‘ਸ਼ਸ਼ੀਕਲਾ ਦੇ ਚੇਨਈ ਪਹੁੰਚਦੇ ਹੀ’‘ਤਾਮਿਲਨਾਡੂ ਦੀ ਸਿਆਸਤ ਹੋਈ ਗਰਮ’
Wednesday, Feb 10, 2021 - 02:22 AM (IST)

5 ਦਸੰਬਰ 2016 ਨੂੰ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੇ ਦਿਹਾਂਤ ਤੋਂ 2 ਮਹੀਨਿਆਂ ਬਾਅਦ ਹੀ ਪਾਰਟੀ ਵਿਧਾਇਕ ਦਲ ਦੀ ਇਕ ਬੈਠਕ ’ਚ ਪਨੀਰਸੇਲਵਮ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਮੁੱਖ ਮੰਤਰੀ ਲਈ ਸ਼ਸ਼ੀਕਲਾ ਦਾ ਨਾਂ ਪ੍ਰਸਤਾਵਿਤ ਕਰਨ ਪਿੱਛੋਂ ਉਸ ਨੂੰ ਵਿਧਾਇਕ ਦਲ ਦੀ ਨੇਤਾ ਚੁਣ ਲਿਆ ਗਿਆ।
ਪਰ ਹਾਈ ਕੋਰਟ ’ਚ ਦਾਇਰ ਇਕ ਪਟੀਸ਼ਨ ’ਚ ਇਹ ਕਹਿੰਦੇ ਹੋਏ ਸ਼ਸ਼ੀਕਲਾ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਰੋਕਣ ਦੀ ਮੰਗ ਕਰ ਦਿੱਤੀ ਗਈ ਕਿ ਉਸ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਅਦਾਲਤ ਦਾ ਫੈਸਲਾ ਆਉਣ ਤੱਕ ਇਸ ਨੂੰ ਮੁਲਤਵੀ ਰੱਖਿਆ ਜਾਵੇ ਅਤੇ 7 ਫਰਵਰੀ 2017 ਨੂੰ ਅੰਨਾ ਡੀ.ਐੱਮ. ਕੇ. ਦਾ ਅੰਦਰੂਨੀ ਕਲੇਸ਼ ਹੋਰ ਵਧ ਗਿਆ ਜਦੋਂ ਮੁੱਖ ਮੰਤਰੀ ਪਨੀਰਸੇਲਵਮ ਨੇ ਸ਼ਸ਼ੀਕਲਾ ਦੇ ਵਿਰੁੱਧ ਬਗਾਵਤ ਕਰ ਦਿੱਤੀ।
66.65 ਕਰੋੜ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਰੱਖਣ ਦੇ ਦੋਸ਼ ਹੇਠ 14 ਫਰਵਰੀ, 2017 ਨੂੰ ਸੁਪਰੀਮ ਕੋਰਟ ਵੱਲੋਂ ਸੁਣਾਈ ਗਈ 4 ਸਾਲ ਦੀ ਸਜ਼ਾ ਪੂਰੀ ਕਰਨ ਲਈ ਉਸ ਨੂੰ ਬੈਂਗਲੁਰੂ ਦੀ ‘ਪ੍ਰਪੰਨਾ ਅਗ੍ਰਹਾਰਾ ਜੇਲ’ ’ਚ ਭੇਜ ਦਿੱਤਾ ਗਿਆ।
27 ਜਨਵਰੀ, 2021 ਨੂੰ ਰਿਹਾਈ ਪਿੱਛੋਂ ਸ਼ਸ਼ੀਕਲਾ ਕੁਝ ਦਿਨ ਬੈਂਗਲੁਰੂ ਦੇ ਹਸਪਤਾਲ ’ਚ ਰਹੀ, ਜਿੱਥੋਂ ਉਸ ਨੂੰ 31 ਜਨਵਰੀ ਨੂੰ ਛੁੱਟੀ ਮਿਲੀ ਅਤੇ ਫਿਰ ਬੈਂਗਲੁਰੂ ਦੇ ਇਕ ਰਿਜ਼ਾਰਟ ’ਚ ਰਹਿਣ ਪਿੱਛੋਂ ਉਹ 8 ਫਰਵਰੀ ਨੂੰ ਸਵੇਰੇ ਆਪਣੇ ਭਾਣਜੇ ਦਿਨਾਕਰਨ ਅਤੇ 200 ਕਾਰਾਂ ਦੇ ਕਾਫਿਲੇ ਨਾਲ ਤਾਮਿਲਨਾਡੂ ਲਈ ਰਵਾਨਾ ਹੋਈ ਅਤੇ 9 ਫਰਵਰੀ ਨੂੰ ਆਪਣੇ ਘਰ ਚੇਨਈ ਆ ਗਈ।
ਰਾਹ ’ਚ ਥਾਂ-ਥਾਂ ਸ਼ਸ਼ੀਕਲਾ ਦੇ ਨੱਚਦੇ-ਗਾਉਂਦੇ ਹਮਾਇਤੀਆਂ ਨੇ ਉਸ ਦੇ ਕਾਫਿਲੇ ’ਤੇ ਫੁੱਲਾਂ ਦੀ ਵਰਖਾ ਕੀਤੀ। ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ ਸ਼ਸ਼ੀਕਲਾ ਨੇ ਕਿਹਾ ਕਿ ਉਸ ਦਾ ਮੰਤਵ ਸਾਂਝੇ ਦੁਸ਼ਮਣ ‘ਡੀ. ਐੱਮ. ਕੇ. ਅਤੇ ਕਾਂਗਰਸ’ ਨੂੰ ਹਰਾਉਣਾ ਹੈ।
ਪੱਤਰਕਾਰਾਂ ਵੱਲੋਂ ਪੁੱਛਣ ’ਤੇ ਕਿ ਕੀ ਉਹ ਅੰਨਾ ਡੀ. ਐੱਮ. ਕੇ. ਦੇ ਦਫਤਰ ’ਚ ਜਾਵੇਗੀ ਤਾਂ ਉਸ ਨੇ ਜਵਾਬ ਦਿੱਤਾ, ‘‘ਉਡੀਕ ਕਰੋ ਅਤੇ ਵੇਖੋ।’’ ਉਸ ਨੇ ਇਹ ਵੀ ਕਿਹਾ ਕਿ ਆਪਣੀ ਪਾਰਟੀ ਦੇ ਵਰਕਰਾਂ ਲਈ ਉਹ ਸਰਗਰਮ ਸਿਆਸਤ ’ਚ ਆਵੇਗੀ।
ਸ਼ਸ਼ੀਕਲਾ ਦੇ ਚੇਨਈ ਆਉਣ ਸਮੇਂ ਉਸ ਦੀ ਕਾਰ ਦੇ ਖਰਾਬ ਹੋ ਜਾਣ ’ਤੇ ਉਸ ਨੂੰ ਆਪਣੀ ਕਾਰ ’ਚ ਬਿਠਾਉਣ ਵਾਲੇ ਅੰਨਾ ਡੀ.ਐੱਮ. ਕੇ. ਦੇ ਨੇਤਾ ਦਕਸ਼ਿਨਮੂਰਤੀ ਅਤੇ ਉਸ ਦਾ ਸਵਾਗਤ ਕਰਨ ਵਾਲੇ ਆਪਣੇ 7 ਅਹੁਦੇਦਾਰਾਂ ਨੂੰ ਪਾਰਟੀ ’ਚੋਂ ਕੱਢਣ ਦਾ ਅੰਨਾ ਡੀ. ਐੱਮ. ਕੇ. ਨੇ ਐਲਾਨ ਕਰ ਦਿੱਤਾ ਹੈ।
ਸ਼ਸ਼ੀਕਲਾ ਵੱਲੋਂ ਆਪਣੀ ਕਾਰ ’ਤੇ ਜੈਲਲਿਤਾ ਦੀ ਤਸਵੀਰ ਦੇ ਨਾਲ ਅੰਨਾ ਡੀ. ਐੱਮ. ਕੇ. ਦਾ ਝੰਡਾ ਲਾਉਣ ’ਤੇ ਉਸ ਦੇ ਅੰਨਾ ਡੀ. ਐੱਮ. ਕੇ. ਨਾਲ ਟਕਰਾਅ ਦੇ ਸੰਕੇਤ ਮਿਲਣ ਲੱਗੇ ਹਨ ਅਤੇ ਉਸ ਵਿਰੁੱਧ ਦੋ ਐੱਫ. ਆਈ. ਆਰਜ਼ ਵੀ ਦਰਜ ਕਰਵਾਈਆਂ ਗਈਆਂ ਹਨ, ਕਿਉਂਕਿ ਪਾਰਟੀ ਉਸ ਨੂੰ ਪਹਿਲਾਂ ਹੀ ਬਰਖਾਸਤ ਕਰ ਚੁੱਕੀ ਹੈ।
ਵਰਣਨਯੋਗ ਹੈ ਕਿ ਇਕ ਪਾਸੇ ਡੀ. ਐੱਮ. ਕੇ. ਅਤੇ ਕਾਂਗਰਸ ਸੂਬੇ ’ਚ ਅੰਨਾ ਡੀ. ਐੱਮ. ਕੇ. ਅਤੇ ਭਾਜਪਾ ਨੂੰ ਸੱਤਾ ’ਚ ਆਉਣ ਤੋਂ ਰੋਕ ਕੇ ਖੁਦ ਸੂਬੇ ਦੀ ਸੱਤਾ ’ਤੇ ਕਬਜ਼ਾ ਕਰਨ ਲਈ ਯਤਨਸ਼ੀਲ ਹਨ ਤਾਂ ਦੂਜੇ ਪਾਸੇ ਦੱਖਣ ’ਚ ਆਪਣੇ ਪੈਰ ਜਮਾਉਣ ਲਈ ਯਤਨਸ਼ੀਲ ਭਾਜਪਾ ਸ਼ਸ਼ੀਕਲਾ ਅਤੇ ਅੰਨਾ. ਡੀ. ਐੱਮ. ਕੇ. ਨਾਲ ਮਿਲ ਕੇ ਤਾਮਿਲਨਾਡੂ ’ਚ ਚੋਣਾਂ ਲੜਨ ਦੀ ਇੱਛੁਕ ਹੈ ਤਾਂ ਜੋ ਡੀ. ਐੱਮ. ਕੇ. ਅਤੇ ਕਾਂਗਰਸ ਨੂੰ ਸੱਤਾ ’ਚ ਆਉਣ ਤੋਂ ਰੋਕਿਆ ਜਾ ਸਕੇ। ਭਾਜਪਾ ਤਾਮਿਲਨਾਡੂ ’ਚ ਲਗਭਗ 50 ਸੀਟਾਂ ’ਤੇ ਚੋਣ ਲੜਨੀ ਚਾਹੁੰਦੀ ਹੈ।
‘ਸੁਪਰਸਟਾਰ’ ਰਜਨੀਕਾਂਤ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਨਾਲ ਭਾਜਪਾ ਨੂੰ ਉਨ੍ਹਾਂ ਤੋਂ ਮਦਦ ਮਿਲਣ ਦੀ ਬਹੁਤ ਉਮੀਦ ਸੀ ਪਰ ਉਨ੍ਹਾਂ ਦੇ ਆਪਣੇ ਫੈਸਲੇ ਤੋਂ ਪਲਟ ਜਾਣ ਪਿੱਛੋਂ ਹੁਣ ਭਾਜਪਾ ਸ਼ਸ਼ੀਕਲਾ ਨੂੰ ਮੁੜ ਤੋਂ ਅੰਨਾ ਡੀ. ਐੱਮ. ਕੇ. ’ਚ ਵਾਪਸ ਲਿਆਉਣ ਲਈ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਿਆਸੀ ਜਾਣਕਾਰਾਂ ਮੁਤਾਬਕ ਇਸ ਸਬੰਧੀ ਤਿੰਨਾਂ ਧਿਰਾਂ ਦੀ ਜਲਦੀ ਹੀ ਬੈਠਕ ਹੋ ਸਕਦੀ ਹੈ।
ਭਾਵੇਂ ਸ਼ਸ਼ੀਕਲਾ ਨੇ ਕਦੀ ਚੋਣ ਨਹੀਂ ਲੜੀ ਅਤੇ ਉਸ ’ਤੇ ਜਨ-ਪ੍ਰਤੀਨਿਧਤਾ ਕਾਨੂੰਨ-1951 ਅਧੀਨ ਅਗਲੇ 6 ਸਾਲ ਲਈ ਚੋਣ ਲੜਨ ’ਤੇ ਰੋਕ ਲੱਗੀ ਹੋਈ ਹੈ ਪਰ ਸਿਆਸਤ ਦੇ ਮੈਦਾਨ ’ਚ ਉਹ ਨਵੀਂ ਖਿਡਾਰਨ ਨਹੀਂ ਹੈ। ਜੈਲਲਿਤਾ ਨਾਲ 30 ਸਾਲ ਦੇ ਸਬੰਧਾਂ ਨੇ ਉਸ ਨੂੰ ਬਹੁਤ ਕੁਝ ਸਿਖਾਇਆ ਹੈ ਅਤੇ ਇਸ ਲੜੀ ’ਚ ਸ਼ਸ਼ੀਕਲਾ ਨੇ ਅੰਨਾ ਡੀ. ਐੱਮ. ਕੇ. ’ਚ ਆਪਣਾ ਵਿਸ਼ੇਸ਼ ਪ੍ਰਭਾਵ ਖੇਤਰ ਵੀ ਬਣਾ ਲਿਆ ਸੀ। ਪਾਰਟੀ ਦਾ ਵਫਾਦਾਰ ਵੋਟ ਬੈਂਕ ਮੰਨੇ ਜਾਣ ਵਾਲੇ ‘ਥੇਵਰ’ ਭਾਈਚਾਰੇ ’ਤੇ ਉਸ ਦਾ ਪ੍ਰਭਾਵ ਹੈ।
ਤਾਮਿਲਨਾਡੂ ’ਚ ਅਪ੍ਰੈਲ ’ਚ ਚੋਣਾਂ ਸੰਭਵ ਹਨ ਅਤੇ ਇਹ ਦੇਸ਼ ਦਾ ਇਕੋ-ਇਕ ਸੂਬਾ ਹੈ, ਜਿੱਥੇ ਸਿਆਸੀ ਭ੍ਰਿਸ਼ਟਾਚਾਰ ਦੀ ਸੰਸਕ੍ਰਿਤੀ ਆਮ ਹੈ। ਇਥੇ ਵੋਟਰਾਂ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੇ ਘਰੇਲੂ ਤੋਹਫੇ ਸ਼ਰੇਆਮ ਵੰਡੇ ਜਾਂਦੇ ਹਨ, ਜਿਸ ਦੀ ਸ਼ੁਰੂਆਤ ਜੈਲਲਿਤਾ ਨੇ ਕੀਤੀ ਸੀ। ਹੁਣ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਕੈਦ ਕੱਟ ਕੇ ਆਈ ਸ਼ਸ਼ੀਕਲਾ ਦੇ ਭਾਰੀ ਸਵਾਗਤ ਤੋਂ ਸਪੱਸ਼ਟ ਹੈ ਕਿ ਉੱਥੇ ਭ੍ਰਿਸ਼ਟਾਚਾਰ ਕੋਈ ਮੁੱਦਾ ਨਹੀਂ ਹੈ।
ਸ਼ਸ਼ੀਕਲਾ ਦੇ ਜੇਲ ’ਚੋਂ ਰਿਹਾਅ ਹੋ ਕੇ ਚੇਨਈ ਪਹੁੰਚਣ ਅਤੇ ਸਰਗਰਮ ਸਿਆਸਤ ਨਾਲ ਜੁੜਨ ਪਿੱਛੋਂ ਹੁਣ ਉਸ ਦਾ ਮੁੱਖ ਮੰਤਰੀ ਪਲਾਨੀਸਵਾਮੀ ਨਾਲ ਟਕਰਾਅ ਵਧੇਗਾ ਜਾਂ ਸ਼ਸ਼ੀਕਲਾ ਅਤੇ ਪਲਾਨੀਸਵਾਮੀ ਭਾਜਪਾ ਨਾਲ ਮਿਲ ਕੇ ਡੀ. ਐੱਮ. ਕੇ. ਅਤੇ ਕਾਂਗਰਸ ਦਾ ਮੁਕਾਬਲਾ ਕਰਨਗੇ, ਇਹ ਆਉਣ ਵਾਲੇ ਦਿਨਾਂ ’ਚ ਪਤਾ ਲੱਗੇਗਾ।
-ਵਿਜੇ ਕੁਮਾਰ