ਨਿਊਜ਼ੀਲੈਂਡ ਹਮਲਾ: ਸੋਸ਼ਲ ਮੀਡੀਆ ''''ਤੇ ਇੰਝ ਵਾਇਰਲ ਹੋਇਆ ਹਮਲੇ ਦਾ ਵੀਡੀਓ

Saturday, Mar 16, 2019 - 06:15 PM (IST)

ਨਿਊਜ਼ੀਲੈਂਡ ਦੇ ਕਰਾਈਸਟਚਰਚ ਵਿੱਚ ਹਮਲਾਵਰ ਨੇ ਮਸਜਿਦ ਅੰਦਰ ਗੋਲੀਆਂ ਚਲਾ ਕੇ 49 ਲੋਕਾਂ ਦੀ ਜਾਨ ਲੈ ਲਈ ਅਤੇ ਇਸ ਦੌਰਾਨ ਫੇਸਬੁੱਕ ''ਤੇ ਇਹ ਸਾਰੀ ਘਟਨਾ ਲਾਈਵ ਸਟ੍ਰੀਮ ਕੀਤੀ।

ਇਸ ਤੋਂ ਬਾਅਦ ਸੋਸ਼ਲ ਮੀਡੀਆ ਪੇਜ ਇਸ ਵੀਡੀਓ ਨੂੰ ਹਟਾਉਣ ਦੀ ਦੌੜ ਵਿੱਚ ਲੱਗ ਗਏ, ਕਿਉਂਕਿ ਇਹ ਤੇਜ਼ੀ ਨਾਲ ਸ਼ੇਅਰ ਹੋਣ ਲੱਗਿਆ।

ਸੋਸ਼ਲ ਮੀਡੀਆ ਰਾਹੀਂ ਇਹ ਕੁਝ ਨਿਊਜ਼ ਵੈੱਬਸਾਈਟਸ ਦੇ ਮੁੱਖ ਪੇਜਾਂ ਤੱਕ ਪਹੁੰਚ ਗਿਆ।

ਇਸ ਨਾਲ ਇੱਕ ਵਾਰ ਫਿਰ ਸਾਬਤ ਹੋਇਆ ਹੈ ਕਿ ਸੋਸ਼ਲ ਮੀਡੀਆ ਪਲੈਟਫਾਰਮ ਜਿਵੇਂ ਕਿ ਫੇਸਬੁੱਕ, ਟਵਿੱਟਰ, ਰੈੱਡਿਟ ਤੇ ਯੂ-ਟਿਊਬ ਸੱਜੇ-ਪੱਖੀ ਅੱਤਵਾਦ ਨੂੰ ਰੋਕਣ ਵਿੱਚ ਨਾਕਾਮਯਾਬ ਹੋਏ ਹਨ।

ਹਾਲਾਂਕਿ ਦੂਜੇ ਪਾਸੇ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਗੁਜ਼ਾਰਿਸ਼ ਕੀਤੀ ਕਿ ਇਸ ਵੀਡੀਓ ਨੂੰ ਹੋਰ ਨਾ ਸਾਂਝਾ ਕੀਤਾ ਜਾਏ। ਇੱਕ ਯੂਜ਼ਰ ਨੇ ਲਿਖਿਆ, ''''ਅੱਤਵਾਦੀ ਇਹੀ ਤਾਂ ਚਾਹੁੰਦਾ ਸੀ''''।

ਇਹ ਵੀ ਪੜ੍ਹੋ:

ਕਿਵੇਂ ਸਾਂਝਾ ਕੀਤਾ ਗਿਆ ਵੀਡੀਓ?

  • ਹਮਲੇ ਤੋਂ ਠੀਕ 10 ਤੋਂ 20 ਮਿੰਟ ਪਹਿਲਾਂ ਇੱਕ ਵੈੱਬਸਾਈਟ ''8 ਚੈਨ'' ਨੇ ਇੱਕ ਪੋਸਟ ਸ਼ੋਅਰ ਕੀਤੀ। ਇਸ ਵਿੱਚ ਹਮਲੇ ਦੇ ਸ਼ੱਕੀ ਦੇ ਫੇਸਬੁੱਕ ਪੇਜ ਦਾ ਲਿੰਕ ਦਿੱਤਾ ਗਿਆ ਸੀ।
  • ਇਸ ਪੇਜ ''ਤੇ ਹੀ ਸ਼ੱਕੀ ਨੇ ਹਮਲੇ ਨੂੰ ਲਾਈਵ ਸਟ੍ਰੀਮ ਕੀਤਾ ਸੀ ਅਤੇ ਕੁਝ ਦਸਤਾਵੇਜ਼ ਵੀ ਸਾਂਝੇ ਕੀਤੇ ਸਨ ਜੋ ਨਫਰਤ ਭਰੇ ਵਿਚਾਰ ਸਨ।
  • ਜਦੋਂ ਤੱਕ ਫੇਸਬੁੱਕ ਇਸ ਨੂੰ ਹਟਾਉਂਦਾ ਓਦੋਂ ਤੱਕ ਉਸ ਨੂੰ ਡਾਊਨਲੋਡ ਕਰਕੇ ਪਲੈਟਫੌਰਮ ''ਤੇ ਵਾਇਰਲ ਕੀਤਾ ਜਾ ਚੁੱਕਿਆ ਸੀ।
  • ਵੀਡੀਓ ਨੂੰ ਹਟਾਏ ਜਾਣ ਤੋਂ ਬਾਅਦ ਵੀ ਇਸ ਨੂੰ ਸੋਸ਼ਲ ਮੀਡੀਆ ''ਤੇ ਵੇਖਿਆ ਜਾ ਸਕਦਾ ਸੀ। ਜਿਸ ਰਫਤਾਰ ਨਾਲ ਇਸ ਨੂੰ ਫੇਸਬੁੱਕ, ਯੂ-ਟਿੂਬ ਤੋਂ ਹਟਾਇਆ ਗਿਆ ਓਨੀ ਹੀ ਤੇਜ਼ੀ ਨਾਲ ਇਸ ਨੂੰ ਦੋਬਾਰਾ ਕਈ ਯੂ-ਟਿਊਬ ਚੈਨਲਜ਼ ''ਤੇ ਅਪਲੋਡ ਵੀ ਕੀਤਾ ਗਿਆ।
  • ਆਸਟਰੇਲੀਆ ਦੇ ਕਈ ਮੀਡੀਆ ਬਰੌਡਕਾਸਟਰਸ ਨੇ ਵੀ ਇਸ ਵੀਡੀਓ ਨੂੰ ਚਲਾਇਆ ਅਤੇ ਕਈ ਅਖਬਾਰਾਂ ਨੇ ਵੀ।
  • ਬੱਜ਼ਫੀਡ ਦੇ ਪੱਤਰਕਾਰ ਰੇਆਨ ਮੈਕ ਨੇ ਇਸ ਵੀਡੀਓ ਨੂੰ ਸਾਂਝਾ ਕਰਨ ਵਾਲਿਆਂ ਦੀ ਟਾਈਮਲਾਈਨ ਬਣਾਈ ਜਿਸ ਵਿੱਚ ਸਾਹਮਣੇ ਆਇਆ ਕਿ ਕਈ ਵੈਰੀਫਾਈਡ ਟਵਿੱਟਰ ਅਕਾਊਂਟਸ ਜਿਨ੍ਹਾਂ ਦੀ ਫੌਲੋਇੰਗ 694000 ਹੈ, ਉਨ੍ਹਾਂ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।

ਸੋਸ਼ਲ ਮੀਡੀਆ ਕੰਪਨੀਆਂ ਨੇ ਕੀ ਕਿਹਾ?

ਸਾਰੀ ਸੋਸ਼ਲ ਮੀਡੀਆ ਕੰਪਨੀਆਂ ਨੇ ਪੀੜਤਾਂ ਲਈ ਦੁੱਖ ਜਤਾਇਆ। ਉਨ੍ਹਾਂ ਨੇ ਇਸ ਲਾਈਵ ਵੀਡੀਓ ਨੂੰ ਹਟਾਉਣ ਵਿੱਚ ਤੇਜ਼ੀ ਵਿਖਾਈ।

ਫੇਸਬੁੱਕ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੇ ਹਮਲਾਵਰ ਦੇ ਫੇਸਬੁੱਕ ਤੇ ਇੰਨਸਟਾਗ੍ਰਾਮ ਅਕਾਊਂਟ ਤੋਂ ਇਸ ਨੂੰ ਹਟਾ ਦਿੱਤਾ ਹੈ। ਨਾਲ ਹੀ ਉਹ ਇਸ ਹਮਲੇ ਅਤੇ ਹਮਲਾਵਰ ਦੀ ਸਿਫਤ ਕਰਨ ਵਾਲੇ ਵੀਡੀਓਜ਼ ਨੂੰ ਵੀ ਹਟਾ ਰਹੇ ਹਨ।

https://twitter.com/fbnewsroom/status/1106417244412624896

ਦੂਜੇ ਪਾਸੇ ਯੂ-ਟਿਊਬ ਨੇ ਕਿਹਾ ਕਿ ਇਸ ਹਮਲੇ ਨਾਲ ਜੁੜੇ ਸਾਰੇ ਹਿੰਸਾ ਵਾਲੇ ਵੀਡੀਓਜ਼ ਨੂੰ ਹਟਾਉਣ ਦਾ ਕੰਮ ਜਾਰੀ ਹੈ।

https://twitter.com/YouTube/status/1106431532976074753

ਹਾਲ ਹੀ ਵਿੱਚ ਸੋਸ਼ਲ ਮੀਡੀਆ ਕੰਪਨੀਆਂ ਨੇ ਸੱਜੇ-ਪੱਖੀ ਅੱਤਵਾਦ ਨੂੰ ਆਪਣੇ ਪਲੈਟਫੌਰਮਜ਼ ''ਤੇ ਰੋਕਣ ਲਈ ਕੀ-ਕੀ ਕੀਤਾ ਹੈ?

2017 ਵਿੱਚ ਟਵਿੱਟਰ ਨੇ ਕਈ ਸੱਜੇ-ਪੱਖੀ ਅੱਤਵਾਦੀਆਂ ਅਤੇ ਨਫਰਤ ਫੈਲਾਉਣ ਵਾਲੇ ਕਈ ਅਕਾਊਂਟਸ ਨੂੰ ਬਲਾਕ ਕਰ ਦਿੱਤਾ ਸੀ।

ਉਨ੍ਹਾਂ ਨੇ ਰਿਚਰਡ ਸਪੈਂਸਰ ਦਾ ਅਕਾਊਂਟ ਵੀ ਬਲਾਕ ਕਰ ਦਿੱਤਾ ਸੀ। ਉਹ ਇੱਕ ''ਅਮਰੀਕੀ ਸ਼ਵੇਤ ਰਾਸ਼ਟਰਵਾਦੀ'' ਹਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸ਼ਬਦ ''ਆਲਟਰਨੇਟਿਵ ਰਾਈਟ'' ਦਾ ਇਸਤੇਮਾਲ ਕੀਤਾ ਸੀ।

ਫੇਸਬੁੱਕ ਨੇ 2018 ਵਿੱਚ ਉਨ੍ਹਾਂ ਦਾ ਅਕਾਊਂਟ ਬਲਾਕ ਕਰ ਦਿੱਤਾ ਸੀ। ਫੇਸਬੁੱਕ ਨੇ ਇਸ ਦੇ ਪਿੱਛੇ ਇਹ ਤਰਕ ਦਿੱਤਾ ਕਿ ਉਨ੍ਹਾਂ ਲਈ ਸਪੈਂਸਰ ਦੇ ਨਫਰਤ ਫੈਲਾਉਣ ਵਾਲੇ ਭਾਸ਼ਣ ਤੇ ਸਿਆਸੀ ਭਾਸ਼ਣਾਂ ਵਿੱਚ ਫਰਕ ਕਰਨਾ ਔਖਾ ਹੋ ਰਿਹਾ ਸੀ।

ਇਹ ਵੀ ਪੜ੍ਹੋ:

ਕੀ ਕਰ ਸਕਦੇ ਹਨ ਸੋਸ਼ਲ ਮੀਡੀਆ ਪਲੈਟਫੌਰਮ?

ਸਰੀ ਯੁਨੀਵਰਸਿਟੀ ਦੇ ਰਾਜਨੀਤਕ ਸ਼ਾਸਤਰ ਦੇ ਮਾਹਿਰ ਡਾ. ਸਿਆਰਨ ਜਿਲੈਸਪਾਈ ਮੁਤਾਬਕ ਸਮੱਸਿਆ ਵੀਡੀਓ ''ਤੇ ਕਿਤੇ ਅੱਗੇ ਵੱਧ ਚੁੱਕੀ ਹੈ।

ਉਨ੍ਹਾਂ ਕਿਹਾ, ''''ਇਸ ਤਰ੍ਹਾਂ ਦੇ ਵੀਡੀਓਜ਼ ਨੂੰ ਰੋਕਣ ਵਿੱਚ ਸੋਸ਼ਲ ਮੀਡੀਆ ਕੰਪਨੀਆਂ ਤੇਜ਼ੀ ਵਿਖਾ ਰਹੀਆਂ ਹਨ, ਪਰ ਪਲੈਟਫਾਰਮ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਹੈ ਕਿ ਜੇ ਇੱਕ ਵਾਰ ਵੀਡੀਓ ਸ਼ੇਅਰ ਹੋਣਾ ਸ਼ੁਰੂ ਹੋ ਜਾਵੇ ਤਾਂ ਇਸ ਨੂੰ ਰੋਕਣਾ ਮੁਮਕਿਨ ਨਹੀਂ ਹੁੰਦਾ।''''

''''ਪਰ ਇਸ ਤਰ੍ਹਾਂ ਦੇ ਕੰਟੈਂਟ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਸਾਵਧਾਨੀ ਵਰਤਦੇ ਹੋਏ ਰੋਕਿਆ ਜਾ ਸਕਦਾ ਹੈ।''''

ਉਨ੍ਹਾਂ ਕਿਹਾ ਕਿ ਰਿਸਰਚਰ ਹੋਣ ਦੇ ਨਾਅਤੇ ਉਹ ਯੂ-ਟਿਊਬ ਦਾ ਇਸਤੇਮਾਲ ਕਰਦੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਸੱਜੇ-ਪੱਖੀ ਵਿਚਾਰਧਾਰਾ ਨਾਲ ਜੁੜਿਆ ਸਮਾਨ ਮਿਲਦਾ ਰਹਿੰਦਾ ਹੈ।

ਉਨ੍ਹਾਂ ਮੁਤਾਬਕ ਇਸ ਬਾਰੇ ਯੂ-ਟਿਊਬ ਨੂੰ ਕਾਫੀ ਕੰਮ ਕਰਨ ਦੀ ਲੋੜ ਹੈ, ਕਿਉਂਕਿ ਉਸ ਚੈਨਲ ''ਤੇ ਸੱਜੇ-ਪੱਖੀ ਵਿਚਾਰਧਾਰਾ ਅਤੇ ਨਸਲਵਾਦੀ ਸਮਾਨ ਦਾ ਭੰਡਾਰ ਹੈ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

https://www.youtube.com/watch?v=y1mc7wJZU-k

https://www.youtube.com/watch?v=one3KR9Ier4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News