ਸਮਝੌਤਾ ਐਕਸਪ੍ਰੈੱਸ ਹਾਦਸਾ: ''''ਮੇਰੀਆਂ ਅੱਖਾਂ ਮੁਹਰੇ ਤਿੰਨ ਪੁੱਤਰ ਅਤੇ ਦੋ ਧੀਆਂ ਜ਼ਿੰਦਾ ਸੜ ਗਏ''''

Monday, Mar 18, 2019 - 07:30 AM (IST)

ਰੁਖ਼ਸਾਨਾ
BBC
ਰਾਣਾ ਸ਼ੌਕਤ ਅਲੀ ਦੀ ਪਤਨੀ ਆਪਣੇ ਬੱਚਿਆਂ ਦੇ ਨਾਲ

ਪਾਕਿਸਤਾਨ ਵਿੱਚ ਕੇਂਦਰੀ ਪੰਜਾਬ ਦੇ ਫੈਸਲਾਬਾਦ ਦੀ ਨਿਊ ਮੁਰਾਦ ਕਲੋਨੀ ਵਿੱਚ ਰਾਣਾ ਸ਼ੌਕਤ ਅਲੀ ਇੱਕ ਜਨਰਲ ਸਟੋਰ ਚਲਾਉਂਦੇ ਹਨ। ਇਹ ਜਨਰਲ ਸਟੋਰ ਦੋ ਮੰਜ਼ਿਲਾ ਇਮਾਰਤ ਵਿੱਚ ਬਣਿਆ ਹੋਇਆ ਹੈ ਜਿੱਥੇ ਉਹ ਆਪਣੀ ਪਤਨੀ ਅਤੇ ਦੋ ਧੀਆਂ ਨਾਲ ਰਹਿੰਦੇ ਹਨ।

ਆਪਣੀ ਦੁਕਾਨ ਦਾ ਸ਼ਟਰ ਬੰਦ ਕਰਦਿਆਂ ਸ਼ੌਕਤ ਅਲੀ ਨੇ ਕਿਹਾ, "ਸਾਨੂੰ ਕਿਸੇ ਚੀਜ਼ ਦੀ ਚਾਹਤ ਨਹੀਂ, ਇਹ ਦੁਕਾਨ ਤਾਂ ਖ਼ੁਦ ਨੂੰ ਰੁੱਝੇ ਰੱਖਣ ਦਾ ਇੱਕ ਜ਼ਰੀਆ ਹੈ।"

12 ਸਾਲ ਪਹਿਲਾਂ ਰਾਣਾ ਸ਼ੌਕਤ ਅਲੀ ਦਿੱਲੀ ਤੋਂ ਵਿਆਹ ਦੇਖ ਕੇ ਸਮਝੌਤਾ ਐਕਸਪ੍ਰੈੱਸ ਵਿੱਚ ਵਾਪਿਸ ਪਰਤ ਰਹੇ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਛੇ ਬੱਚੇ ਸਨ।

ਅਗਲੀ ਸਵੇਰ ਉਨ੍ਹਾਂ ਨੇ ਅਟਾਰੀ ਪਹੁੰਚਣਾ ਸੀ। ਹਾਲਾਂਕਿ ਅੱਧੀ ਰਾਤ ਨੂੰ ਜਦੋਂ ਉਹ ਪਾਣੀਪਤ ਦੇ ਦੀਵਾਨਾ ਖੇਤਰ ਵਿੱਚੋਂ ਲੰਘ ਰਹੇ ਸਨ ਤਾਂ ਬੰਬ ਉਨ੍ਹਾਂ ਦੇ ਕੋਚ ਵਿੱਚ ਲੱਗਿਆ ਹੋਇਆ ਸੀ।

ਸਮਝੌਤਾ ਐਕਸਪ੍ਰੈੱਸ ਹਾਦਸਾ
BBC
ਰਾਣਾ ਸ਼ੌਕਤ ਅਲੀ ਅਤੇ ਉਨ੍ਹਾਂ ਦੀ ਪਤਨੀ ਰੁਖ਼ਸਾਨਾ

ਰਾਣਾ ਸ਼ੌਕਤ ਅਤੇ ਉਨ੍ਹਾਂ ਦੀ ਪਤਨੀ ਨੇ ਗੱਡੀ ਵਿੱਚੋਂ ਛਾਲ ਮਾਰ ਦਿੱਤੀ ਅਤੇ ਉਨ੍ਹਾਂ ਦੇ ਬੱਚੇ ਰੇਲ ਗੱਡੀ ਵਿੱਚ ਹੀ ਰਹਿ ਗਏ। ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਪੰਜੇ ਬੱਚੇ ਜ਼ਿੰਦਾ ਸੜ ਗਏ।

ਉਸ ਰਾਤ ਟਰੇਨ ਵਿੱਚ ਕੀ ਹੋਇਆ

ਰਾਣਾ ਸ਼ੌਕਤ ਉਸ ਹਾਦਸੇ ਨੂੰ ਯਾਦ ਕਰਦੇ ਹਨ, "ਮੈਂ ਉਸ ਰਾਤ ਬਹੁਤ ਬੇਚੈਨ ਸੀ ਖਾਸ ਕਰਕੇ ਉਦੋਂ ਤੋਂ ਜਦੋਂ ਟਿਕਟ ਚੈਕਰ ਨੇ ਦੋ ਅਜਿਹੇ ਬੰਦਿਆਂ ਨੂੰ ਫੜਿਆ ਜਿਹੜੇ ਬਿਨਾਂ ਪਾਸਪੋਰਟ ਤੋਂ ਰੇਲ ਗੱਡੀ ਵਿੱਚ ਸਫ਼ਰ ਕਰ ਰਹੇ ਸਨ।"

"ਮੈਂ ਬਹੁਤ ਥੱਕਿਆ ਹੋਇਆ ਸੀ, ਆਪਣੇ ਬੱਚਿਆਂ ਨੂੰ ਬਿਠਾ ਕੇ ਅਤੇ ਸਮਾਨ ਨੂੰ ਰੱਖ ਕੇ ਮੈਂ ਵੀ ਉੱਪਰ ਵਾਲੀ ਸੀਟ ''ਤੇ ਜਾ ਕੇ ਲੰਮੇ ਪੈ ਗਿਆ ਪਰ ਮੈਨੂੰ ਨੀਂਦ ਨਹੀਂ ਆਈ।''''

ਇਹ ਵੀ ਪੜ੍ਹੋ:

ਰਾਣਾ ਸ਼ੌਕਤ ਦੱਸਦੇ ਹਨ ਕਿ ਅੱਧੀ ਰਾਤ ਨੂੰ ਉਨ੍ਹਾਂ ਨੇ ਇੱਕ ਅਜੀਬ ਜਿਹੀ ਆਵਾਜ਼ ਸੁਣੀ।

ਉਨ੍ਹਾਂ ਦੱਸਿਆ, "ਆਵਾਜ਼ ਸੁਣਨ ਤੋਂ ਬਾਅਦ ਮੈਂ ਕੁਝ ਦੇਰ ਲਈ ਚੌਕਸ ਹੋ ਗਿਆ ਪਰ ਕੁਝ ਦੇਰ ਬਾਅਦ ਹੀ ਉਹ ਆਵਾਜ਼ ਰੇਲ ਗੱਡੀ ਦੇ ਰੌਲੇ ਵਿਚਾਲੇ ਸੁਣਨੀ ਬੰਦ ਹੋ ਗਈ।''''

ਪਾਕਿਸਤਾਨ
BBC
ਸਮਝੌਤਾ ਐਕਸਪ੍ਰੈੱਸ ਵਿੱਚ ਮਾਰੇ ਗਏ ਬੱਚੇ

ਸ਼ੌਕਤ ਨੂੰ ਲੱਗਿਆ ਕਿ ਕੁਝ ਟੁੱਟਿਆ ਹੈ ਪਰ ਉਸ ਨੇ ਉੱਠ ਕੇ ਉਸ ਨੂੰ ਦੇਖਣਾ ਜ਼ਰੂਰੀ ਨਹੀਂ ਸਮਝਿਆ। ਕੰਬਲ ਵਿੱਚ ਜਾ ਕੇ ਸ਼ੌਕਤ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਸੌਣ ਦੀ ਕੋਸ਼ਿਸ਼ ਕੀਤੀ।

ਸ਼ੌਕਤ ਦੱਸਦੇ ਹਨ, "ਕੁਝ ਮਿੰਟਾਂ ਬਾਅਦ ਮੈਂ ਕੰਬਲ ਨੂੰ ਪਰੇ ਸੁੱਟਿਆ ਅਤੇ ਉੱਠਿਆ ਪਰ ਮੈਨੂੰ ਕੁਝ ਵੀ ਦਿਖਿਆ ਨਹੀਂ। ਰੇਲ ਗੱਡੀ ਦੀ ਲਾਈਟ ਬੰਦ ਹੋ ਚੁੱਕੀ ਸੀ।''''

ਉਨ੍ਹਾਂ ਦੱਸਿਆ, "ਪੂਰੇ ਹਨੇਰੇ ਵਿੱਚ ਕਿਸੇ ਤਰ੍ਹਾਂ ਮੈਂ ਆਪਣੀ ਸੀਟ ਤੋਂ ਹੇਠਾਂ ਉਤਰਿਆ ਅਤੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਮੈਂ ਦਰਵਾਜ਼ਾ ਖੋਲ੍ਹ ਸਕਿਆ ਅਤੇ ਫਿਰ ਮੈਂ ਸਾਹ ਲਿਆ।''''

ਸ਼ੌਕਤ ਅਤੇ ਉਸਦੀ ਪਤਨੀ ਨੇ ਟਰੇਨ ਵਿੱਚੋਂ ਛਾਲ ਮਾਰ ਦਿੱਤੀ

ਜਦੋਂ ਸ਼ੌਕਤ ਨੇ ਦਰਵਾਜ਼ਾ ਖੋਲ੍ਹਿਆ ਅਤੇ ਆਕਸੀਜਨ ਟਰੇਨ ਅੰਦਰ ਦਾਖ਼ਲ ਹੋ ਗਈ। ਅੰਦਰ ਦੀਆਂ ਲਪਟਾਂ ਕਾਬੂ ਤੋਂ ਬਾਹਰ ਹੋ ਗਈਆਂ।

ਅੱਗ ਤੋਂ ਆਪਣੀ ਜਾਨ ਬਚਾਉਣ ਲਈ ਸ਼ੌਕਤ ਨੂੰ ਗੱਡੀ ਵਿੱਚੋਂ ਛਾਲ ਮਾਰਨੀ ਪਈ। ਉਸ ਤੋਂ ਥੋੜ੍ਹੀ ਦੇਰ ਬਾਅਦ ਰੁਕਸਾਨਾ ਵੀ ਆਪਣੀ ਇੱਕ ਬੱਚੀ ਅਕਸਾ ਦੇ ਨਾਲ ਕਿਸੇ ਤਰ੍ਹਾਂ ਗੱਡੀ ਵਿੱਚੋਂ ਬਾਹਰ ਨਿਕਲ ਆਈ।

''''ਅਸੀਂ ਚੀਕਾਂ ਮਾਰ ਰਹੇ ਸੀ ਅਤੇ ਮਦਦ ਲਈ ਰੋ ਰਹੇ ਸੀ ਕਿ ਕਿਸੇ ਤਰ੍ਹਾਂ ਸਾਡੇ ਬੱਚਿਆਂ ਨੂੰ ਬਚਾ ਲਓ। ਜਿੰਨੀ ਦੇਰ ਵਿੱਚ ਕੋਈ ਉਨ੍ਹਾਂ ਦੀ ਮਦਦ ਕਰਦਾ ਮੇਰੇ ਬੱਚੇ ਸੜ ਕੇ ਸੁਆਹ ਹੋ ਗਏ।''''

ਇਹ ਸਭ ਦੱਸਦੇ ਸ਼ੌਕਤ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਕਿ ਉਸ ਨੂੰ ਵੇਖ ਕੇ ਨੇੜੇ ਬੈਠੀ ਉਸਦੀ ਪਤਨੀ ਵੀ ਰੋਣ ਲੱਗ ਗਈ।

''''ਮੇਰੇ ਹੱਥ ਅਤੇ ਮੂੰਹ ਸੜ ਗਿਆ ਸੀ, ਚੱਲਦੀ ਟਰੇਨ ਵਿੱਚੋਂ ਛਾਲ ਮਾਰਨ ਕਰਕੇ ਮੇਰੇ ਗੋਡਿਆਂ ''ਤੇ ਸੱਟ ਲੱਗੀ ਸੀ, ਮੈਂ ਪੂਰੀ ਤਰ੍ਹਾਂ ਸੁੰਨ ਹੋ ਗਿਆ ਸੀ, ਰੇਲ ਦਾ ਕੋਚ ਇੱਕ ਬਲਦੀ ਹੋਈ ਗੇਂਦ ਵਾਂਗ ਲੱਗ ਰਿਹਾ ਸੀ, ਅਸੀਂ ਬਿਲਕੁਲ ਮਜਬੂਰ ਮਹਿਸੂਸ ਕਰ ਰਹੇ ਸੀ।''''

ਇਹ ਕਹਿ ਕੇ ਸ਼ੌਕਤ ਅਤੇ ਉਸਦੀ ਪਤਨੀ ਨੇ ਮੁੜ ਰੋਣਾ ਸ਼ੁਰੂ ਕਰ ਦਿੱਤਾ।

ਸਮਝੌਤਾ ਐਕਸਪ੍ਰੈੱਸ ਹਾਦਸਾ
BBC
ਬੱਚਿਆਂ ਦੀ ਕਬਰ ''ਤੇ ਸ਼ੌਕਤ ਅਲੀ

ਸ਼ੌਕਤ ਅਤੇ ਉਸਦੀ ਪਤਨੀ ਦਾ ਕਰੀਬ ਇੱਕ ਹਫ਼ਤਾ ਸਫਦਰਜੰਗ ਹਸਪਤਾਲ ਵਿੱਚ ਇਲਾਜ ਚੱਲਿਆ।

ਸ਼ੌਕਤ ਅਤੇ ਉਸਦੀ ਪਤਨੀ ਆਪਣੇ ਬੱਚਿਆਂ ਦੀਆਂ ਲਾਸ਼ਾਂ ਲਏ ਬਿਨਾਂ ਭਾਰਤ ਤੋਂ ਵਾਪਿਸ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ ਸੀ।

ਇਸ ਲਈ ਉਨ੍ਹਾਂ ਨੂੰ ਕੁਝ ਦਿਨ ਬਾਅਦ ਮੁਰਦਾ ਘਰ ਲਿਜਾਇਆ ਗਿਆ।

ਬੱਚਿਆਂ ਦੀਆਂ ਸਿਰਫ਼ ਹੱਡੀਆਂ ਹੀ ਬਚੀਆਂ ਸਨ

ਰੁਕਸਾਨਾ ਉਸ ਸਮੇਂ ਨੂੰ ਯਾਦ ਕਰਦੇ ਹੋਏ ਦੱਸਦੀ ਹੈ,''''ਉਨ੍ਹਾਂ ਦੀਆਂ ਸਿਰਫ਼ ਹੱਡੀਆਂ ਹੀ ਬਚੀਆਂ ਸਨ, ਅਸੀਂ ਉਨ੍ਹਾਂ ਦੀ ਪਛਾਣ ਕੱਪੜਿਆਂ ਦੇ ਟੁੱਕੜਿਆਂ ਅਤੇ ਹੋਰਾਂ ਚੀਜ਼ਾਂ ਨਾਲ ਕੀਤੀ ਜਿਹੜੀਆਂ ਉਨ੍ਹਾਂ ਨੇ ਪਹਿਨੀਆਂ ਹੋਈਆਂ ਸਨ।''''

ਉਹ ਕਹਿੰਦੀ ਹੈ, "ਮੈਂ ਪੂਰੀ ਤਰ੍ਹਾਂ ਟੁੱਟ ਗਈ ਸੀ, ਮੇਰੀਆਂ ਅੱਖਾਂ ਸਾਹਮਣੇ ਮੇਰੀ ਪੂਰੀ ਦੁਨੀਆਂ ਖ਼ਤਮ ਹੋ ਗਈ, ਅਸੀਂ ਪੂਰੀ ਤਰ੍ਹਾਂ ਤਬਾਹ ਹੋ ਗਏ ਸੀ।"

ਸ਼ੌਕਤ ਅਤੇ ਰੁਕਸਾਰ ਦੀ ਵੱਡੀ ਧੀ ਆਈਸ਼ਾ 16 ਸਾਲ ਦੀ ਸੀ।

ਇਹ ਵੀ ਪੜ੍ਹੋ:

"ਮੈਂ ਰਾਹਤ ਕਾਰਜ ਟੀਮ ਨੂੰ ਆਪਣੀ ਧੀ ਦੀ ਇੱਜ਼ਤ ਦਾ ਧਿਆਨ ਰੱਖਣ ਅਤੇ ਉਸਦਾ ਸਨਮਾਨ ਕਰਨ ਲਈ ਕਿਹਾ। ਮੈਂ ਉਨ੍ਹਾਂ ਨੂੰ ਕਿਹਾ ਕਿ ਉਸ ਨੂੰ ਬਾਹਰ ਕੱਢਣ ਤੋਂ ਪਹਿਲਾਂ ਉਸਦੀ ਮ੍ਰਿਤਕ ਦੇਹ ਨੂੰ ਪੂਰੀ ਤਰ੍ਹਾਂ ਢੱਕਿਆ ਜਾਵੇ।"

ਐਨਾ ਕਹਿਣ ਤੋਂ ਬਾਅਦ ਰੁਕਸਾਨਾ ਮੁੜ ਰੋਣ ਲੱਗ ਜਾਂਦੀ ਹੈ।

ਸਮਝੌਤਾ ਐਕਸਪ੍ਰੈੱਸ ਹਾਦਸਾ
BBC

ਆਪਣੇ ਅੱਥਰੂ ਪੁੰਜਦੇ ਹੋਏ ਕਹਿੰਦੀ ਹੈ, "ਮੈਂ ਆਪਣੇ ਤਿੰਨ ਪੁੱਤਰ ਅਤੇ ਦੋ ਧੀਆਂ ਗੁਆਈਆਂ ਹਨ, ਜਦੋਂ ਮੈਂ ਲੋਕਾਂ ਨੂੰ ਆਪਣੇ ਬੱਚਿਆਂ ਦੇ ਵਿਆਹ ਕਰਦੇ ਹੋਏ ਵੇਖਦੀ ਹਾਂ ਤਾਂ ਮੈਂ ਬਹੁਤ ਦੁਖੀ ਹੁੰਦੀ ਹਾਂ, ਮੇਰੇ ਬੱਚੇ ਹੁਣ ਤੱਕ ਵੱਡੇ ਹੋ ਗਏ ਹੁੰਦੇ।"

ਸ਼ੌਕਤ ਅਤੇ ਉਸਦੀ ਪਤਨੀ ਪੰਜ ਕਫ਼ਨ ਲੈ ਕੇ ਪਾਕਿਸਤਾਨ ਪਰਤੇ। ਉਨ੍ਹਾਂ ਨੇ ਫੈਸਲਾਬਾਦ ਦੇ ਸਥਾਨਕ ਕਬਰੀਸਤਾਨ ਵਿੱਚ ਆਪਣੇ ਬੱਚਿਆਂ ਨੂੰ ਦਫ਼ਨਾਇਆ। ਜਿੱਥੇ ਉਹ ਹਰ ਖਾਸ ਮੌਕੇ ''ਤੇ ਜਾਂਦੇ ਹਨ।

ਇਹ ਵੀ ਪੜ੍ਹੋ:

ਉਸ ਹਾਦਸੇ ਵਿੱਚ ਆਪਣੇ ਮਾਪਿਆਂ ਤੋਂ ਇਲਾਵਾ ਸਿਰਫ਼ ਆਕਸਾ ਹੀ ਬਚੀ ਸੀ। ਕੁਝ ਸਾਲ ਬਾਅਦ ਸ਼ੌਕਤ ਅਲੀ ਦੇ ਘਰ ਇੱਕ ਬੱਚੀ ਨੇ ਜਨਮ ਲਿਆ।

ਖਦੀਜਾ ਉਸ ਦਰਦ ਤੋਂ ਪੂਰੀ ਤਰ੍ਹਾਂ ਬੇਖਬਰ ਹੈ ਜਿਸਦੇ ਵਿੱਚੋਂ ਉਸਦੇ ਮਾਤਾ-ਪਿਤਾ ਲੰਘ ਰਹੇ ਹਨ।

ਖਦੀਜਾ ਦੇ ਜਨਮ ਨੇ ਸ਼ੌਕਤ ਅਤੇ ਰੁਕਸਾਨਾ ਦੀ ਜ਼ਿੰਦਗੀ ਵਿੱਚ ਉਮੀਦ ਦੀ ਨਵੀਂ ਕਿਰਨ ਜਗਾਈ ਹੈ, ਪਰ ਅਜੇ ਵੀ ਉਹ ਉਸ ਦਰਦ ਵਿੱਚੋਂ ਬਾਹਰ ਨਹੀਂ ਨਿਕਲ ਸਕੇ।

ਸ਼ੌਕਤ ਕਹਿੰਦੇ ਹਨ ਕਿ ਭਾਰਤ ਅਤੇ ਪਾਕਿਸਤਾਨ ਸਰਕਾਰ ਵੱਲੋਂ ਉਨ੍ਹਾਂ ਨੂੰ ਵਿੱਤੀ ਮੁਆਵਜ਼ਾ ਮਿਲਿਆ ਹੈ ਪਰ ਵਿਸਫੋਟ ਨਾਲ ਸਬੰਧੰਤ ਕਿਸੇ ਤਰ੍ਹਾਂ ਦੀ ਗਵਾਹੀ ਲਈ ਭਾਰਤ ਸਰਕਾਰ ਨੇ ਉਨ੍ਹਾਂ ਤੱਕ ਕਦੇ ਪਹੁੰਚ ਨਹੀਂ ਕੀਤੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

https://www.youtube.com/watch?v=one3KR9Ier4

https://www.youtube.com/watch?v=Dha0ZiTRbBY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News