ਖਡੂਰ ਸਾਹਿਬ ਤੋਂ ਜਗੀਰ ਕੌਰ ਨੂੰ ਅਕਾਲੀ ਦਲ ਨੇ ਉਮੀਦਵਾਰ ਕਿਉਂ ਬਣਾਇਆ

Tuesday, Mar 12, 2019 - 07:31 PM (IST)

ਬੀਬੀ ਜਗੀਰ ਕੌਰ
Getty Images

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਬੀਬੀ ਜਾਗੀਰ ਕੌਰ ਨੂੰ ਉਮੀਦਵਾਰ ਐਲਾਨ ਕੇ ਅਕਾਲੀ ਦਲ ਨੇ ਰਸਮੀ ਚੋਣ ਜੰਗ ਦਾ ਨਗਾਰਾ ਵਜਾ ਦਿੱਤਾ ਹੈ।

ਬੀਬੀ ਜਾਗੀਰ ਕੌਰ ਕਪੂਰਥਲਾ ਜ਼ਿਲ੍ਹੇ ਦੇ ਭੁਲੱਥ ਹਲਕੇ ਨਾਲ ਸਬੰਧਿਤ ਹਨ। ਉਹ ਪੰਜਾਬ ਦੇ ਸਾਬਕਾ ਮੰਤਰੀ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ''ਤੇ ਰਹਿ ਚੁੱਕੇ ਹਨ।

ਬੀਬੀ ਜਾਗੀਰ ਕੌਰ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਵਫਾਦਾਰ ਸਿਆਸੀ ਆਗੂ ਵਜੋਂ ਦੇਖਿਆ ਜਾਂਦਾ ਹੈ।

ਬੀਬੀ ਜਾਗੀਰ ਕੌਰ ਦਾ ਪਰਿਵਾਰਕ ਪਿਛੋਕੜ ਇੱਕ ਧਾਰਮਿਕ ਡੇਰੇ ਦਾ ਹੈ। ਉਨ੍ਹਾਂ ਦੇ ਰਿਸ਼ਤੇਦਾਰ ਸੰਤ ਪ੍ਰੇਮ ਸਿੰਘ ਮੁਰਾਰੇਵਾਲੇ ਵੱਡੀ ਧਾਰਮਿਕ ਹਸਤੀ ਸਨ ਅਤੇ ਉਨ੍ਹਾਂ ਦੇ ਡੇਰੇ ਦਾ ਪ੍ਰਬੰਧ ਬੀਬੀ ਜਾਗੀਰ ਕੌਰ ਚਲਾਉਂਦੇ ਹਨ।

ਚੋਣ ਸਿਆਸਤ ਤੋਂ ਕਿਵੇਂ ਹੋਏ ਦੂਰ?

ਬੀਬੀ ਜਾਗੀਰ ਕੌਰ ਉੱਤੇ ਸਾਲ 2000 ਦੌਰਾਨ ਇਲਜ਼ਾਮ ਲਗਿਆ ਕਿ ਉਹ ਪ੍ਰੇਮ ਵਿਆਹ ਕਰਵਾਉਣ ਵਾਲੀ ਆਪਣੀ ਹੀ ਧੀ ਦੀ ਸ਼ੱਕੀ ਮੌਤ ਵਿੱਚ ਸ਼ਾਮਿਲ ਸਨ।

ਉਨ੍ਹਾਂ ਖਿਲਾਫ ਸੀਬੀਆਈ ਨੇ ਜਾਂਚ ਕੀਤੀ ਅਤੇ ਪਟਿਆਲਾ ਦੀ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਆਪਣੀ ਧੀ ਦੇ ਜਬਰਨ ਗਰਭਪਾਤ ਦੇ ਇਲਜ਼ਾਮ ਵਿੱਚ 5 ਸਾਲ ਦੀ ਸਜ਼ਾ ਸੁਣਾਈ ਸੀ। ਉਹ ਜ਼ਮਾਨਤ ਮਿਲਣ ਤੱਕ ਕੁਝ ਦੇਰ ਜੇਲ੍ਹ ਵਿੱਚ ਵੀ ਰਹੇ ਸਨ।

ਇਹ ਵੀ ਪੜ੍ਹੋ:

ਸਜ਼ਾ ਹੋਣ ਕਾਰਨ ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ਨਹੀਂ ਲੜ ਸਕੇ ਸਨ।

ਦਸੰਬਰ 2018 ਵਿੱਚ ਹਾਈ ਕੋਰਟ ਨੇ ਉਨ੍ਹਾਂ ਨੂੰ ਸਾਰੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਸੀ ਅਤੇ ਉਨ੍ਹਾਂ ਦਾ ਚੋਣ ਲੜਨ ਦਾ ਰਸਤਾ ਸਾਫ਼ ਹੋ ਗਿਆ ਸੀ।

ਬਾਦਲ ਪਰਿਵਾਰ ਨਾਲ ਵਫਾਦਾਰੀ

ਬੀਬੀ ਜਾਗੀਰ ਕੌਰ ਹਮੇਸ਼ਾ ਬਾਦਲ ਪਰਿਵਾਰ ਦੇ ਵਫਾਦਾਰ ਸਿਆਸੀ ਆਗੂ ਰਹੇ ਹਨ।

1990ਵਿਆਂ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਗੁਰਚਰਨ ਸਿੰਘ ਟੋਹੜਾ ਵਿਚਾਲੇ ਸਿਆਸੀ ਮਤਭੇਦ ਪੈਦਾ ਹੋ ਗਏ ਸਨ ਅਤੇ ਅਕਾਲੀ ਦਲ ਵੰਡਿਆ ਗਿਆ ਸੀ। ਉਸ ਵੇਲੇ ਬਾਦਲ ਨੇ ਜਾਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣਵਾਇਆ ਸੀ।

ਬੀਬੀ ਜਗੀਰ ਕੌਰ ਅਤੇ ਪ੍ਰਕਾਸ਼ ਸਿੰਘ ਬਾਦਲ
Getty Images

ਬਾਦਲ ਪਰਿਵਾਰ ਖਿਲਾਫ਼ ਕੈਪਟਨ ਅਮਰਿੰਦਰ ਦੀ ਪਹਿਲੀ ਸਰਕਾਰ (2002-07) ਅਤੇ ਮੌਜੂਦਾ ਸਰਕਾਰ ਵੱਲੋਂ ਪਾਏ ਗਏ ਕੇਸਾਂ ਦੀ ਪੁੱਛਗਿੱਛ ਦੌਰਾਨ ਵੀ ਬੀਬੀ ਜਾਗੀਰ ਕੌਰ ਉਨ੍ਹਾਂ ਨਾਲ ਹਮੇਸ਼ਾ ਦਿਖਦੇ ਰਹੇ ਹਨ।

ਹੁਣ ਅਕਾਲੀ ਦਲ ਪੰਜਾਬ ਵਿੱਚ ਟਕਸਾਲੀ ਅਕਾਲੀਆਂ ਦੀ ਬਗਾਵਤ ਝੱਲ ਰਿਹਾ ਹੈ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਹਾਰ ਦੇਖ ਚੁੱਕਿਆ ਹੈ। ਇਸ ਸੰਕਟ ਦੌਰਾਨ ਬਾਦਲ ਪਰਿਵਾਰ ਨੇ ਬੀਬੀ ਜਾਗੀਰ ਕੌਰ ਉੱਤੇ ਭਰੋਸਾ ਵਿਖਾਇਆ ਹੈ ਅਤੇ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਟਕਸਾਲੀ ਅਕਾਲੀ ਦਲ ਦਾ ਮਾਝੇ ਵਿੱਚ ਮੁੱਖ ਆਧਾਰ ਹੈ ਅਤੇ ਖਡੂਰ ਸਾਹਿਬ ਨੂੰ ਪੰਥਕ ਸੀਟ ਸਮਝਿਆ ਜਾਂਦਾ ਹੈ। ਇਸ ਪਰਿਪੇਖ ਵਿੱਚ ਅਕਾਲੀ ਦਲ ਨੇ ਟਕਸਾਲੀਆਂ ਨਾਲ ਟੱਕਰ ਲੈਣ ਦੀ ਜ਼ਿੰਮੇਵਾਰੀ ਬੀਬੀ ਜਾਗੀਰ ਕੌਰ ਨੂੰ ਦਿੱਤੀ ਹੈ।

ਸਿੱਖ ਪੰਥ ਦੀ ਸਿਆਸੀ ਸਰਜ਼ਮੀਨ ''ਤੇ ਬੀਬੀ ਜਗੀਰ ਕੌਰ ਇੱਕ ਵੱਡਾ ਨਾਂ ਹੈ। ਉਨ੍ਹਾਂ ਆਪਣੇ ਕਰੀਅਰ ਦੌਰਾਨ ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਦੇਖੇ ਹਨ।

ਆਓ ਜਾਣਦੇ ਹਾਂ ਉਨ੍ਹਾਂ ਦੇ ਸਿਆਸੀ ਅਤੇ ਧਾਰਮਿਕ ਜੀਵਨ ਬਾਰੇ ਕੁਝ ਖ਼ਾਸ ਗੱਲਾਂ -

  • ਬੀਬੀ ਜਗੀਰ ਕੌਰ ਦਾ ਜਨਮ 15 ਅਕਤੂਬਰ, 1954 ਨੂੰ ਪਿਤਾ ਗੋਦਾਰਾ ਸਿੰਘ ਦੇ ਘਰ ਜਲੰਧਰ ਜ਼ਿਲ੍ਹੇ ਦੇ ਪਿੰਡ ਭਟਨੂਰਾ ਲੁਬਾਣਾ ''ਚ ਹੋਇਆ।
  • ਚੰਡੀਗੜ੍ਹ ਦੇ ਸਰਕਾਰੀ ਕਾਲਜ (ਕੁੜੀਆਂ) ਤੋਂ ਉਨ੍ਹਾਂ ਗ੍ਰੈਜੁਏਸ਼ਨ ਕੀਤੀ ਅਤੇ ਐੱਮਜੀਐੱਨ ਕਾਲਜ ਜਲੰਧਰ ਤੋਂ ਬੀਐੱਡ ਦੀ ਡਿਗਰੀ ਹਾਸਲ ਕੀਤੀ। ਉਸ ਤੋਂ ਬਾਅਦ ਹੀ ਉਨ੍ਹਾਂ ਦੀ ਨਿਯੁਕਤੀ ਬਤੌਰ ਸਕੂਲ ਅਧਿਆਪਕਾ ਹੋਈ।
  • ਬੀਬੀ ਜਗੀਰ ਕੌਰ ਬੇਗੋਵਾਲ ਸੈਕੰਡਰੀ ਸਕੂਲ ਵਿੱਚ ਅਧਿਆਪਕਾ ਰਹਿ ਚੁੱਕੇ ਹਨ, ਉਨ੍ਹਾਂ ਦੇ ਪਤੀ ਦੀ ਮੌਤ ਬਰੇਨ ਕੈਂਸਰ ਕਾਰਨ 1982 ਵਿੱਚ ਹੋਈ ਸੀ।
  • ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ 1987 ਵਿੱਚ ਬੇਗੋਵਾਲ ਦੇ ਸੰਤ ਪ੍ਰੇਮ ਸਿੰਘ ਮੁਰਾਰੇਵਾਲਾ ਡੇਰੇ ਦੇ ਮੁਖੀ ਵਜੋਂ ਜ਼ਿੰਮੇਵਾਰੀ ਸੰਭਾਲੀ।
ਬੀਬੀ ਜਗੀਰ ਕੌਰ
Getty Images
  • ਮੁਰਾਰੇਵਾਲਾ ਡੇਰਾ ਦੀ ਮੁਖੀ ਬਣਨ ਤੋਂ ਬਾਅਦ ਹੀ ਬੀਬੀ ਜਗੀਰ ਕੌਰ ਸਮਾਜਿਕ ਤੇ ਧਾਰਮਿਕ ਗਲਿਆਰਿਆਂ ਵਿੱਚ ਨਾਮੀਂ ਆਗੂ ਵਜੋਂ ਉੱਭਰੇ।
  • ਲੁਬਾਣਾ ਭਾਈਚਾਰਾ ਦੇ ਆਗੂ ਅਤੇ ਜਗੀਰ ਕੌਰ ਦੇ ਸਹੁਰਾ ਬਾਵਾ ਹਰਨਾਮ ਸਿੰਘ ਡੇਰੇ ਦੇ ਮੁਖੀ ਸਨ।
  • 1995 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣੇ ਅਤੇ ਪਾਰਟੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦ ਹੋਏ।
  • ਲੁਬਾਣਾ ਭਾਈਚਾਰੇ ਵਿੱਚ ਚੰਗਾ ਪ੍ਰਭਾਵ ਰੱਖਣ ਕਰਕੇ 1996 ਵਿੱਚ ਜਗੀਰ ਕੌਰ ਐੱਸਜੀਪੀਸੀ ਦੇ ਮੈਂਬਰ ਬਣਾਏ ਗਏ।
  • 1997 ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਜਗੀਰ ਕੌਰ ਨੇ ਭੁਲੱਥ ਹਲਕੇ ਤੋਂ ਚੋਣ ਲੜੀ ਅਤੇ ਜਿੱਤਣ ਤੋਂ ਬਾਅਦ ਮੰਤਰੀ ਬਣੇ।
  • ਦੋ ਸਾਲਾਂ ਬਾਅਦ ਹੀ ਮਾਰਚ 1999 ਵਿੱਚ ਜਗੀਰ ਕੌਰ ਐੱਸਜੀਪੀਸੀ ਦੇ ਪਹਿਲੇ ਮਹਿਲਾ ਪ੍ਰਧਾਨ ਬਣੇ।

ਇਹ ਵੀ ਪੜ੍ਹੋ-

  • 2002 ਵਿੱਚ ਵਿਧਾਨ ਸਭਾ ਹਲਕਾ ਭੁਲੱਥ ਤੋਂ ਜਗੀਰ ਕੌਰ ਕਾਂਗਰਸ ਦੇ ਸੁਖਪਾਲ ਖਹਿਰਾ ਤੋਂ ਚੋਣ ਜਿੱਤੇ ਸਨ।
  • 2004 ਵਿੱਚ ਵੀ ਇੱਕ ਵਾਰ ਫ਼ੇਰ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਰ ਕਮੇਟੀ ਦੇ ਪ੍ਰਧਾਨ ਬਣੇ।
  • 2007 ਵਿੱਚ ਜਗੀਰ ਕੌਰ ਨੂੰ ਵੱਡਾ ਸਿਆਸੀ ਝਟਕਾ ਲਗਿਆ ਅਤੇ ਉਹ ਕਾਂਗਰਸ ਦੇ ਸੁਖਪਾਲ ਖਹਿਰਾ ਤੋਂ ਭੁਲੱਥ ਸੀਟ ਹਾਰ ਗਏ।
  • 2012 ਵਿੱਚ ਉਨ੍ਹਾਂ ਕਾਂਗਰਸ ਦੇ ਸੁਖਪਾਲ ਖਹਿਰਾ ਨੂੰ ਹਰਾ ਕੇ ਭੁਲੱਥ ਵਿਧਾਨ ਸਭਾ ਹਲਕੇ ''ਤੇ ਮੁੜ ਕਬਜ਼ਾ ਕੀਤਾ। ਅਕਾਲੀ-ਭਾਜਪਾ ਸਰਕਾਰ ''ਚ ਦੂਜੀ ਵਾਰ ਕੈਬਨਿਟ ਮੰਤਰੀ ਬਣੇ ਬੀਬੀ ਜਗੀਰ ਕੌਰ ਨੂੰ ਮਹਿਜ਼ 17 ਦਿਨਾਂ ਵਿੱਚ ਹੀ ਅਸਤੀਫ਼ਾ ਦੇਣਾ ਪਿਆ ਸੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

https://www.youtube.com/watch?v=7wAAnSTq1go

https://www.youtube.com/watch?v=9dCmDQFp5-k

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News