ਭਾਰਤ ਦੇ ਮਰਦ ਪ੍ਰਧਾਨ ਕਾਰਪੋਰੇਟ ਜਗਤ ’ਚ ਘੱਟ ਹੁੰਦਾ ਔਰਤਾਂ ਦਾ ਦਰਜਾ

02/08/2021 2:56:14 AM

ਮਰਦ ਪ੍ਰਧਾਨ ਸਮਾਜ ’ਚ ਔਰਤਾਂ ਦੀ ਆਰਥਿਕ ਆਜ਼ਾਦੀ ਹਮੇਸ਼ਾ ਤੋਂ ਹੀ ਦੁਨੀਆ ਭਰ ’ਚ ਬਹਿਸ ਦਾ ਵਿਸ਼ਾ ਰਹੀ ਹੈ। ਅਸੀਂ ਬੇਸ਼ੱਕ ਹੀ ਆਮ ਗੱਲਬਾਤ ’ਚ ਔਰਤਾਂ ਅਤੇ ਮਰਦਾਂ ਦਰਮਿਆਨ ਬਰਾਬਰੀ ਦੀ ਗੱਲ ਕਰਦੇ ਹਾਂ ਪਰ ਜਦੋਂ ਗੱਲ ਕਾਰਜ ਖੇਤਰ ਦੀ ਆਉਂਦੀ ਹੈ ਤਾਂ ਔਰਤਾਂ ਦਾ ਵਿਤਕਰਾ ਸਾਫ ਨਜ਼ਰ ਆਉਂਦਾ ਹੈ। ਔਰਤਾਂ ਦੀ ਆਰਥਿਕ ਆਜ਼ਾਦੀ ਨੂੰ ਲੈ ਕੇ ਇਕ ਰਿਪੋਰਟ ਦੇ ਅਨੁਸਾਰ ਦੁਨੀਆ ਦੇ 24 ਦੇਸ਼ਾਂ ’ਚ ਅਜੇ ਵੀ ਔਰਤਾਂ ਨੂੰ ਰਾਤ ਦੀ ਸ਼ਿਫਟ ’ਚ ਕੰਮ ਕਰਨ ਦੀ ਆਜ਼ਾਦੀ ਨਹੀਂ ਹੈ। ਜਿਥੋਂ ਤਕ ਭਾਰਤ ਦੇ ਕਾਰਪੋਰੇਟ ਜਗਤ ਦਾ ਸਬੰਧ ਹੈ, ਇਸ ’ਚ ਅਜੇ ਵੀ ਚੋਟੀ ਦੇ ਅਹੁਦਿਆਂ ’ਤੇ ਮਰਦ ਹੀ ਹਾਵੀ ਹਨ।

ਹਾਲਤ ਇਹ ਹੈ ਕਿ 250 ਕੰਪਨੀਆਂ ਦੇ ਸੀ. ਈ. ਓ. ’ਚੋਂ ਸਿਰਫ 6 ਹੀ ਔਰਤਾਂ ਹਨ ਅਤੇ ਇਨ੍ਹਾਂ ’ਚੋਂ ਵੀ 3 ਔਰਤਾਂ ਸੀ. ਈ. ਓ. ਜਾਂ ਤਾਂ ਉਸ ਕੰਪਨੀ ਦੀ ਸੰਸਥਾਪਕ ਅਤੇ ਜਾਂ ਫਿਰ ਉਸ ਕੰਪਨੀ ਨੂੰ ਪ੍ਰਮੋਟ ਕਰਨ ਵਾਲੇ ਪਰਿਵਾਰਾਂ ਨਾਲ ਸਬੰਧ ਰੱਖਦੀਆਂ ਹਨ।

‘ਈ. ਐੱਮ. ਏ. ਪਾਰਟਨਰਸ ਇੰਡੀਆ’ ਵਲੋਂ ਕਰਵਾਏ ਗਏ ਇਕ ਸਰਵੇਖਣ ਦੇ ਅਨੁਸਾਰ ਸਾਲ 2016 ’ਚ ਕਾਰਪੋਰੇਟ ਜਗਤ ’ਚ ਔਰਤ ਸੀ. ਈ. ਓ./ਮੈਨੇਜਿੰਗ ਡਾਇਰੈਕਟਰਾਂ ਦੀ ਹਿੱਸੇਦਾਰੀ 4.1 ਫੀਸਦੀ ਸੀ। (245 ਕੰਪਨੀਆਂ ’ਚ 10 ਔਰਤ ਸੀ. ਈ. ਓ. ਸਨ ਅਤੇ ਸਾਲ 2020 ’ਚ ਉਨ੍ਹਾਂ ਦੀ ਗਿਣਤੀ ਘਟ ਕੇ ਸਿਰਫ 2.4 ਫੀਸਦੀ ਭਾਵ 6 ਰਹਿ ਗਈ)।

ਹਾਲਾਂਕਿ ਬੀ. ਐੱਫ. ਐੱਸ. ਆਈ. (ਬੈਂਕਿੰਗ, ਫਾਈਨਾਂਸ਼ੀਅਲ ਸਰਵਿਸਿਜ਼ ਅਤੇ ਇੰਸ਼ੋਰੈਂਸ) ’ਚ ਔਰਤਾਂ ਦੀ ਸਥਿਤੀ ਮਜ਼ਬੂਤ ਰਹੀ ਅਤੇ ਇਸ ਸੈਕਟਰ ’ਚ ਤਿੰਨ ਔਰਤ ਸੀ. ਈ. ਓ. ਸਨ ਜੋ ਆਪਣੀ ਪੁਜ਼ੀਸ਼ਨ ’ਤੇ ਕਾਇਮ ਹਨ। ਪਿਛਲੇ 5 ਸਾਲਾਂ ’ਚ ਅਜਿਹਾ ਵੀ ਪਹਿਲੀ ਵਾਰ ਹੋਇਆ ਜਦੋਂ ਪ੍ਰੋਫੈਸ਼ਨਲ ਅਤੇ ਪ੍ਰਮੋਟਰ ਸੀ. ਈ. ਓ. ਦੀ ਗਿਣਤੀ ਇਕ ਬਰਾਬਰ ਹੋ ਗਈ ਹੈ।

‘ਐੱਮ. ਈ. ਐੱਮ. ਏ. ਪਾਰਟਨਰ ਇੰਡੀਆ’ ਦੀ ਰੀਤ ਭੰਭਾਨੀ ਦਾ ਮੰਨਣਾ ਹੈ ਕਿ, ‘‘ਕਾਰਪੋਰੇਟ ਜਗਤ ’ਚ ਉੱਚ ਅਹੁਦਿਆਂ ’ਤੇ ਔਰਤਾਂ ਦੀ ਸਥਿਤੀ ਪਿਛਲੇ 10-15 ਸਾਲਾਂ ਤੋਂ ਚਰਚਾ ਦੇ ਕੇਂਦਰ ’ਚ ਹੈ ਪਰ ਬਦਕਿਸਮਤੀ ਨਾਲ ਅੰਕੜੇ ਫਿਰ ਵੀ ਇਸ ਦੇ ਵਿਰੁੱਧ ਹੀ ਬੋਲਦੇ ਹਨ ਅਤੇ ਅਜੇ ਵੀ ਕੰਪਨੀਆਂ ’ਚ ਚੋਟੀ ਦੇ ਅਹੁਦਿਆਂ ’ਤੇ ਲਿੰਗਿਕ ਸੰਤੁਲਨ ਕਾਇਮ ਕਰਨ ਦੇ ਮਾਮਲੇ ’ਚ ਸਾਨੂੰ ਬਹੁਤ ਲੰਬਾ ਸਫਰ ਤੈਅ ਕਰਨਾ ਪੈਣਾ ਹੈ।’’

‘‘ਅਸੀਂ ਦੇਸ਼ ਦੀਆਂ ਕੰਪਨੀਆਂ ’ਚ ਸੀ. ਈ. ਓ. ਬਣਨ ਦੀ ਸਮਰੱਥਾ ਰੱਖਣ ਵਾਲੀਆਂ ਔਰਤਾਂ ਨੂੰ ਲੈ ਕੇ ਸਰਵੇ ਕੀਤਾ ਹੈ ਪਰ ਉਦਯੋਗ ਅਤੇ ਕਾਰੋਬਾਰ ਜਗਤ ਦੇ ਵਧੇਰੇ ਖੇਤਰਾਂ ’ਚ ਸਥਿਤੀ ਉਤਸ਼ਾਹਜਨਕ ਨਹੀਂ ਹੈ।’’

ਦੇਸ਼ ’ਚ ਉਦਯੋਗ ਅਤੇ ਨਿਰਮਾਣ ਦੇ ਖੇਤਰ ’ਚ ਕੰਮ ਕਰਨ ਵਾਲੀਆਂ ਕੰਪਨੀਆਂ ਦੀ ਚੋਟੀ ਦੇ ਉਦਯੋਗ ਜਗਤ ’ਚ ਵੱਡੀ ਹਿੱਸੇਦਾਰੀ ਹੈ ਪਰ ਇਨ੍ਹਾਂ ਕੰਪਨੀਅਾਂ ’ਚ ਸੀ. ਈ. ਓ. ਬਣਨ ’ਚ ਸਮਰੱਥ ਔਰਤਾਂ ਦੀ ਜ਼ਿਆਦਾ ਘਾਟ ਪਾਈ ਜਾ ਰਹੀ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਇਸ ਮੁੱਦੇ ਦਾ ਤੁਰੰਤ ਕੋਈ ਹੱਲ ਨਹੀਂ ਮਿਲ ਸਕਦਾ ਇਸ ਲਈ ਸਥਿਤੀ ’ਚ ਸੁਧਾਰ ਅਤੇ ਲੰਬੀ ਮਿਆਦ ਲਈ ਨਤੀਜੇ ਪ੍ਰਾਪਤ ਕਰਨ ਦੇ ਲਈ ਜ਼ਮੀਨੀ ਪੱਧਰ ’ਤੇ ਹੁਣੇ ਤੋਂ ਯਤਨ ਕਰਨਾ ਜ਼ਰੂਰੀ ਹੈ।

ਬ੍ਰਿਟਾਨੀਆ ਇੰਡਸਟ੍ਰੀਜ਼ ਦੀ ਸਾਬਕਾ ਪ੍ਰਬੰਧ ਨਿਰਦੇਸ਼ਕ ਵਿਨੀਤ ਬਾਲੀ ਦਾ ਮੰਨਣਾ ਹੈ ਕਿ, ‘‘ਸੰਸਥਾਵਾਂ ਇਕ ਤਰ੍ਹਾਂ ਸਮਾਜ ਦਾ ਹੀ ਸ਼ੀਸ਼ਾ ਹਨ ਇਸ ਲਈ ਇਨ੍ਹਾਂ ’ਚ ਸੀ. ਈ. ਓ. ਦੇ ਰੂਪ ’ਚ ਔਰਤਾਂ ਦੀ ਘੱਟ ਪ੍ਰਤੀਨਿਧਤਾ ਸਿਰਫ ਕੰਪਨੀਆਂ ਦੀ ਹੀ ਸਮੱਸਿਆ ਨਹੀਂ ਹੈ ਸਗੋਂ ਕਿਤੇ ਨਾ ਕਿਤੇ ਇਹ ਸਮਾਜ ’ਚ ਲਿੰਗਿਕ ਨਾਬਰਾਬਰੀ ਦੀ ਸਥਿਤੀ ਨੂੰ ਵੀ ਦਰਸਾਉਂਦਾ ਹੈ।’’

‘‘ਕੰਮ ਵਾਲੀਆਂ ਥਾਵਾਂ ’ਤੇ ਔਰਤਾਂ ਦੀ ਘੱਟ ਗਿਣਤੀ ਇਸ ਗੱਲ ਦਾ ਪ੍ਰਮਾਣ ਹੈ ਕਿ ਉਨ੍ਹਾਂ ਨੂੰ ਘਰ ਅਤੇ ਦਫਤਰ ’ਚ ਮੁਕੰਮਲ ਸਮਰਥਨ ਪ੍ਰਾਪਤ ਨਹੀਂ ਹੁੰਦਾ। ਘਰ ’ਚ ਮਾਤਾ-ਪਿਤਾ, ਜੀਵਨ ਸਾਥੀ ਅਤੇ ਕੰਮ ਵਾਲੀ ਥਾਂ ’ਤੇ ਸਹਿ-ਕਰਮਚਾਰੀਆਂ ਨੂੰ ਇਹ ਸਮਝਣਾ ਹੋਵੇਗਾ ਕਿ ਔਰਤਾਂ ਵੀ ਕੰਮ ਵਾਲੀਆਂ ਥਾਵਾਂ ’ਤੇ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀਆਂ ਹਨ।’’

ਵਿਨੀਤਾ ਬਾਲੀ ਇਸ ਸਬੰਧ ’ਚ ਸਲਾਹ ਦਿੰਦੀ ਹੋਈ ਕਹਿੰਦੀ ਹੈ, ‘‘ਕੰਪਨੀਆਂ ਦੇ ਨਿਰਦੇਸ਼ਕ ਮੰਡਲਾਂ ਨੂੰ ਵੀ ਇਸ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ ਜਿਸ ’ਚ ਔਰਤਾਂ ਨੂੰ ਬਰਾਬਰ ਮੌਕੇ ਪ੍ਰਾਪਤ ਹੋਣ ਤੇ ਕੰਮ ਵਾਲੀ ਥਾਂ ’ਤੇ ਉਨ੍ਹਾਂ ਨਾਲ ਵਿਤਕਰਾ ਨਾ ਹੋਵੇ।’’

ਇਕ ਹੋਰ ਸੰਸਥਾ ‘ਵਿਮਨ ਆਨ ਕਾਰਪੋਰੇਟ ਬਾਡਰਸ ਇਨ ਇੰਡੀਆ’ ਦੇ ਸੰਸਥਾਪਕ ਅਰੁਣ ਦੁੱਗਲ ਦੇ ਅਨੁਸਾਰ ਕੰਪਨੀਆਂ ’ਚ ਔਰਤ ਚੀਫ ਐਗਜ਼ੀਕਿਊਟਿਵ ਆਫਿਸਰਜ਼ ਅਤੇ ਸੀ. ਐਕਸ. ਓ. ਬਹੁਤ ਘੱਟ ਹਨ। ਇਸ ਲਈ ਨੇੜ ਭਵਿੱਖ ’ਚ ਔਰਤ ਸੀ. ਈ. ਓ. ਦੀ ਗਿਣਤੀ ’ਚ ਵਾਧੇ ਦੀ ਕੋਈ ਸੰਭਾਵਨਾ ਨਹੀਂ ਹੈ।

ਇਸ ਹਾਲਤ ’ਚ ਜੇਕਰ ਕੰਪਨੀਆਂ ਨੂੰ ਔਰਤ ਸੀ. ਈ. ਓ. ਦੀ ਗਿਣਤੀ ’ਚ ਵਾਧਾ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਸੀ. ਐਕਸ. ਓ. ਦੇ ਅਹੁਦਿਆਂ ਨੂੰ ਭਰਨ ਲਈ ਪ੍ਰੋਗਰਾਮ ਚਲਾਉਣਾ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਸੰਭਾਵਿਤ ਸੀ. ਈ. ਓ. ਦੇ ਰੂਪ ’ਚ ਔਰਤਾਂ ਦੇ ਵਿਕਾਸ ਦਾ ਸਭ ਤੋਂ ਵੱਧ ਮੁੜ ਨਿਰੀਖਣ ਕਰਦੇ ਰਹਿਣ ਦੀ ਵੀ ਲੋੜ ਹੈ।

ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ 2020 ’ਚ ਭਾਰਤ ’ਚ ਔਰਤ ਕਰਮਚਾਰੀਆਂ ਦੀ ਗਿਣਤੀ 24.8 ਫੀਸਦੀ ਰਹਿ ਗਈ ਹੈ ਜੋ 2006 ’ਚ 34 ਫੀਸਦੀ ਸੀ। ਕੋਰੋਨਾ ਕਾਲ ਦੌਰਾਨ 64.7 ਮਿਲੀਅਨ ਲੋਕ ਜੋ ਕਿਰਤ ਬਲ ਤੋਂ ਬਾਹਰ ਹੋ ਗਏ, ਉਨ੍ਹਾਂ ’ਚ 22.6 ਫੀਸਦੀ ਔਰਤਾਂ ਹੀ ਸਨ। ਅਜਿਹਾ ਲੱਗਦਾ ਹੈ ਕਿ ਜਿਹੜੀਆਂ ਔਰਤਾਂ ਨੇ ਕੋਰੋਨਾ ਦੇ ਦੌਰਾਨ ਆਪਣਾ ਰੋਜ਼ਗਾਰ ਗੁਆ ਦਿੱਤਾ ਸੀ, ਉਨ੍ਹਾਂ ਦੇ ਆਪਣੇ ਕੰਮ ਵਾਲੀਆਂ ਥਾਵਾਂ ’ਤੇ ਪਰਤਣ ਦੀ ਸੰਭਾਵਨਾ ਬੇਹੱਦ ਘੱਟ ਹੈ।

ਇਸ ਦਾ ਮਤਲਬ ਸਪੱਸ਼ਟ ਹੈ ਕਿ ਦੇਸ਼ ’ਚ ਔਰਤਾਂ ਦੇ ਹੱਕਾਂ ਦੇ ਲਈ ਆਵਾਜ਼ ਤਾਂ ਉਠਾਈ ਜਾਂਦੀ ਹੈ ਅਤੇ ਔਰਤਾਂ ਦੀਆਂ ਵੋਟਾਂ ਹਾਸਲ ਕਰਨ ਦੇ ਲਈ ਉਨ੍ਹਾਂ ਦੇ ਰਾਖਵੇਂਕਰਨ ਦੀ ਗੱਲ ਵੀ ਹੁੰਦੀ ਹੈ ਪਰ ਧਰਾਤਲ ’ਤੇ ਮਹਿਲਾ ਸਸ਼ਕਤੀਕਰਨ ਅਤੇ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਕੋਈ ਸਾਰਥਕ ਪਹਿਲ ਨਜ਼ਰ ਨਹੀਂ ਆਉਂਦੀ। ਸਾਨੂੰ ਉਨ੍ਹਾਂ ਦੀ ਕੰਮ ਵਾਲੀ ਥਾਂ ਨੂੰ ਬਿਹਤਰ ਬਣਾਉਣਾ ਹੋਵੇਗਾ ਤਾਂ ਕਿ ਉਹ ਮਰਦਾਂ ਦੇ ਬਰਾਬਰ ਮਜ਼ਬੂਤੀ ਨਾਲ ਕੰਮ ਕਰ ਸਕਣ। ਜਦੋਂ ਤਕ ਸਮਾਜਿਕ ਤੌਰ ’ਤੇ ਅਸੀਂ ਖੁਦ ਨੂੰ ਇਸ ਦੇ ਲਈ ਤਿਆਰ ਨਹੀਂ ਕਰਦੇ ਉਦੋਂ ਤਕ ਇਹ ਸਥਿਤੀ ਸੁਧਰਨ ਦੀ ਸੰਭਾਵਨਾ ਵੀ ਘੱਟ ਹੈ।


Bharat Thapa

Content Editor

Related News