ਬ੍ਰੈਗਜ਼ਿਟ ਜੇ ਹੁਣ ਪਾਸ ਨਾ ਹੋਇਆ ਤਾਂ ਕੀ ਹੋਵੇਗਾ

Tuesday, Mar 12, 2019 - 03:46 PM (IST)

ਬ੍ਰੈਗਜ਼ਿਟ
Getty Images
ਬ੍ਰੈਗਜ਼ਿਟ ਬਾਰੇ ਸੋਧੇ ਹੋਏ ਸਮਝੌਤੇ ਉੱਤੇ ਵੋਟਿੰਗ ''ਤੇ ਬਹੁਤ ਕੁਝ ਨਿਰਭਰ ਰਹੇਗਾ

ਬਰਤਾਨਵੀ ਸੰਸਦ ਵਿੱਚ ਅੱਜ ਟੈਰੀਜ਼ਾ ਮੇਅ ਵੱਲੋਂ ਯੂਰਪੀ ਯੂਨੀਅਨ ਨਾਲ ਬ੍ਰੈਗਜ਼ਿਟ ਬਾਰੇ ਸੋਧੇ ਹੋਏ ਸਮਝੌਤੇ ਉੱਤੇ ਵੋਟਿੰਗ ਹੋ ਰਹੀ ਹੈ।

ਇਸ ਤੋਂ ਹੀ ਤੈਅ ਹੋਵੇਗਾ ਕਿ 29 ਮਾਰਚ ਦੀ ਮਿੱਥੀ ਹੋਈ ਤਰੀਕ ਨੂੰ ਬਰਤਾਨੀਆ ਯੂਰਪੀ ਯੂਨੀਅਨ ''ਚੋਂ ਨਿਕਲ ਸਕੇਗਾ ਜਾਂ ਨਹੀਂ।

ਇਸ ਸੋਧੇ ਹੋਏ ਸਮਝੌਤੇ ਬਾਰੇ ਬਰਤਾਨੀਆ ਦੇ ਅਟਾਰਨੀ ਜਰਨਲ ਸੰਸਦ ਸਾਹਮਣੇ ਆਪਣੀ ਕੀ ਰਾਇ ਰੱਖਦੇ ਹਨ, ਇਹ ਦੇਖਣਾ ਦਿਲਚਸਪ ਹੋਵੇਗਾ ਕਿਉਂਕਿ ਸੰਸਦ ਦੇ ਫ਼ੈਸਲੇ ਵਿੱਚ ਉਨ੍ਹਾਂ ਦੀ ਰਾਇ ਦੀ ਅਹਿਮ ਭੂਮਿਕਾ ਹੋਵੇਗੀ।

ਇਹ ਵੀਡੀਓ ਵੀ ਜ਼ਰੂਰ ਦੇਖੋ:

https://www.youtube.com/watch?v=liXoSPlZ8Ts

ਯੂਰਪੀ ਯੂਨੀਅਨ ਦੇ ਮੁਖੀ ਨੇ ਕਹਿ ਦਿੱਤਾ ਹੈ ਕਿ ਜੇ ਇਸ ਵਾਰ ਸਮਝੌਤਾ ਪਾਸ ਨਹੀਂ ਹੁੰਦਾ ਤਾਂ ਬਰਤਾਨੀਆ ਨੂੰ ਤੀਸਰਾ ਮੌਕਾ ਨਹੀਂ ਦਿੱਤਾ ਜਾਵੇਗਾ।

ਬ੍ਰੈਗਜ਼ਿਟ ਸਮਝੌਤੇ ਨੂੰ ਬਿਹਤਰ ਸਮਝਣ ਲਈ ਹੇਠਾਂ ਅਸੀਂ ਕੁਝ ਸਵਾਲਾਂ ਦੇ ਜਵਾਬ ਦੇ ਰਹੇ ਹਾਂ:

ਬਰਤਾਨੀਆ ਦੀ ਸੰਸਦ ਕਿਸ ਬਾਰੇ ਵੋਟਿੰਗ ਕਰ ਰਹੀ ਹੈ?

ਬਰਤਾਨੀਆ ਦੀ ਸੰਸਦ ਬ੍ਰੈਗਜ਼ਿਟ ਸਮਝੌਤੇ ਨੂੰ ਪਾਸ ਕਰਨ ਲਈ ਵੋਟਿੰਗ ਕਰ ਰਹੀ ਹੈ। ਜਿਸ ਨੂੰ ਪੂਰਾ ਕਰਨ ਲਈ ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਯੂਰਪੀ ਯੂਨੀਅਨ ਦੇ ਆਗੂਆਂ ਨਾਲ ਦੋ ਸਾਲ ਲਗਾਤਾਰ ਵਿਚਾਰ ਵਟਾਂਦਰਾ ਕੀਤਾ ਹੈ।

ਇਹ ਵੋਟ ਮਹੱਤਵਪੂਰਨ ਕਿਉਂ ਹੈ?

ਜੇ ਸਮਝੌਤਾ ਰੱਦ ਹੋ ਗਿਆ ਤਾਂ ਬਰਤਾਨੀਆ ਸਾਹਮਣੇ ਦੋ ਰਾਹ ਬਚਣਗੇ।

29 ਮਾਰਚ ਨੂੰ ਬਿਨਾਂ ਕਿਸੇ ਸਮਝੌਤੇ ਦੇ ਹੀ ਬਰਤਾਨੀਆ ਦਾ ਯੂਰਪੀ ਯੂਨੀਅਨ ਤੋਂ ਤੋੜ - ਵਿਛੋੜਾ ਹੋ ਜਾਵੇਗਾ ਜਾਂ ਇਸ ਦੀ ਤਰੀਕ ਅੱਗੇ ਵਧਾ ਦਿੱਤੀ ਜਾਵੇਗੀ।

ਟੈਰੀਜ਼ਾ ਮੇਅ
Reuters
ਜੇ ਸਮਝੌਤਾ ਪਾਸ ਹੁੰਦਾ ਹੈ ਤਾਂ ਬਰਤਾਨੀਆ 29 ਮਾਰਚ ਨੂੰ ਯੂਰਪੀ ਯੂਨੀਅਨ ਤੋਂ ਵੱਖ ਹੋ ਜਾਵੇਗਾ

ਜੇ ਸਮਝੌਤਾ ਪਾਸ ਹੁੰਦਾ ਹੈ ਤਾਂ ਬਰਤਾਨੀਆ 29 ਮਾਰਚ ਨੂੰ ਯੂਰਪੀ ਯੂਨੀਅਨ ਤੋਂ ਵੱਖ ਹੋ ਜਾਵੇਗਾ ਪਰ ਦੋਵਾਂ ਦੇ ਸਬੰਧਾਂ ਵਿੱਚ 2020 ਦੇ ਦਸੰਬਰ ਮਹੀਨੇ ਤੱਕ ਯਥਾ ਸਥਿਤੀ ਕਾਇਮ ਰਹੇਗੀ ਜਦੋਂ ਤੱਕ ਕਿ ਕੋਈ ਪੱਕਾ ਸਮਝੌਤਾ ਨਹੀਂ ਹੋ ਜਾਂਦਾ।

ਇਸ ਤੋਂ ਪਹਿਲਾਂ ਸੰਸਦ ਇਸ ਨੂੰ ਨਕਾਰ ਨਹੀਂ ਚੁੱਕੀ?

ਹਾਂ, ਬਿਲਕੁਲ। ਬਹੁਤ ਵੱਡੇ ਫਰਕ ਨਾਲ।

ਉਸ ਤੋਂ ਬਾਅਦ ਕੀ ਫਰਕ ਪਿਆ?

ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਯੂਰਪੀ ਯੂਨੀਅਨ ਤੋਂ ਲੋੜੀਂਦੀਆਂ ਸੋਧਾਂ ਸੋਮਵਾਰ ਨੂੰ ਹੀ ਪਾਸ ਕਰਵਾ ਲਈਆਂ ਹਨ, ਭਾਵ ਵੋਟਿੰਗ ਤੋਂ ਇੱਕ ਦਿਨ ਪਹਿਲਾਂ।

ਇਸ ਵਿੱਚ ਪਹਿਲੀ ਸੋਧ ਬਰਤਾਨੀਆ ਤੇ ਯੂਰਪੀ ਯੂਨੀਅਨ ਦਰਮਿਆਨ ਆਇਰਲੈਂਡ ਦੀ ਸਰਹੱਦ ਨੂੰ ਹਮੇਸ਼ਾ ਲਈ ਖੁੱਲ੍ਹਿਆਂ ਰੱਖਣਾ ਹੈ। ਜੇ ਇਹ ਸਰਹੱਦ ਬੰਦ ਕਰ ਕੇ ਬਰਤਾਨੀਆ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਉਹ ਯੂਰਪੀ ਯੂਨੀਅਨ ਖ਼ਿਲਾਫ਼ ਮੁਕੱਦਮਾ ਦਾਇਰ ਕਰ ਸਕੇਗਾ।

ਦੂਸਰੀ ਸੋਧ ਬਰਤਾਨੀਆ ਤੇ ਯੂਰਪੀ ਯੂਨੀਅਨ ਦਾ ਸਾਂਝਾ ਬਿਆਨ ਹੈ। ਇਹ ਬਰਤਾਨੀਆ ਤੇ ਯੂਰਪੀ ਯੂਨੀਅਨ ਦੇ ਭਵਿੱਖ ਦੇ ਰਿਸ਼ਤਿਆਂ ਬਾਰੇ ਹੈ।

ਜੇ ਇਸ ਵਾਰ ਵੀ ਸਮਝੌਤਾ ਰੱਦ ਹੋ ਗਿਆ?

ਜੇ ਇਹ ਸਮਝੌਤਾ ਸੰਸਦ ਨੇ ਪਾਸ ਨਾ ਕੀਤਾ ਤਾਂ ਇੱਕ ਹੋਰ ਵੋਟਿੰਗ ਕਰਵਾਈ ਜਾਵੇਗੀ। ਜਿਸ ਵਿੱਚ ਇਹ ਫੈਸਲਾ ਕੀਤਾ ਜਾਵੇਗਾ ਕਿ ਬਰਤਾਨੀਆ ਬਿਨਾਂ ਕਿਸੇ ਸਮਝੌਤੇ ਦੇ ਹੀ ਯੂਰਪੀ ਯੂਨੀਅਨ ਤੋਂ ਵੱਖ ਹੋ ਜਾਵੇ ਜਾਂ ਨਹੀਂ।

ਇਸ ਸੂਰਤ ਵਿੱਚ ਇੱਕ ਹੋਰ ਵੋਟਿੰਗ ਬੁੱਧਵਾਰ (13 ਮਾਰਚ) ਨੂੰ ਹੋ ਸਕਦੀ ਹੈ।

ਜੇ ਸੰਸਦ ਬਿਨਾਂ ਸਮਝੌਤੇ ਦੇ ਯੂਰਪੀ ਯੂਨੀਅਨ ਛੱਡਣ ਦਾ ਰਾਹ ਚੁਣਦੀ ਹੈ ਤਾਂ ਬਰਤਾਨੀਆ 29 ਮਾਰਚ ਨੂੰ ਬਿਨਾਂ ਸਮਝੌਤੇ ਦੇ ਹੀ ਯੂਰਪੀ ਯੂਨੀਅਨ ਤੋਂ ਵੱਖ ਹੋ ਜਾਵੇਗਾ।

ਟੈਰੀਜ਼ਾ ਮੇਅ
AFP

ਦੂਸਰੇ ਪਾਸੇ ਜੇ ਬਿਨਾਂ ਸਮਝੌਤੇ ਦੇ ਯੂਰਪੀ ਯੂਨੀਅਨ ਛੱਡਣ ਦਾ ਮਤਾ ਰੱਦ ਹੁੰਦਾ ਹੈ ਤਾਂ ਵੀਰਵਾਰ ਨੂੰ ਇਸ ਬਾਰੇ ਵੋਟਿੰਗ ਹੋ ਸਕਦੀ ਹੈ ਕਿ ਇਸ ਤੋੜ-ਵਿਛੋੜੇ ਨੂੰ ਅੱਗੇ ਪਾਇਆ ਜਾਵੇ ਜਾਂ ਨਹੀਂ।

ਕੀ ਇਹ ਬ੍ਰੈਗਜ਼ਿਟ ਬਾਰੇ ਫੈਸਲਾਕੁਨ ਵੋਟਿੰਗ ਹੈ?

ਜ਼ਰੂਰੀ ਨਹੀਂ। ਜੇ ਪ੍ਰਧਾਨ ਮੰਤਰੀ ਮੇਅ ਇਸ ਵਿੱਚ ਬਹੁਤ ਥੋੜ੍ਹੇ ਫਰਕ ਨਾਲ ਹਾਰਦੇ ਹਨ ਤਾਂ ਉਹ ਯੂਰਪੀ ਯੂਨੀਅਨ ਨੂੰ ਤੋੜ-ਵਿਛੋੜਾ ਕੁਝ ਦੇਰ ਅੱਗੇ ਪਾਉਣ ਲਈ ਬੇਨਤੀ ਕਰ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਕੁਝ ਹੋਰ ਸਮਾਂ ਮਿਲ ਜਾਵੇਗਾ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆ ਸਕਦੀਆਂ ਹਨ:

https://www.youtube.com/watch?v=HBx3-y9rCFI

https://www.youtube.com/watch?v=sJg7AGr9Ug0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News