ਆਪਣੇ ਹਵਾ-ਪਾਣੀ ਦੀ ਸਵੱਛਤਾ ਲਈ ਸਾਨੂੰ ਬਹੁਤ ਯਤਨ ਕਰਨੇ ਪੈਣਗੇ

09/23/2019 1:43:43 AM

16 ਸਾਲਾ ਸਵੀਡਨ ਵਾਸੀ ਗ੍ਰੇਟਾ ਟੁਨਬਰਗ, ਜੋ ਚੌਗਿਰਦੇ ਦੀ ਸੁਰੱਖਿਆ ਖਾਤਿਰ ਮਾਸ ਨਹੀਂ ਖਾਂਦੀ ਅਤੇ ਨਾ ਹੀ ਹਵਾਈ ਯਾਤਰਾ ਕਰਦੀ ਹੈ, ਬੀਤੇ ਦਿਨੀਂ ਜ਼ੀਰੋ ਉਤਸਰਜਨ ਕਰਨ ਵਾਲੀ ਯਾਟ ’ਤੇ ਸਵਾਰ ਹੋ ਕੇ ਨਿਊਯਾਰਕ ਪਹੁੰਚੀ। ਸ਼ੁੱਕਰਵਾਰ ਨੂੰ ਉਨ੍ਹਾਂ ਨੇ 1.1 ਮਿਲੀਅਨ ਵਿਦਿਆਰਥੀਆਂ ਨਾਲ ਨਿਊਯਾਰਕ ’ਚ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ, ਜਿੱਥੇ 23 ਸਤੰਬਰ ਨੂੰ ਸੰਯੁਕਤ ਰਾਸ਼ਟਰ ਚੌਗਿਰਦਾ ਸੁਰੱਖਿਆ ਸਿਖਰ ਸੰਮੇਲਨ ਹੋਣ ਵਾਲਾ ਹੈ। ਇਸ ਸੰਮੇਲਨ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਮੈੱਕਰਾਨ ਵੀ ਭਾਸ਼ਣ ਦੇਣਗੇ। ਵਰਣਨਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਇਸ ਸੰਮੇਲਨ ’ਚ ਸ਼ਾਮਿਲ ਹੋਣ ਦੀ ਬਜਾਏ ਇਕ ਧਰਮ ਸਬੰਧੀ ਸੰਮੇਲਨ ’ਚ ਹਿੱਸਾ ਲੈਣਗੇ।

ਅਸਲ ’ਚ ‘ਫ੍ਰਾਈਡੇਜ਼ ਫਾਰ ਇਨਵਾਇਰਨਮੈਂਟ’ ਨਾਂ ਦੇ ਇਸ ਅੰਦੋਲਨ ’ਚ ਸਭ ਤੋਂ ਵੱਧ ਗੈਸ ਉਤਸਰਜਨ ਕਰਨ ਵਾਲੇ ਦੇਸ਼ ਚੀਨ ਤੋਂ ਇਲਾਵਾ ਸਾਰੇ ਦੇਸ਼ਾਂ ਦੇ ਵਿਦਿਆਰਥੀ ਸ਼ਾਮਿਲ ਹੋਏ। ਇਸ ਦੀ ਸ਼ੁਰੂਆਤ ਸ਼ੁੱਕਰਵਾਰ ਸਵੇਰ ਨੂੰ ਆਸਟਰੇਲੀਆ ’ਚ ਹੋਈ, ਜਿਥੇ ਸਾਰੇ ਵੱਡੇ ਸ਼ਹਿਰਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ’ਚ ਅੱਗੇ ਆ ਕੇ ਸਰਕਾਰ ਤੋਂ ਸੌਰ ਊਰਜਾ ਨੂੰ ਅਪਣਾਉਣ ਦੀ ਮੰਗ ਕੀਤੀ ਪਰ ਕਿਉਂਕਿ ਆਸਟਰੇਲੀਆ ਦੀ ਅਰਥ ਵਿਵਸਥਾ ਤੇਲ ’ਤੇ ਨਿਰਭਰ ਹੈ, ਇਸ ਲਈ ਆਸਟਰੇਲੀਆ ਦੇ ਇਕ ਮੰਤਰੀ ਨੇ ਖੁੱਲ੍ਹੇ ਤੌਰ ’ਤੇ ਵਿਦਿਆਰਥੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਕੂਲਾਂ ’ਚ ਹੋਣਾ ਚਾਹੀਦਾ ਹੈ। ਇਸ ਪਿਛੋਕੜ ’ਚ ਸਰਕਾਰ ਤੋਂ ਇਸ ਸਬੰਧ ’ਚ ਕੁਝ ਜ਼ਿਆਦਾ ਕੀਤੇ ਜਾਣ ਦੀ ਆਸ ਨਹੀਂ ਹੈ।

ਦਿਨ ਅੱਗੇ ਵਧਣ ਦੇ ਨਾਲ ਹੀ ਏਸ਼ੀਆ ’ਚ ਹਾਂਗਕਾਂਗ ਅਤੇ ਮਲੇਸ਼ੀਆ ਤੋਂ ਲੈ ਕੇ ਭਾਰਤ ਅਤੇ ਹੋਰ ਦੇਸ਼ਾਂ ’ਚ ਵਿਦਿਆਰਥੀ ਸੜਕਾਂ ’ਤੇ ਉਤਰ ਆਏ ਅਤੇ ਗਲੋਬਲ ਵਾਰਮਿੰਗ ਦੇ ਵਧਣ ਦੇ ਮੱਦੇਨਜ਼ਰ ਅਫਰੀਕਾ ਅਤੇ ਯੂਰਪ ਵਿਚ ਵਿਦਿਆਰਥੀਆਂ ਨੇ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਆਪਣੀਆਂ-ਆਪਣੀਆਂ ਸਰਕਾਰਾਂ ’ਤੇ ਚੌਗਿਰਦੇ ਦੀ ਸੁਰੱਖਿਆ ਲਈ ਦਬਾਅ ਪਾਇਆ ਕਿਉਂਕਿ ਚੌਗਿਰਦਾ ਸੁਰੱਖਿਆ ਲਈ ਗੱਲਾਂ ਦੀ ਨਹੀਂ, ਸਗੋਂ ਕੰਮ ਕਰਨ ਦੀ ਲੋੜ ਹੈ। ਲਿਹਾਜ਼ਾ ਬ੍ਰਾਜ਼ੀਲੀਅਨ ਵਰਖਾ ਜੰਗਲਾਂ ’ਚ ਲੱਗੀ ਹੋਈ ਅੱਗ ਦੇ ਮੱਦੇਨਜ਼ਰ ਅਮਰੀਕਾ ਅਤੇ ਦੱਖਣੀ ਅਮਰੀਕਾ ਤੋਂ ਵੀ ਵਿਦਿਆਰਥੀ ਗ੍ਰੇਟਾ ਦੇ ਸਮਰਥਨ ’ਚ ਨਿਕਲ ਆਏ,

ਜਦਕਿ ਭਾਰਤੀ ਸ਼ਹਿਰਾਂ ’ਚ ਸਥਿਤੀ ਕੁਝ ਚੰਗੀ ਦਿਖਾਈ ਦੇ ਰਹੀ ਹੈ, ਜਿਸ ਵਿਚ ਦਿੱਲੀ ’ਚ ਪੀ. ਐੱਮ.-2.5 (2.5 ਮਾਈਕ੍ਰੋਮੀਟਰ ਤੋਂ ਘੱਟ ਆਕਾਰ ਦੇ ਖਤਰਨਾਕ ਕਣ ਪ੍ਰਤੀ ਘਣ ਮੀਟਰ ਦੇ ਅਨੁਸਾਰ) ਦਾ ਪੱਧਰ 450-500 ਤੋਂ ਲੈ ਕੇ 150-200 ਤਕ ਹੈ ਪਰ ਇਸ ਮਾਮਲੇ ਵਿਚ ਅਜੇ ਬਹੁਤ ਕੁਝ ਕਰਨਾ ਬਾਕੀ ਹੈ ਕਿਉਂਕਿ 50 ਤੋਂ ਘੱਟ ਦਾ ਪੱਧਰ ਹੀ ਆਮ ਮੰਨਿਆ ਜਾਂਦਾ ਹੈ।

ਹਾਲਾਂਕਿ ਦਿੱਲੀ ਸਰਕਾਰ ਨੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਉਦਯੋਗਿਕ ਈਂਧਨ ’ਤੇ ਪਾਬੰਦੀ ਲਾਉਣ, ਇਕ ਨਿਸ਼ਚਿਤ ਸਮਾਂ ਮਿਆਦ ਦੌਰਾਨ ਵਾਹਨਾਂ ਦੀ ਵਰਤੋਂ ਸੀਮਤ ਕਰਨ ਅਤੇ ਕੁਝ ਪਾਵਰ ਸਟੇਸ਼ਨਾਂ ਨੂੰ ਬੰਦ ਕਰਨ ਵਰਗੇ ਕੁਝ ਕਦਮ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਰਾਸ਼ਟਰੀ ਅਤੇ ਸੂਬਾਈ ਸਰਕਾਰਾਂ ਨੇ ਬਾਹਰੀ ਮਾਲਵਾਹਕ ਵਾਹਨਾਂ ਲਈ ਰਾਜਧਾਨੀ ਤੋਂ ਦੂਰ 2 ਮਹੱਤਵਪੂਰਨ ਪੈਰੀਫੇਰੀ ਰੋਡ ਖੋਲ੍ਹਣ ਦਾ ਸਵਾਗਤਯੋਗ ਕਦਮ ਚੁੱਕਿਆ ਹੈ ਪਰ ਸਾਨੂੰ ਇਹ ਬਿਲਕੁਲ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਭਾਰਤ ਵਿਚ ਸਿਰਫ ਹਵਾ ਪ੍ਰਦੂਸ਼ਣ ਦਾ ਹੀ ਨਹੀਂ ਸਗੋਂ ਜਲ ਪ੍ਰਦੂਸ਼ਣ ਦੀ ਸਮੱਸਿਆ ਦਾ ਵੀ ਸਾਹਮਣਾ ਕਰ ਰਹੇ ਹਾਂ।

ਸੰਭਵ ਤੌਰ ’ਤੇ ਸਰਕਾਰ ਹੁਣ ਜੇਕਰ ਪੰਜਾਬ ’ਚ ਪਰਾਲੀ ਸਾੜਨ ਤੋਂ ਹੋਣ ਵਾਲੇ 62 ਫੀਸਦੀ ਉਤਸਰਜਨ ਨੂੰ ਸਵੀਕਾਰ ਕਰ ਲੈਂਦੀ ਹੈ ਤਾਂ ਇਸ ਨਾਲ ਉਤਸਰਜਨ ਘੱਟ ਕਰਨ ਲਈ ਬਾਇਓਮਾਸ ਪਲਾਂਟਾਂ ਨੂੰ ਉਤਸ਼ਾਹ ਮਿਲੇਗਾ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ 17 ਫੀਸਦੀ ਪ੍ਰਦੂਸ਼ਣ ਹਰਿਆਣਾ ਦੇ ਖੇਤਰ ਵਿਚ ਵੀ ਪੈਦਾ ਕੀਤਾ ਜਾ ਰਿਹਾ ਹੈ।

ਹੁਣ ਜਦਕਿ ਦੀਵਾਲੀ ਆਉਣ ਵਾਲੀ ਹੈ ਤਾਂ ਇਸ ਵਿਚ ਹੋਰ ਵਾਧਾ ਹੋਵੇਗਾ, ਲਿਹਾਜ਼ਾ ਭਾਰਤੀ ਨਾਗਰਿਕਾਂ ਅਤੇ ਸਰਕਾਰ ਨੂੰ ਇਸ ਮਾਮਲੇ ’ਚ ਹੋਰ ਜ਼ਿਆਦਾ ਯਤਨ ਅਤੇ ਸੋਚ ਵਿਚਾਰ ਕਰਨਾ ਹੋਵੇਗਾ ਕਿ ਸਾਨੂੰ ਆਪਣੀ ਹਵਾ ਅਤੇ ਪਾਣੀ ਦੀ ਸਵੱਛਤਾ ਲਈ ਹੋਰ ਕਿਹੜੀਆਂ ਯੋਜਨਾਵਾਂ ਬਣਾਉਣ ਅਤੇ ਕਦਮ ਚੁੱਕਣ ਦੀ ਲੋੜ ਹੈ। ਜੇਕਰ ਇਕ 16 ਸਾਲਾ ਗ੍ਰੇਟਾ ਸੰਯੁਕਤ ਰਾਸ਼ਟਰ ਨੂੰ ਹਰਕਤ ’ਚ ਲਿਆ ਸਕਦੀ ਹੈ ਤਾਂ ਕਿ ਸਭ ਲੋਕ ਬਿਹਤਰ ਹਵਾ ਵਿਚ ਸਾਹ ਲੈ ਸਕਣ ਤਾਂ ਫਿਰ ਵਿਗਿਆਨੀ ਅਤੇ ਸਰਕਾਰਾਂ ਕਿਉਂ ਨਹੀਂ?


Bharat Thapa

Content Editor

Related News