ਪਾਕਿਸਤਾਨ ਵਿੱਚ ਕੌਮਾਂਤਰੀ ਮਹਿਲਾ ਦਿਵਸ: ''''ਜਦੋਂ ਔਰਤ ਬੋਲਦੀ ਹੈ ਤਾਂ ਉਸ ਨਾਲ ਜ਼ਮਾਨਾ ਬੋਲਦਾ ਹੈ''''

Tuesday, Mar 12, 2019 - 07:46 AM (IST)

ਪਾਕਿਸਤਾਨ, ਔਰਤਾਂ
Getty Images
ਪਾਕਿਸਤਾਨ ਵਿਚ ਔਰਤਾਂ ਨੇ ਵੱਡੀਆਂ-ਵੱਡੀਆਂ ਰੈਲੀਆਂ ਕੱਢ ਕੇ ਅਤੇ ਦੁਨੀਆਂ ਤੱਕ ਆਪਣੀ ਆਵਾਜ਼ ਪਹੁੰਚਾਈ

ਔਰਤਾਂ ਜਦੋਂ ਕਿਸੇ ਵੀ ਮੁੱਦੇ ''ਤੇ ਇਕੱਠੀਆਂ ਹੋ ਜਾਣ ਤਾਂ ਫਿਰ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ।

ਪਾਕਿਸਤਾਨੀ ਔਰਤਾਂ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ''ਤੇ ਆਪਣੀ ਆਵਾਜ਼ ਨੂੰ ਜੰਗ ਦੇ ਖ਼ਿਲਾਫ਼ ਵਰਤਿਆ ਤੇ ਇਹ ਪੈਗ਼ਾਮ ਦਿੱਤਾ ਕਿ ਉਹ ਜੰਗ ਨਹੀਂ ਸਿਰਫ਼ ਅਮਨ ਚਾਹੁੰਦੀਆਂ ਹਨ।

ਪਾਕਿਸਤਾਨ ਵਿਚ ਤਿੰਨ ਵੱਡੇ ਸ਼ਹਿਰਾਂ ਲਾਹੌਰ, ਕਰਾਚੀ ਤੇ ਇਸਲਾਮਾਬਾਦ ਵਿਚ ਔਰਤਾਂ ਨੇ ਵੱਡੀਆਂ-ਵੱਡੀਆਂ ਰੈਲੀਆਂ ਕੱਢੀਆਂ ਅਤੇ ਦੁਨੀਆਂ ਤੱਕ ਆਪਣੀ ਆਵਾਜ਼ ਪਹੁੰਚਾਈ।

ਉਨ੍ਹਾਂ ਨੇ ਇਸ ਮੌਕੇ ਉਨ੍ਹਾਂ ਵਿਸ਼ਿਆਂ ''ਤੇ ਵੀ ਗੱਲ ਕੀਤੀ ਅਤੇ ਪਲੇਅ ਕਾਰਡ ਚੁੱਕੇ ਜਿਨ੍ਹਾਂ ''ਤੇ ਗੱਲ ਕਰਨਾ ਪਾਕਿਸਤਾਨੀ ਸਮਾਜ ਵਿਚ ਸ਼ਰਮ ਦੀ ਗੱਲ ਸਮਝਿਆ ਜਾਂਦਾ ਹੈ। ਇਸ ਕਾਰਨ ਇਨ੍ਹਾਂ ਔਰਤਾਂ ਨੂੰ ਆਲੋਚਨਾ ਵੀ ਝੱਲਣੀ ਪਈ।

ਹਿਊਮਨ ਰਾਈਟਸ ਦੇ ਹਵਾਲੇ ਨਾਲ ਪਾਕਿਸਤਾਨ ਵਿਚ ਇੱਕ ਵੱਡਾ ਨਾਮ ਆਸਮਾ ਜਹਾਂਗੀਰ ਦਾ ਹੈ।

ਇਹ ਵੀ ਪੜ੍ਹੋ-

ਪਾਕਿਸਤਾਨ, ਔਰਤਾਂ
AFP
ਵੂਮੈਨ ਵਰਲਡ ਡੇਅ ''ਤੇ ਹੋਣ ਵਾਲੀ ਰੈਲੀ ਵਿਚ ਪਾਕਿਸਤਾਨੀ ਔਰਤਾਂ ਨੇ ਜੰਗ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ

ਆਸਮਾ ਦੇ ਜਾਣ ਤੋਂ ਬਾਅਦ ਉਨ੍ਹਾਂ ਦੀ ਵੱਡੀ ਧੀ ਮਨੀਜ਼ੇ ਜਹਾਂਗੀਰ ਔਰਤਾਂ ਦੇ ਹਕੂਕ ਲਈ ਇੱਕ ਆਵਾਜ਼ ਬਣ ਗਈ।

ਮਨੀਜ਼ੇ ਜਹਾਂਗੀਰ ਕਹਿੰਦੀ ਹੈ ਕਿ ਪਾਕਿਸਤਾਨੀ ਔਰਤਾਂ ਨੇ ਹਮੇਸ਼ਾ ਹੀ ਭਾਰਤ ਤੇ ਪਾਕਿਸਤਾਨ ਵਿਚਕਾਰ ਵਿਗੜੇ ਹੋਏ ਹਾਲਾਤ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਜੰਗ ਦੇ ਖ਼ਿਲਾਫ਼ ਤੇ ਅਮਨ ਵਾਸਤੇ ਅਪਣਾ ਕਿਰਦਾਰ ਅਦਾ ਕੀਤਾ।

ਮਨੀਜ਼ੇ ਨੇ ਯਾਦ ਕਰਵਾਇਆ ਕਿ ਜਦੋਂ ਕਾਰਗਿਲ ਦੀ ਜੰਗ ਹੋਈ ਤੇ ਆਸਮਾ ਜਹਾਂਗੀਰ ਨੇ ਇਕ ਅਮਨ ਬੱਸ ਤਿਆਰ ਕੀਤੀ ਜਿਸ ਵਿਚ ਪਾਕਿਸਤਾਨ ਦੀਆਂ ਖ਼ਾਸ ਔਰਤਾਂ ਮਿਲ ਕੇ ਭਾਰਤ ਗਈਆਂ ਅਤੇ ਉਥੇ ਜਾ ਕੇ ਅਮਨ ਦਾ ਸੁਨੇਹਾ ਦਿੱਤਾ।

ਇਸ ਤੋਂ ਬਾਅਦ ਫ਼ਿਰ ਭਾਰਤੀ ਔਰਤਾਂ ਵੀ ਪਾਕਿਸਤਾਨ ਅਮਨ ਦੇ ਸੁਨੇਹਾ ਲੈ ਕੇ ਆਈਆਂ।

ਮਨੀਜ਼ੇ ਜਹਾਂਗੀਰ ਕਹਿੰਦੀ ਹੈ ਕਿ ਹੁਣ ਵੀ ਜਿਵੇਂ ਪਾਕਿਸਤਾਨ ਤੇ ਭਾਰਤ ਵਿੱਚ ਹਾਲਾਤ ਚੰਗੇ ਨਹੀਂ ਹਨ ਅਤੇ ਜੰਗ ਦੀਆਂ ਗੱਲਾਂ ਹੋ ਰਹੀਆਂ ਹਨ।

ਇਸ ਲਈ ਵੂਮੈਨ ਵਰਲਡ ਡੇਅ ''ਤੇ ਹੋਣ ਵਾਲੀ ਰੈਲੀ ਵਿੱਚ ਪਾਕਿਸਤਾਨੀ ਔਰਤਾਂ ਨੇ ਜੰਗ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ।

ਇਸ ਮਾਰਚ ਵਿਚ ਭਾਗ ਲੈਣ ਵਾਲੀ ਤੇ ਹਿਊਮਨ ਰਾਈਟਸ ਦੀ ਇਕ ਕਾਰਕੁਨ ਸਹਿਰ ਮਿਰਜ਼ਾ ਦਾ ਕਹਿਣਾ ਸੀ ਕਿ ਅਤੀਤ ਵਿਚ ਵੀ ਔਰਤਾਂ ਨੇ ਹਮੇਸ਼ਾ ਅਮਨ ਪਸੰਦੀ ਦੀ ਗੱਲ ਕੀਤੀ ਅਤੇ ਖ਼ੂਨ ਖ਼ਰਾਬੇ ਤੇ ਜੰਗ ਦਾ ਵਿਰੋਧ ਕੀਤਾ।

ਸਹਿਰ ਮਿਰਜ਼ਾ ਨੇ ਕਿਹਾ, "ਇਸ ਵਾਰੀ ਔਰਤਾਂ ਦਾ ਦਿਨ ਉਸੇ ਵੇਲੇ ਆਇਆ ਜਦੋਂ ਪਾਕ-ਭਾਰਤ ਵਿੱਚ ਜੰਗ ਦੀਆਂ ਗੱਲਾਂ ਹੋ ਰਹੀਆਂ ਹਨ। ਇਸ ਲਈ ਔਰਤਾਂ ਨੇ ਇਸ ਮੌਕੇ ਨੂੰ ਅਮਨ ਦਾ ਸੁਨੇਹਾ ਦੇਣ ਲਈ ਚੁਣਿਆ।"

ਸਹਿਰ ਮਿਰਜ਼ਾ ਦਾ ਕਹਿਣਾ ਸੀ ਕਿ ਵੰਡ ਤੋਂ ਲੈ ਕੇ ਜਦੋਂ ਵੀ ਦੋਵੇਂ ਦੇਸਾਂ ''ਚ ਜੰਗ ਹੋਈ ਹੈ ਔਰਤਾਂ ਨੂੰ ਉਸ ਦੀ ਬਹੁਤ ਵੱਡੀ ਕੀਮਤ ਚੁਕਾਣੀ ਪਈ ਹੈ।

ਸਭ ਤੋਂ ਜ਼ਿਆਦਾ ਜ਼ੁਲਮ ਔਰਤਾਂ ''ਤੇ ਹੀ ਹੋਇਆ, ਇਸ ਲਈ ਇਨ੍ਹਾਂ ਔਰਤਾਂ ਨੇ ਇਸ ਰੈਲੀ ਵਿਚ ਦੋਵਾਂ ਦੇਸਾਂ ਦੇ ਹੁਕਮਰਾਨਾਂ ਨੂੰ ਜੰਗ ਤੋਂ ਪਰਹੇਜ਼ ਦਾ ਸੁਨਿਹਾ ਦਿੱਤਾ।

ਪਾਕਿਸਤਾਨ ਵਿਚ ਹੋਣ ਵਾਲੀਆਂ ਔਰਤਾਂ ਦੀਆਂ ਅਜਿਹੀਆਂ ਰੈਲੀਆਂ ਨਾਲ ਔਰਤਾਂ ਦੇ ਹਕੂਕ ਤੇ ਉਨ੍ਹਾਂ ਦੀ ਆਜ਼ਾਦੀ ਦੇ ਵਿਸ਼ੇ ਨੂੰ ਕਿਨਾਂ ਫ਼ਾਇਦਾ ਹੋ ਸਕਦਾ ਹੈ, ਇਸ ਬਾਰੇ ਮਨੀਜ਼ੇ ਜਹਾਂਗੀਰ ਦਾ ਕਹਿਣਾ ਸੀ, "ਪਾਕਿਸਤਾਨੀ ਔਰਤਾਂ ਨੇ ਇਸ ਮੌਕੇ ਦੁਨੀਆ ਨੂੰ ਇਹ ਸੁਨੇਹਾ ਦਿੱਤਾ ਕਿ ਸਾਡੇ ਕੋਲ ਆਵਾਜ਼ ਹੈ ਅਤੇ ਇੰਨੀ ਹਿੰਮਤ ਹੈ ਕਿ ਅਸੀਂ ਦੁਨੀਆਂ ਨੂੰ ਦੱਸ ਸਕੀਏ ਕਿ ਸਾਡੀਆਂ ਕਈ ਸਮੱਸਿਆਵਾਂ ਹਨ।"

"ਅਜੇ ਵੀ ਕਈ ਕਾਨੂੰਨ ਅਜਿਹੇ ਹਨ ਜਿਹੜੇ ਔਰਤਾਂ ਦੇ ਖ਼ਿਲਾਫ਼ ਹਨ। ਅਜੇ ਵੀ ਇੱਜ਼ਤ ਦੇ ਨਾਮ ''ਤੇ ਔਰਤਾਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ।"

ਮਨੀਜ਼ੇ ਨੇ ਕਿਹਾ ਕਿ ਅਸੀ ਸਾਰੀਆਂ ਔਰਤਾਂ ਨੇ ਔਰਤਾਂ ਦੀ ਕੌਮਾਂਤਰੀ ਮਹਿਲਾ ਦਿਹਾੜੇ ਦੇ ਮੌਕੇ ''ਤੇ ਇਕੱਠੇ ਹੋ ਕੇ ਉਨ੍ਹਾਂ ਵਿਸ਼ਿਆਂ ''ਤੇ ਆਵਾਜ਼ ਉਠਾਈ। ਉਨ੍ਹਾਂ ਨੇ ਕਿਹਾ ਕਿ ਜਦੋਂ ਔਰਤ ਬੋਲਦੀ ਹੈ ਤਾਂ ਉਸ ਨਾਲ ਜ਼ਮਾਨਾ ਬੋਲਦਾ ਹੈ।

ਐਕਟਿਵਿਸਟ ਸਹਿਰ ਮਿਰਜ਼ਾ ਦਾ ਕਹਿਣਾ ਸੀ ਕਿ ਇਸ ਵੂਮੈਨ ਡੇਅ ਦੇ ਮੌਕੇ ''ਤੇ ਪਾਕਿਸਤਾਨੀ ਮਿਹਨਤਕਸ਼ ਔਰਤਾਂ ਦੀ ਗੱਲ ਕੀਤੀ ਗਈ।

ਇਹ ਵੀ ਪੜ੍ਹੋ-

ਪਹਿਲੀ ਵਾਰੀ ਇੰਨੀ ਵੱਡੀ ਤਾਦਾਦ ਵਿਚ ਔਰਤਾਂ ਨੇ ਪਿੱਤਰੀ ਸੱਤਾ ਦੇ ਖ਼ਿਲਾਫ਼ ਆਵਾਜ਼ ਅਠਾਈ ਤੇ ਉਹ ਚੀਕ-ਚੀਕ ਕੇ ਕਹਿੰਦਿਆਂ ਰਹੀਆਂ ਕਿ ''ਹਮ ਛੀਨ ਕੇ ਲੀਨ ਗੇ ਆਜ਼ਾਦੀ'' ਯਾਨੀ ਅਸੀਂ ਆਪਣੇ ਲਈ ਆਜ਼ਾਗੀ ਖੋਹ ਲਈ।

ਇਕ ਹੋਰ ਹਿਊਮਨ ਰਾਇਟਸ ਦੀ ਕਾਰਕੁਨ ਸਾਰਾ ਗੰਡਾਪੁਰ ਦਾ ਕਹਿਣਾ ਸੀ ਕਿ ਇਸ ਰੈਲੀ ''ਚ ਔਰਤਾਂ ਨੇ ਕਈ ਔਰਤਾਂ ਨਾਲ ਹੋਣ ਵਾਲੀ ਨਾ ਬਰਾਬਰੀ ਦੇ ਸਲੂਕ ਅਤੇ ਘੱਟ ਤਨਖ਼ਾਹ ਦੇਣ ਤੇ ਕੰਮਕਾਜ਼ ਦੀਆਂ ਥਾਵਾਂ ''ਤੇ ਔਰਤਾਂ ਨਾਲ ਹੁੰਦੇ ਸ਼ੋਸ਼ਣ ਬਾਰੇ ਮਿਲ ਕੇ ਆਵਾਜ਼ ਚੁੱਕੀ।

ਸਾਰੀਆਂ ਔਰਤਾਂ ਉਮੀਦ ਕਰਦੀਆਂ ਹਨ ਕਿ ਜਦੋਂ ਮਿਲ ਕੇ ਕਿਸੇ ਮੁੱਦੇ ''ਤੇ ਆਵਾਜ਼ ਚੁੱਕੀ ਜਾਵੇ ਤਾਂ ਫ਼ਾਇਦਾ ਜ਼ਰੂਰ ਹੁੰਦਾ ਹੈ।

8 ਮਾਰਚ ਨੂੰ ਪਾਕਿਸਤਾਨ ਦੇ ਵੱਡੇ ਸ਼ਹਿਰਾਂ ਵਿਚ ਹੋਣ ਵਾਲੀਆਂ ਇਨ੍ਹਾਂ ਰੈਲੀਆਂ ਵਿਚ ਕੁਝ ਪਲੇਅ ਕਾਰਡ ਵੀ ਚੁੱਕੇ ਗਏ ਜਿਨ੍ਹਾਂ ਦੀ ਸੋਸ਼ਲ ਮੀਡੀਆ ਤੇ ਬੜੀ ਆਲੋਚਨਾ ਕੀਤੀ ਜਾ ਰਹੀ ਹੈ।

ਇਸ ਹਵਾਲੇ ਨਾਲ ਔਰਤਾਂ ਲਈ ਕੰਮ ਕਰਨ ਵਾਲੀ ਮਨੀਜ਼ੇ ਜਹਾਂਗੀਰ ਦਾ ਕਹਿਣਾ ਸੀ ਕਿ ਆਪਣੀ ਗੱਲ ਕਰਨ ਦਾ ਹੱਕ ਹਰ ਇਨਸਾਨ ਨੂੰ ਹਾਸਲ ਹੈ ਅਤੇ ਆਪਣੀ ਮਰਜ਼ੀ ਦੇ ਪਲੇਅ ਕਾਰਡ ਚੁੱਕਣਾ ਉਨ੍ਹਾਂ ਦਾ ਹੱਕ ਸੀ।

ਹਰ ਔਰਤ ਨੂੰ ਇਹ ਹੱਕ ਏ ਕਿ ਸਮਾਜ ਦੇ ਜਿਹੜੇ ਰਿਤੀ-ਰਿਵਾਜਾਂ ਨੂੰ ਉਹ ਗ਼ਲਤ ਸਮਝਦੀਆਂ ਹਨ ਉਸ ਦਾ ਖੁੱਲ੍ਹ ਕੇ ਇਜ਼ਹਾਰ ਕਰਨ।

ਮਨੀਜ਼ੇ ਮੁਤਾਬਕ ਸਾਡੇ ਸਮਾਜ ਦੀ ਨਜ਼ਰ ਤੰਗ ਹੈ। ਇਸ ਲਈ ਲੋਕ ਇਨ੍ਹਾਂ ਪਲੇਅ ਕਾਰਡਜ਼ ਦੀ ਆਲੋਚਨਾ ਕਰ ਰਹੇ ਨੇ ਲੇਕਿਨ ਉਨ੍ਹਾਂ ਦੇ ਨਜ਼ਦੀਕ ਇਸੇ ਪਲੇਅ ਕਾਰਡ ਚੁੱਕਣਾ ਕੋਈ ਬੁਰੀ ਗੱਲ ਨਹੀਂ।

ਸਹਿਰ ਮਿਰਜ਼ਾ ਮੁਤਾਬਕ ਪੂਰੀ ਦੁਨੀਆਂ ਵਿੱਚ ਨਾਰੀਵਾਦ ਦੀ ਇੱਕ ਨਵੀਂ ਲਹਿਰ ਉੱਠੀ ਹੈ ਅਤੇ ਪਾਕਿਸਤਾਨ ਵਿੱਚ ਪਹਿਲੀ ਵਾਰੀ ਔਰਤਾਂ ਨੇ ਇਸ ਨਵੀਂ ਲਹਿਰ ਤੋਂ ਮੁਤਾਸਿਰ ਹੋ ਕੇ ਉਨ੍ਹਾਂ ਵਿਸ਼ਿਆਂ ''ਤੇ ਵੀ ਗੱਲ ਕੀਤੀ ਜਿਸ ਦੇ ਬਾਰੇ ਗੱਲ ਕਰਨਾ ਸ਼ਰਮ ਸਮਝਿਆ ਜਾਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਜਿਹੜੇ ਸਮਾਜ ਵਿੱਚ ਮਰਜ਼ੀ ਨਾਲ ਵਿਆਹ ਦੀ ਇਜ਼ਾਜ਼ਤ ਨਾ ਹੋਵੇ, ਵਿਆਹ ਤੋਂ ਬਾਅਦ ਔਰਤ ਨਾਲ ਜਿਨਸੀ ਤਾਅਲੁੱਕ ਬਣਾਉਣ ਵੇਲੇ ਕਦੇ ਕੋਈ ਖ਼ਸਮ ਇਜਾਜ਼ਤ ਨਾ ਲੈਂਦਾ ਹੋਵੇ ਅਤੇ ਔਰਤਾਂ ਨਾਲ ਭੇਡ-ਬੱਕਰੀਆਂ ਵਰਗਾ ਸਲੂਕ ਹੋਵੇ, ਅਜਿਹੇ ਸਮਾਜ ਵਿਚ ਇਸ ਤਰ੍ਹਾਂ ਦੇ ਪਲੇਅ ਕਾਰਡ ਕਿਵੇਂ ਹਜ਼ਮ ਕੀਤੇ ਜਾ ਸਕਦੇ ਹਨ।

ਪਰ ਹੁਣ ਔਰਤਾਂ ਨੇ ਹਿੰਮਤ ਕੀਤੀ ਹੈ ਤੇ ਇਸ ਵਿਚ ਕੋਈ ਹਰਜ਼ ਨਹੀਂ।

ਮਨੀਜ਼ੇ ਤੇ ਸਹਿਰ ਮਿਰਜ਼ਾ ਤੋਂ ਹਟ ਕੇ ਸਾਰਾ ਗੰਡਾਪੁਰ ਦੇ ਖ਼ਿਆਲਾਤ ਮੁਖ਼ਤਲਿਫ਼ ਸਨ।

ਉਨ੍ਹਾਂ ਦਾ ਕਹਿਣਾ ਹੈ ਕਿ ਨਾਰੀਵਾਦ ਦੀ ਆੜ ਵਿਚ ਮਰਦਾਂ ਨਾਲ ਨਫ਼ਰਤ ਦਾ ਇਜ਼ਹਾਰ ਕਰਨਾ ਕੋਈ ਚੰਗੀ ਗੱਲ ਨਹੀਂ।

ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਪਲੇਅ ਕਾਰਡ ਚੁੱਕਣ ਵਾਲੀਆਂ ਔਰਤਾਂ ਦਾ ਮਕਸਦ ਆਪਣੀ ਮਸ਼ਹੂਰੀ ਤੋਂ ਇਲਾਵਾ ਕੁੱਝ ਨਹੀਂ ਸੀ।

ਕੋਈ ਵੀ ਸਮਾਜ ਉਦੋਂ ਤੱਕ ਸਹੀ ਨਹੀਂ ਚੱਲ ਸਕਦਾ ਜਦ ਤੱਕ ਮਰਦ ਤੇ ਔਰਤ ਮਿਲ ਕਰ ਕੰਮ ਨਾ ਕਰਨ ਅਤੇ ਇਕ ਦੂਜੇ ਦੀ ਇੱਜ਼ਤ ਨਾ ਕਰਨ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ-

https://www.youtube.com/watch?v=xWw19z7Edrs&t=1s

https://www.youtube.com/watch?v=one3KR9Ier4

https://www.youtube.com/watch?v=eQALZar1P9Q

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News