ਗੁਲਾਮੀ ਦੇ ਦੌਰ ਦੀ ਯਾਦ ਦਿਵਾਉਂਦੇ ‘ਮਾਈ ਲਾਰਡ’, ‘ਯੂਅਰ ਲਾਰਡਸ਼ਿਪ’ ਵਰਗੇ ਸ਼ਬਦ ਹੁਣ ਬੰਦ ਹੋਣੇ ਚਾਹੀਦੇ
Saturday, Nov 25, 2023 - 04:15 AM (IST)
ਭਾਰਤੀ ਅਦਾਲਤਾਂ ’ਚ ਮੁਕੱਦਮਿਆਂ ਦੀ ਸੁਣਵਾਈ ਦੌਰਾਨ ਅਕਸਰ ਵਕੀਲਾਂ ਵੱਲੋਂ ਜੱਜਾਂ ਸਾਹਮਣੇ ਪੇਸ਼ ਹੋਣ ਸਮੇਂ ਅੰਗ੍ਰੇਜ਼ਾਂ ਦੇ ਜ਼ਮਾਨੇ ਤੋਂ ਚੱਲੇ ਆ ਰਹੇ ਸਿਰ ਝੁਕਾ ਕੇ 2 ਖਾਸ ਸ਼ਬਦਾਂ ‘ਮਾਈ ਲਾਰਡ’ ਅਤੇ ‘ਯੂਅਰ ਲਾਰਡਸ਼ਿਪ’ ਦੀ ਵਰਤੋਂ ਕੀਤੀ ਜਾਂਦੀ ਹੈ।
ਪਰ ਹੁਣ ਕੁਝ ਮਾਣਯੋਗ ਜੱਜ ਇਸ ਰਵਾਇਤ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਸਿਲਸਿਲੇ ’ਚ 2019 ’ਚ ਰਾਜਸਥਾਨ ਹਾਈ ਕੋਰਟ ਦੀ ਫੁੱਲ-ਕੋਰਟ ਨੇ ਸਰਬਸੰਮਤੀ ਨਾਲ ਇਕ ਨੋਟਿਸ ਜਾਰੀ ਕਰ ਕੇ ਵਕੀਲਾਂ ਨੂੰ ਗੁਜ਼ਾਰਿਸ਼ ਕੀਤੀ ਸੀ ਕਿ ਜੱਜਾਂ ਨੂੰ ‘ਮਾਈ ਲਾਰਡ’ ਅਤੇ ‘ਯੂਅਰ ਲਾਰਡਸ਼ਿਪ’ ਕਹਿਣ ਦੀ ਪ੍ਰਥਾ ਖਤਮ ਕੀਤੀ ਜਾਵੇ।
ਇਸ ਤੋਂ ਪਹਿਲਾਂ ਜਨਵਰੀ, 2014 ’ਚ ਜਸਟਿਸ ਐੱਚ. ਐੱਲ. ਦੱਤੂ ਅਤੇ ਜਸਟਿਸ ਐੱਸ. ਏ. ਬੋਬੜੇ ਦੀ ਬੈਂਚ ਨੇ ਵੀ ਕਿਹਾ ਸੀ ਕਿ ਜੱਜਾਂ ਨੂੰ ਅਜਿਹੇ ਸ਼ਬਦਾਂ ਨਾਲ ਸੰਬੋਧਿਤ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਸਨਮਾਨਜਨਕ ਤਰੀਕੇ ਨਾਲ ਸੰਬੋਧਿਤ ਕਰਨਾ ਹੀ ਕਾਫੀ ਹੈ। ਮਦਰਾਸ ਹਾਈ ਕੋਰਟ ਅਤੇ ‘ਬਾਰ ਕੌਂਸਲ ਆਫ ਇੰਡੀਆ’ ਨੇ ਵੀ ਕਿਹਾ ਸੀ ਕਿ ਗੁਲਾਮੀ ਦੇ ਦੌਰ ਦੇ ਪ੍ਰਤੀਕ ਹੋਣ ਕਾਰਨ ਉਕਤ ਦੋਵੇਂ ਸ਼ਬਦ ਵਰਤੇ ਨਹੀਂ ਜਾਣੇ ਚਾਹੀਦੇ।
5 ਨਵੰਬਰ, 2023 ਨੂੰ ਸੁਪਰੀਮ ਕੋਰਟ ਦੇ ਜਸਟਿਸ ਪੀ. ਐੱਸ. ਨਰਸਿਮ੍ਹਾ ਨੇ ‘ਮਾਈ ਲਾਰਡ’ ਅਤੇ ‘ਯੂਅਰ ਲਾਰਡਸ਼ਿਪ’ ਸ਼ਬਦ ਕਹਿਣ ’ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਇਨ੍ਹਾਂ ਦੀ ਥਾਂ ’ਤੇ ‘ਸਰ’ ਸ਼ਬਦ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਇਕ ਮੁਕੱਦਮੇ ਦੀ ਸੁਣਵਾਈ ਦੌਰਾਨ ਜਦ ਇਕ ਸੀਨੀਅਰ ਵਕੀਲ ਨੇ ਜਸਟਿਸ ਨਰਸਿਮ੍ਹਾ ਨੂੰ ‘ਮਾਈ ਲਾਰਡ’ ਕਹਿ ਕੇ ਸੰਬੋਧਿਤ ਕੀਤਾ ਤਾਂ ਉਹ ਬੋਲੇ, ‘‘ਤੁਸੀਂ ਕਿੰਨੀ ਵਾਰ ਮੈਨੂੰ ‘ਮਾਈ ਲਾਰਡ’ ਕਹੋਗੇ? ਜੇ ਤੁਸੀਂ ਅਜਿਹਾ ਕਹਿਣਾ ਬੰਦ ਕਰ ਿਦਓਗੇ ਤਾਂ ਮੈਂ ਤੁਹਾਨੂੰ ਆਪਣੀ ਅੱਧੀ ਤਨਖਾਹ ਦੇ ਦੇਵਾਂਗਾ।’’
ਅਤੇ ਹੁਣ 21 ਨਵੰਬਰ ਨੂੰ ਪਾਕਿਸਤਾਨ ਦੇ ਚੀਫ ਜਸਟਿਸ ਕਾਜ਼ੀ ਫਯਾਜ਼ ਈਸਾ ਨੇ ਲੋਕ ਸੇਵਕਾਂ ਦੇ ਅਹੁਦਿਆਂ ਦੇ ਨਾਂ ਨਾਲ ‘ਸਾਹਬ’ ਸ਼ਬਦ ਜੋੜਨ ’ਤੇ ਰੋਕ ਲਾਉਂਦੇ ਹੋਏ ਕਿਹਾ ਕਿ ‘‘ਇਹ ਗੈਰ-ਜ਼ਰੂਰੀ ਤੌਰ ’ਤੇ ਉਨ੍ਹਾਂ ਦੇ ਰੁਤਬੇ ਨੂੰ ਵਧਾਉਂਦਾ ਹੈ ਅਤੇ ਉਨ੍ਹਾਂ ਨੂੰ ਲੋਕਾਂ ਪ੍ਰਤੀ ਜਵਾਬਦੇਹ ਨਾ ਹੋਣ ਦਾ ਅਹਿਸਾਸ ਕਰਵਾਉਂਦਾ ਹੈ।’’
‘‘ਇਸ ਲਈ ਕਿਸੇ ਦੇ ਅਹੁਦੇ ਦੇ ਨਾਂ ਦੇ ਨਾਲ ‘ਸਾਹਬ’ ਸ਼ਬਦ ਜੋੜਨਾ ਸਹੀ ਨਹੀਂ ਹੈ ਕਿਉਂਕਿ ਇਸ ਨਾਲ ਉਨ੍ਹਾਂ ’ਚ ਆਪਣੇ ਰੁਤਬੇ ਨੂੰ ਲੈ ਕੇ ਗਲਤਫਹਿਮੀ ਅਤੇ ਗੈਰ-ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੋ ਸਕਦੀ ਹੈ ਜੋ ਸਵੀਕਾਰਨਯੋਗ ਨਹੀਂ ਹੈ ਕਿਉਂਕਿ ਇਹ ਉਸ ਜਨਤਾ ਦੇ ਹਿੱਤਾਂ ਦੇ ਵਿਰੁੱਧ ਹੈ, ਜਿਨ੍ਹਾਂ ਦੀ ਉਨ੍ਹਾਂ ਨੇ ਸੇਵਾ ਕਰਨੀ ਹੈ।’’
ਜੱਜਾਂ ਅਤੇ ਲੋਕ ਸੇਵਕਾਂ ਦੇ ਮਾਮਲੇ ’ਚ ਉਕਤ ਟਿੱਪਣੀਆਂ ਪ੍ਰਸ਼ੰਸਾਯੋਗ ਹਨ। ਕਿਸੇ ਆਜ਼ਾਦ ਦੇਸ਼ ਲਈ ਗੁਲਾਮੀ ਦੇ ਪ੍ਰਤੀਕ ਸ਼ਬਦਾਂ ਦੀ ਵਰਤੋਂ ਨੂੰ ਤਿਆਗਣ ’ਚ ਹੀ ਸਿਆਣਪ ਹੈ।
- ਵਿਜੇ ਕੁਮਾਰ