ਸਮਝੌਤਾ ਐਕਸਪ੍ਰੈਸ ਧਮਾਕਾ : ਫੈਸਲਾ ਸੁਣਾਉਣ ਦੀ ਅਦਾਲਤੀ ਕਾਰਵਾਈ ਸ਼ੁਰੂ

Monday, Mar 11, 2019 - 02:46 PM (IST)

ਸਮਝੌਤਾ ਐਕਸਪ੍ਰੈਸ
BBC

ਭਾਰਤ-ਪਾਕਿਸਤਾਨ ਦਰਮਿਆਨ ਚੱਲਣ ਵਾਲੀ ਰੇਲਗੱਡੀ ਸਮਝੌਤਾ ਐਕਸਪ੍ਰੈਸ ਵਿੱਚ 18 ਫਰਵਰੀ 2007 ਨੂੰ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਅਦਾਲਤ ਨੇ ਫੈਸਲਾ ਸੁਣਾਉਣ ਦੀ ਕਾਰਾਵਈ ਸ਼ੁਰੂ ਕਰ ਦਿੱਤੀ ਹੈ।

ਦਿੱਲੀ ਤੋਂ ਲਾਹੌਰ ਜਾ ਰਹੀ ਇਸ ਰੇਲ ਗੱਡੀ ਵਿੱਚ ਇੱਕ ਬੰਬ ਧਮਾਕਾ ਹਰਿਆਣਾ ਦੇ ਪਾਣੀਪਤ ਸ਼ਹਿਰ ਦੇ ਦਿਵਾਨਾ ਰੇਲਵੇ ਸਟੇਸ਼ਨ ਤੋਂ ਤਿੰਨ ਕਿਲੋਮੀਟਰ ਦੂਰ ਹੋਇਆ ਸੀ।

ਇਸ ਧਮਾਕੇ ਵਿੱਚ 68 ਮੌਤਾਂ ਹੋਈਆਂ ਸਨ ਅਤੇ 12 ਲੋਕ ਜ਼ਖਮੀ ਹੋਏ ਸਨ। ਮਰਨ ਵਾਲਿਆਂ ਵਿੱਚ ਬਹੁਗਿਣਤੀ ਪਾਕਿਸਤਾਨੀ ਮੁਸਾਫ਼ਰਾਂ ਦੀ ਸੀ।

ਯਾਤਰੀਆਂ ਨੂੰ ਦੋ ਧਮਾਕਿਆਂ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ ਤੇ ਬਾਅਦ ਵਿੱਚ ਰੇਲ ਗੱਡੀ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਸੀ।

ਇਹ ਵੀ ਪੜ੍ਹੋ:

2001 ਵਿੱਚ ਭਾਰਤੀ ਸੰਸਦ ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਸ ਰੇਲ ਗੱਡੀ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ 2004 ਵਿੱਚ ਹੀ ਮੁੜ ਸ਼ੁਰੂ ਕੀਤਾ ਗਿਆ ਸੀ।

ਧਮਾਕੇ ਤੋਂ ਦੋ ਦਿਨਾਂ ਬਾਅਦ ਪਾਕਿਸਤਾਨੀ ਵਿਦੇਸ਼ ਮੰਤਰੀ ਖ਼ੁਰਸ਼ੀਦ ਅਹਿਮਦ ਕਸੂਰੀ ਨੇ ਭਾਰਤ ਆਉਣਾ ਸੀ ਅਤੇ ਉਹ ਮਿੱਥੇ ਪ੍ਰੋਗਰਾਮ ਤਹਿਤ ਭਾਰਤ ਆਏ ਵੀ। ਦੋਹਾਂ ਦੇਸਾਂ ਵਿੱਚ ਇਸ ਘਟਨਾ ਦੀ ਨਿੰਦਾ ਕੀਤੀ ਗਈ।

ਜ਼ਖਮੀ ਪਾਕਿਸਤਾਨੀ ਨਾਗਰਿਕਾਂ ਨੂੰ ਲੈਣ ਆ ਰਹੇ ਪਾਕਿਸਤਾਨੀ ਹਵਾਈ ਫੌਜ ਦੇ ਜਹਾਜ਼ ਨੂੰ ਭਾਰਤੀ ਹਵਾਈ ਫੌਜ ਨੇ ਭਾਰਤ ਆਉਣ ਦੀ ਆਗਿਆ ਦਿੱਤੀ ਸੀ।

ਹਾਦਸੇ ਤੇ ਸਭ ਤੋਂ ਪਹਿਲਾ ਬਚਾਅ ਕਾਰਜ ਚਸ਼ਮਦੀਦਾਂ ਨੇ ਸ਼ੁਰੂ ਕੀਤਾ ਅਤੇ ਕਈ ਕੀਮਤੀ ਜਾਨਾਂ ਬਚਾਈਆਂ।

ਸਮਝੌਤਾ ਐਕਸਪ੍ਰੈਸ ਧਮਾਕੇ ਵਾਲੀ ਗੱਡੀ, 18 ਫਰਵਰੀ 2007
Getty Images

ਅਸੀਮਾਨੰਦ ਸਣੇ ਪੰਜ ਹਿੰਦੂ ਕਾਰਕੁਨ ਨੇ ਮੁਲਜ਼ਮ

ਕਈ ਤਰ੍ਹਾਂ ਦੇ ਉਤਰਾਅ -ਚੜ੍ਹਾਅ ਤੇ ਮੋੜ ਕੱਟ ਚੁੱਕੇ ਇਸ ਕੇਸ ਵਿਚ ਜੂਨ 2011 ਨੂੰ ਐੱਨਆਈਏ ਨੇ ਹਿੰਦੂਤਵ ਪੱਖੀ ਕਾਰਕੁਨ ਸਵਾਮੀ ਅਸੀਮਾਨੰਦ ਸਣੇ ਲੋਕੇਸ਼ ਸ਼ਰਮਾ, ਸੁਨੀਲ ਜੋਸ਼ੀ, ਸੰਦੀਪ ਡਾਂਗੇ ਅਤੇ ਰਾਮਚੰਦਰ ਕਾਲਾਸੰਗਰਾ ਉਰਫ਼ ਰਾਮਜੀ ਨੂੰ ਮੁਲਜ਼ਮ ਬਣਾਇਆ ਸੀ।

ਅਸੀਮਾਨੰਦ ਹੈਦਰਾਬਾਦ ਦੀ ਇਤਿਹਾਸਕ ਮੱਕਾ ਮਸਜਿਦ ਵਿੱਚ ਹੋਏ ਧਮਾਕੇ ''ਚ ਮੁੱਖ ਮੁਲਜ਼ਮ ਸੀ, ਪਰ ਅਪ੍ਰੈਲ 2017 ਵਿਚ ਉਨ੍ਹਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ। ਕੋਰਟ ਨੇ ਕਿਹਾ ਸੀ ਕਿ ਐਨਆਈਏ ਅਸੀਮਾਨੰਦ ਖ਼ਿਲਾਫ਼ ਸਬੂਤਾਂ ਨੂੰ ਪੇਸ਼ ਕਰਨ ਵਿੱਚ ਨਾਕਾਮ ਸਾਬਤ ਰਹੀ।

11 ਸਾਲ ਪਹਿਲਾਂ 18 ਮਈ ਨੂੰ ਮੱਕਾ ਮਸਜਿਦ ਧਮਾਕੇ ਵਿੱਚ ਪਹਿਲੀ ਵਾਰ ਕੱਟੜਪੰਥੀ ਹਿੰਦੂ ਜਥੇਬੰਦੀਆਂ ਨਾਲ ਜੁੜੇ ਹੋਏ ਲੋਕਾਂ ਦੇ ਨਾਮ ਸਾਹਮਣੇ ਆਏ ਸੀ।

ਕੌਣ ਹਨ ਅਸੀਮਾਨੰਦ

ਸਵਾਮੀ ਅਸੀਮਾਨੰਦ ਖ਼ੁਦ ਨੂੰ ਸਾਧੂ ਕਹਿੰਦੇ ਹਨ ਅਤੇ ਉਹ ਰਾਸ਼ਟਰੀ ਸਵੈਮਸੇਵਕ ਸੰਘ ਦੇ ਕਾਰਕੁਨ ਵੀ ਰਹਿ ਚੁੱਕੇ ਹਨ। ਅਸੀਮਾਨੰਦ ਨੂੰ 2010 ਵਿੱਚ ਪਹਿਲੀ ਵਾਰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ।

ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਅਸੀਮਾਨੰਦ ਦਾ ਅਸਲੀ ਨਾਮ ਨਬ ਕੁਮਾਰ ਸਰਕਾਰ ਸੀ। ਅਸੀਮਾਨੰਦ ਨੇ ਬਨਸਪਤੀ ਵਿਗਿਆਨ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਸੀ। ਅਸੀਮਾਨੰਦ ਨੂੰ ਜੀਤੇਨ ਚੈਟਰਜੀ ਅਤੇ ਓਮਕਾਰਨਾਥ ਨਾਮ ਨਾਲ ਵੀ ਜਾਣਿਆ ਜਾਂਦਾ ਸੀ।

1977 ਵਿੱਚ ਉਨ੍ਹਾਂ ਨੇ ਬੀਰਭੂਮੀ ਵਿੱਚ ਆਰਐਸਐਸ ਦੇ ਬਨਵਾਸੀ ਕਲਿਆਣ ਆਸ਼ਰਮ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ।

ਉਨ੍ਹਾਂ ਨੇ ਪੁਰੁਲੀਆ ਵਿੱਚ ਕੰਮ ਕੀਤਾ, ਕਰੀਬ ਦੋ ਦਹਾਕੇ ਤੱਕ ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਵਰਗੇ ਸੂਬਿਆਂ ਵਿੱਚ ਸਰਗਰਮ ਰਹੇ।

ਪੁਲਿਸ ਨੇ ਦਾਅਵਾ ਕੀਤਾ ਸੀ ਕਿ ਅਸੀਮਾਨੰਦ ਸਾਲ 1995 ਵਿੱਚ ਗੁਜਰਾਤ ਦੇ ਡਾਂਗ ਜ਼ਿਲ੍ਹੇ ਦੇ ਮੁੱਖ ਦਫ਼ਤਰ ਆਹਵਾ ਆਏ। ਉਨ੍ਹਾਂ ਹਿੰਦੂ ਸੰਗਠਨਾਂ ਨਾਲ ''ਹਿੰਦੂ ਧਰਮ ਜਾਗਰਣ ਅਤੇ ਸ਼ੁੱਧੀਕਰਣ'' ਦਾ ਕੰਮ ਸ਼ੁਰੂ ਕੀਤਾ।

ਇੱਥੇ ਹੀ ਉਨ੍ਹਾਂ ਨੇ ਸ਼ਬਰੀ ਮਾਤਾ ਦਾ ਮੰਦਿਰ ਬਣਾਇਆ ਅਤੇ ਸ਼ਬਰੀ ਧਾਮ ਸਥਾਪਿਤ ਕੀਤਾ।

ਅਸੀਮਾਨੰਦ ਆਦਿਵਾਸੀ ਬਹੁਲ ਇਲਾਕਿਆਂ ਵਿੱਚ ਹਿੰਦੂ ਧਰਮ ਦਾ ਪ੍ਰਸਾਰ ਕਰਨ ਅਤੇ ''ਆਦਿਵਾਸੀਆਂ ਨੂੰ ਇਸਾਈ ਬਣਨ'' ਤੋਂ ਰੋਕਣ ਵਿੱਚ ਲੱਗੇ ਸੀ।

ਸਮਝੌਤਾ ਐਕਸਪ੍ਰੈੱਸ ਧਮਾਕੇ ਦੀ ਜਾਂਚ ਦੇ ਘੇਰੇ ਵਿੱਚ ਆਉਣ ਤੋਂ ਇਲਾਵਾ ਅਸੀਮਾਨੰਦ ਦਾ ਨਾਮ ਅਜਮੇਰ ਮੱਕਾ ਮਸਜਿਦ ਧਮਾਕੇ, ਮਾਲੇਗਾਂਓ ਧਮਾਕੇ ਵਿੱਚ ਵੀ ਮੁਲਜ਼ਮ ਦੇ ਤੌਰ ''ਤੇ ਆਇਆ ਸੀ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓਜ਼ ਵੀਪਸੰਦ ਸਕਦੀਆਂ ਹਨ:

https://www.youtube.com/watch?v=xWw19z7Edrs&t=1s

https://www.youtube.com/watch?v=OpViJUdHg9A

https://www.youtube.com/watch?v=NKkz83AdNNk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News