ਇੱਥੇ ਮੰਗਲਸੂਤਰ ਲਾੜੀ ਹੀ ਨਹੀਂ ਲਾੜਾ ਵੀ ਪਾਉਂਦਾ ਹੈ

Saturday, Mar 16, 2019 - 08:15 PM (IST)

ਪ੍ਰੀਆ ਤੇ ਅਮਿਤ ਬਾਰਾਗੁੰਡੀ
Baragundi family
ਪ੍ਰੀਆ ਤੇ ਅਮਿਤ ਬਾਰਾਗੁੰਡੀ

ਕਰਨਾਟਕ ਦੇ ਜ਼ਿਲੇ ਵਿਜੇਪੁਰ ਵਿੱਚ ਦੋ ਖਾਸ ਤਰ੍ਹਾਂ ਦੇ ਵਿਆਹ ਹੋਏ ਜਿਸ ਵਿੱਚ ਮੰਡਪ ਵਿੱਚ ਬੈਠੀ ਲਾੜੀ ਨੇ ਲਾੜੇ ਦੇ ਗਲ ਵਿੱਚ ਮੰਗਲਸੂਤਰ ਪਾਇਆ।

ਇਹ ਵਿਆਹ ਮੁੱਦੇਬਿਹਾਲ ਤਾਲੁਕਾ ਨੇ ਨਾਲਤਵਾੜ ਵਿੱਚ ਹੋਏ।

ਇਨ੍ਹਾਂ ਵਿਆਹਾਂ ਦੀ ਚਰਚਾ ਅਖਬਾਰਾਂ ਵਿੱਚ ਵੀ ਹੋਈ ਜਿਸ ਨੂੰ ਵੇਖ ਕੇ ਕਈ ਲੋਕਾਂ ਨੇ ਕਿਹਾ, ''''ਬੇਹੱਦ ਅਜੀਬ, ਇਹ ਕੀ ਹੋ ਰਿਹਾ ਹੈ?''''

ਸਰਕਾਰੀ ਕਰਮਚਾਰੀ ਅਸ਼ੋਕ ਬਾਰਾਗੁੰਡੀ ਦੇ ਪਰਿਵਾਰ ਨੂੰ ਆਪਣੇ ਬੇਟੇ ਤੇ ਭਤੀਜੇ ਦੇ ਵਿਆਹ ''ਤੇ ਹੋ ਰਹੀ ਇਸ ਚਰਚਾ ''ਤੇ ਹੈਰਾਨੀ ਹੈ।

ਉਨ੍ਹਾਂ ਬੀਬੀਸੀ ਨੂੰ ਦੱਸਿਆ, ''''ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ, ਸਾਡੇ ਪਰਿਵਾਰ ਵਿੱਚ ਅਜਿਹੇ ਕਈ ਵਿਆਹ ਹੋਏ ਹਨ।''''

ਇਹ ਵੀ ਪੜ੍ਹੋ:

ਇਸ ਵਿਆਹ ਵਿੱਚ ਕੀ ਖਾਸ ਸੀ?

12ਵੀਂ ਸਦੀ ਦੇ ਸਮਾਜ ਸੁਧਾਰਕ ਭਗਵਾਨ ਬਾਸਵੰਨਾ ਦੀ ਮੂਰਤੀ ਦੇ ਥੱਲੇ ਇੱਕ ਛੋਟਾ ਜਿਹਾ ਮੰਡਪ ਬਣਿਆ ਸੀ ਜਿਸ ਵਿੱਚ ਦੋ ਲਾੜੇ ਤੇ ਦੋ ਲਾੜੀਆਂ ਬੈਠੀਆਂ ਸਨ।

ਦੋਵੇਂ ਲਾੜਿਆਂ ਨੂੰ ਰੁਦਰਾਕਸ਼ ਦੀ ਬਣੀਆਂ ਦੋ ਮਾਲਾਵਾਂ ਦਿੱਤੀਆਂ ਗਈਆਂ। ਇਹ ਭਾਰਤ ਦੇ ਦੂਜੇ ਹਿੱਸਿਆਂ ਵਿੱਚ ਪਹਿਣਿਆ ਜਾਣ ਵਾਲਾ ਮੰਗਲਸੂਤਰ ਵਰਗਾ ਹੀ ਹੁੰਦਾ ਹੈ।

ਦੋਹਾਂ ਨੇ ਇਸ ਨੂੰ ਆਪਣੀਆਂ ਲਾੜੀਆਂ ਦੇ ਗਲ ਵਿੱਚ ਬੰਨ ਦਿੱਤਾ।

ਇਸ ਤੋਂ ਤੁਰੰਤ ਬਾਅਦ ਦੋਵੇਂ ਲਾੜੀਆਂ ਨੂੰ ਇਹੀ ਮਾਲਾ ਦਿੱਤੀ ਗਈ ਜੋ ਉਨ੍ਹਾਂ ਨੇ ਲਾੜਿਆਂ ਨੂੰ ਪਾਈ।

ਇਸ ਤੋਂ ਬਾਅਦ ਦੋਵੇਂ ਜੋੜਿਆਂ ਨੂੰ ਹਾਰ ਦਿੱਤੇ ਗਏ ਜੋ ਉਨ੍ਹਾਂ ਨੇ ਇੱਕ ਦੂਜੇ ਨੂੰ ਪਹਿਣਾਏ।

ਪ੍ਰਭੂਰਾਜ ਸ਼ਾਂਬੁਲਿੰਗ ਅਤੇ ਅੰਕਿਤਾ ਨੇ ਇੱਕ ਦੂਜੇ ਨੂੰ ਮੰਗਲਸੂਤਰ ਪਹਿਣਾਇਆ
Baragundi family
ਪ੍ਰਭੂਰਾਜ ਸ਼ਾਂਬੁਲਿੰਗ ਅਤੇ ਅੰਕਿਤਾ ਨੇ ਇੱਕ ਦੂਜੇ ਨੂੰ ਮੰਗਲਸੂਤਰ ਪਹਿਣਾਇਆ

ਸਵਾਮੀਜੀ ਦੇ ਕਹਿਣ ''ਤੇ ਵਿਆਹ ਦੀਆਂ ਕਸਮਾਂ ਲਈ ਦੋਵੇਂ ਜੋੜੇ ਖੜੇ ਹੋਏ ਤੇ ਕੁਝ ਮੰਤਰ ਦੁਹਰਾਉਣ ਲੱਗੇ। ਜਿਵੇਂ ਕਿ ''''ਵਿਆਹ ਸਿਰਫ ਸਰੀਰਕ ਸਬੰਧ ਨਹੀਂ ਹੈ, ਅਸੀਂ ਇੱਕ ਦੂਜੇ ਨੂੰ ਸਮਝਾਂਗੇ, ਅਸੀਂ ਈਰਖਾ ਤੇ ਅੰਧਵਿਸ਼ਵਾਸ ਤੋਂ ਦੂਰ ਰਹਾਂਗੇ।''''

''''ਅਸੀਂ ਹੋਰਾਂ ਦੇ ਪੈਸਿਆਂ ''ਤੇ ਨਜ਼ਰ ਨਹੀਂ ਰੱਖਾਂਗੇ, ਲਾਲਚ ਨਹੀਂ ਕਰਾਂਗੇ, ਬੁਰੀਆਂ ਆਦਤਾਂ ਵਿੱਚ ਨਹੀਂ ਪਵਾਂਗੇ।''''

ਕਸਮਾਂ ਦੀ ਇਸ ਰਸਮ ਤੋਂ ਬਾਅਦ ਹੋਰ ਵਿਆਹਾਂ ਵਾਂਗ ਲਾੜੇ ਲਾੜੀ ''ਤੇ ਰੰਗ ਕੀਤੇ ਹੋਏ ਚੌਲ ਨਹੀਂ ਸੁੱਟੇ ਜਾਂਦੇ ਬਲਕਿ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਜਾਂਦਾ ਹੈ। ਨਾ ਹੀ ਵਿਆਹ ਵਿੱਚ ਕੰਨਿਆਦਾਨ ਦੀ ਰਸਮ ਹੁੰਦੀ ਹੈ।

ਲਾੜੇ ਅਤੇ ਲਾੜੀ ਨੂੰ ਆਸ਼ੀਰਵਾਦ ਦੇਣ ਦੇ ਨਾਲ ਦੋਵੇਂ ਵਿਆਹ ਮੁਕੰਮਲ ਹੋਏ। ਇਨ੍ਹਾਂ ਵਿਆਹਾਂ ਵਿੱਚ ਕੋਈ ਹਵਨ ਨਹੀਂ ਹੋਇਆ ਅਤੇ ਨਾ ਹੀ ਫੇਰੇ ਲਏ ਗਏ।

ਹੋਰ ਤਾਂ ਹੋਰ ਇਸ ਵਿਆਹ ਲਈ ਕੋਈ ਸ਼ੁੱਭ ਮਹੂਰਤ ਵੀ ਨਹੀਂ ਕੱਢਿਆ ਗਿਆ ਸੀ।

ਮਹਿਲਾ ਦਾ ਸਨਮਾਨ

ਬਾਰਾਗੁੰਡੀ ਤੇ ਦੁੱਗਾਡੀ ਪਰਿਵਾਰਾਂ ਦੇ ਇਨ੍ਹਾਂ ਦੋ ਵਿਆਹਾਂ ਵਿੱਚ ਜਿਹੜੀਆਂ ਰਸਮਾਂ ਦਾ ਪਾਲਨ ਹੋਇਆ ਹੈ, ਉਹ ਭਗਵਾਨ ਬਾਸਵੰਨਾ ਨੂੰ ਮੰਨਣ ਵਾਲੇ ਲਿੰਗਾਯਤਾਂ ਲਈ ਨਵਾਂ ਨਹੀਂ ਹੈ।

ਬੰਬੇ ਕਰਨਾਟਕ ਤੇ ਹੈਦਰਾਬਾਦ ਕਰਨਾਟਕ ਦੇ ਇਲਾਕੇ ਵਿੱਚ ਵਸੇ ਲਿੰਗਾਯਤ ਭਾਈਚਾਰੇ ਨਾਲ ਜੁੜੇ ਲੋਕਾਂ ਵਿੱਚ ਇਹ ਰਸਮਾਂ ਆਮ ਹਨ, ਇਹ ਵੀਰਸ਼ੈਵ ਲਿੰਗਾਯਤਾਂ ਦੀਆਂ ਰਸਮਾਂ ਤੋਂ ਵੱਖ ਹਨ ਜੋ ਵੈਦਿਕ ਰੀਤੀ ਰਿਵਾਜ਼ਾਂ ਨੂੰ ਮੰਨਦੇ ਹਨ।

ਇਲਕਲ ਮਠ ਦੇ ਮਰਹੂਮ ਡਾਕਟਰ ਮਹੰਤ ਸਵਾਮੀਗਾਲੂ ਚਿਤਾਰਾਗੀ ਨੂੰ ਮੰਨਣ ਵਾਲੇ ਇਸੇ ਰਿਤੀ ਰਿਵਾਜ਼ ਦਾ ਪਾਲਨ ਕਰਦੇ ਹਨ।

ਉਨ੍ਹਾਂ ਕਿਹਾ, ''''ਉਨ੍ਹਾਂ ਦਹੇਜ ਦੀ ਪ੍ਰਥਾ ਨੂੰ ਖਤਮ ਕਰਨ ਲਈ ਇਹ ਮੁਹਿੰਮ ਚਲਾਈ ਸੀ ਤੇ ਉਨ੍ਹਾਂ 12ਵੀਂ ਸਦੀ ਵਿੱਚ ਭਗਵਾਨ ਬਾਸਵੰਨਾ ਦੇ ਦੱਸੇ ਰਿਤੀ ਰਿਵਾਜ਼ਾਂ ਦਾ ਪਾਲਨ ਕੀਤਾ। ਉਨ੍ਹਾਂ ਦਾ ਮੰਨਣਾ ਸੀ ਕਿ ਔਰਤਾਂ ਨੂੰ ਦਾਨ ਦੇ ਰੂਪ ਵਿੱਚ ਨਹੀਂ ਦਿੱਤਾ ਜਾਣਾ ਚਾਹੀਦਾ ਹੈ।''''

''''ਜੇ ਤੁਸੀਂ ਆਪਣੀ ਧੀ ਨੂੰ ਦਾਨ ਵਿੱਚ ਦਿੰਦੇ ਹੋ ਤਾਂ ਉਸਦਾ ਮੁੱਲ ਘੱਟ ਜਾਂਦਾ ਹੈ, ਇਸ ਕਾਰਨ ਦੂਜਾ ਸ਼ਖਸ ਉਸ ਨਾਲ ਮਾੜਾ ਵਤੀਰਾ ਕਰ ਸਕਦਾ ਹੈ।''''

ਇਹ ਵੀ ਪੜ੍ਹੋ:

ਉਨ੍ਹਾਂ ਅੱਗੇ ਕਿਹਾ, ''''ਲਾੜੇ ਨੂੰ ਮੰਗਲਸੂਤਰ ਪਹਿਨਾਉਣ ਦੀ ਪੂਰੀ ਧਾਰਣਾ ਇੱਕ ਤਰ੍ਹਾਂ ਦਾ ਨੈਤਿਕ ਦਬਾਅ ਬਣਾਉਣ ਲਈ ਹੈ ਤਾਂ ਜੋ ਮਰਦ ਕਿਸੇ ਹੋਰ ਨਾਲ ਵਿਆਹ ਨਾ ਕਰੇ ਜਾਂ ਫਿਰ ਕਿਸੇ ਹੋਰ ਮਹਿਲਾ ਨਾਲ ਸਬੰਧ ਨਾ ਰੱਖੇ।''''

ਕੀ ਹੋਰ ਔਰਤਾਂ ਵਾਂਗ, ਅਮਿਤ ਬਾਰਾਗੁੰਡੀ ਵੀ ਹਮੇਸ਼ਾ ਮੰਗਲਸੂਤਰ ਪਹਿਣ ਕੇ ਰੱਖਣਗੇ?

ਅਮਿਤ ਨੇ ਕਿਹਾ, ''''ਹਾਂ ਮੈਂ ਇਸ ਨੂੰ ਹਮੇਸ਼ਾ ਪਹਿਣ ਕੇ ਰੱਖਾਂਗਾ। ਇਹ ਰੀਤੀ ਰਿਵਾਜ਼ ਇਹੀ ਵਿਖਾਉਂਦੇ ਹਨ ਕਿ ਔਰਤਾਂ ਤੇ ਮਰਦ ਬਰਾਬਰ ਹਨ।''''

''''ਮੈਨੂੰ ਨਹੀਂ ਲਗਦਾ ਕਿ ਇਸ ਮਾਲਾ ਨਾਲ ਪੁਰੁਸ਼ ''ਤੇ ਕੋਈ ਨੈਤਿਕ ਦਬਾਅ ਪੈਂਦਾ ਹੈ, ਸਾਰਾ ਕੁਝ ਔਰਤ ਤੇ ਮਰਦ ਦੀ ਆਪਸੀ ਸਮਝ ''ਤੇ ਨਿਰਭਰ ਕਰਦਾ ਹੈ।''''

ਪ੍ਰੀਆ ਤੇ ਅਮਿਤ ਬਾਰਾਗੁੰਡੀ
Baragundi family

ਅਮਿਤ ਬਾਰਾਗੁੰਡੀ ਇੱਕ ਸੌਫਟਵੇਅਰ ਇੰਜੀਨਿਅਰ ਹਨ ਅਤੇ ਆਸਟਰੇਲੀਆ ਵਿੱਚ ਇੱਕ ਆਈਟੀ ਕੰਪਨੀ ਲਈ ਕੰਮ ਕਰਦੇ ਹਨ।

ਅਮਿਤ ਨੇ ਅੰਤਰਜਾਤੀ ਵਿਆਹ ਕਰਵਾਇਆ ਹੈ। ਉਨ੍ਹਾਂ ਦੀ ਪਤਨੀ ਪ੍ਰੀਆ ਨੇ ਦੱਸਿਆ, ''''ਇਹ ਵੱਖਰਾ ਤਜਰਬਾ ਹੈ। ਮੇਰੇ ਸਹੁਰਿਆਂ ਨੇ ਸਾਬਤ ਕੀਤਾ ਹੈ ਕਿ ਮਰਦ ਤੇ ਔਰਤ ਬਰਾਬਰ ਹਨ।''''

''''ਪਹਿਲੀ ਵਾਰ ਇਹ ਸੁਣਕੇ ਕਿ ਲਾੜਾ ਮੰਗਲਸੂਤਰ ਪਾਵੇਗਾ, ਮੈਨੂੰ ਵੀ ਹੈਰਾਨੀ ਹੋਈ ਸੀ।''''

ਪ੍ਰੀਆ ਨੇ ਦੱਸਿਆ ਕਿ ਅਮਿਤ ਨੇ ਉਨ੍ਹਾਂ ਨੂੰ ਵਾਅਦਾ ਕੀਤਾ ਹੈ ਕਿ ਉਹ ਹਮੇਸ਼ਾ ਮੰਗਲਸੂਤਰ ਪਾ ਕੇ ਰੱਖਣਗੇ।

ਤੁਸੀਂ ਇਹੀ ਵੀਡੀਓਜ਼ ਵੀ ਦੇਖ ਸਕਦੇ ਹੋ:

https://www.youtube.com/watch?v=TTEQaXg-Uzc

https://www.youtube.com/watch?v=z_S-WHVvRtI&t=21s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News