ਨਿਯਮ-ਕਾਇਦੇ ਸਭ ਬੇਕਾਰ ‘ਮੌਤ ਕੋ ਦਾਅਵਤ ਦੇ ਰਹੇ–ਬਿਜਲੀ ਕੇ ਤਾਰ’

08/09/2019 6:29:43 AM

ਦੇਸ਼ ਦੇ ਕਈ ਹਿੱਸਿਆਂ ’ਚ ਬੇਢੰਗੀਆਂ ਅਤੇ ਅਸੁਰੱਖਿਅਤ ਢੰਗ ਨਾਲ ਲਟਕਦੀਆਂ, ਢਿੱਲੀਆਂ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਲਾਪਰਵਾਹੀ ਨਾਲ ਲਗਾਈਆਂ ਹੋਈਆਂ ਬਿਜਲੀ ਦੀਆਂ ਨੰਗੀਆਂ ਤਾਰਾਂ ਲੋਕਾਂ ਦੀ ਜਾਨ-ਮਾਲ ਲਈ ਖਤਰਾ ਬਣੀਆਂ ਹੋਈਆਂ ਹਨ।

ਆਬਾਦੀ ਵਾਲੇ ਇਲਾਕਿਆਂ ’ਚ ਕਈ ਜਗ੍ਹਾ ਇਹ ਤਾਰਾਂ ਇੰਨੀਆਂ ਹੇਠਾਂ ਲਟਕ ਰਹੀਆਂ ਹਨ ਕਿ ਮਕਾਨਾਂ ਦੀਆਂ ਛੱਤਾਂ ਤਕ ਨੂੰ ਛੂਹ ਰਹੀਆਂ ਹਨ, ਜਿਸ ਨਾਲ ਬਾਰਿਸ਼ ਅਤੇ ਤੂਫਾਨ ਆਉਣ ’ਤੇ ਇਨ੍ਹਾਂ ਤੋਂ ਖਤਰਾ ਹੋਰ ਵਧ ਜਾਂਦਾ ਹੈ। ਦੇਸ਼ ’ਚ ਹਰ ਸਾਲ ਇਸ ਕਾਰਣ ਘੱਟੋ-ਘੱਟ 10,000 ਲੋਕਾਂ ਦੀ ਜਾਨ ਜਾ ਰਹੀ ਹੈ ਅਤੇ ਕਈ ਲੋਕ ਉਮਰ ਭਰ ਲਈ ਅਪੰਗ ਹੋ ਰਹੇ ਹਨ, ਜਿਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :

* 25 ਜੁਲਾਈ ਨੂੰ ਸਿਰਸਾ ’ਚ ਪਾਣੀ ਭਰਨ ਦੌਰਾਨ 2 ਮੋਟਰਸਾਈਕਲ ਸਵਾਰ ਨੌਜਵਾਨ ਕਰੰਟ ਆਏ ਹੋਏ ਇਕ ਪੋਲ ਨਾਲ ਟਕਰਾ ਕੇ ਉਸ ਨਾਲ ਚਿੰਬੜ ਗਏ, ਜਿਸ ਕਾਰਣ ਉਨ੍ਹਾਂ ’ਚੋਂ ਇਕ ਨੌਜਵਾਨ ਦੀ ਮੌਤ ਹੋ ਗਈ।

* 28 ਜੁਲਾਈ ਨੂੰ ਬਾਗਪਤ ਦੇ ਸਰੂਰਪੁਰ ਕਲਾਂ ਪਿੰਡ ’ਚ ਇਕ ਖੇਤ ’ਚ ਟੁੱਟ ਕੇ ਡਿਗੀ ਬਿਜਲੀ ਦੀ ਤਾਰ ਤੋਂ ਕਰੰਟ ਲੱਗਣ ਨਾਲ ਇਕ ਕਿਸਾਨ ਦੀ ਮੌਤ ਹੋ ਗਈ।

* 29 ਜੁਲਾਈ ਨੂੰ ਮਹਾਰਾਜਗੰਜ ਦੇ ਸਿੱਧਵਾੜੀ ਪਿੰਡ ’ਚ ਇਕ ਖੇਤ ’ਚ ਖੜ੍ਹੇ ਬਿਜਲੀ ਦੇ ਪੋਲ ’ਚ ਆਇਆ ਕਰੰਟ ਖੇਤ ਦੇ ਪਾਣੀ ਵਿਚ ਆ ਗਿਆ, ਜਿਸ ਨਾਲ ਉਥੇ ਝੋਨਾ ਲਗਾ ਰਹੀਆਂ 5 ਔਰਤਾਂ ਦੀ ਮੌਤ ਹੋ ਗਈ।

* 02 ਅਗਸਤ ਨੂੰ ਲੁਧਿਆਣਾ ਦੇ ਜਵਾਹਰ ਨਗਰ ’ਚ ਇਕ ਕਲੀਨਿਕ ’ਚ ਕੰਮ ਕਰਨ ਵਾਲੇ ਨੌਜਵਾਨ ਨੇ ਜਿਉਂ ਹੀ ਦੁਕਾਨ ਖੋਲ੍ਹਣ ਲਈ ਸ਼ਟਰ ਚੁੱਕਿਆ ਤਾਂ ਮੀਂਹ ਕਾਰਣ ਉਸ ਵਿਚ ਆਏ ਕਰੰਟ ਦਾ ਝਟਕਾ ਲੱਗਣ ਨਾਲ ਉਸ ਦੀ ਮੌਤ ਹੋ ਗਈ।

* 03 ਅਗਸਤ ਨੂੰ ਉੱਲਹਾਸ ਨਗਰ ’ਚ ਸੜਕ ’ਤੇ ਟੁੱਟ ਕੇ ਡਿਗੀ ਹਾਈ ਵੋਲਟੇਜ ਬਿਜਲੀ ਦੀ ਤਾਰ ਨਾਲ ਛੂਹ ਜਾਣ ਨਾਲ 14 ਸਾਲਾ ਬੱਚੇ ਦੀ ਮੌਤ ਹੋ ਗਈ।

* 04 ਅਗਸਤ ਨੂੰ ਮੁੰਬਈ ਦੇ ਪਟੇਲ ਨਗਰ ’ਚ ਮੀਂਹ ਕਾਰਣ ਘਰ ’ਚ ਕਰੰਟ ਆ ਜਾਣ ਨਾਲ ਇਕ ਔਰਤ ਤੇ ਉਸ ਦੇ ਜਵਾਨ ਪੁੱਤਰ ਦੀ ਮੌਤ ਹੋ ਗਈ।

* 04 ਅਗਸਤ ਨੂੰ ਹਰਿਆਣਾ ਦੇ ਭਾਟੋਲ ਜਾਟਾਨ ਪਿੰਡ ’ਚ ਖੇਤ ਵਿਚ ਪਾਣੀ ਲਗਾਉਣ ਗਏ ਨੌਜਵਾਨ ਦੀ ਉਥੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਤੋਂ ਕਰੰਟ ਲੱਗਣ ਨਾਲ ਮੌਤ ਹੋ ਗਈ।

* 06 ਅਗਸਤ ਨੂੰ ਰਾਮਪੁਰ ਦੇ ਏਚੋਰਾ ਪਿੰਡ ’ਚ ਉਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਦਾ ਕਰੰਟ ਮੀਂਹ ਨਾਲ ਗਿੱਲੇ ਹੋਏ ਰੁੱਖਾਂ ’ਚ ਆ ਗਿਆ, ਜਿਸ ਨਾਲ ਇਕ ਰੁੱਖ ਤੋਂ ਲੱਕੜੀ ਕੱਟ ਰਿਹਾ ਵਿਅਕਤੀ ਕਰੰਟ ਲੱਗਣ ਨਾਲ ਜ਼ਮੀਨ ’ਤੇ ਡਿੱਗ ਕੇ ਮਰ ਗਿਆ।

* 07 ਅਗਸਤ ਨੂੰ ਜੱਬਲਪੁਰ ਦੇ ਗੜ੍ਹਾ ਥਾਣਾ ਇਲਾਕੇ ਦੇ ਇਕ ਮੁਹੱਲੇ ਦੀਆਂ ਗਿੱਲੀਆਂ ਕੰਧਾਂ ’ਚ ਕਰੰਟ ਆ ਜਾਣ ਨਾਲ ਕੰਧ ਨਾਲ ਲੱਗੀ ਲੋਹੇ ਦੀ ਅਲਮਾਰੀ ’ਚ ਵੀ ਕਰੰਟ ਆ ਗਿਆ ਅਤੇ ਉਸ ਨਾਲ ਛੂਹ ਜਾਣ ਕਾਰਣ ਮਾਂ-ਧੀ ਦੀ ਜਾਨ ਚਲੀ ਗਈ।

ਯਕੀਨਨ ਹੀ ਬਿਜਲੀ ਦੀਆਂ ਢਿੱਲੀਆਂ ਅਤੇ ਲਟਕਦੀਆਂ ਤਾਰਾਂ ਬਹੁਤ ਵੱਡਾ ਖਤਰਾ ਬਣੀਆਂ ਹੋਈਆਂ ਹਨ। ਇਸ ਲਈ ਜਿੱਥੇ ਇਨ੍ਹਾਂ ਦੀ ਸਹੀ ਮੈਨੇਜਮੈਂਟ ਦੀ ਲੋੜ ਹੈ, ਉਥੇ ਕਰੰਟ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਦੇ ਪੀੜਤਾਂ ਨੂੰ ਮੁਆਵਜ਼ਾ ਅਤੇ ਦੋਸ਼ੀ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਸਖਤ ਸਜ਼ਾ ਦੀ ਵਿਵਸਥਾ ਕਰਨ ਦੀ ਵੀ ਲੋੜ ਹੈ।

–ਵਿਜੇ ਕੁਮਾਰ


Bharat Thapa

Content Editor

Related News