ਸਮਝੌਤਾ ਐਕਸਪ੍ਰੈਸ ਬਲਾਸਟ: ਕਦੋਂ ਕਦੋਂ ਅਤੇ ਕੀ-ਕੀ ਹੋਇਆ

Monday, Mar 11, 2019 - 02:31 PM (IST)

18 ਫ਼ਰਵਰੀ 2007 ਦੀ ਉਸ ਰਾਤ ਨੂੰ 12 ਸਾਲ ਹੋ ਚੁੱਕੇ ਹਨ ਜਦੋਂ ਦਿੱਲੀ ਤੋਂ ਪਾਕਿਸਤਾਨ ਦੇ ਲਾਹੌਰ ਜਾ ਰਹੀ ਸਮਝੌਤਾ ਐਕਸਪ੍ਰੈੱਸ ਵਿਚ ਬੰਬ ਧਮਾਕਾ ਹੋਇਆ ਸੀ, ਜਿਸ ਵਿਚ 68 ਲੋਕਾਂ ਦੀ ਮੌਤ ਹੋ ਗਈ ਸੀ।

ਇਸ ਮਾਮਲੇ ਦੀ ਪਹਿਲਾਂ ਹਰਿਆਣਾ ਪੁਲਿਸ ਨੇ ਜਾਂਚ ਕੀਤੀ ਸੀ ਪਰ ਬਾਅਦ ਵਿਚ ਕਈ ਹੋਰ ਭਾਰਤੀ ਸ਼ਹਿਰਾਂ ਵਿਚ ਇਸੇ ਤਰਜ ''ਤੇ ਹੋਏ ਬੰਬ ਧਮਾਕਿਆਂ ਤੋਂ ਬਾਅਦ ਇਸ ਕੇਸ ਦੀ ਜਾਂਚ ਕੌਮੀ ਜਾਂਚ ਏਜੰਸੀ (ਨੈਸ਼ਨਲ ਇੰਨਵੈਸਟੀਗੇਟਿਵ ਏਜੰਸੀ) ਨੂੰ ਸੌਂਪੀ ਗਈ।

12 ਸਾਲਾਂ ਤੋਂ ਬਾਅਦ ਅੱਜ ਕੀ ਹੈ ਮਾਮਲਾ?

ਸਮਝੌਤਾ ਐਕਸਪ੍ਰੈੱਸ ਬਲਾਸਟ ਮਾਮਲੇ ਵਿਚ ਸੋਮਵਾਰ 11 ਮਾਰਚ ਨੂੰ ਪੰਚਕੁਲਾ ਦੀ ਵਿਸ਼ੇਸ਼ ਐਨਆਈਏ ਅਦਾਲਤ ਆਪਣਾ ਫ਼ੈਸਲਾ ਸੁਣਾ ਸਕਦੀ ਹੈ। ਇਸ ਮਾਮਲੇ ਦੇ 12 ਸਾਲ ਹੋਣ ਤੋਂ ਬਾਅਦ ਅਦਾਲਤ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖਿਆ ਹੈ।

ਇਸ ਮਾਮਲੇ ''ਚ 8 ਦੋਸ਼ੀਆਂ ਵਿਚੋਂ ਇੱਕ ਦਾ ਕਤਲ ਹੋ ਗਿਆ ਸੀ, ਤਿੰਨ ਨੂੰ ਪੀਓ ਘੋਸ਼ਿਤ ਕਰ ਦਿੱਤਾ ਗਿਆ ਸੀ। 11 ਮਾਰਚ ਨੂੰ ਐਨਆਈਏ ਅਦਾਲਤ ਮਾਮਲੇ ਦੇ ਚਾਰ ਦੋਸ਼ੀਆਂ ਸਵਾਮੀ ਅਸੀਮਾਨੰਦ, ਲੋਕੇਸ਼ ਸ਼ਰਮਾ, ਕਮਲ ਚੌਹਾਨ ਅਤੇ ਰਜਿੰਦਰ ਚੌਧਰੀ ਨੂੰ ਲੈ ਕੇ ਕੁਝ ਵੱਡਾ ਫ਼ੈਸਲਾ ਸੁਣਾ ਸਕਦੀ ਹੈ।

ਇਹ ਵੀ ਪੜ੍ਹੋ:

ਇਸ ਤਰ੍ਹਾਂ ਮਾਮਲਾ ਵਧਿਆ ਅੱਗੇ:

ਫ਼ਰਵਰੀ, 2007: ਭਾਰਤ ਅਤੇ ਪਾਕਿਸਤਾਨ ਵਿਚਕਾਰ ਹਫ਼ਤੇ ਵਿਚ ਦੋ ਦਿਨ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਵਿਚ 18 ਫ਼ਰਵਰੀ 2007 ਨੂੰ ਬੰਬ ਧਮਾਕਾ ਹੋਇਆ ਜਿਸ ਵਿਚ 68 ਲੋਕਾਂ ਦੀ ਮੌਤ ਹੋ ਗਈ ਤੇ 12 ਲੋਕ ਜ਼ਖਮੀ ਹੋਏ।

ਉਸ ਐਤਵਾਰ ਨੂੰ ਟ੍ਰੇਨ ਦਿੱਲੀ ਤੋਂ ਲਾਹੌਰ ਜਾ ਰਹੀ ਸੀ। ਮਾਰੇ ਜਾਣ ਵਾਲੇ ਲੋਕਾਂ ਵਿਚ ਜ਼ਿਆਦਾਤਰ ਪਾਕਿਸਤਾਨੀ ਨਾਗਰਿਕ ਸਨ।

ਸਾਲ 2001 ਵਿਚ ਸੰਸਦ ''ਤੇ ਹੋਏ ਹਮਲੇ ਤੋਂ ਬਾਅਦ ਬੰਦ ਕੀਤੀ ਗਈ ਟ੍ਰੇਨ ਸੇਵਾ ਨੂੰ ਜਨਵਰੀ 2004 ਵਿਚ ਮੁੜ ਬਹਾਲ ਕੀਤਾ ਗਿਆ ਸੀ।

ਧਮਾਕੇ ਤੋਂ ਦੋ ਦਿਨ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖ਼ੁਰਸ਼ੀਦ ਅਹਿਮਦ ਕਸੂਰੀ ਭਾਰਤ ਆਉਣ ਵਾਲੇ ਸਨ। ਇਸ ਘਟਨਾ ਦੀ ਦੋਵਾਂ ਦੇਸ਼ਾਂ ਵਿਚ ਜ਼ੋਰਦਾਰ ਨਿਖੇਧੀ ਵੀ ਕੀਤੀ ਗਈ। ਪਰ ਇਸ ਕਾਰਨ ਕਸੂਰੀ ਦਾ ਭਾਰਤ ਦੌਰਾ ਰੱਦ ਨਹੀਂ ਹੋਇਆ।

ਭਾਰਤੀ ਪ੍ਰਸ਼ਾਸਨ ਨੇ ਦਿੱਲੀ ਤੋਂ ਸੱਤ ਜ਼ਖਮੀ ਪਾਕਿਸਤਾਨੀਆਂ ਨੂੰ ਲੈ ਕੇ ਜਾਉਣ ਲਈ ਪਾਕਿਸਤਾਨੀ ਹਵਾਈ ਸੈਨਾ ਨੂੰ ਆਉਣ ਦੀ ਵੀ ਇਜਾਜ਼ਤ ਦੇ ਦਿੱਤੀ ਸੀ।

ਫ਼ਰਵਰੀ, 2007: 19 ਫ਼ਰਵਰੀ ਨੂੰ ਦਰਜ ਪੁਲਿਸ ਐਫ਼ਆਈਆਰ ਮੁਤਾਬਿਕ 23:53 ਵਜੇ ਦਿੱਲੀ ਤੋਂ ਤਕਰੀਬਨ 80 ਕਿਲੋਮੀਟਰ ਦੂਰ ਪਾਣੀਪਤ ਦੇ ਦਿਵਾਨਾ ਰੇਲਵੇ ਸਟੇਸ਼ਨ ਦੇ ਨੇੜੇ ਰੇਲ ਗੱਡੀ ਵਿਚ ਧਮਾਕਾ ਹੋਇਆ।

ਇਸ ਕਾਰਨ ਰੇਲ ਗੱਡੀ ਦੇ ਦੋ ਜਨਰਲ ਡੱਬਿਆਂ ਵਿਚ ਅੱਗ ਗੱਲ ਗਈ। ਯਾਤਰੀਆਂ ਨੂੰ ਦੋ ਧਮਾਕਿਆਂ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਟ੍ਰੇਨ ਦੇ ਡੱਬਿਆਂ ਵਿਚ ਅੱਗ ਲੱਗ ਗਈ।

ਮਰਨ ਵਾਲੇ 68 ਲੋਕਾਂ ਵਿਚ 16 ਬੱਚੇ ਵੀ ਸ਼ਾਮਲ ਸਨ। ਮ੍ਰਿਤਕਾਂ ਵਿਚ 4 ਰੇਲਵੇ ਕਰਮਚਾਰੀ ਵੀ ਸ਼ਾਮਲ ਸੀ।

ਬਾਅਦ ਵਿਚ ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਦੋ ਅਜਿਹੇ ਸੂਟਕੇਸ ਬੰਬ ਵੀ ਮਿਲੇ ਜੋ ਫੱਟ ਨਹੀਂ ਸਕੇ ਸਨ।

ਇਹ ਵੀ ਪੜ੍ਹੋ:

20 ਫ਼ਰਵਰੀ, 2007: ਪ੍ਰਤੱਖ-ਦਰਸ਼ੀਆਂ ਦੇ ਬਿਆਨਾਂ ਦੇ ਆਧਾਰ ''ਤੇ ਦੋ ਸ਼ੱਕੀਆਂ ਦੇ ''ਸਕੈੱਚ'' ਜਾਰੀ ਕੀਤੇ ਗਏ। ਕਿਹਾ ਗਿਆ ਕਿ ਇਹ ਦੋਵੇਂ ਸ਼ੱਕੀ ਰੇਲ ਗੱਡੀ ਵਿਚ ਦਿੱਲੀ ਤੋਂ ਸਵਾਰ ਹੋਏ ਸਨ ਅਤੇ ਰਸਤੇ ਵਿਚ ਕਿਤੇ ਉਤਰ ਗਏ ਜਿਸਤੋਂ ਬਾਅਦ ਧਮਾਕਾ ਹੋਇਆ।

ਪੁਲਿਸ ਨੇ ਦੋਵਾਂ ਸ਼ੱਕੀਆਂ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ ਦੇਣ ਦੀ ਘੋਸ਼ਣਾ ਵੀ ਕੀਤੀ ਸੀ।

ਹਰਿਆਣਾ ਵਿਚ ਇਸ ਕੇਸ ਲਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਗਿਆ।

15 ਮਾਰਚ, 2007: ਹਰਿਆਣਾ ਪੁਲਿਸ ਨੇ ਇੰਦੌਰ ''ਤੋਂ 2 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ। ਇਹ ਇਨ੍ਹਾਂ ਧਮਾਕਿਆਂ ਦੇ ਸਬੰਧ ਵਿਚ ਕੀਤੀ ਗਈ ਪਹਿਲੀ ਗ੍ਰਿਫ਼ਤਾਰੀ ਸੀ।

ਸੂਟਕੇਸ ਦੇ ਕਵਰ ਦੇ ਸਹਾਰੇ ਪੁਲਿਸ ਇਨ੍ਹਾਂ ਤੱਕ ਪਹੁੰਚ ਸਕੀ ਸੀ। ਇਹ ਕਵਰ ਇੰਦੌਰ ਦੇ ਇੱਕ ਬਾਜ਼ਾਰ ਤੋਂ ਘਟਨਾ ਦੇ ਕੁਝ ਦਿਨ ਪਹਿਲਾਂ ਹੀ ਖਰੀਦੇ ਗਏ ਸਨ।

ਸਮਝੌਤਾ ਐਕਸਪ੍ਰੈਸ
BBC
ਚਾਰਮੀਨਾਰ ਵਿੱਚ ਧਮਾਕਾ ਕੀਤਾ ਗਿਆ ਸੀ

ਬਾਅਦ ਵਿਚ ਇਸੇ ਦੀ ਤਰਜ ''ਤੇ ਹੈਦਰਾਬਾਦ ਦੀ ਮੱਕਾ ਮਸਜਿਦ, ਅਜਮੇਰ ਦਰਗਾਹ ਅਤੇ ਮਾਲੇਗਾਉਂ ਵਿੱਚ ਵੀ ਧਮਾਕੇ ਹੋਏ ਅਤੇ ਇਨ੍ਹਾਂ ਸਾਰੇ ਮਾਮਲਿਆਂ ਦੇ ਸਬੰਧ ਆਪਸ ਵਿੱਚ ਜੁੜੇ ਹੋਏ ਦੱਸੇ ਗਏ।

ਸਮਝੌਤਾ ਕੇਸ ਦੀ ਜਾਂਚ ਦੇ ਸਬੰਧ ਵਿਚ, ਹਰਿਆਣਾ ਪੁਲਿਸ ਅਤੇ ਮਹਾਰਾਸ਼ਟਰ ਦੇ ਏਟੀਐੱਸ ਨੂੰ ਇੱਕ ਹਿੰਦੂ ਕੱਟੜਪੰਥੀ ਸੰਗਠਨ ''ਅਭਿਨਵ ਭਾਰਤ'' ਦੀ ਸ਼ਮੂਲੀਅਤ ਦੇ ਸੰਕੇਤ ਮਿਲੇ ਸੀ।

ਇਨ੍ਹਾਂ ਧਮਾਕਿਆਂ ਦੇ ਸਬੰਧ ਵਿਚ ਆਰਐੱਸਐੱਸ ਦੇ ਆਗੂ ਇੰਦਰੇਸ਼ ਕੁਮਾਰ ਤੋਂ ਵੀ ਪੁੱਛਗਿੱਛ ਕੀਤੀ ਗਈ।

20 ਜੁਲਾਈ, 2010: ਮਾਮਲਾ ਐਨਆਈਏ ਦੇ ਹਵਾਲੇ ਕਰ ਦਿੱਤਾ ਗਿਆ।

ਜੂਨ 2011: ਐਨਆਈਏ ਨੇ 26 ਜੂਨ 2011 ਨੂੰ ਪੰਜ ਲੋਕਾਂ ਦੇ ਖਿਲਾਫ਼ ਚਾਰਜਸ਼ੀਟ ਦਾਖ਼ਿਲ ਕੀਤੀ। ਪਹਿਲੀ ਚਾਰਜਸ਼ੀਟ ਵਿਚ ਨਾਬਾ ਕੁਮਾਰ ਉਰਫ਼ ਸਵਾਮੀ ਅਸੀਮਾਨੰਦ, ਸੁਨੀਲ ਜੋਸ਼ੀ, ਰਾਮਚੰਦਰ ਕਾਲਸੰਗਰਾ, ਸੰਦੀਪ ਡਾਂਗੇ ਅਤੇ ਲੋਕੇਸ਼ ਸ਼ਰਮਾ ਦਾ ਨਾਂ ਸੀ।

ਜਾਂਚ ਏਜੰਸੀ ਦਾ ਕਹਿਣਾ ਹੈ ਕਿ ਇਹ ਸਾਰੇ ਅਕਸ਼ਰਧਾਮ (ਗੁਜਰਾਤ), ਰਘੂਨਾਥ ਮੰਦਰ (ਜੰਮੂ), ਸੰਕਟ ਮੋਚਨ (ਵਾਰਾਣਸੀ) ਦੇ ਮੰਦਰਾਂ ਵਿਚ ਹੋਏ ਇਸਲਾਮੀ ਅੱਤਵਾਦੀ ਹਮਲਿਆਂ ਤੋਂ ਦੁਖੀ ਸਨ ਅਤੇ "ਬੰਬ ਦਾ ਬਦਲਾ ਬੰਬ ਨਾਲ" ਲੈਣਾ ਚਾਹੁੰਦੇ ਸਨ।

ਬਾਅਦ ਵਿਚ ਐਨਆਈਏ ਨੇ ਪੰਚਕੁਲਾ ਵਿਸ਼ੇਸ਼ ਅਦਾਲਤ ਦੇ ਸਾਹਮਣੇ ਇੱਕ ਐਡੀਸ਼ਨਲ ਚਾਰਜਸ਼ੀਟ ਦਾਖ਼ਿਲ ਕੀਤੀ। 24 ਫ਼ਰਵਰੀ 2014 ਤੋਂ ਇਸ ਮਾਮਲੇ ਵਿਚ ਸੁਣਵਾਈ ਜਾਰੀ ਹੈ।

ਇਹ ਵੀ ਪੜ੍ਹੋ:

ਅਗਸਤ 2014: ਸਮਝੌਤਾ ਐਕਸਪ੍ਰੈੱਸ ਬਲਾਸਟ ਮਾਮਲੇ ਵਿਚ ਦੋਸ਼ੀ ਸਵਾਮੀ ਅਸੀਮਾਨੰਦ ਨੂੰ ਜ਼ਮਾਨਤ ਮਿਲ ਗਈ। ਜਾਂਚ ਏਜੰਸੀ ਐਨਆਈਏ ਅਦਾਲਤ ਵਿਚ ਅਸੀਮਾਨੰਦ ਦੇ ਖਿਲਾਫ਼ ਲੋੜਿੰਦੇ ਸਬੂਤ ਨਾ ਦੇ ਸਕੀ। ਉਨ੍ਹਾਂ ਨੂੰ ਸੀਬੀਆਈ ਨੇ 2010 ਵਿਚ ਉਤਰਾਖੰਡ ਦੇ ਹਰਿਦੁਆਰ ਤੋਂ ਗ੍ਰਿਫ਼ਤਾਰ ਕੀਤਾ ਸੀ।

ਉਨ੍ਹਾਂ ''ਤੇ ਸਾਲ 2006 ਤੋਂ 2008 ਵਿਚਕਾਰ ਭਾਰਤ ਵਿਚ ਕਈ ਥਾਵਾਂ ''ਤੇ ਹੋਏ ਬੰਬ ਧਮਾਕਿਆਂ ਨੂੰ ਅੰਜਾਮ ਦੇਣ ਨਾਲ ਸਬੰਧਿਤ ਹੋਣ ਦਾ ਇਲਜ਼ਾਮ ਸੀ।

ਅਸੀਮਾਨੰਦ ਦੇ ਖਿਲਾਫ਼ ਮੁਕਦਮਾ ਉਨ੍ਹਾਂ ਦੇ ਇਕਬਾਲੀਆ ਬਿਆਨ ਦੇ ਆਧਾਰ ''ਤੇ ਕੀਤਾ ਗਿਆ ਸੀ, ਪਰ ਬਾਅਦ ਵਿਚ, ਉਹ ਆਪਣੇ ਬਿਆਨ ਤੋਂ ਮੁਕਰ ਗਏ ਕਿ ਉਨ੍ਹਾਂ ਨੇ ਤਾਂ ਬਿਆਨ ਤਸ਼ੱਦਦ ਕਾਰਨ ਦਿੱਤਾ ਸੀ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

https://www.youtube.com/watch?v=aW0UEBkRsZ0

https://www.youtube.com/watch?v=aZoxnDBw3oY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News