ਸੀ - ਵਿਜਿਲ ਐਪ ਜ਼ਰੀਏ ਚੋਣ ਕਮਿਸ਼ਨ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਬਾਰੇ ਇੰਝ ਦਰਜ ਕਰਵਾਓ ਸ਼ਿਕਾਇਤ

Wednesday, Mar 20, 2019 - 09:00 AM (IST)

ਕੁੜੀਆਂ ਐਪ ਦੀ ਵਰਤੋਂ ਕਰਦੀਆਂ
Getty Images

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਪੰਜਾਬ ਦੇ ਲੋਕਾਂ ਨੇ ਚੋਣ ਕਮਿਸ਼ਨ ਵੱਲੋਂ ਬਣਾਈ ਗਈ ਇੱਕ ਐਪਲੀਕੇਸ਼ਨ ''ਤੇ ਵੋਟਿੰਗ ਨਾਲ ਜੁੜੀਆਂ ਸ਼ਿਕਾਇਤਾਂ ਜਾਂ ਰਿਪੋਰਟ ਦੀ ਥਾਂ ਆਪਣੀਆਂ ਸੈਲਫ਼ੀਆਂ ਅਤੇ ਹੋਰ ਤਸਵੀਰਾਂ ਨੂੰ ਪੋਸਟ ਕੀਤਾ।

ਚੋਣ ਕਮਿਸ਼ਨ ਨੇ ਚੋਣ ਜਾਬਤੇ ਦੀ ਉਲੰਘਣਾ ਬਾਬਤ ਰਿਪੋਰਟ ਕਰਨ ਲਈ ਸਿਟੀਜ਼ਨ ਵਿਜਿਲ ''cVIGIL'' ਮੋਬਾਈਲ ਐਪ ਨੂੰ ਲੌਂਚ ਕੀਤਾ ਸੀ।

ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਫਿਲਹਾਲ ਚੋਣ ਜ਼ਾਬਤਾ ਲਾਗੂ ਹੈ।

ਸੀ-ਵਿਜਿਲ ਐਪ ਰਾਹੀਂ ਲੋਕ ਤਸਵੀਰਾਂ ਅਤੇ ਵੀਡੀਓਜ਼ ਜ਼ਰੀਏ ਹੋ ਰਹੀ ਚੋਣ ਜ਼ਾਬਤੇ ਦੀ ਉਲੰਘਣਾ ਬਾਬਤ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਅਧਿਕਾਰੀਆਂ ਮੁਤਾਬਕ ਪੰਜਾਬ ''ਚੋਂ ਇਸ ਐਪ ਜ਼ਰੀਏ ਪ੍ਰਾਪਤ ਹੋਈਆਂ ਲਗਪਗ 60 ਫ਼ੀਸਦੀ ਸ਼ਿਕਾਇਤਾਂ ਛੋਟੀਆਂ-ਮੋਟੀਆਂ (ਜਿਨ੍ਹਾਂ ''ਤੇ ਕਾਰਵਾਈ ਨਹੀਂ ਬਣਦੀ) ਹੀ ਸਨ।

ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੂੰ ਹੁਣ ਤੱਕ 204 ਸ਼ਿਕਾਇਤਾਂ ''ਸੀ ਵਿਜਿਲ'' ਐਪ ਰਾਹੀਂ ਮਿਲੀਆਂ ਹਨ, ਜਿਨ੍ਹਾਂ ਵਿੱਚ 119 ਛੋਟੀਆਂ-ਮੋਟੀਆਂ ਸ਼ਿਕਾਇਤਾਂ ਸ਼ਾਮਿਲ ਸਨ।

ਇਹ ਵੀ ਜ਼ਰੂਰ ਪੜ੍ਹੋ:

ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਅੱਗੇ ਦੱਸਿਆ, ''''ਇਨ੍ਹਾਂ 119 ਸ਼ਿਕਾਇਤਾਂ ਵਿੱਚ ਸੈਲਫ਼ੀਆਂ ਅਤੇ ਬੇਤੁਕੀਆਂ ਤਸਵੀਰਾਂ ਸ਼ਾਮਿਲ ਸਨ। ਇਨ੍ਹਾਂ ਵਿੱਚ ਦਰਖ਼ਤਾਂ, ਲੈਂਪ, ਕੰਪਿਊਟਰ ਸਕਰੀਨ, ਕੀ-ਬੋਰਡ, ਕੰਬਲ ਆਦਿ ਦੀਆਂ ਤਸਵੀਰਾਂ ਸਨ। ਇਹ ਸਾਰੀਆਂ ਤਸਵੀਰਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ''ਚੋਂ ਮੋਬਾਈਲ ਐਪਲੀਕੇਸ਼ਨ ਰਾਹੀਂ ਪ੍ਰਾਪਤ ਹੋਈਆਂ ਹਨ।''''

ਹਾਲਾਂਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ 85 ਸ਼ਿਕਾਇਤਾਂ ਸਹੀ ਵੀ ਮਿਲੀਆਂ ਹਨ।

ਅਧਿਕਾਰੀਆਂ ਨੇ ਕਿਹਾ, ''''ਬਹੁਤੀਆਂ ਸ਼ਿਕਾਇਤਾਂ ਪੋਸਟਰ ਅਤੇ ਬੈਨਰ ਲਗਾਉਣ ਬਾਰੇ ਸਨ। ਇਸ ਬਾਰੇ ਜ਼ਿਲ੍ਹਿਆਂ ਦੇ ਸਬੰਧਿਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਜ਼ਰੂਰੀ ਕਾਰਵਾਈ ਕੀਤੀ ਗਈ ਹੈ।''''

ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਇੱਕ ਸ਼ਿਕਾਇਤ ਵਾਹਨ ''ਚ ਸ਼ਰਾਬ ਲਿਜਾਉਣ ਬਾਰੇ ਵੀ ਸੀ।

ਅਧਿਕਾਰੀਆਂ ਨੇ ਕਿਹਾ, ''''ਲੋਕਾਂ ਨੂੰ ਇਹ ਮੋਬਾਈਲ ਐਪ ਸਿਰਫ਼ ਚੋਣ ਸਬੰਧੀ ਉਲੰਘਣਾ ਲਈ ਇਸਤੇਮਾਲ ਕਰਨੀ ਚਾਹੀਦੀ ਹੈ।''''

ਲੋਕ ਸਭਾ ਚੋਣਾਂ ਲਈ ਪਹਿਲੀ ਵਾਰ ਇਸ ਐਪ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ ਦੀਆਂ ਵਿਧਾਨਸਭਾ ਚੋਣਾਂ ਦੌਰਾਨ ਇਸ ਐਪ ਨੂੰ ਵਰਤਿਆ ਗਿਆ ਸੀ।

ਕਿਵੇਂ ਕੰਮ ਕਰਦੀ ਹੈ ਸੀ-ਵਿਜਿਲ ਐਪ?

ਸੀ-ਵਿਜਿਲ ਐਪ ਨੂੰ ਗੂਗਲ ਦੇ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਜਦੋਂ ਚੋਣਾਂ ਦਾ ਐਲਾਨ ਨਹੀਂ ਹੁੰਦਾ ਹੈ ਉਦੋਂ ਇਹ ਇਹ ਐੱਪ ਕੰਮ ਨਹੀਂ ਕਰਦੀ ਹੈ। ਹਾਲਾਂਕਿ ਚੋਣ ਕਮਿਸ਼ਨ ਦੀ ਵੈਬਸਾਈਟ ਉੱਤੇ ਜਾ ਕੇ ਤੁਸੀਂ ਟਰੇਨਿਗ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਇਹ ਐਪ ਵੀ ਚੋਣਾਂ ਦਾ ਐਲਾਨ ਹੁੰਦੇ ਹੀ ਬੰਦ ਹੋ ਜਾਂਦੀ ਹੈ।

ਇਸ ਐਪ ਦੀ ਖਾਸ ਗੱਲ ਇਹ ਹੈ ਕਿ ਸ਼ਿਕਾਇਤ ਕਰਨ ਵਾਲੇ ਵਿਅਕਤੀ ਨੂੰ ਆਪਣੀ ਪਛਾਣ ਦੱਸਣੀ ਜ਼ਰੂਰੀ ਨਹੀਂ ਹੁੰਦੀ ਹੈ। ਪਰ ਜੇ ਤੁਸੀਂ ਆਪਣੀ ਪਛਾਣ ਨੂੰ ਲੁਕਾਉਂਦੇ ਹੋ ਤਾਂ ਤੁਸੀਂ ਆਪਣੀ ਸ਼ਿਕਾਇਤ ਦਾ ਸਟੇਟਸ ਨਹੀਂ ਜਾਣ ਸਕਦੇ ਹੋ।

ਸ਼ਿਕਾਇਤ ਬਾਰੇ ਫੈਸਲਾ ਰਿਟਰਨਿੰਗ ਅਫਸਰ ਲੈਂਦਾ ਹੈ।

ਕਿਵੇਂ ਦਰਜ ਕਰ ਸਕਦੇ ਹੋ ਸ਼ਿਕਾਇਤ?

  • ਉਸ ਘਟਨਾ ਜਾਂ ਥਾਂ ਦੀ ਫੋਟੋ ਖਿੱਚੋ ਜਿਸ ਬਾਰੇ ਤੁਸੀਂ ਸ਼ਿਕਾਇਤ ਕਰਨੀ ਹੈ।
  • ਐਪ ਵਿੱਚ ਉਸੇ ਥਾਂ ਦੀ ਸ਼ਿਕਾਇਤ ਦਰਜ ਹੋਵੇਗੀ ਜਿਸ ਬਾਰੇ ਜੀਪੀਐੱਸ ਵਿੱਚ ਜਾਣਕਾਰੀ ਹੈ।
  • ਜਦੋਂ ਤੁਸੀਂ ਫੋਟੋ ਖਿੱਚਦੇ ਹੋ ਤਾਂ ਐਪ ਤੁਹਾਡੀ ਸਹੀ ਲੋਕੇਸ਼ਨ ਦਾ ਪਤਾ ਲਗਾਉਂਦਾ ਹੈ। ਜਦੋਂ ਤੁਸੀਂ ਫੋਟੋ ਜਾਂ ਵੀਡੀਓ ਅਪਲੋਡ ਕਰਦੇ ਹੋ ਤਾਂ ਐਪ ਉਸ ਉੱਤੇ ਤਾਰੀਖ ਅਤੇ ਵਕਤ ਟੈਗ ਕਰ ਦਿੰਦਾ ਹੈ।
  • ਤੁਸੀਂ ਵੱਧ ਤੋਂ ਵੱਧ 2 ਮਿੰਟ ਦੀ ਵੀਡੀਓ ਬਣਾ ਕੇ ਅਪਲੋਡ ਕਰ ਸਕਦੇ ਹੋ।
  • ਇਹ ਐਪ ਪਹਿਲਾਂ ਤੋਂ ਰਿਕਾਰਡ ਕੀਤੀਆਂ ਵੀਡੀਓਜ਼ ਜਾਂ ਖਿੱਚੀਆਂ ਤਸਵੀਰਾਂ ਨੂੰ ਅਪਲੋਡ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਹੈ।
  • ਕਿਸੇ ਤਸਵੀਰ ਜਾਂ ਵੀਡੀਓ ਨੂੰ ਲੈਣ ਤੋਂ ਬਾਅਦ ਐਪ ਯੂਜ਼ਰ ਨੂੰ ਕਿਸੇ ਘਟਨਾ ਨੂੰ ਰਿਪੋਰਟ ਕਰਨ ਲਈ 5 ਮਿੰਟ ਮਿਲਦੇ ਹਨ।
  • ਤੁਸੀਂ ਡਰੋਪ ਡਾਊਨ ਵਿੱਚ ਜਾ ਕੇ ਵੀਡੀਓ ਨਾਲ ਮਿਲਦੀ ਜਾਣਕਾਰੀ ਨੂੰ ਡਿਸਕਰਿਪਸ਼ਨ ਵਿੱਚ ਪਾ ਸਕਦੇ ਹੋ।

ਤੁਸੀਂ ਕਿਸ ਤਰੀਕੇ ਦੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹੋ?

ਤੁਸੀਂ ਉਮੀਦਵਾਰਾਂ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਜੁੜੇ ਹੇਠ ਲਿਖੇ ਮਾਮਲਿਆਂ ਵਿੱਚ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

  1. ਪੈਸਿਆਂ ਦੀ ਵੰਡ
  2. ਤੋਹਫੇ ਜਾਂ ਕੂਪਨ ਵੰਡਣੇ
  3. ਸ਼ਰਾਬ ਵੰਡਣੀ
  4. ਬਿਨਾਂ ਇਜਾਜ਼ਤ ਦੇ ਪੋਸਟਰ ਜਾਂ ਬੈਨਰ ਲਾਉਣੇ
  5. ਹਥਿਆਰਾਂ ਦੀ ਨੁਮਾਇਸ਼ ਕਰਨੀ
  6. ਬਿਨਾਂ ਇਜਾਜ਼ਤ ਗੱਡੀਆਂ ਦੇ ਕਾਫਿਲਿਆਂ ਦਾ ਇਸਤੇਮਾਲ ਕਰਨਾ
  7. ਪੇਡ ਨਿਊਜ਼
  8. ਪੋਲਿੰਗ ਵਾਲੇ ਦਿਨ ਵੋਟਰਾਂ ਦੀ ਟਰਾਂਸਪੋਰਟੇਸ਼ਨ ਕਰਨਾ
  9. ਪੋਲਿੰਗ ਬੂਥ ਦੇ 200 ਮੀਟਰ ਤੱਕ ਪ੍ਰਚਾਰ ਕਰਨਾ
  10. ਪਾਬੰਦੀਸ਼ੁਦਾ ਸਮੇਂ ਵਿਚਾਲੇ ਪ੍ਰਚਾਰ ਕਰਨਾ
  11. ਪ੍ਰਚਾਰ ਵੇਲੇ ਧਾਰਮਿਕ ਜਾਂ ਫਿਰਕਾਪ੍ਰਸਤੀ ਨਾਲ ਜੁੜੇ ਭਾਸ਼ਣ ਦੇਣੇ

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆ ਸਕਦੀਆਂ ਹਨ:

https://www.youtube.com/watch?v=FT1XQbleAF8

https://www.youtube.com/watch?v=O4Vbve2AlR0

https://www.youtube.com/watch?v=OOZu2Ud5P_0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News