ਇੱਕ ਕੁੜੀ ਦੇ ਦੇਹ ਵਪਾਰ ''''ਚ ਫਸਣ ਅਤੇ ਨਿਕਲਣ ਦੀ ਕਹਾਣੀ- ਗਰਾਊਂਡ ਰਿਪੋਰਟ

Monday, Mar 18, 2019 - 10:45 AM (IST)

ਹਿਨਾ, ਬਾਛੜਾ ਭਾਈਚਾਰਾ
BBC
ਬਾਛੜਾ ਭਾਈਚਾਰੇ ਵਿੱਚ ਕੁੜੀਆਂ ਨੂੰ ਦੇਹ ਵਪਾਰ ਦੇ ਧੰਦੇ ਵਿੱਚ ਲਗਾਉਣਾ ਰਵਾਇਤ ਹੈ

ਇਸ਼ਾਰੇ ਕਰਦੀਆਂ ਅੱਖਾਂ ਨੂੰ ਦੇਖ ਕੇ ਗੱਡੀਆਂ ਅਕਸਰ ਹੌਲੀ ਹੋ ਜਾਂਦੀਆਂ ਹਨ। ਸੁਰਮੇ ਵਾਲੀਆਂ ਅੱਖਾਂ, ਮੇਕਅਪ ਵਾਲੇ ਚਿਹਰੇ ਅਤੇ ਰੰਗੀਲੇ ਕੱਪੜੇ ਪਹਿਨੇ ਸੈਂਕੜੇ ਸਰੀਰ ਰੋਜ਼ਾਨਾ ਇਨ੍ਹਾਂ ਸੜਕਾਂ ''ਤੇ ਕਿਸੇ ਨਾ ਕਿਸੇ ਦੀ ਉਡੀਕ ਕਰਦੇ ਹਨ।

ਮੱਧ ਪ੍ਰਦੇਸ਼ ਵਿੱਚ ਮੰਦਸੌਰ ਤੋਂ ਨੀਮਚ ਵੱਲ ਜਾਂਦੇ ਹਾਈਵੇਅ ''ਤੇ ਇਹ ਨਜ਼ਾਰਾ ਆਮ ਹੈ। ਜਿਸਮਫਿਰੋਸ਼ੀ ਦੇ ਇਸ ਬਾਜ਼ਾਰ ''ਚ ਰੋਜ਼ਾਨਾ ਪਤਾ ਨਹੀਂ ਕਿੰਨੀਆਂ ਹੀ ਕੁੜੀਆਂ ਕੁਝ ਰੁਪਈਆਂ ਲਈ ਆਪਣੀ ਬੋਲੀ ਲਗਾਉਂਦੀਆਂ ਹਨ।

ਹਿਨਾ ਵੀ ਇਨ੍ਹਾਂ ਵਿੱਚੋਂ ਇੱਕ ਸੀ, ਜਿਸ ਨੂੰ 15 ਸਾਲ ਦੀ ਉਮਰ ਵਿੱਚ ਵੇਸਵਾਪੁਣੇ ਦੀ ਦਲਦਲ ''ਚ ਸੁੱਟ ਦਿੱਤਾ ਗਿਆ ਸੀ। ਅਜਿਹਾ ਕਰਨ ਵਾਲੇ ਕੋਈ ਹੋਰ ਨਹੀਂ ਸਗੋਂ ਉਸ ਦੇ ਆਪਣੇ ਹੀ ਸਨ।

ਹਿਨਾ ਨੇ ਬਚਪਨ ਤੋਂ ਆਪਣੇ ਆਲੇ-ਦੁਆਲੇ ਦੀਆਂ ਕੁੜੀਆਂ ਨੂੰ ਇਹ ਕੰਮ ਕਰਦਿਆਂ ਵੇਖਿਆ ਸੀ ਪਰ ਸੋਚਿਆ ਨਹੀਂ ਸੀ ਕਿ ਅਜਿਹਾ ਵੇਲਾ ਵੀ ਆਵੇਗਾ ਕਿ ਉਹ ਖ਼ੁਦ ਉਨ੍ਹਾਂ ਕੁੜੀਆਂ ਨਾਲ ਸੜਕ ਕੰਢੇ ਖੜ੍ਹੀ ਹੋਵੇਗੀ।

ਇਹ ਵੀ ਪੜ੍ਹੋ:

ਹਿਨਾ ਨੇ ਖ਼ੂਬ ਵਿਰੋਧ ਕੀਤਾ ਸੀ। ਜਦੋਂ ਕਿਹਾ ਕਿ ਪੜ੍ਹਨਾ ਚਾਹੁੰਦੀ ਹਾਂ ਤਾਂ ਰਵਾਇਤ ਦੀ ਦੁਹਾਈ ਦਿੱਤੀ ਗਈ।

ਫਿਰ ਵੀ ਨਹੀਂ ਮੰਨੀ ਤਾਂ ਕਿਹਾ ਗਿਆ ਕਿ ਤੇਰੀ ਨਾਨੀ ਅਤੇ ਮਾਂ ਨੇ ਵੀ ਇਹੀ ਕੰਮ ਕੀਤਾ ਹੈ। ਅਖ਼ੀਰ ''ਚ ਦੋ ਵੇਲੇ ਦੀ ਰੋਟੀ ਦਾ ਵਾਸਤਾ ਦਿੱਤਾ ਗਿਆ।

ਹਿਨਾ, ਬਾਛੜਾ ਭਾਈਚਾਰਾ
BBC
ਹਿਨਾ ਨੂੰ ਵੀ ਇਸ ਦੇਹ ਵਪਾਰ ਦੇ ਧੰਦੇ ਵਿੱਚ ਜਾਣ ਲਈ ਮਜਬੂਰ ਹੋਣਾ ਪਿਆ

ਹਿਨਾ ਦੀਆਂ ਅੱਖਾਂ ਦੇ ਸਾਹਮਣੇ ਆਪਣੇ ਛੋਟੇ-ਛੋਟੇ ਭੈਣ ਭਰਾਵਾਂ ਦੇ ਚਿਹਰੇ ਘੁੰਮਣ ਲੱਗੇ ਅਤੇ ਉਸ ਨੇ ਹਾਲਾਤ ਨਾਲ ਸਮਝੌਤਾ ਕਰ ਲਿਆ।

ਰਵਾਇਤ

ਹਿਨਾ ਬਾਛੜਾ ਭਾਈਚਾਰੇ ਨਾਲ ਸਬੰਧ ਰੱਖਦੀ ਹੈ। ਇਸ ਭਾਈਚਾਰੇ ਦੀਆਂ ਕੁੜੀਆਂ ਨੂੰ ਰਵਾਇਤ ਦਾ ਹਵਾਲਾ ਦੇ ਕੇ ਛੋਟੀ ਉਮਰ ਤੋਂ ਹੀ ਦੇਹ ਵਪਾਰ ਦੀ ਦਲਦਲ ਵਿੱਚ ਸੁੱਟ ਦਿੱਤਾ ਜਾਂਦਾ ਹੈ।

ਪਿੰਡ ਦੇ ਇੱਕ ਬਜ਼ੁਰਗ ਬਾਬੂਲਾਲ ਦਾ ਕਹਿਣਾ ਹੈ, "ਬਾਛੜਾ ਭਾਈਚਾਰੇ ''ਚ ਕੁੜੀਆਂ ਨੂੰ ਵੇਸਵਾਪੁਣਾ ''ਚ ਭੇਜਣਾ ਸਾਡੀ ਰਵਾਇਤ ਦਾ ਹਿੱਸਾ ਹੈ ਅਤੇ ਇਹ ਸਦੀਆਂ ਤੋਂ ਹੀ ਚੱਲਦੀ ਆ ਰਹੀ ਹੈ।"

ਉਹ ਇੱਕ ਕਿੱਸਾ ਸੁਣਾਉਂਦੇ ਹੋਏ ਕਹਿੰਦੇ ਹਨ, "ਪਹਿਲਾਂ ਸਾਡੇ ਲੋਕ ਪਿੰਡ ਵਿੱਚ ਨਹੀਂ ਰਹਿੰਦੇ ਸਨ। ਉਹ ਇੱਕ ਰਾਤ ਕਿਤੇ ਰੁਕਦੇ ਸਨ ਤਾਂ ਦੂਜੀ ਰਾਤ ਉਨ੍ਹਾਂ ਦਾ ਡੇਰਾ ਕਿਤੇ ਹੋਰ ਹੁੰਦਾ ਸੀ। ਇੱਕ ਵਾਰ ਕਿਤੇ ਚੋਰੀ ਹੋ ਗਈ ਅਤੇ ਪੁਲਿਸ ਨੇ ਸਾਡੇ ਲੋਕਾਂ ਨੂੰ ਫੜ ਲਿਆ।"

"ਉਦੋਂ ਥਾਣੇਦਾਰ ਦੀ ਨਜ਼ਰ ਸਾਡੀ ਇੱਕ ਕੁੜੀ ''ਤੇ ਪਈ। ਕੁੜੀ ਬਹੁਤ ਸੋਹਣੀ ਸੀ। ਉਸ ਨੇ ਕਿਹਾ ਕਿ ਇੱਕ ਰਾਤ ਮੈਨੂੰ ਇਸ ਕੁੜੀ ਦੇ ਨਾਲ ਰਹਿਣ ਦਿਓ ਅਤੇ ਉਸ ਤੋਂ ਬਾਅਦ ਪਿੰਡ ਛੱਡ ਕੇ ਭੱਜ ਜਾਓ।"

ਬਾਬੂਲਾਲ ਨੇ ਕਿਹਾ, "ਉਸ ਦਿਨ ਕੁੜੀ ਨੇ ਬਾਪ-ਦਾਦਾ ਦੀ ਜਾਨ ਬਚਾਈ। ਉਸ ਦਿਨ ਸਾਡੇ ਭਾਈਚਾਰੇ ਦੇ ਲੋਕਾਂ ਵਿੱਚ ਇਹ ਗੱਲ ਵਸ ਗਈ ਕਿ ਕੁੜੀਆਂ ਜਾਨ ਬਚਾਉਂਦੀਆਂ ਹਨ। ਸਾਡੇ ਪੁਰਖਿਆਂ ਨੇ ਚੋਰੀ-ਚਕਾਰੀ ਵਰਗਾ ਕੋਈ ਕੰਮ ਨਹੀਂ ਕੀਤਾ ਸੀ ਪਰ ਉਨ੍ਹਾਂ ''ਤੇ ਝੂਠਾ ਇਲਜ਼ਾਮ ਲਗਾ ਦਿੱਤਾ ਗਿਆ।"

"ਬਸ ਉੱਥੋਂ ਹੀ ਇਹ ਕਹਾਵਤ ਆ ਗਈ ਕਿ ਕੁੜੀ ਜਾਨ ਬਚਾਉਂਦੀ ਹੈ। ਭਾਈਚਾਰੇ ਨੂੰ ਲੱਗਣ ਲੱਗਾ ਕਿ ਕੁੜੀ ਕਿਸੇ ਵੀ ਮੁਸ਼ਕਿਲ ਦਾ ਹੱਲ ਕੱਢ ਲੈਂਦੀ ਹੈ ਅਤੇ ਉਦੋਂ ਤੋਂ ਇਸ ਰਵਾਇਤ ਦੀ ਸ਼ੁਰੂਆਤ ਹੋ ਗਈ।"

ਮਾੜੀ ਰਵਾਇਤ ਦੀਆਂ ਬੇੜੀਆਂ ਨੂੰ ਤੋੜਿਆ

ਇਸ ਭਾਈਚਾਰੇ ਦੀਆਂ ਕੁੜੀਆਂ ਨੂੰ ਦੇਹ ਵਪਾਰ ਵਿੱਚੋਂ ਕੱਢਣ ਦਾ ਕੰਮ ਕਰਨ ਵਾਲੇ ਆਕਾਸ਼ ਚੌਹਾਨ ਦੱਸਦੇ ਹਨ ਕਿ ਮੱਧ ਪ੍ਰਦੇਸ਼ ਦੇ ਨੀਮਚ-ਮੰਦਸੌਰ-ਰਤਲਾਮ ਵਿੱਚ ਬਾਛੜਾ ਭਾਈਚਾਰੇ ਦੇ 72 ਪਿੰਡ ਹਨ, ਜਿੱਥੇ 68 ਪਿੰਡਾਂ ਵਿੱਚ ਖੁੱਲ੍ਹ ਕੇ ਦੇਹ ਵਪਾਰ ਹੁੰਦਾ ਹੈ।

ਹਿਨਾ, ਬਾਛੜਾ ਭਾਈਚਾਰਾ
BBC
ਇੱਕ ਸੰਸਥਾ ਦੀ ਮਦਦ ਨਾਲ ਹਿਨਾ ਇਸ ਧੰਦੇ ਵਿੱਚੋਂ ਬਾਹਰ ਨਿਕਲ ਸਕੀ

ਉਨ੍ਹਾਂ ਮੁਤਾਬਕ, "ਕਰੀਬ 35 ਹਜ਼ਾਰ ਆਬਾਦੀ ਵਾਲੇ ਭਾਈਚਾਰੇ ਵਿੱਚ ਲਗਭਗ ਸੱਤ ਹਜ਼ਾਰ ਔਰਤਾਂ ਦੇਹ ਵਪਾਰ ਵਿੱਚ ਲੱਗੀਆਂ ਹਨ ਜਿਨ੍ਹਾਂ ਵਿੱਚੋਂ ਕਰੀਬ ਦੋ ਹਜ਼ਾਰ ਨਾਬਾਲਿਗ ਹਨ।"

"ਭਾਈਚਾਰੇ ਵਿੱਚੋਂ 10 ਤੋਂ 12 ਸਾਲ ਦੀਆਂ ਬੱਚੀਆਂ ਨੂੰ ਆਪਣੇ ਮਾਤਾ-ਪਿਤਾ ਵੱਲੋਂ ਜ਼ਬਰਦਸਤੀ ਦੇਹ ਵਪਾਰ ਵਿੱਚ ਧੱਕ ਦਿੱਤਾ ਜਾਂਦਾ ਹੈ।"

"ਇੱਕ ਕੁੜੀ ਕੋਲ ਇੱਕ ਦਿਨ ਵਿੱਚ 10 ਤੋਂ 12 ਗਾਹਕ ਆਉਂਦੇ ਹਨ। ਉਹ ਇੱਕ ਦਿਨ ਦੇ ਦੋ ਹਜ਼ਾਰ ਰੁਪਏ ਕਮਾ ਲੈਂਦੀਆਂ ਹਨ।"

ਹਿਨਾ ਵੀ ਅਜਿਹੇ ਹੀ ਹਾਲਾਤਾਂ ਵਿੱਚੋਂ ਲੰਘ ਰਹੀ ਸੀ। ਉਸਦਾ ਸਾਹ ਘੁੱਟ ਰਿਹਾ ਸੀ ਅਤੇ ਇਸ ਸਭ ਦੇ ਵਿਚਾਲੇ ਉਸ ਨੇ ਇੱਕ ਕੁੜੀ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਹਿਨਾ ਨੇ ਸੋਚ ਲਿਆ ਸੀ ਕਿ ਉਹ ਆਪਣੀ ਕੁੜੀ ਨੂੰ ਇਸ ਧੰਦੇ ਵਿੱਚ ਨਹੀਂ ਆਉਣ ਦੇਵੇਗੀ।

ਉਹ ਦੱਸਦੀ ਹੈ, "ਗੁੱਸਾ ਆਉਂਦਾ ਸੀ। ਸਰੀਰ ਵਿੱਚ ਬਹੁਤ ਤਕਲੀਫ਼ ਹੁੰਦੀ ਸੀ ਪਰ ਮਜਬੂਰੀ ਕਾਰਨ ਕਰਨਾ ਪੈਂਦਾ ਸੀ। ਨਹੀਂ ਕਰਦੇ ਤਾਂ ਖਾਂਦੇ ਕੀ। ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਸਨ ਜਿਨ੍ਹਾਂ ਨੂੰ ਬਿਮਾਰੀ ਵੀ ਲੱਗ ਗਈ।"

"ਇਹ ਵੀ ਡਰ ਲੱਗਿਆ ਰਹਿੰਦਾ ਕਿ ਕਿਤੇ ਗਰਭਵਤੀ ਨਾ ਹੋ ਜਾਈਏ। ਇਸਦੇ ਬਾਵਜੂਦ ਕਈ ਕੁੜੀਆਂ ਦੇ ਛੋਟੀ ਉਮਰ ਵਿੱਚ ਹੀ ਬੱਚੇ ਵੀ ਹੋ ਗਏ।''''

ਇਹ ਵੀ ਪੜ੍ਹੋ:

ਹਿਨਾ ਕਹਿੰਦੀ ਹੈ ਕਿ ਇਸੇ ਦੌਰਾਨ ਉਨ੍ਹਾਂ ਨੂੰ ਗੈਰ-ਸਰਕਾਰੀ ਸੰਸਥਾ ''ਜਨ ਸਾਹਸ'' ਬਾਰੇ ਪਤਾ ਲੱਗਿਆ। ਇਹ ਸੰਸਥਾ ਕੁੜੀਆਂ ਦੀ ਇਸ ਧੰਦੇ ਵਿੱਚੋਂ ਨਿਕਲਣ ''ਚ ਮਦਦ ਕਰਦੀ ਹੈ। ਇਸ ਸੰਸਥਾ ਦੇ ਲੋਕ ਬਾਛੜਾ ਭਾਈਚਾਰੇ ਦੀਆਂ ਕੁੜੀਆਂ ਨੂੰ ਮਿਲ ਕੇ ਉਨ੍ਹਾਂ ਨੂੰ ਸਮਝਾਉਂਦੇ ਹਨ।

ਬਾਛੜਾ ਭਾਈਚਾਰਾ
BBC
ਹੁਣ ਹਿਨਾ ਦੂਜੀਆਂ ਕੁੜੀਆਂ ਨੂੰ ਇਸ ਕੰਮ ਵਿੱਚੋਂ ਬਾਹਰ ਕੱਢ ਰਹੀ ਹੈ

ਹਿਨਾ ਇਸ ਸੰਸਥਾ ਦੇ ਲੋਕਾਂ ਨਾਲ ਮਿਲੀ ਅਤੇ ਗੱਲ ਕੀਤੀ ਕਿ ਉਹ ਇਹ ਕੰਮ ਨਹੀਂ ਕਰਨਾ ਚਾਹੁੰਦੀ। ਸੰਸਥਾ ਨੇ ਇਸ ਵਿੱਚ ਉਸਦੀ ਮਦਦ ਕੀਤੀ ਅਤੇ ਹਿਨਾ ਨੂੰ ਨੌਕਰੀ ਵੀ ਦਿੱਤੀ।

ਹੁਣ ਦੂਜਿਆਂ ਨੂੰ ਬਚਾ ਰਹੀ ਹੈ ਹਿਨਾ

ਹੁਣ ਹਿਨਾ ਆਪਣੇ ਭਾਈਚਾਰੇ ਦੀਆਂ ਦੂਜੀਆਂ ਕੁੜੀਆਂ ਦੀ ਇਸ ਦਲਦਲ ਵਿੱਚੋਂ ਨਿਕਲਣ ''ਚ ਮਦਦ ਕਰ ਰਹੀ ਹੈ। ਉਹ ਉਨ੍ਹਾਂ ਨੂੰ ਮਿਲਦੀ ਹੈ ਅਤੇ ਸਿੱਖਿਆ ਨਾਲ ਜੋੜਨ ਦੀ ਕੋਸ਼ਿਸ਼ ਕਰਦੀ ਹੈ।

ਹਿਨਾ ਕਹਿੰਦੀ ਹੈ, "ਜੇਕਰ ਮੈਂ ਬਾਹਰ ਨਿਕਲੀ ਹਾਂ ਤਾਂ ਦੂਜਿਆਂ ਨੂੰ ਵੀ ਕੱਢਾਂਗੀ। ਮੈਂ ਚਾਹੁੰਦੀ ਹਾਂ ਕਿ ਸ਼ੁਰੂ ਤੋਂ ਇਹ ਜਿਹੜੀ ਪਰੰਪਰਾ ਚਲਦੀ ਆ ਰਹੀ ਹੈ ਉਹ ਬਿਲਕੁਲ ਖ਼ਤਮ ਹੋ ਜਾਵੇ।"

ਹਿਨਾ ਹੁਣ ਆਪਣੇ ਭਾਈਚਾਰੇ ਦੀਆਂ ਦੂਜੀਆਂ ਕੁੜੀਆਂ ਨੂੰ ਪੜ੍ਹਾਈ ਦੇ ਬਹਾਨੇ ਬਾਹਰ ਕੱਢਣ ਵਿੱਚ ਮਦਦ ਕਰ ਰਹੀ ਹੈ।

ਉਹ ਦੱਸਦੀ ਹੈ, "ਅਸੀਂ ਇਸ ਕੰਮ ਵਿੱਚ ਲੱਗੀਆਂ ਕੁੜੀਆਂ ਦੇ ਘਰ ਜਾਂਦੇ ਹਾਂ। ਅਸੀਂ ਸਿੱਧਾ ਇਹ ਨਹੀਂ ਕਹਿੰਦੇ ਕਿ ਇਹ ਕੰਮ ਛੱਡ ਦਿਓ ਕਿਉਂਕਿ ਇਸ ਨਾਲ ਉਨ੍ਹਾਂ ਦੇ ਘਰ ਵਾਲੇ ਸਾਡਾ ਵਿਰੋਧ ਕਰਦੇ ਹਨ।"

"ਇਹ ਕੰਮ ਮੁਸ਼ਕਿਲ ਹੁੰਦਾ ਹੈ, ਵਾਰ-ਵਾਰ ਉਨ੍ਹਾਂ ਦੇ ਘਰ ਜਾਂਦੇ ਹਾਂ। ਅਸੀਂ ਉਨ੍ਹਾਂ ਨੂੰ ਮੁੜ ਤੋਂ ਪੜ੍ਹਾਈ ਸ਼ੁਰੂ ਕਰਨ ਲਈ ਕਹਿੰਦੇ ਹਾਂ। ਕਈ ਕੁੜੀਆਂ ਨਾਲ ਇਕੱਲੇ ਵਿੱਚ ਜਾ ਕੇ ਗੱਲ ਵੀ ਕਰਦੇ ਹਾਂ ਅਤੇ ਪੁੱਛਦੇ ਹਾਂ ਕਿ ਉਹ ਇਹ ਕੰਮ ਛੱਡਣਾ ਚਾਹੁੰਦੀਆਂ ਹਨ।"

"ਉਹ ਛੱਡਣ ਦੀ ਇੱਛਾ ਜਤਾਉਂਦੀਆਂ ਹਨ ਉਨ੍ਹਾਂ ਨੂੰ ਸਾਥ ਦੇਣ ਦਾ ਭਰੋਸਾ ਦਿੰਦੇ ਹਾਂ। ਉਨ੍ਹਾਂ ਨੂੰ ਦੱਸਦੇ ਹਾਂ ਕਿ ਤੁਸੀਂ ਹੋਰ ਵੀ ਕੰਮ ਕਰ ਸਕਦੇ ਹੋ।"

ਬਾਛੜਾ ਭਾਈਚਾਰਾ
BBC

ਹਿਨਾ ਦੀਆਂ ਕੋਸ਼ਿਸ਼ਾਂ ਨਾਲ ਭਾਈਚਾਰੇ ਦੀਆਂ ਕੁਝ ਕੁੜੀਆਂ ਇਸ ਚੱਕਰ ਤੋਂ ਬਾਹਰ ਨਿਕਲ ਆਈਆਂ ਹਨ ਪਰ ਅਜੇ ਵੀ ਕਈ ਕੁੜੀਆਂ ਹਨ ਜਿਹੜੀਆਂ ਇਸ ਵਿੱਚ ਫਸੀਆਂ ਹੋਈਆਂ ਹਨ।

ਇਸ ਰਵਾਇਤ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਮੱਧ ਪ੍ਰਦੇਸ਼ ਸਰਕਾਰ ਨੇ ਇਨ੍ਹਾਂ ਦੇ ਮੁੜ ਵਸੇਬੇ ਲਈ 1993 ਵਿੱਚ ਜਬਾਲੀ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ।

ਇਸ ਯੋਜਨਾ ਦੇ ਤਹਿਤ ਭਾਈਚਾਰੇ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ, ਉਨ੍ਹਾਂ ਨੂੰ ਸਿੱਖਿਆ ਨਾਲ ਜੋੜਨਾ, ਕੋਈ ਕੰਮ ਕਰਨ ਲਈ ਟ੍ਰੇਨਿੰਗ ਦੇਣਾ ਸ਼ਾਮਲ ਹੈ।

ਇਹ ਵੀ ਪੜ੍ਹੋ:

ਪਰ ਹਿਨਾ ਦਾ ਕਹਿਣਾ ਹੈ ਕਿ ਇਸ ਭਾਈਚਾਰੇ ਦੀਆਂ ਕੁੜੀਆਂ ਨੂੰ ਕੁਝ ਰੁਜ਼ਗਾਰ ਮਿਲ ਜਾਵੇ ਤਾਂ ਉਹ ਇਸ ਵਿੱਚੋਂ ਬਾਹਰ ਨਿਕਲ ਸਕਦੀਆਂ ਹਨ।

ਉਹ ਕਹਿੰਦੀ ਹੈ, "ਕਮਾਉਣ ਲਈ ਕੁਝ ਹੈ ਵੀ ਨਹੀਂ। ਇਸ ਲਈ ਤਾਂ ਮਜਬੂਰੀ ਵਿੱਚ ਉਨ੍ਹਾਂ ਨੂੰ ਉਹੀ ਕੰਮ ਕਰਨਾ ਪੈਂਦਾ ਹੈ। ਉਹ ਚਾਹੁੰਦੀ ਵੀ ਹੈ ਕਿ ਨਿਕਲ ਜਾਣ ਪਰ ਨਿਕਲ ਨਹੀਂ ਸਕਦੀਆਂ। ਦੂਜਾ ਉਨ੍ਹਾਂ ਕੋਲ ਕੋਈ ਰਸਤਾ ਨਹੀਂ ਹੈ।"

ਪਰ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦੇ ਐਲਾਨ ਦੇ 25 ਸਾਲ ਬੀਤ ਜਾਣ ਤੋਂ ਬਾਅਦ ਵੀ ਹੁਣ ਤੱਕ ਇਹ ਯੋਜਨਾ ਜ਼ਮੀਨੀ ਪੱਧਰ ''ਤੇ ਲਾਗੂ ਨਹੀਂ ਹੋ ਸਕੀ ਹੈ।

ਹਿਨਾ, ਬਾਛੜਾ ਭਾਈਚਾਰਾ
BBC

ਜਦੋਂ ਇਸਦਾ ਕਾਰਨ ਜਾਣਨ ਲਈ ਅਸੀਂ ਮੰਦਸੌਰ ਦੇ ਬਾਲ ਅਤੇ ਮਹਿਲਾ ਵਿਕਾਸ ਮੰਤਰਾਲੇ ਦੇ ਅਧਿਕਾਰੀ ਰਜਿੰਦਰ ਮਹਾਜਨ ਨੂੰ ਮਿਲੇ।

ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਨੂੰ ਕਿਸੇ ਐਨਜੀਓ ਜ਼ਰੀਏ ਲਾਗੂ ਕੀਤਾ ਜਾਣਾ ਹੈ, ਪਰ ਸਾਨੂੰ ਅਜੇ ਤੱਕ ਕੋਈ ਯੋਜਨਾ ਨਹੀਂ ਮਿਲੀ ਹੈ।

ਐਨਜੀਓ ਕਿਉਂ ਨਹੀਂ ਮਿਲਿਆ

ਪਰ ਕੀ ਕਾਰਨ ਹੈ ਕਿ ਅਜੇ ਤੱਕ ਕੋਈ ਐਨਜੀਓ ਇਸ ਯੋਜਨਾ ਲਈ ਸਲੈਕਟ ਨਹੀਂ ਹੋ ਸਕਿਆ?

ਇਸ ਸਵਾਲ ਦੇ ਜਵਾਬ ਵਿੱਚ ਮਹਾਜਨ ਕਹਿੰਦੇ ਹਨ ਕਿ ਇਸ਼ਤਿਹਾਰ ਛਾਪੇ ਜਾਂਦੇ ਹਨ ਤਾਂ ਐਨਜੀਓ ਵੀ ਅੱਗੇ ਆਉਣੇ ਚਾਹੀਦੇ ਹਨ। ਇਸ ਵਿੱਚ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ।

ਮੰਦਸੌਰ ਦੇ ਮਹਿਲਾ ਅਤੇ ਬਾਲ ਵਿਕਾਸ ਅਧਕਿਾਰੀ ਰਜਿੰਦਰ ਮਹਾਜਨ
BBC
ਮੰਦਸੌਰ ਦੇ ਮਹਿਲਾ ਅਤੇ ਬਾਲ ਵਿਕਾਸ ਅਧਕਿਾਰੀ ਰਜਿੰਦਰ ਮਹਾਜਨ

ਉਨ੍ਹਾਂ ਨੇ ਦੱਸਿਆ ਕਿ ਐਨਜੀਓ ਲਈ ਕਰਾਈਟੀਰੀਆ ਹੈ ਕਿ ਉਸ ਨੇ ਇਸ ਫੀਲਡ ਵਿੱਚ ਕੰਮ ਕੀਤਾ ਹੋਵੇ।

ਉਨ੍ਹਾਂ ਨੇ ਕਿਹਾ, "ਐਨਜੀਓ ਅਰਜ਼ੀ ਤਾਂ ਦੇ ਦਿੰਦੇ ਹਨ ਪਰ ਐਕਸ਼ਨ ਪਲਾਨ ਨਹੀਂ ਦਿੰਦੇ ਕਿ ਉਹ ਕਿਸ ਤਰ੍ਹਾਂ ਕੰਮ ਕਰਨਗੇ ਅਤੇ ਪੈਸਾ ਕਿਸ ਤਰ੍ਹਾਂ ਖਰਚ ਕਰਨਗੇ। ਐਨਜੀਓ ਨੂੰ ਫੰਡ ਦਾ ਪ੍ਰਪੋਜ਼ਲ ਵੀ ਦੇਣਾ ਪੈਂਦਾ ਹੈ।"

"ਜਿੰਨੇ ਪੈਸੇ ਦਾ ਐਨਜੀਓ ਪ੍ਰਪੋਜ਼ਲ ਦੇਵੇਗਾ, ਓਨਾ ਫੰਡ ਮਿਲ ਜਾਵੇਗਾ। ਇੱਕ ਵਾਰ ਇੱਕ ਐਨਜੀਓ ਸਿਲੈਕਟ ਹੋਇਆ ਸੀ ਪਰ ਫਿਰ ਉਸ ਨੇ ਫੰਡ ਦਾ ਪ੍ਰਪੋਜ਼ਲ ਨਹੀਂ ਦਿੱਤਾ।"

ਮਹਾਜਨ ਦਾ ਕਹਿਣਾ ਹੈ ਕਿ ਇਹ ਇੱਕ ਸਮਾਜਿਕ ਸਮੱਸਿਆ ਹੈ ਇਸ ਨੂੰ ਡੰਡੇ ਦੇ ਜ਼ੋਰ ''ਤੇ ਠੀਕ ਨਹੀਂ ਕੀਤਾ ਜਾ ਸਕਦਾ।

ਹਿਨਾ, ਬਾਛੜਾ ਭਾਈਚਾਰਾ
BBC

ਪਰ ਹਿਨਾ ਦਾ ਕਹਿਣਾ ਹੈ ਕਿ ਇਸ ਮਾੜੀ ਰਵਾਇਤ ਦੇ ਨਾ ਰੁਕਣ ਦਾ ਕਾਰਨ ਪੁਲਿਸ ਅਤੇ ਪ੍ਰਸ਼ਾਸਨ ਦੀ ਨਾਕਾਮੀ ਵੀ ਹੈ।

ਪੁਲਿਸ ਦਾ ਕੀ ਕਹਿਣਾ ਹੈ

ਇਸ ਉੱਤੇ ਮੰਦਸੌਰ ਦੇ ਐਸਪੀ ਮਨੋਜ ਕੁਮਾਰ ਸਿੰਘ ਨੇ ਕਿਹਾ ਕਿ ਪੁਲਿਸ ਸਮੇਂ-ਸਮੇਂ ''ਤੇ ਕਾਰਵਾਈ ਕਰਦੀ ਹੈ।

"ਕੁਝ ਕੁੜੀਆਂ ਨੂੰ ਇੱਥੇ ਤਸਕਰੀ ਕਰਕੇ ਵੀ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਵਿੱਚੋਂ ਵੀ ਕਈਆਂ ਨੂੰ ਪੁਲਿਸ ਨੇ ਛੁਡਵਾਇਆ ਹੈ।"

ਮੰਦਸੌਰ ਦੇ ਐਸਪੀ ਮਨੋਜ ਕੁਮਾਰ ਸਿੰਘ
BBC
ਮੰਦਸੌਰ ਦੇ ਐਸਪੀ ਮਨੋਜ ਕੁਮਾਰ ਸਿੰਘ

ਉਨ੍ਹਾਂ ਦਾ ਕਹਿਣਾ ਹੈ, "ਭਾਈਚਾਰੇ ਦੇ ਲੋਕ ਮਨੁੱਖੀ ਤਸਕਰੀ ਵਿੱਚ ਵੀ ਕੁੜੀਆਂ ਨੂੰ ਖਰੀਦਦੇ ਹਨ। ਪਿਛਲੇ ਸਮੇਂ ਵਿੱਚ ਅਸੀਂ 40 ਤੋਂ 50 ਕੁੜੀਆਂ ਨੂੰ ਬਚਾਇਆ ਹੈ। ਹਾਲ ਹੀ ਵਿੱਚ ਤਸਕਰੀ ਕਰਕੇ ਲਿਆਂਦੀਆਂ ਗਈਆਂ ਇੱਕ-ਦੋ ਸਾਲ ਦੀਆਂ ਬੱਚੀਆਂ ਨੂੰ ਅਸੀਂ ਬਚਾਇਆ ਹੈ।"

"ਫੜੇ ਜਾਣ ਵਾਲਿਆਂ ''ਤੇ ਇਮੋਰਲ ਟ੍ਰੈਫ਼ਿਕ (ਪ੍ਰਿਵੈਂਸ਼ਨ) ਐਕਟ ਦੀ ਧਾਰਾ ਲਗਦੀ ਹੈ। ਮਾਈਨਰ ਦਾ ਰੇਪ ਮੰਨਿਆ ਜਾਂਦਾ ਹੈ ਉਸ ਵਿੱਚ ਪੌਕਸੋ ਦੀਆਂ ਧਾਰਾਵਾਂ ਲਗਦੀਆਂ ਹਨ।"

"ਅਸੀਂ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕਰਦੇ ਹਾਂ ਅਤੇ ਕੋਰਟ ਦੀ ਪ੍ਰਕਿਰਿਆ ਦੇ ਤਹਿਤ ਹੀ ਉਨ੍ਹਾਂ ਨੂੰ ਜ਼ਮਾਨਤ ਮਿਲਦੀ ਹੈ।"

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

https://www.youtube.com/watch?v=eB3aH0fhWw8

https://www.youtube.com/watch?v=sSDuIS9zu1c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News