ਭਾਰਤੀ ਫੌਜ ਵਿਚ ਅਜੇ ਯੁੱਧ ਸੇਵਾਵਾਂ ਦੇਣ ਤੋਂ ਵਾਂਝੀਆਂ ਔਰਤਾਂ

02/10/2020 1:22:51 AM

ਭਾਰਤੀ ਫੌਜ 1992 ਤੋਂ ਔਰਤਾਂ ਨੂੰ ਬਤੌਰ ਅਧਿਕਾਰੀ ਭਰਤੀ ਕਰ ਰਹੀ ਹੈ। ਫਿਲਹਾਲ 14 ਲੱਖ ਹਥਿਆਰਬੰਦ ਬਲਾਂ ਦੇ 65,000 ਅਧਿਕਾਰੀਆਂ ਦੇ ਕੇਡਰ ਵਿਚੋਂ ਥਲ ਸੈਨਾ ਵਿਚ 1500, ਹਵਾਈ ਫੌਜ ਵਿਚ 1600 ਅਤੇ ਸਮੁੰਦਰੀ ਫੌਜ ਵਿਚ 500 ਹੀ ਔਰਤਾਂ ਹਨ ਪਰ ਜਿਥੇ ਹਵਾਈ ਫੌਜ ਵਿਚ ਉਹ ਬਤੌਰ ਫਾਈਟਰ ਪਾਇਲਟ ਯੁੱਧ ਵਿਚ ਹਿੱਸਾ ਲੈ ਸਕਦੀਆਂ ਹਨ ਅਤੇ ਸਮੁੰਦਰੀ ਫੌਜ ਵਿਚ ਵੀ ਉਨ੍ਹਾਂ ਨੂੰ ਬਤੌਰ ਸਮੁੰਦਰੀ ਸੈਨਿਕ ਤਾਇਨਾਤ ਕਰਨ ਦੀ ਤਿਆਰੀ ਚਲ ਰਹੀ ਹੈ, ਉੱਥੇ ਹੀ ਫੌਜ ਵਿਚ ਔਰਤਾਂ ਦੀ ਤਾਇਨਾਤੀ ਸਿਰਫ 'ਨਾਨ-ਕੰਬੈਟ' ਭਾਵ ਗੈਰ-ਯੁੱਧ ਅਹੁਦਿਆਂ 'ਤੇ ਹੀ ਕੀਤੀ ਜਾਂਦੀ ਹੈ, ਜਿਥੇ ਉਹ ਡਾਕਟਰ, ਨਰਸ, ਇੰਜੀਨੀਅਰ, ਸਿਗਨਲਰ, ਐਡਮਿਨਿਸਟਰੇਟਰ ਅਤੇ ਵਕੀਲ ਦੇ ਰੂਪ ਵਿਚ ਆਪਣੀਆਂ ਸੇਵਾਵਾਂ ਦਿੰਦੀਆਂ ਹਨ। ਬੀਤੇ ਸਾਲ ਤੋਂ ਉਨ੍ਹਾਂ ਦੀ ਭਰਤੀ ਸੈਨਾ ਅਤੇ ਪੁਲਸ ਵਿਚ ਵੀ ਜਵਾਨ ਦੇ ਤੌਰ 'ਤੇ ਹੋਣ ਲੱਗੀ ਹੈ।
ਔਰਤਾਂ ਨੇ ਯੁੱਧ ਸਥਲਾਂ 'ਤੇ ਫੌਜੀਆਂ ਦਾ ਇਲਾਜ ਕੀਤਾ ਹੈ, ਵਿਸਫੋਟਕਾਂ ਨਾਲ ਨਜਿੱਠੀਆਂ ਹਨ ਅਤੇ ਬਾਰੂਦੀ ਸੁਰੰਗਾਂ ਨੂੰ ਹਟਾਉਣ ਤੋਂ ਲੈ ਕੇ ਸੰਚਾਰ ਸਥਾਪਿਤ ਕਰਨ ਵਰਗੇ ਕੰਮ ਕੀਤੇ ਹਨ। ਮਹਿਲਾ ਅਧਿਕਾਰੀਆਂ ਨੂੰ ਫੌਜ ਵਿਚ 20 ਸਾਲ ਦੀ ਸੇਵਾ ਦਾ ਸਥਾਈ ਕਮਿਸ਼ਨ ਦਿੱਤਾ ਜਾਣ ਲੱਗਾ ਹੈ। ਭਾਵ ਉਹ ਹਰੇਕ ਤਰ੍ਹਾਂ ਦੇ ਕੰਮ ਕਰ ਰਹੀਆਂ ਹਨ ਪਰ ਉਨ੍ਹਾਂ ਦਾ ਯੁੱਧ ਵਿਚ ਹਿੱਸਾ ਲੈਣਾ ਮਨ੍ਹਾ ਹੈ।
ਬੀਤੇ ਮਹੀਨੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਔਰਤਾਂ ਨੂੰ ਕੰਬੈਟ ਭੂਮਿਕਾਵਾਂ ਵਿਚ ਤਾਇਨਾਤ ਨਾ ਕਰਨ ਦੀ ਫੌਜ ਵੱਲੋਂ ਲੱਗੀ ਅਧਿਕਾਰਤ ਪਾਬੰਦੀ ਨੂੰ ਹਟਾਉਣ 'ਤੇ ਵਿਚਾਰ ਕਰਨ ਲਈ ਕਿਹਾ ਸੀ ਪਰ ਹਾਲ ਹੀ ਵਿਚ ਸਰਕਾਰ ਨੇ ਆਪਣੇ ਜਵਾਬ ਵਿਚ ਕਿਹਾ ਹੈ ਕਿ ਔਰਤਾਂ ਗਰਾਊਂਡ ਕੰਬੈਟ ਰੋਲ ਵਿਚ ਸੇਵਾ ਦੇਣ ਲਈ ਢੁੱਕਵੀਆਂ ਨਹੀਂ ਹਨ ਕਿਉਂਕਿ ਫੌਜੀ ਅਜੇ 'ਮਹਿਲਾ ਅਫਸਰਾਂ ਦੀ ਕਮਾਂਡ' ਨੂੰ ਸਵੀਕਾਰ ਕਰਨ ਲਈ ਮਾਨਸਿਕ ਤੌਰ 'ਤੇ ਤਿਆਰ ਨਹੀਂ ਹਨ ਅਤੇ ਔਰਤਾਂ ਲਈ ਜਣੇਪੇ , ਬੱਚਿਆਂ ਦੀ ਦੇਖ-ਭਾਲ ਵਰਗੀਆਂ ਚੁਣੌਤੀਆਂ ਵੀ ਹਨ।
ਫੌਜੀ ਇਤਿਹਾਸ ਮਾਹਿਰ ਸ਼੍ਰੀਨਾਥ ਰਾਘਵਨ ਅਨੁਸਾਰ ''ਇਹ ਦਾਅਵਾ ਅਣਕਿਆਸੀ ਅਤੇ ਪੱਛੜੀ ਸੋਚ ਦਾ ਪ੍ਰਤੀਕ ਹੈ, ਜੋ ਬਸਤੀਵਾਦੀ ਸ਼ਾਸਕਾਂ ਦੀ ਇਸ ਸੋਚ ਨਾਲ ਮੇਲ ਖਾਂਦਾ ਹੈ ਕਿ ਭਾਰਤੀ ਫੌਜੀ ਭਾਰਤੀ ਮਹਿਲਾ ਕਮਾਂਡਰਾਂ ਨੂੰ ਸਵੀਕਾਰ ਨਹੀਂ ਕਰਨਗੇ।''
ਵਿਸ਼ਵ ਦੀ ਦੂਸਰੀ ਸਭ ਤੋਂ ਵੱਡੀ ਭਾਰਤੀ ਫੌਜ ਵਿਚ ਔਰਤਾਂ ਦੀ ਹਿੱਸੇਦਾਰੀ ਸਿਰਫ 3.8 ਫੀਸਦੀ ਹੈ ਜੋ ਹਵਾਈ ਫੌਜ ਵਿਚ 13 ਅਤੇ ਸਮੁੰਦਰੀ ਫੌਜ ਵਿਚ 6 ਫੀਸਦੀ ਹੈ। 'ਦਿੱਲੀ ਇੰਸਟੀਚਿਊਟ ਆਫ ਪੀਸ ਐਂਡ ਕਨਫਲਿਕਟ ਸਟੱਡੀਜ਼' ਦੀ ਰਿਸਰਚਰ ਅਕਾਂਕਸ਼ਾ ਖੁੱਲਰ ਅਨੁਸਾਰ ਫੌਜ 'ਚ ਔਰਤਾਂ ਲਈ ਦਰਵਾਜ਼ੇ ਖੁੱਲ੍ਹੇ ਤਾਂ ਹਨ ਪਰ ਬਹੁਤ ਸੀਮਤ ਪੱਧਰ 'ਤੇ। ਸਾਡੀ ਰਾਸ਼ਟਰੀ ਸੁਰੱਖਿਆ ਵਿਚ ਲਿੰਗ-ਭੇਦ ਨਾਲ ਜੁੜੀ ਸੋਚ ਬਹੁਤ ਡੂੰਘੀ ਹੈ ਜਿਸ ਦੀ ਪੈਠ ਉੱਚ ਪੱਧਰ ਤੱਕ ਹੈ।
ਸੀ. ਡੀ. ਐੱਸ. ਜਨਰਲ ਬਿਪਨ ਰਾਵਤ ਅਨੁਸਾਰ ਜਣੇਪਾ-ਛੁੱਟੀ ਇਕ ਵੱਡਾ ਮੁੱਦਾ ਹੈ। ਔਰਤਾਂ ਨੂੰ ਜ਼ਿਆਦਾ ਪ੍ਰਾਈਵੇਸੀ ਅਤੇ ਸੁਰੱਖਿਆ ਦੀ ਲੋੜ ਹੁੰਦੀ ਹੈ ਅਤੇ ਭਾਰਤ ਅਜੇ ਕੰਮਬੈਟ ਵਿਚ 'ਸ਼ਹੀਦ ਮਹਿਲਾਵਾਂ ਦੇ ਤਾਬੂਤਾਂ' ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਔਰਤਾਂ ਨੂੰ ਜੂਨੀਅਰ ਫੌਜੀਆਂ ਦੀਆਂ ਨਜ਼ਰਾਂ ਤੋਂ ਬਚਾਉਣ ਦੀ ਲੋੜ ਵੀ ਹੈ। ਉਨ੍ਹਾਂ ਦੀਆਂ ਇਨ੍ਹਾਂ ਟਿੱਪਣੀਆਂ 'ਤੇ ਕਾਫੀ ਰੌਲਾ ਵੀ ਪਿਆ ਸੀ।
ਗੌਰਤਲਬ ਹੈ ਕਿ ਜਿਵੇਂ ਹੀ ਇਜ਼ਰਾਈਲੀ ਫੌਜ ਦਾ ਗਠਨ ਹੋਇਆ ਤਾਂ ਉਸ ਨੇ ਔਰਤਾਂ ਨੂੰ ਯੁੱਧ ਵਿਚ ਹਰ ਤਰ੍ਹਾਂ ਦੀ ਸੇਵਾ ਦੇਣ ਦਾ ਅਧਿਕਾਰ ਦੇ ਦਿੱਤਾ ਸੀ। ਅਮਰੀਕਾ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਵਿਚ ਇਹ ਅਧਿਕਾਰ ਕਾਫੀ ਮੁਸ਼ਕਿਲ ਨਾਲ ਦਿੱਤਾ ਗਿਆ ਸੀ।
ਬੇਸ਼ੱਕ ਕੁਦਰਤੀ ਤੌਰ 'ਤੇ ਔਰਤਾਂ ਦਾ ਸਰੀਰਕ ਬਲ ਮਰਦਾਂ ਤੋਂ ਘੱਟ ਹੈ ਪਰ ਜੋ ਔਰਤਾਂ ਸਾਰੇ ਪ੍ਰੀਖਣਾਂ ਵਿਚ ਖਰੀਆਂ ਉੱਤਰ ਸਕਣ, ਉਨ੍ਹਾਂ ਨੂੰ ਇਸ ਤੋਂ ਵਾਂਝਿਆਂ ਰੱਖਣਾ ਕਿਥੋਂ ਤੱਕ ਉਚਿਤ ਹੈ? ਹੁਣ ਸਮਾਂ ਹੈ ਕਿ ਔਰਤਾਂ ਨੂੰ ਫੌਜ ਵਿਚ ਮਰਦਾਂ ਦੇ ਬਰਾਬਰ ਹੀ ਹਰ ਭੂਮਿਕਾ ਵਿਚ ਸੇਵਾਵਾਂ ਦੇ ਮੌਕੇ ਦਿੱਤੇ ਜਾਣ, ਜਿਥੇ ਉਹ ਹੋਰਨਾਂ ਖੇਤਰਾਂ ਵਾਂਗ ਆਪਣੇ ਗੁਣਾਂ ਅਤੇ ਪ੍ਰਤਿਭਾ ਦੇ ਬਲ 'ਤੇ ਖੁਦ ਨੂੰ ਸਾਬਿਤ ਕਰ ਸਕਣ।


KamalJeet Singh

Content Editor

Related News