ਕਸ਼ਮੀਰ ’ਚ ‘ਅੱਤਵਾਦ ਦੇ ਗੜ੍ਹ’ ਪੁਲਵਾਮਾ ਤੇ ਸ਼ੋਪੀਆਂ ’ਚ ਤਿੰਨ ਦਹਾਕਿਆਂ ਬਾਅਦ ਸਿਨੇਮਾ ਦੀ ਵਾਪਸੀ

09/20/2022 12:48:44 AM

‘ਧਰਤੀ ਦਾ ਸਵਰਗ’ ਕਹਾਉਣ ਵਾਲਾ ਕਸ਼ਮੀਰ ਸ਼ੁਰੂ ਤੋਂ ਹੀ ਦੇਸ਼ ਦੀ ਫਿਲਮ ਇੰਡਸਟਰੀ ਲਈ ਖਿੱਚ ਦਾ ਕੇਂਦਰ ਰਿਹਾ ਹੈ। ਵਿਸ਼ੇਸ਼ ਰੂਪ ਨਾਲ ਕਸ਼ਮੀਰ ਵਾਦੀ ’ਚ 1989 ’ਚ ਅੱਤਵਾਦ ਸ਼ੁਰੂ ਹੋਣ ਤੋਂ ਪਹਿਲਾਂ ਤੱਕ ਵੱਡੀ ਗਿਣਤੀ ’ਚ ਫਿਲਮਾਂ ਦੀ ਸ਼ੂਟਿੰਗ ਹੁੰਦੀ ਰਹੀ ਪਰ ਬਾਅਦ ’ਚ ਇਹ ਸਿਲਸਿਲਾ ਕਾਫ਼ੀ ਘੱਟ ਹੋ ਗਿਆ। ਵਰਣਨਯੋਗ ਹੈ ਕਿ 1980 ਦੇ ਦਹਾਕੇ ਦੇ ਅੰਤ ’ਚ ਵਾਦੀ ’ਚ ਅੱਤਵਾਦ ਵਧਣ ਦੇ ਨਾਲ ਹੀ ਉਥੋਂ ਦੇ ਸਿਨੇਮਾ ਘਰ ਵੀ ਇਕ-ਇਕ ਕਰ ਕੇ ਬੰਦ ਹੋ ਗਏ। ਉਦੋਂ ਵਾਦੀ ’ਚ 19 ਸਿਨੇਮਾਘਰ ਸਨ। ਇਨ੍ਹਾਂ ’ਚੋਂ ਇਕੱਲੇ ਰਾਜਧਾਨੀ ਸ਼੍ਰੀਨਗਰ ’ਚ ਹੀ ‘ਫਿਰਦੌਸ’, ‘ਸ਼ਾਹ’, ‘ਨਾਜ਼’, ‘ਨੀਲਮ’, ‘ਰੀਗਲ’, ‘ਪੈਲੇਡੀਅਮ’, ‘ਖਿਆਮ’,  ‘ਸ਼ਿਰਾਜ਼’ ਅਤੇ ‘ਬ੍ਰਾਡਵੇਅ’ 9 ਸਿਨੇਮਾਘਰ ਸਨ। 1999 ’ਚ ਜਦੋਂ ਜੰਮੂ-ਕਸ਼ਮੀਰ ’ਚ ਅੱਤਵਾਦ ’ਚ ਕੁਝ ਕਮੀ ਆਉਂਦੀ ਦਿਖਾਈ ਦੇ ਰਹੀ ਸੀ, ਨੈਸ਼ਨਲ ਕਾਨਫਰੰਸ ਦੀ ਫਾਰੂਕ ਅਬਦੁੱਲਾ ਸਰਕਾਰ ਨੇ ‘ਰੀਗਲ’, ‘ਨੀਲਮ’ ਅਤੇ ‘ਬ੍ਰਾਡਵੇਅ’ ਸਿਨੇਮਾ ਘਰਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ।

ਸ਼੍ਰੀਨਗਰ ਦੇ ਹਾਈ ਸਕਿਓਰਿਟੀ ਵਾਲੇ ਖੇਤਰ ਲਾਲ ਚੌਕ ’ਚ ਸਥਿਤ ‘ਰੀਗਲ’ ਸਿਨੇਮਾ ਘਰ ਨੂੰ ਲਗਭਗ 11 ਸਾਲ ਪਿਛੋਂ ਇਸ ਦੇ ਮਾਲਕਾਂ ਨੇ ਦੁਬਾਰਾ ਖੋਲ੍ਹਿਆ ਸੀ ਪਰ 24 ਸਤੰਬਰ, 1999 ਨੂੰ ਇਸ ’ਤੇ ਅੱਤਵਾਦੀਆਂ ਵੱਲੋਂ ਤਿੰਨ ਗ੍ਰਨੇਡ ਸੁੱਟਣ ਦੀ ਘਟਨਾ ਕਾਰਨ ਇਕ ਵਿਅਕਤੀ ਦੀ ਮੌਤ ਅਤੇ 12 ਲੋਕਾਂ ਦੇ ਜ਼ਖ਼ਮੀ ਹੋਣ ਪਿੱਛੋਂ ਇਸ ਨੂੰ ਵੀ ਤਾਲਾ ਲੱਗ ਗਿਆ। ਪਿਛਲੇ ਕੁਝ ਸਮੇਂ ਤੋਂ ਇਥੇ ਮੁੜ ਸਥਿਰਤਾ ਆਉਣੀ ਸ਼ੁਰੂ ਹੋਣ ਦੇ ਨਾਲ ਹੀ ਬਾਲੀਵੁੱਡ ਨੇ ਇਕ ਵਾਰ ਮੁੜ ਕਸ਼ਮੀਰ ਵੱਲ ਰੁਖ ਕਰਨਾ ਸ਼ੁਰੂ ਕੀਤਾ ਹੈ। ਇਸੇ ਲੜੀ ’ਚ ਉਪ ਰਾਜਪਾਲ ਮਨੋਜ ਸਿਨ੍ਹਾ ਨੇ 18 ਸਤੰਬਰ ਨੂੰ ਦੱਖਣੀ ਕਸ਼ਮੀਰ ’ਚ ਅੱਤਵਾਦ ਦੇ ਗੜ੍ਹ ਪੁਲਵਾਮਾ ਅਤੇ ਸ਼ੋਪੀਆਂ ਦੇ ਜੁੜਵਾਂ ਜ਼ਿਲ੍ਹਿਅਆਂ ’ਚ 2 ਬਹੁਮੰਤਵੀ (ਮਲਟੀਪਰਪਜ਼) ਸਿਨੇਮਾਘਰਾਂ ਦਾ ਉਦਘਾਟਨ ਕੀਤਾ  ਹੈ ਅਤੇ ਇਹ ਸਿਨੇਮਾਘਰ ਪੁਲਵਾਮਾ ਦੇ ‘ਦਰਾਸੂ’ ਅਤੇ ਸ਼ੋਪੀਆਂ ਦੇ ਮਿਊਂਸੀਪਲ ਕੌਂਸਲ ’ਚ ਖੋਲ੍ਹੇ ਗਏ ਹਨ।
ਇਹ ਨਾ ਸਿਰਫ ਕਸ਼ਮੀਰ ਲਈ ਇਤਿਹਾਸਕ ਦਿਨ ਸੀ ਸਗੋਂ ਕੇਂਦਰ ਸਰਕਾਰ ਵੱਲੋਂ 5 ਅਗਸਤ, 2019 ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਆਰਟੀਕਲ 370 ਅਤੇ 35-ਏ ਨੂੰ ਹਟਾਉਣ ਪਿੱਛੋਂ ਇਥੇ ਹੋ ਰਹੀਆਂ ਉਸਾਰੂ ਤਬਦੀਲੀਆਂ ਦੀ ਕੜੀ ’ਚ ਇਕ ਹੋਰ ਬਿਹਤਰੀਨ ਤਬਦੀਲੀ ਹੈ। ਜੰਮੂ-ਕਸ਼ਮੀਰ ਦੇ ‘ਮਿਸ਼ਨ ਯੂਥ’ ਵਿਭਾਗ ਵਲੋਂ ਸੰਬੰਧਤ  ਜ਼ਿਲ੍ਹਾ ਪ੍ਰਸ਼ਾਸਨਾਂ ਦੇ ਸਹਿਯੋਗ ਨਾਲ ਖੋਲ੍ਹੇ ਗਏ ਇਨ੍ਹਾਂ ਬਹੁਮੰਤਵੀ ਸਿਨੇਮਾਘਰਾਂ ’ਚ ਫਿਲਮਾਂ ਦੇ ਪ੍ਰਦਰਸ਼ਨ ਤੋਂ ਇਲਾਵਾ ਨੌਜਵਾਨਾਂ ਨੂੰ ਹੁਨਰ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ।
ਉਪ ਰਾਜਪਾਲ ਨੇ ਇਹ ਬਹੁਮੰਤਵੀ ਸਿਨੇਮਾ ਘਰ ਪੁਲਵਾਮਾ ਅਤੇ ਸ਼ੋਪੀਆਂ ਦੇ ਨੌਜਵਾਨਾਂ ਨੂੰ ਸਮਰਪਤ ਕਰਦੇ ਹੋਏ ਇਥੇ ਹਿੰਦੀ ਫਿਲਮ ‘ਭਾਗ ਮਿਲਖਾ ਭਾਗ’ ਦੇਖੀ। ਉਨ੍ਹਾਂ ਨਾਲ ਕਸ਼ਮੀਰ ਦੇ ਡਵੀਜ਼ਨਲ ਕਮੀਸ਼ਨਰ ‘ਪਾਂਡੂਰੰਗ ਕੇ. ਪੋਲੇ’  ਤੇ ਏ. ਡੀ. ਜੀ.ਪੀ. ਵਿਜੇ ਕੁਮਾਰ  ਤੋਂ ਇਲਾਵਾ ਕੁਝ ਹੋਰ ਸਿਨੇਮਾ ਪ੍ਰੇਮੀ ਵੀ ਸਨ। ਇਸ ਮੌਕੇ ’ਤੇ ਸ਼੍ਰੀ ਸਿਨ੍ਹਾ ਨੇ ਕਿਹਾ ਕਿ ਪਿਛਲਾ ਇਕ ਦਹਾਕਾ ਦੱਖਣੀ ਕਸ਼ਮੀਰ ’ਚ ਬਹੁਤ ਹਿੰਸਕ ਰਿਹਾ ਜਦੋਂ ਸੈਂਕੜੇ ਨੌਜਵਾਨਾਂ ਨੇ ਜੰਮੂ-ਕਸ਼ਮੀਰ ’ਚ ਨਵੀਂ ਦਿੱਲੀ ਦੇ ਰਾਜ ਵਿਰੁੱਧ ਹਥਿਆਰ ਚੁੱਕੇ ਪਰ ਹੁਣ ਹਾਲਾਤ ਤੁਲਨਾ ’ਚ ਸ਼ਾਂਤ ਹਨ ਅਤੇ ਲੋਕ ਆਪਣੇ ਕੰਮ-ਧੰਦਿਆਂ ’ਤੇ ਵਾਪਸ ਆ ਰਹੇ ਹਨ। ਸਿਨੇਮਾ ਘਰਾਂ ਦੇ ਖੁੱਲ੍ਹਣ ਨਾਲ ਖੇਤਰ ਦੇ ਨੌਜਵਾਨਾਂ ਦਾ ਮਨੋਰੰਜਨ ਵੀ ਹੋਵੇਗਾ ਅਤੇ ਉਨ੍ਹਾਂ ਨੂੰ ਰੋਜ਼ਗਾਰ ਵੀ ਮਿਲੇਗਾ।

ਜੰਮੂ-ਕਸ਼ਮੀਰ ਫਿਲਮ ਵਿਕਾਸ ਪ੍ਰੀਸ਼ਦ ਦੇ ਸੀ. ਈ.ਓ. ਅਤੇ ਉਪ ਰਾਜਪਾਲ ਦੇ ਪ੍ਰਮੁੱਖ ਸਕੱਤਰ ਨੀਤੀਸ਼ਵਰ ਕੁਮਾਰ ਮੁਤਾਬਕ ਹੁਣ ਸਰਕਾਰ ਲਗਭਗ ਸਭ ਜ਼ਿਲ੍ਹਿਆਂ ’ਚ ਘੱਟੋ-ਘੱਟ ਇਕ ਸਿਨੇਮਾ ਘਰ ਖੋਲ੍ਹਣ ਦੀ ਯੋਜਨਾ ’ਤੇ ਵਿਚਾਰ ਕਰ ਰਹੀ ਹੈ ਜਿਸ ਅਧੀਨ ਅਨੰਤਨਾਗ, ਸ਼੍ਰੀਨਗਰ, ਬਾਂਦੀਪੋਰਾ, ਗਾਂਦੇਰਬਲ, ਡੋਡਾ, ਰਾਜੌਰੀ, ਪੁੰਛ, ਕਿਸ਼ਤਵਾੜ ਅਤੇ ਰਿਆਸੀ ’ਚ ਜਲਦੀ ਹੀ ਸਿਨੇਮਾ ਘਰਾਂ ਦਾ ਉਦਘਾਟਨ ਕੀਤਾ ਜਾਵੇਗਾ।ਕਸ਼ਮੀਰ ਵਾਦੀ ਦਾ ਪਹਿਲਾ ਮਲਟੀਪਲੈਕਸ ‘ਇਨੋਕਸ’ ਸ਼੍ਰੀਨਗਰ ’ਚ ਬਣ ਕੇ ਤਿਆਰ ਹੈ, ਜਿਸ ਦਾ ਉਦਘਾਟਨ ਉਪ ਰਾਜਪਾਲ ਮਨੋਜ ਸਿਨ੍ਹਾ 20 ਸਤੰਬਰ ਨੂੰ ਕਰਨਗੇ। ਇਸ ਮਲਟੀਪਲੈਕਸ ’ਚ ਅੱਗੇ-ਪਿਛੇ ਹੋਣ ਵਾਲੀਆਂ ਆਰਾਮਦੇਹ 520 ਸੀਟਾਂ ਦੀ ਸਮਰਥਾ ਵਾਲੇ ਤਿੰਨ ਸਿਨੇਮਾਘਰ ਹੋਣਗੇ ਅਤੇ ਨਵੀਨਤਮ ਸਾਊਂਡ ਸਿਸਟਮ ਵੀ ਲਾਇਆ ਗਿਆ ਹੈ। ਇਸ ਦੀਆਂ ਟਿਕਟਾਂ ਆਨਲਾਈਨ ਜਾਂ ਆਫਲਾਈਨ ਕਿਤੋਂ ਵੀ ਖਰੀਦੀਅਆਂ ਜਾ ਸਕਦੀਆਂ ਹਨ। ਯੋਜਨਾ ਦੇ ਨਾਲ ਜੁੜੇ ‘ਇਨੋਕਸ’ ਦੇ ਵਿਜੇ ਧਰ ਮੁਤਾਬਕ ਇਹ ਥਿਏਟਰ ਕਸ਼ਮੀਰੀ ਸੰਸਕ੍ਰਿਤੀ ਨੂੰ ਧਿਆਨ ’ਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ, ਜਿਸ ’ਚ ਫੂਡ ਕੋਰਟਸ ਰਾਹੀਂ ਸਥਾਨਕ ਪਕਵਾਨਾਂ ਨੂੰ ਵੀ ਪ੍ਰਮੋਟ ਕੀਤਾ ਜਾਏਗਾ।
ਲਗਭਗ ਤਿੰਨ ਦਹਾਕਿਆਂ ਦੇ ਮਨੋਰੰਜਨ ਦੇ ‘ਬਲੈਕ ਆਊਟ’ ਤੋਂ ਬਾਅਦ ਇਕ ਵਾਰ ਮੁੜ ‘ਮਨੋਰੰਜਨ ਯੁੱਗ’ ਦੀ ਵਾਪਸੀ ਹੋਈ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਪ੍ਰਸ਼ਾਸਨ ਦੀ ਚੌਕਸੀ ਅਤੇ ਲੋਕਾਂ ਦੇ ਸਹਿਯੋਗ ਨਾਲ ਇਥੇ ਸਿਨੇਮਾਘਰ ਅਤੇ ਹੋਰ ਮਨੋਰੰਜਨ ਵਾਲੀਆਂ ਥਾਵਾਂ ਪੂਰੇ ਜ਼ੋਰ-ਸ਼ੋਰ ਨਾਲ ਚੱਲਣ ਲੱਗਣਗੀਆਂ ਅਤੇ ਫਿਲਮਾਂ ਦੀ ਸ਼ੂਟਿੰਗ ਵੀ ਪੂਰੀ ਤੇਜ਼ੀ ਫੜ ਲਏਗੀ ਜਿਸ ਨਾਲ ਵਾਦੀ ਦੀ ਗੁਆਚੀ ਹੋਈ ਸ਼ਾਨ ਦੁਬਾਰਾ ਪਰਤੇਗੀ।        

–ਵਿਜੇ ਕੁਮਾਰ


Anuradha

Content Editor

Related News