ਸੱਤਾ ਤੋਂ ਦੂਰ ਕਾਮਰੇਡਾਂ ਦੇ ਇਕੱਠਾਂ ''''ਚ ਆਏ ਲੋਕ ਕੀ ਕਹਿ ਰਹੇ ਸਨ

Sunday, Mar 17, 2019 - 09:15 PM (IST)

"ਮੇਰੇ ਦੋਵੇਂ ਪੁੱਤਰਾਂ ਦੇ ਬੀ.ਟੈੱਕ ਕੀਤੀ ਹੈ ਪਰ ਡਿਗਰੀਆਂ ਹੱਥ ''ਚ ਲੈ ਕੇ ਉਹ ਨੌਕਰੀਆਂ ਲਈ ਭਟਕ ਰਹੇ ਹਨ। ਉਹ ਹੁਸ਼ਿਆਰ ਹਨ ਅਤੇ ਨੌਕਰੀ ਦੇ ਲਾਇਕ ਵੀ ਹਨ। ਜਦੋਂ ਮੋਦੀ 2014 ''ਚ ਸੱਤਾ ਵਿੱਚ ਆਏ ਸੀ ਤਾਂ ਮੈਨੂੰ ਨੌਕਰੀ ਦੀ ਆਸ ਸੀ ਪਰ ਸਭ ਝੂਠ ਨਿਕਲਿਆ।"

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਤਵਾਰ ਨੂੰ ਸੀਪੀਐਮ ਵੱਲੋਂ ''ਸੰਕਲਪ ਰੈਲੀ'' ਦੌਰਾਨ ਲਾਲ ਝੰਡਾ ਲੈ ਕੇ ਹੁੱਡਾ ਗਰਾਊਂਡ ''ਚ ਬੈਠੇ ਹੋਏ ਸੁਭਾਸ਼ ਤਿਵਾੜੀ ਨੇ ਕੀਤਾ।

ਹਰਿਆਣਾ ਦੇ ਜ਼ਿਲ੍ਹਾ ਜੀਂਦ ਦੀ ਹਾਊਸਿੰਗ ਬੌਰਡ ਕਾਲੌਨੀ ''ਚ ਰਹਿਣ ਵਾਲੇ 52 ਸਾਲਾਂ ਸੁਭਾਸ਼ ਤਿਵਾੜੀ ਦਾ ਕਹਿਣਾ ਹੈ ਕਿ ਮੈਨੂੰ 2014 ਦੀਆਂ ਚੋਣਾਂ ਦੌਰਾਨ ਮੋਦੀ ''ਤੇ ਪੱਕਾ ਭਰੋਸਾ ਸੀ ਕਿ ਮਹਿੰਗਾਈ, ਬੇਰੁਜ਼ਗਾਰੀ ਤੋਂ ਲੈ ਕੇ ਕੌਮੀ ਸੁਰੱਖਿਆ ਤੱਕ ਮੋਦੀ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ।"

ਤਿਵਾੜੀ ਨੇ ਕਿਹਾ, ਖੱਬੇਪੱਖੀ ਪਾਰਟੀਆਂ ਮਜ਼ਦੂਰਾਂ, ਕਿਸਾਨਾਂ ਅਤੇ ਕੰਮਕਾਜ਼ੀ ਬੰਦਿਆਂ ਦੀ ਬੋਲੀ ਬੋਲਦੀ ਹੈ, ਮੈਂ ਵੀ ਕੇਂਦਰ ਵਿੱਚ ਬਦਲਾਅ ਦੀ ਆਸ ਲੈ ਕੇ ਇਸ ਰੈਲੀ ਵਿੱਚ ਆਇਆ ਹਾਂ।"

ਇਹ ਵੀ ਪੜ੍ਹੋ-

ਹਰਿਆਣਾ ਦੇ ਜੀਂਦ ਵਿੱਚ ਹੁੱਡਾ ਗਰਾਊਂਡ ''ਚ ਪੱਖੇ ਪੱਖੀ ਪਾਰਟੀਆਂ ਵੱਲੋਂ ਰੈਲੀ ਦਾ ਪ੍ਰਬੰਧ ਕੀਤਾ ਗਿਆ ਸੀ।

ਰੈਲੀ ਦਾ ਮਾਹੌਲ

ਪੰਡਾਲ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ, ਇੱਕ ਪਾਸੇ ਮਰਦ ਅਤੇ ਦੂਜੇ ਔਰਤਾਂ ਦੇ ਬੈਠਣ ਦਾ ਪ੍ਰਬੰਧ ਸੀ।

ਗਰਾਊਂਡ ਵਿੱਚ ਲੱਗੀਆਂ ਤਖ਼ਤੀਆਂ ''ਤੇ ਮੋਦੀ-ਵਿਰੋਧੀ ਨਾਅਰੇ ਲਿਖੇ ਹੋਏ ਸਨ।

ਇਸ ਦੌਰਾਨ ਰੈਲੀ ਵਿੱਚ ਹਿੱਸਾ ਲੈਣ ਆਈਆਂ ਵਧੇਰੇ ਔਰਤਾਂ ਨੇ ਲਾਲ ਸੂਟ, ਦੁਪੱਟੇ ਅਤੇ ਲਾਲ ਝੰਡੇ ਫੜੇ ਹੋਏ ਸਨ ਤੇ ਉਧਰ ਦੂਜੇ ਪਾਸੇ ਪੁਰਸ਼ਾਂ ਨੇ ਰਵਾਇਤੀ ਕੁੜਤੇ-ਪਜ਼ਾਮੇ ਪਹਿਨੇ ਹੋਏ ਸਨ ਅਤੇ ਬੀੜੀ-ਸਿਗਰਟ ਪੀਂਦਿਆਂ ਸਿਆਸੀ ਚਰਚਾ ਵਿੱਚ ਰੁੱਝੇ ਹੋਏ ਨਜ਼ਰ ਆਏ ਸਨ।

ਰੈਲੀ ਵਿੱਚ ਭਾਗ ਲੈਣ ਆਏ ਸਾਰੇ ਲੋਕ ਲਾਲ ਕਾਰਪੇਟ ''ਤੇ ਬੈਠੇ ਹੋਏ ਸਨ, ਜਦ ਕਿ ਸੀਪੀਐਮ ਨੇਤਾ ਮੰਚ ''ਤੇ ਬੈਠੇ ਹੋਏ ਵਾਰੀ-ਵਾਰੀ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।

ਮਜ਼ਬੂਤ ਨੇਤਾ ਨਹੀਂ ਨੀਤੀਆਂ

ਰੈਲੀ ਪਹੁੰਚੀ ਜਨਵਾਦੀ ਮਹਿਲਾ ਕਮੇਟੀ ਦੀ ਮੈਂਬਰ ਸਵਿਤਾ ਦੇਵੀ ਦਾ ਕਹਿਣਾ ਹੈ ਕਿ ਉਹ ਰੋਹਤਕ ਤੋਂ ਸੈਂਕੜ ਔਰਤਾਂ ਨਾਲ ਖੱਬੇ ਪੱਖੀਆਂ ਪਾਰਟੀਆਂ ਦੀਆਂ ਨੀਤੀਆਂ ਨੂੰ ਸਮਰਥਨ ਦੇਣ ਪਹੁੰਚੀ ਹੈ।

ਸਵਿਤਾ ਮੁਤਾਬਕ, "ਦੇਸ ਨੂੰ ਮਜ਼ਬੂਤ ਨੇਤਾ ਦੀ ਨਹੀਂ ਮਜ਼ਬੂਤ ਨੀਤੀਆਂ ਦੀ ਲੋੜ ਹੈ। ਅਸੀਂ ਮਜ਼ਬੂਤ ਨੇਤਾ (ਮੋਦੀ) ਦੇ ਸ਼ਾਸਨ ਨੂੰ ਦੇਖਿਆ ਹੈ ਪਰ ਹੁਣ ਵੇਲਾ ਔਰਤਾਂ ਦੀ ਹੱਕ ''ਚ ਨਿਤਰਨ ਵਾਲੀਆਂ ਮਜ਼ਬੂਤ ਨੀਤੀਆਂ ਦਾ ਹੈ।

ਹਰਿਆਣਾ ਬਲਾਤਕਾਰ ਦੇ ਮਾਮਲਿਆਂ ਦਾ ਕੇਂਦਰ ਬਣ ਗਿਆ ਹੈ ਪਰ ਬਜਾਇ ਇਸ ਦੇ ਕੋਈ ਕਦਮ ਚੁੱਕੇ ਸਰਕਾਰ ਆਪਣੀਆਂ ਉਪਲਬਧੀਆਂ ਗਿਣਾਉਣ ''ਚ ਮਸ਼ਰੂਫ਼ ਹੈ।"

ਉਨ੍ਹਾਂ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਦੀ ''ਬੇਟੀ ਬਚਾਉ ਬੇਟੀ ਪੜ੍ਹਾਓ'' ਮੁਹਿੰਮ ਪਾਣੀਪਤ ਤੋਂ ਸ਼ੁਰੂ ਹੋਈ ਸੀ ਪਰ ਹਾਲ ਹੀ ਵਿੱਚ ਪਾਣੀਪਤ ਵਿੱਚ ਹੀ 3 ਸਾਲਾਂ ਦੀ ਮਾਸੂਮ ਬੱਚੀ ਨਾਲ ਕਥਿਤ ਤੌਰ ''ਤੇ ਬਲਾਤਕਾਰ ਤੋਂ ਬਾਅਦ ਕਤਲ ਕਰਨ ਦਾ ਮਾਮਲੇ ਸਾਹਮਣੇ ਆਇਆ ਹੈ।"

ਜੀਂਦ ਜ਼ਿਲ੍ਹੇ ਦੇ ਨਿੰਦਾਨਾ ਤੋਂ 55 ਸਾਲਾਂ ਨੂਤਨ ਰਾਣੀ ਨੇ ਵੀ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਚੁੱਕਿਆ।

ਉਨ੍ਹਾਂ ਨੇ ਕਿਹਾ, "ਮੈਂ ਬਦਲਾਅ ਚਾਹੁੰਦੀ ਹਾਂ ਇਸ ਲਈ ਰੈਲੀ ਵਿੱਚ ਆਈ ਹਾਂ ਅਤੇ ਖੱਬੇ ਪੱਖੀ ਪਾਰਟੀਆਂ ਹੀ ਹਰ ਵੇਲੇ ਮਜ਼ਦੂਰਾਂ ਦੇ ਹੱਕਾਂ ਲਈ ਖੜ੍ਹੀਆਂ ਰਹਿੰਦੀਆਂ ਹਨ।"

ਔਰਤਾਂ ਦੀ ਸੁਰੱਖਿਆ ਦੇ ਮੁੱਦੇ ''ਤੇ ਚਿੰਤਾ ਜ਼ਾਹਿਰ ਕਰਦਿਆਂ ਉਨ੍ਹਾਂ ਨੇ ਕਿਹਾ, ''ਬੇਟੀ ਬਚਾਓ, ਬੇਟੀ ਪੜ੍ਹਾਓ'' ਕਹਿ ਕੇ ਹੀ ਔਰਤਾਂ ਦੇ ਸੁਰੱਖਿਆ ਨਹੀਂ ਕੀਤੀ ਜਾ ਸਕਦੀ, ਉਸ ਲਈ ਸਖ਼ਤ ਕਦਮ ਚੁੱਕਣੇ ਜ਼ਰੂਰੀ ਹਨ।

ਨੇਤਾਵਾਂ ਦਾ ਸੰਬੋਧਨ

ਸੀਪੀਆਈਐਮ ਦੇ ਜਨਰਲ ਸਕੱਤਰ ਕਾਮਰੇਡ ਸੀਤਾਰਾਮ ਯੇਚੁਰੀ ਨੇ ਮੋਦੀ ਦੀ ਫਰਜ਼ੀ ਮੁਹਿੰਮ ''ਅਸੀਂ ਚੌਕੀਦਾਰ'' ਨਾਲ ਸ਼ੁਰੂਆਤ ਕੀਤੀ।

ਉਨ੍ਹਾਂ ਨੇ ਕਿਹਾ, " ਖ਼ੁਦ ਮੁਖਤਿਆਰ ਚੌਕੀਦਾਰ ਉਦੋਂ ਕੀ ਕਰ ਰਿਹਾ ਸੀ ਜਦੋਂ ਦੇਸ ਦਾ ਅਨਦਾਤਾ ਵੱਡੀ ਗਿਣਤੀ ਵਿੱਚ ਖੁਦਕੁਸ਼ੀਆਂ ਕਰ ਰਿਹਾ ਸੀ।"

ਉਨ੍ਹਾਂ ਨੇ ਪ੍ਰਧਾਨ ਮੰਤਰੀ ਵੱਲੋਂ ਦੇਸ ਦੇ ਅਸੰਤੋਸ਼ਜਨਕ ਮਾੜੇ ਹਾਲਾਤ ਦਾ ਜ਼ਿੰਮਾ ਕਾਂਗਰਸ ''ਤੇ ਸਿਰ ਮੜ ਕੇ ਆਪਣਾ ਬਚਾਅ ਕਰਨ ਵਾਲੇ ਬਿਆਨ ਦਾ ਵੀ ਮਜ਼ਾਕ ਉਡਾਇਆ।

ਸੀਤਾਰਾਮ ਨੇ ਕਿਹਾ, "ਲੋਕਾਂ ਨੇ ਕਾਂਗਰਸ ਦੇ ਪ੍ਰਦਰਸ਼ਨ ਕਾਰਨ ਪਿਛਲੀਆਂ ਚੋਣਾਂ ਦੌਰਾਨ ਉਨ੍ਹਾਂ ਨੂੰ ਸਜ਼ਾ ਦਿੱਤੀ ਹੈ ਤੇ ਹੁਣ 5 ,ਸਾਲ ਬਾਅਦ ਮੋਦੀ ਹੁਣ ਅਜਿਹਾ ਕੋਈ ਬਹਾਨਾ ਨਹੀਂ ਲਗਾ ਸਕਦੇ।"

ਸੀਪੀਆਈ ਦੇ ਜਨਰਲ ਸਕੱਤਰ ਕਾਮਰੇਡ ਐਸ ਸੁਧਾਰਕਰ ਰੈਡੀ ਨੇ ਭਾਜਪਾ ਤੇ ਮੋਦੀ ਦੇ ਪ੍ਰਸ਼ਾਸਨ ''ਤੇ ਪੜ੍ਹੇ ਲਿਖੇ ਵਰਗ ਵਿੱਚ ਬੇਰੁਜ਼ਗਾਰੀ ਵਧਣ ਦਾ ਮੁੱਦਾ ਚੁੱਕਿਆ।

ਰੈਡੀ ਨੇ ਕਿਹਾ, "ਕਿਸੇ ਗਊ ਦੀ ਸੁਰੱਖਿਆ ਦਾ ਵਿਰੋਧ ਨਹੀਂ ਕੀਤਾ ਪਰ ਗਊ ਰੱਖਿਆ ਦੇ ਨਾਮ ''ਤੇ ਮੁਸਲਮਾਨਾਂ ਦੀ ਭੀੜ ਵੱਲੋਂ ਹੱਤਿਆ ਕਰਨਾ ਨਿੰਦਣਯੋਗ ਹੈ।"

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਸੰਘ ਪਰਿਵਾਰ ਧਰਮ ਨਿਰਪੱਖ ਬੁਧੀਜੀਵੀਆਂ ਗੌਰੀ ਲੰਕੇਸ਼, ਗੋਵਿੰਦ ਪਾਨਸਰੇ, ਕੁਲਬੁਰਗੀ ਡੋਭਾਲਕਰ ਦੀ ਹੱਤਿਆਂ ਲਈ ਵੀ ਜ਼ਿੰਮੇਦਾਰ ਹੈ।

ਸੀਪੀਐਮ ਨੇ ਹਰਿਆਣਾ ਵਿੱਚ 10ਲੋਕ ਸਭਾ ਸੀਟਾਂ ਵਿਚੋਂ 2 ਸੀਟਾਂ ''ਤੇ ਚੋਣ ਲੜਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ-

https://www.youtube.com/watch?v=xWw19z7Edrs&t=1s

https://www.youtube.com/watch?v=gS0YFySU8SU

https://www.youtube.com/watch?v=-_6O8Y0fImk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News