‘ਰਮਜ਼ਾਨ ਦੇ ਮਹੀਨੇ ’ਚ ਵੀ ਜਾਰੀ ਹਿੰਸਾ’ ‘ਫਿਲਸਤੀਨ-ਇਸਰਾਈਲ ਵਿਵਾਦ : ਵਿਸ਼ਵ ਜੰਗ ਨਾ ਬਣ ਜਾਵੇ’

05/14/2021 3:11:45 AM

ਹਾਲਾਂਕਿ ਰਮਜ਼ਾਨ ਦਾ ਪਵਿੱਤਰ ਮਹੀਨਾ ਇਸਲਾਮ ’ਚ ਇਬਾਦਤ ਦਾ ਮਹੀਨਾ ਮੰਨਿਆ ਜਾਂਦਾ ਹੈ ਪਰ ਇਸ ਮਹੀਨੇ ’ਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀ ਮਨਾਹੀ ਹੋਣ ਦੇ ਬਾਵਜੂਦ ਇਸਲਾਮਿਕ ਅੱਤਵਾਦੀ ਗਿਰੋਹਾਂ ਵੱਲੋਂ ਹਿੰਸਾ ਜਾਰੀ ਰਹੀ ਅਤੇ ਫਿਲਸਤੀਨ ਅਤੇ ਇਸਰਾਈਲ ਦਰਮਿਆਨ ਸ਼ੁਰੂ ਹੋਏ ਝਗੜੇ ਨੇ ਦੁਨੀਆ ਨੂੰ ਚਿੰਤਾ ’ਚ ਪਾ ਦਿੱਤਾ ਹੈ।

ਫਿਲਸਤੀਨ ਦੇ ਇਸਲਾਮੀ ਅੱਤਵਾਦੀ ਸੰਗਠਨ ‘ਹਮਾਸ’ ਅਤੇ ਇਸਰਾਈਲ ਦੀ ਪੁਲਸ ਦ ੇ ਦਰਮਿਆਨ 8 ਮਈ ਤੋਂ ਜਾਰੀ ਹਿੰਸਾ 10 ਮਈ ਨੂੰ ਇਸਰਾਈਲ ’ਤੇ ‘ਹਮਾਸ’ ਵੱਲੋਂ ਕੀਤੇ ਗਏ ਰਾਕੇਟ ਹਮਲਿਆਂ ’ਚ 9 ਇਸਰਾਈਲੀਆਂ ਦੀ ਮੌਤ ਦੇ ਬਾਅਦ ਧਮਾਕਾਖੇਜ਼ ਰੂਪ ਧਾਰਨ ਕਰ ਗਈ ਹੈ ਅਤੇ ਦੋਵਾਂ ਪਾਸਿਆਂ ਤੋਂ ਤਾਬੜਤੋੜ ਹਵਾਈ ਹਮਲੇ ਹੋ ਰਹੇ ਹਨ।

ਇਨ੍ਹਾਂ ਹਮਲਿਆਂ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਇਸਰਾਈਲ ਅਤੇ ਫਿਲਸਤੀਨ ਦਰਮਿਆਨ 2014 ’ਚ 50 ਦਿਨਾਂ ਤੱਕ ਚੱਲੀ ਜੰਗ ਦੇ ਬਾਅਦ ਇਹ ਸਭ ਤੋਂ ਵੱਡਾ ਟਕਰਾਅ ਹੈ ਜਿਸ ਦੀਆਂ ਤਾਰਾਂ 1967 ਦੀ ਜੰਗ ’ਚ ਇਸਰਾਈਲ ਵੱਲੋਂ ਪੂਰਬੀ ਯੇਰੂਸ਼ਲਮ ’ਤੇ ਕੀਤੇ ਗਏ ਕਬਜ਼ੇ ਨਾਲ ਜੁੜੀਆਂ ਹੋਈਆਂ ਹਨ।

ਯੇਰੂਸ਼ਲਮ ’ਤੇ ਕਬਜ਼ੇ ਦੀ ਯਾਦ ’ਚ ਇਸਰਾਈਲ ਸਰਕਾਰ ਹਰ ਸਾਲ ਸਮਾਗਮ ਮਨਾਉਂਦੀ ਹੈ। ਇਸ ਵਾਰ ਦੇ ਸਮਾਗਮਾਂ ਨੂੰ ਨਿਰਵਿਘਨ ਤੌਰ ’ਤੇ ਸੰਪੰਨ ਕਰਨ ਦੇ ਲਈ ਇਸਰਾਈਲ ਸਰਕਾਰ ਨੇ ਯੇਰੂਸ਼ਲਮ ਸਥਿਤ ‘ਅਲ ਅਕਸਾ ਕੰਪਾਊਂਡ’ ’ਚ ਫਿਲਸਤੀਨੀਆਂ ਦੇ ਦਾਖਲੇ ’ਤੇ ਰੋਕ ਲਗਾ ਦਿੱਤੀ ਸੀ ਜਿਸ ਨੂੰ ਉਹ ਆਪਣਾ ਪਵਿੱਤਰ ਸਥਾਨ ਮੰਨਦੇ ਹਨ। ਇਸ ਦਰਮਿਆਨ ‘ਅਲ ਅਕਸਾ’ ਮਸਜਿਦ ’ਚ ਦੰਗਾਕਾਰੀਆਂ ਅਤੇ ਪੁਲਸ ਵਿਚਾਲੇ ਝੜਪਾਂ ਵੀ ਹੋਈਆਂ ਹਨ।

‘ਹਮਾਸ’, ਜਿਸ ਦਾ ਗਾਜ਼ਾ ’ਤੇ ਕੰਟਰੋਲ ਹੈ, ਨੇ ਇਸ ਪਾਬੰਦੀ ਨੂੰ ਫਿਲਸਤੀਨੀਆਂ ਦੀ ਧਾਰਮਿਕ ਆਜ਼ਾਦੀ ’ਤੇ ਹਮਲਾ ਮੰਨ ਕੇ ਗਾਜ਼ਾ ਪੱਟੀ ਸਥਿਤ ਆਪਣੇ ਟਿਕਾਣਿਆਂ ਤੋਂ ਇਸਰਾਈਲ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਲਗਾਤਾਰ ਹਮਲਿਆਂ ਨਾਲ ਤੇਲਅਵੀਵ ਸਮੇਤ ਇਸਰਾਈਲ ਦੇ ਕਈ ਸ਼ਹਿਰ ਕੰਬ ਉੱਠੇ।

ਇਸੇ ਦੇ ਅਧੀਨ ਫਿਲਸਤੀਨੀ ਅੱਤਵਾਦੀਆਂ ਨੇ ਇਸਰਾਈਲੀ ਇਲਾਕਿਆਂ ’ਚ 10 ਮਈ ਤੋਂ 12 ਮਈ ਦਰਮਿਆਨ 1500 ਰਾਕੇਟ ਦਾਗੇ ਜਿਨ੍ਹਾਂ ’ਚੋਂ 200 ਰਾਕੇਟ ਇਸਰਾਈਲ ਦੇ ਰਿਹਾਇਸ਼ੀ ਇਲਾਕਿਆਂ ’ਚ ਡਿੱਗਣ ਨਾਲ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ।

ਫਿਲਸਤੀਨੀ ਕੱਟੜਪੰਥੀਆਂ ਦੇ ਹਮਲਿਆਂ ਦੇ ਨਤੀਜੇ ਵਜੋਂ ਹੋਰਨਾਂ ਦੇ ਇਲਾਵਾ ਇਸਰਾਈਲ ਦੇ ਸਮੁੰਦਰੀ ਕੰਢੇ ਦੇ ਸ਼ਹਿਰ ‘ਅਸ਼ਕੇਲਾਨ’ ਦੇ ਇਕ ਘਰ ’ਚ ਨੌਕਰੀ ਕਰਨ ਵਾਲੀ ਸੌਮਿਆ ਸੰਤੋਸ਼ ਨਾਂ ਦੀ ਇਕ 30 ਸਾਲਾ ਭਾਰਤੀ ਮਹਿਲਾ ਦੀ ਵੀ ਮੌਤ ਹੋ ਗਈ।

ਦੂਜੇ ਪਾਸੇ ਇਸਰਾਈਲ ਦੀ ਜਵਾਬੀ ਕਾਰਵਾਈ ’ਚ ‘ਹਮਾਸ’ ਦੇ ਗਾਜ਼ਾ ਸਿਟੀ ਕਮਾਂਡਰ ‘ਬਸਮੀ ਈਸਾ’ ਅਤੇ ਕਈ ਹੋਰ ਅੱਤਵਾਦੀਆਂ ਦੇ ਇਲਾਵਾ ਘੱਟ ਤੋਂ ਘੱਟ 83 ਫਿਲਸਤੀਨੀ ਮਾਰੇ ਜਾ ਚੁੱਕੇ ਹਨ।

ਇਸੇ ਦਰਮਿਆਨ ਦੇਸ਼ ’ਚ ਬੇਕਾਬੂ ਹੁੰਦੀ ਜਾ ਰਹੀ ਅੱਤਵਾਦੀ ਹਿੰਸਾ ਨੂੰ ਰੋਕਣ ਦੇ ਇਸਰਾਈਲ ਸਰਕਾਰ ਦੇ ਯਤਨਾਂ ਦੌਰਾਨ 12 ਮਈ ਨੂੰ ਦੇਸ਼ ’ਚ ਕਈ ਥਾਵਾਂ ’ਤੇ ਅਰਬ ਮੂਲ ਦੇ ਲੋਕਾਂ ਅਤੇ ਯਹੂਦੀਆਂ ਦਰਮਿਆਨ ਦੰਗੇ ਸ਼ੁਰੂ ਹੋ ਗਏ ਹਨ ਜਿਨ੍ਹਾਂ ’ਚ ਕਈ ਪੁਲਸ ਕਰਮਚਾਰੀ ਜ਼ਖਮੀ ਹੋ ਗਏ ਅਤੇ ਪੁਲਸ ਨੇ ਲਗਭਗ 400 ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਇਲਾਵਾ ਲਾਡ ਸ਼ਹਿਰ ’ਚ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ।

ਵਰਨਣਯੋਗ ਹੈ ਕਿ 1966 ਦੇ ਬਾਅਦ ਪਹਿਲੀ ਵਾਰ ਇਸਰਾਈਲ ਸਰਕਾਰ ਨੂੰ ਅਰਬ ਭਾਈਚਾਰੇ ਦੇ ਲੋਕਾਂ ਦੇ ਵਿਰੁੱਧ ਆਪਣੀਆਂ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਨੀ ਪਈ ਹੈ। ਸਰਕਾਰ ਹਿੰਸਾ ਪ੍ਰਭਾਵਿਤ ਖੇਤਰਾਂ ’ਚ ਪੁਲਸ ਦੀ ਸਹਾਇਤਾ ਲਈ ਫੌਜ ਭੇਜਣ ’ਤੇ ਵੀ ਵਿਚਾਰ ਕਰ ਰਹੀ ਹੈ।

ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਚਿਤਾਵਨੀ ਦਿੱਤੀ ਹੈ ਕਿ ‘‘ਹੁਣ ਸਾਡੇ ਵੱਲੋਂ ਕੀਤੇ ਜਾ ਰਹੇ ਜਵਾਬੀ ਹਮਲੇ ਦੁਸ਼ਮਣ ਨੂੰ ਸ਼ਾਂਤ ਕਰਨ ਦੇ ਬਾਅਦ ਹੀ ਬੰਦ ਹੋਣਗੇ। ਇਹ ਤਾਂ ਸ਼ੁਰੂਆਤ ਮਾਤਰ ਹੈ। ਅਸੀਂ ‘ਹਮਾਸ’ ਅੱਤਵਾਦੀਆਂ ਨੂੰ ਅਜਿਹੀ ਮਾਰ ਮਾਰਾਂਗੇ ਜਿਹੋ-ਜਿਹੀ ਉਨ੍ਹਾਂ ਨੇ ਸੁਪਨੇ ’ਚ ਵੀ ਨਹੀਂ ਸੋਚੀ ਹੋਵੇਗੀ।’’ ਉਧਰ ਫਿਲਸਤੀਨੀਆਂ ਦਾ ਕਹਿਣਾ ਹੈ ਕਿ ਉਹ ਵੀ ਇਸਰਾਈਲ ਦੇ ਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ ਹਨ।

ਦੋਨੋਂ ਧਿਰਾਂ ਦਰਮਿਆਨ ਵਧ ਰਹੇ ਟਕਰਾਅ ਨੂੰ ਦੇਖਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕੇਨ ਨੇ ਝਗੜਾ ਸ਼ਾਂਤ ਕਰਨ ਲਈ ਆਪਣਾ ਦੂਤ ਭੇਜਣ ਦੀ ਗੱਲ ਕਹੀ ਹੈ। ਉਧਰ ਵਿਸ਼ਵ ਦੇ ਕਈ ਦੇਸ਼ਾਂ ਦੇ ਨੇਤਾਵਾਂ ਨੇ ਵੀ ਦੋਵਾਂ ਧਿਰਾਂ ਨੂੰ ਤਤਕਾਲ ਜੰਗ ਖਤਮ ਕਰਨ ਲਈ ਕਿਹਾ ਹੈ।

ਜਰਮਨੀ ਨੇ ਵੀ ਕਿਹਾ ਹੈ ਕਿ ਇਸਰਾਈਲ ਨੂੰ ਫਿਲਸਤੀਨੀ ਅੱਤਵਾਦੀਆਂ ਦੇ ਹਮਲਿਆਂ ਤੋਂ ਖੁਦ ਨੂੰ ਬਚਾਉਣ ਲਈ ਉਸ ਦਾ ਢੁੱਕਵਾਂ ਜਵਾਬ ਦੇਣ ਦਾ ਪੂਰਾ ਅਧਿਕਾਰ ਹੈ। ਦੂਜੇ ਪਾਸੇ ਤੁਰਕੀ ਦੇ ਰਾਸ਼ਟਰਪਤੀ ਏਰਦੋਗਾਨ ਨੇ ਇਸਰਾਈਲ ਨੂੰ ਸਖਤ ਸਬਕ ਸਿਖਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਧਰ ਇਸਲਾਮਿਕ ਵਿਦਵਾਨ ਤਾਰਿਕ ਫਤਿਹ ਦਾ ਕਹਿਣਾ ਹੈ ਕਿ ‘‘ਹਿੰਸਾ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ ਹੈ ਇਸ ਲਈ ਫਿਲਸਤੀਨੀਆਂ ਨੂੰ ਹਿੰਸਾ ਦਾ ਤਿਆਗ ਕਰ ਦੇਣਾ ਚਾਹੀਦਾ ਹੈ।’’

ਇਸ ਵਿਵਾਦ ਨੂੰ ਲੈ ਕੇ ਜਿੱਥੇ ਵਿਸ਼ਵ ਭਰ ’ਚ ਇਕ ਬਹਿਸ ਛਿੜ ਗਈ ਹੈ ਉੱਥੇ ਮਿਸਰ ਦਾ ਇਕ ਵਫਦ ਇਸਰਾਈਲੀ ਅਧਿਕਾਰੀਆਂ ਨਾਲ ਜੰਗਬੰਦੀ ਲਈ ਗੱਲਬਾਤ ਵਾਸਤੇ ਤੇਲਅਵੀਵ ਪਹੁੰਚ ਗਿਆ ਹੈ।

ਜੇਕਰ ਗੱਲਬਾਤ ਸਿਰੇ ਨਾ ਚੜ੍ਹੀ ਤਾਂ ਹਾਲਾਤ ਕਾਬੂ ਤੋਂ ਬਾਹਰ ਹੋ ਜਾਣਗੇ ਅਤੇ ਇਸ ਦੇ ਨਤੀਜੇ ਵਜੋਂ ਇਕ ਵੱਡੀ ਜੰਗ ਦਾ ਖਤਰਾ ਪੈਦਾ ਹੋ ਸਕਦਾ ਹੈ ਜੋ ਕਿਤੇ ਤੀਸਰੀ ਵਿਸ਼ਵ ਜੰਗ ਦਾ ਕਾਰਨ ਨਾ ਬਣ ਜਾਵੇ।

-ਵਿਜੇ ਕੁਮਾਰ


Bharat Thapa

Content Editor

Related News