋਣਾਂ ਲੜਨ ਅਤੇ ਕਰਾਰੀ ਹਾਰ ਦਾ ਸਾਹਮਣਾ ਕਰਨ ਦਾ ਉਨ੍ਹਾਂ ਦਾ ਤਜੁਰਬਾ ਸ਼ਾਇਦ ਬਹੁਤ ਕੌੜਾ ਰਿਹਾ ਹੈ।

ਕਈ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਇਹ ਚੋਣਾਂ ਲੜਨੀਆਂ ਨਹੀਂ ਚਾਹੀਦੀਆਂ ਸਨ। ਉਨ੍ਹਾਂ ਦੀ ਤਿਆਰੀ ਘੱਟ ਸੀ ਅਤੇ ਉਨ੍ਹਾਂ ਨੇ ਆਪਣੇ ਸ਼ੁਭਚਿੰਤਕਾਂ ਦੀ ਨਹੀਂ ਸੁਣੀ।

ਇਰੋਮ ਨੂੰ ਲਗਦਾ ਹੈ ਕਿ ਸਿਆਸਤ ਵਿੱਚ ਪੈਸਾ, ਭ੍ਰਿਸ਼ਟਾਚਾਰ ਅਤੇ ਤਾਕਤ ਦੇ ਸਹਾਰੇ ਹੀ ਕੰਮ ਹੁੰਦਾ ਹੈ ਅਤੇ ਸਹੀ ਤਰੀਕਿਆਂ ਨਾਲ ਜਿੱਤਣਾ ਸੰਭਵ ਨਹੀਂ।

ਪਰ ਕੀ ਇਹ ਸਮਝ ਚੋਣਾਂ ਲੜਨ ਤੋਂ ਪਹਿਲਾਂ ਨਹੀਂ ਸੀ? ਜੇ ਸੀ ਤਾਂ ਚੋਣਾਂ ਲੜਨ ਅਤੇ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕਿਉਂ ਲਿਆ?

ਇਰੋਮ ਮੁਤਾਬਕ ਹਿਰਾਸਤ ’ਚੋਂ ਬਾਹਰ ਆਉਣ ਦੇ ਬਾਅਦ ਉਨ੍ਹਾਂ ਨੇ ਬਹੁਤ ਗਰੀਬੀ ਅਤੇ ਬਦਹਾਲੀ ਦੇਖੀ।

ਉਨ੍ਹਾਂ ਨੂੰ ਲਗਿਆ ਕਿ ਉਪਜਾਊ ਜ਼ਮੀਨ ਅਤੇ ਗੁਣੀ ਲੋਕਾਂ ਦੇ ਬਾਵਜੂਦ ਮਹਿੰਗਾਈ ਅਸਮਾਨ ਛੂ ਰਹੀ ਹੈ। ਰੋਜ਼ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਦੀ ਕਮੀ ਸੀ ਅਤੇ ਲੋਕਾਂ ਦਾ ਸ਼ੋਸ਼ਨ ਹੋ ਰਿਹਾ ਸੀ।

ਇਰੋਮ ਕਹਿੰਦੇ ਹਨ ਕਿ ਉਨ੍ਹਾਂ ਨੂੰ ਲਗਿਆ ਕਿ ਉਨ੍ਹਾਂ ਦੇ ਸਿਆਸਤ ਵਿੱਚ ਆਉਣ ਨਾਲ ਸਭ ਬਦਲ ਸਕਦਾ ਹੈ।

ਉਨ੍ਹਾਂ ਨੇ ਕਿਹਾ, "ਹੁਣ ਮੈਨੂੰ ਲਗਦਾ ਹੈ ਕਿ ਇੱਕ ਇਨਸਾਨ ਦੀ ਜ਼ਿੰਮੇਵਾਰੀ ਨਹੀਂ ਹੈ। ਮੈਂ ਇਕੱਲੀ ਬਦਲਾਅ ਨਹੀਂ ਲਿਆ ਸਕਦੀ। ਸਾਨੂੰ ਸਭ ਨੂੰ ਇਕੱਠੇ ਹੋ ਕੇ ਇਸ ਬੋਝ ਨੂੰ ਚੁੱਕਣਾ ਪਏਗਾ।"

ਇਹ ਵੀ ਪੜ੍ਹੋ

ਇਰੋਮ ਸ਼ਰਮਿਲਾ
BBC
ਇਰੋਮ ਜੌੜੇ ਬੱਚਿਆਂ ਨਾਲ ਗਰਭਵਤੀ ਹਨ

ਕੀ ਹਿਰਾਸਤ ਦੇ ਇਕੱਲੇਪਨ ਨੇ ਉਨ੍ਹਾਂ ਨੂੰ ਜ਼ਮੀਨੀ ਹਕੀਕਤ ਤੋਂ ਅਣਜਾਨ ਕਰ ਦਿੱਤਾ ਸੀ ਜਾਂ ਉਹ ਬਹੁਤ ਆਸਵੰਦ ਸੀ?

ਇਸ ਦਾ ਕੋਈ ਸਿੱਧਾ ਜਵਾਬ ਤਾਂ ਨਹੀਂ, ਪਰ ਹੁਣ ਇਰੋਮ ਨੂੰ ਰਾਜਨੀਤੀ ''ਤੇ ਕੋਈ ਭਰੋਸਾ ਨਹੀਂ। ਹੁਣ ਉਹ ਲੋਕਾਂ ਦੇ ਵਿਚਕਾਰ ਰਹਿ ਕੇ ਕੁਝ ਬਦਲਾਅ ਲਿਆਉਣਾ ਚਾਹੁੰਦੀ ਹੈ।

ਡੈਸਮੰਡ ਮੁਤਾਬਕ ਕਸ਼ਮੀਰ ਵਿੱਚ ਵੀ ਇਰੋਮ ਕੋਈ ਮਸੀਹਾ ਬਣਨ ਨਹੀਂ ਜਾ ਰਹੀ।

ਇਰੋਮ ਅਤੇ ਡੈਸਮੰਡ ਉੱਥੇ ਕੀ ਕਰਨਗੇ ਇਹ ਅਜੇ ਸਾਫ ਨਹੀਂ ਹੈ। ਉਨ੍ਹਾਂ ਦਾ ਗੁਜ਼ਾਰਾ ਕਿਵੇਂ ਚੱਲੇਗਾ ਇਹ ਵੀ ਨਹੀਂ।

ਬਸ ਲੋਕਾਂ ਦੇ ਵਿਚਕਾਰ ਰਹਿ ਕੇ ਕੁਝ ਬਦਲਾਅ ਕਰਨ ਦੀ ਇੱਛਾ ਹੈ।

47 ਸਾਲਾ ਇਰੋਮ ਦੀ ਇਹ ਚਾਹਤ ਜਿੰਨੀ ਹੋਰਾਂ ਲਈ ਹੈ ਉਹਨੀ ਹੀ ਆਪਣੀ ਸ਼ਾਂਤੀ ਲਈ ਵੀ।

ਇਹ ਉਨ੍ਹਾਂ ਦੇ ਅਧੂਰੇ ਸੰਘਰਸ਼ ਨੂੰ ਪੂਰਾ ਕਰਨ ਦਾ ਰਸਤਾ ਹੋ ਸਕਦਾ ਹੈ ਪਰ ਸਵਾਲ ਪਿੱਛਾ ਨਹੀਂ ਛਡਣਗੇ।

ਜ਼ਹਿਨ ਦੇ ਨਾਲ ਜੁੜੇ ਆਪਣੇ ਮਕਸਦ ਦੇ ਨਾਲ ਕੀ ਇਰੋਮ ਨਿਆਂ ਕਰ ਸਕਣਗੇ?

ਮਨੀਪੁਰ ਤੋਂ ਬਾਅਦ ਕੀ ਕਸ਼ਮੀਰ ਦੇ ਲੋਕ ਉਨ੍ਹਾਂ ਨੂੰ ਸਹੀ ਫੈਸਲਾ ਲੈਣ ਲਈ ਸਮਰੱਥ ਮੰਨਣਗੇ?

ਇੱਕ ਵਾਰ ਜਦੋਂ ਉਹ ‘ਸਭ ਦੀ ਇਰੋਮ’ ਹੋ ਗਈ ਤਾਂ ਕੀ ਆਪਣੇ ਹਿਸਾਬ ਨਾਲ ਅਪਣੇ ਲਈ ਜੀਊਣ ਦੀ ਇੱਛਾ ਸਹੀ ਹੈ?

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

https://www.youtube.com/watch?v=xWw19z7Edrs

https://www.youtube.com/watch?v=eB3aH0fhWw8

https://www.youtube.com/watch?v=sSDuIS9zu1c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News