8 ਤੋਂ 10 ਹਫਤੇ ਦੀ ਵੇਟਿੰਗ ''ਤੇ ਮਿਲੇਗਾ ਸਵਿਫਟ ਦਾ ਨਵਾਂ ਮਾਡਲ

Saturday, Feb 24, 2018 - 11:32 AM (IST)

8 ਤੋਂ 10 ਹਫਤੇ ਦੀ ਵੇਟਿੰਗ ''ਤੇ ਮਿਲੇਗਾ ਸਵਿਫਟ ਦਾ ਨਵਾਂ ਮਾਡਲ

ਮਾਰੂਤੀ ਦੇ ਨਵੇਂ ਮਾਡਲ ਲਈ ਡੀਲਰਾਂ ਕੋਲ ਗਾਹਕਾਂ ਦੀ ਲਾਈਨਾਂ 

ਜਲੰਧਰ-ਮਾਰੂਤੀ ਸੁਜ਼ੂਕੀ ਵੱਲੋਂ ਆਟੋ ਐਕਸਪੋ 2018 'ਚ ਲਾਂਚ ਕੀਤੀ ਗਈ ਸਵਿਫਟ ਦੀ ਨਵੀਂ ਕਾਰ ਖਰੀਦਣ ਲਈ ਲੋਕਾਂ 'ਚ ਭਾਰੀ ਬੇਸਬਰੀ ਪਾਈ ਜਾ ਰਹੀ ਹੈ। ਕੰਪਨੀ ਨੇ ਕਾਰ ਦੀ ਬੁਕਿੰਗ ਤੋਂ ਬਾਅਦ 8 ਤੋਂ 10 ਹਫਤੇ ਦੇ ਅੰਦਰ ਡਲਿਵਰੀ ਦੇਣ ਦੀ ਯੋਜਨਾ ਬਣਾਈ ਹੈ ਪਰ ਕਾਰ ਦੀਆਂ ਖੂਬੀਆਂ ਨੂੰ ਵੇਖਦਿਆਂ ਕਾਰ ਬਾਰੇ ਜਾਣਕਾਰੀ ਲੈਣ ਲਈ ਕੰਪਨੀ ਦੇ ਡੀਲਰਾਂ ਕੋਲ ਗਾਹਕਾਂ ਦੀ ਲਾਈਨ ਵਧਦੀ ਜਾ ਰਹੀ ਹੈ। ਤੀਜੀ ਜਨਰੇਸ਼ਨ ਦੀ ਇਸ ਆਈਕੋਨਿਕ ਸਵਿਫਟ ਨੂੰ ਜ਼ਿਆਦਾ ਸੁਰੱਖਿਅਤ ਅਤੇ ਸਟਾਈਲਿਸ਼ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਕਾਰ 'ਚ ਸਵਿਫਟ ਦੇ ਪੁਰਾਣੇ ਮਾਡਲ ਦੇ ਮੁਕਾਬਲੇ ਜ਼ਿਆਦਾ ਜਗ੍ਹਾ ਹੈ। ਕਾਰ ਦੇ ਡਰਾਈਵਿੰਗ ਤਜਰਬੇ ਅਤੇ ਗੁਣਵੱਤਾ 'ਚ ਸੁਧਾਰ ਕੀਤਾ ਗਿਆ ਹੈ ਅਤੇ ਕਾਰ ਦੀਆਂ ਸਾਰੀਆਂ ਸੀਟਾਂ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਹਰ ਸੀਟ 'ਤੇ ਬੈਠ ਕੇ ਸਫਰ ਕਰਨ ਵਾਲਿਆਂ ਨੂੰ ਸੁਰੱਖਿਆ ਅਤੇ ਯਾਤਰਾ ਦਾ ਪੂਰਾ ਆਨੰਦ ਮਿਲੇ।  2005 'ਚ ਕੰਪਨੀ ਵੱਲੋਂ ਸਵਿਫਟ ਕਾਰ ਲਾਂਚ ਕੀਤੇ ਜਾਣ ਤੋਂ ਬਾਅਦ 18 ਲੱਖ ਕਾਰਾਂ ਵੇਚੀਆਂ ਜਾ ਚੁੱਕੀਆਂ ਹਨ ਅਤੇ ਇਹ ਕਾਰ ਦੇਸ਼ ਦੀਆਂ 5 ਬੈਸਟ ਸੈਲਰ ਕਾਰਾਂ 'ਚੋਂ ਇਕ ਹੈ। ਸਵਿਫਟ ਦੇ ਨਵੇਂ ਮਾਡਲ 'ਚ ਈਂਧਨ ਦੀ ਖਪਤ ਵੀ ਘੱਟ ਹੁੰਦੀ ਹੈ। ਕੰਪਨੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਨਵੀਂ ਸਵਿਫਟ ਇਕ ਲਿਟਰ ਪੈਟਰੋਲ 'ਚ 22 ਕਿ. ਮੀ. ਦੀ ਮਾਈਲੇਜ ਦੇਵੇਗੀ ਅਤੇ ਇਹ ਸਵਿਫਟ ਦੇ ਪੁਰਾਣੇ ਮਾਡਲ ਦੇ ਮੁਕਾਬਲੇ 7.8 ਫੀਸਦੀ ਜ਼ਿਆਦਾ ਹੈ। ਨਵੀਂ ਕਾਰ ਦਾ ਡੀਜ਼ਲ ਵਰਜ਼ਨ ਪ੍ਰਤੀ ਲਿਟਰ 28.4 ਕਿ. ਮੀ. ਦੀ ਮਾਈਲੇਜ ਦੇਵੇਗਾ ਅਤੇ ਇਹ ਪੁਰਾਣੇ ਮਾਡਲ ਦੇ ਮੁਕਾਬਲੇ 12.7 ਫੀਸਦੀ ਜ਼ਿਆਦਾ ਹੈ। 

ਮੇਕ ਇਨ ਇੰਡੀਆ ਨੂੰ ਧਿਆਨ 'ਚ ਰੱਖਦਿਆਂ ਕਾਰ ਦੇ 98 ਫੀਸਦੀ ਪੁਰਜ਼ੇ ਸਥਾਨਕ ਪੱਧਰ 'ਤੇ ਬਣਾਏ ਗਏ ਹਨ। ਕਾਰ ਦੀ ਆਟੋ ਗਿਅਰ ਸ਼ਿਫਟ ਟੈਕਨਾਲੋਜੀ ਸਪੋਰਟੀ ਡਿਜ਼ਾਈਨ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਕਾਰ ਦਾ ਨਿਰਮਾਣ ਪੰਜਵੀਂ ਜਨਰੇਸ਼ਨ ਹਾਰਟੈਕਟ ਪਲੇਟਫਾਰਮ 'ਤੇ ਕੀਤਾ ਗਿਆ ਹੈ, ਜਿਸ ਨਾਲ ਕਾਰ ਦੀ ਰਫ਼ਤਾਰ ਨੂੰ ਤੇਜ਼ੀ ਮਿਲਦੀ ਹੈ। ਕਾਰ ਦਾ ਵਧੀਆ ਡਿਜ਼ਾਈਨ ਇਸ ਨੂੰ ਸੜਕ 'ਤੇ ਚਲਦਿਆਂ ਬਿਹਤਰ ਲੁਕ ਦਿੰਦਾ ਹੈ। ਪਰਿਵਾਰ ਦੇ ਨਾਲ ਲੰਮੀ ਦੂਰੀ ਦਾ ਸਫਰ ਕਰਨ ਵਾਲਿਆਂ ਨੂੰ ਵਾਧੂ ਸਾਮਾਨ ਰੱਖਣ ਲਈ ਵੀ ਇਸ ਕਾਰ 'ਚ ਜ਼ਿਆਦਾ ਜਗ੍ਹਾ ਮਿਲੇਗੀ। ਕਾਰ ਦੀ ਕੈਪੇਸਿਟੀ 'ਚ 28 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਕਾਰ 'ਚ ਬੈਠ ਕੇ ਸਿਰ ਨਾ ਟਕਰਾਏ ਇਸ ਦੇ ਲਈ ਜ਼ਿਆਦਾ ਸਪੇਸ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੈਬਿਨ 'ਚ ਜ਼ਿਆਦਾ ਜਗ੍ਹਾ ਦੇ ਨਾਲ-ਨਾਲ ਬੈਕ ਸੀਟ ਦੇ ਐਂਗਲ ਨੂੰ ਵੀ ਬਿਹਤਰ ਬਣਾਇਆ ਗਿਆ ਹੈ। ਨੌਜਵਾਨ ਵਰਗ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦਿਆਂ ਕਾਰ ਨੂੰ ਐਪਲ ਕਾਰ ਪਲੇਅ ਅਤੇ ਐਂਡ੍ਰਾਇਡ ਆਟੋ ਦੇ ਨਾਲ ਜੋੜਿਆ ਗਿਆ ਹੈ। ਕਾਰ ਨੂੰ ਪਾਰਕ ਕਰਦਿਆਂ ਚਾਲਕ ਨੂੰ ਜਗ੍ਹਾ ਦਾ ਠੀਕ ਅੰਦਾਜ਼ਾ ਦੇਣ ਲਈ ਕਾਰ 'ਚ ਪਾਰਕਿੰਗ ਕੈਮਰੇ ਲਾਏ ਗਏ ਹਨ। 

ਇਸ ਤੋਂ ਇਲਾਵਾ ਏ. ਸੀ. ਦੀ ਪ੍ਰਫਾਰਮੈਂਸ 'ਚ ਵੀ ਸੁਧਾਰ ਕੀਤਾ ਗਿਆ ਹੈ ਅਤੇ ਕਾਰ 'ਚ ਆਵਾਜ਼ ਦੀ ਪਛਾਣ ਕਰਨ ਵਾਲਾ ਯੰਤਰ ਵੀ ਲਾਇਆ ਗਿਆ ਹੈ। ਕਾਰ ਦੇ ਨਿਰਮਾਣ ਲਈ ਹਾਈਟੈਂਸਿਲ ਸਟੀਲ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਕਾਰ ਨੂੰ 40 ਫੀਸਦੀ ਜ਼ਿਆਦਾ ਮਜ਼ਬੂਤੀ ਮਿਲਦੀ ਹੈ।


Related News