‘ਦਹਿਲਾਉਣ ਵਾਲੀਆਂ ਖ਼ਬਰਾਂ ਦਰਮਿਆਨ’‘ਚੰਦ ਪ੍ਰੇਰਣਾਦਾਇਕ ਖ਼ਬਰਾਂ’
Wednesday, Feb 17, 2021 - 02:20 AM (IST)

ਅੱਜ ਥਾਂ-ਥਾਂ ਪਾਏ ਜਾਂਦੇ ਅਸੰਤੋਸ਼ ਅਤੇ ਦਹਿਲਾਉਣ ਵਾਲੀਆਂ ਖ਼ਬਰਾਂ ਦਰਮਿਆਨ ਜਦੋਂ ਚੰਦ ਪ੍ਰੇਰਣਾਦਾਇਕ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਤਾਂ ਚੰਗਾ ਲੱਗਦਾ ਹੈ। ਇਸ ਲਈ ਅੱਜ ਅਸੀਂ ਆਪਣੇ ਪਾਠਕਾਂ ਨੂੰ ਇਸੇ ਮਹੀਨੇ ਦੀਆਂ ਚੰਦ ਚੰਗੀਆਂ ਖ਼ਬਰਾਂ ਦਾ ਵੇਰਵਾ ਹੇਠਾਂ ਦੇ ਰਹੇ ਹਾਂ :
* 2 ਫਰਵਰੀ ਨੂੰ ਸ਼੍ਰੀਸ਼ਾ ਨਾਮੀ ਮਹਿਲਾ ਸਬ-ਇੰਸਪੈਕਟਰ ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਜ਼ਿਲ੍ਹੇ ਦੇ ‘ਆਦਿਵਿਕੋਟਰੂ’ ਪਿੰਡ ’ਚ ਮਿਲੀ ਇਕ ਲਾਵਾਰਿਸ ਲਾਸ਼, ਜਿਸ ਨੂੰ ਲੋਕ ਛੂਹਣ ਲਈ ਵੀ ਤਿਆਰ ਨਹੀਂ ਸਨ, ਮੋਢੇ ’ਤੇ ਚੁੱਕ ਕੇ ਪੈਦਲ 2 ਕਿਲੋਮੀਟਰ ਦੂਰ ਸ਼ਮਸ਼ਾਨਘਾਟ ਤੱਕ ਲਿਆਈ ਅਤੇ ਉਸ ਦਾ ਅੰਤਿਮ ਸੰਸਕਾਰ ਕਰਵਾਇਆ।
* 2 ਫਰਵਰੀ ਨੂੰ ਹੀ ਕੇਰਲ ਦੇ ਕਨੂਰ ਜ਼ਿਲ੍ਹੇ ਦੇ ਇਕ ਬਿਮਾਰ ਗਰੀਬ ਹਿੰਦੂ ਨੌਜਵਾਨ ਨੂੰ ਕਿਡਨੀ ਦੀ ਲੋੜ ਦਾ ਪਤਾ ਲੱਗਣ ’ਤੇ ਉੱਥੋਂ ਦੇ ਕੈਥੋਲਿਕ ਚਰਚ ਦੇ ਪਾਦਰੀ ‘ਫਾਦਰ ਜੋਜੋ ਮਨਮਲਾ’ ਨੇ ਉਸ ਨੂੰ ਆਪਣੀ ਕਿਡਨੀ ਦੇ ਕੇ ਉਸ ਦੀ ਜਾਨ ਬਚਾਈ।
* 5 ਫਰਵਰੀ ਨੂੰ ਤਿਰੂਪਤੀ ਵਿਖੇ ਅਸ਼ਵਥੰਮਾ ਨਾਮੀ 80 ਸਾਲ ਦੀ ਬਜ਼ੁਰਗ ਭਿਖਾਰਨ ਨੇ ਕਰਨਾਟਕ ’ਚ ‘ਸ਼ਾਲੀਗ੍ਰਾਮ’ ਸਥਿਤ ਭਗਵਾਨ ਗੁਰੂ ਨਰਸਿਮ੍ਹਾ ਮੰਦਰ ਨੂੰ 1 ਲੱਖ ਰੁਪਏ ਦਾ ਦਾਨ ਦਿੰਦੇ ਹੋਏ ਮੰਦਰ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਇਸ ਰਕਮ ਦੀ ਵਰਤੋਂ ਲੋੜਵੰਦ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣ ਲਈ ਕੀਤੀ ਜਾਵੇ।
* 6 ਫਰਵਰੀ ਨੂੰ ਕਰਨਾਟਕ ਦੇ ਬੈਂਗਲੁਰੂ ਵਿਖੇ ਇਕ ਆਟੋ ਰਿਕਸ਼ਾ ਚਾਲਕ ‘ਕੁਮਾਰ ਡੀ’ ਦੇ ਆਟੋ ’ਚ ਕੋਈ ਮੁਸਾਫਰ ਆਪਣਾ ਢਾਈ ਲੱਖ ਰੁਪਏ ਨਾਲ ਭਰਿਆ ਬੈਗ ਛੱਡ ਗਿਆ। ਆਟੋ ਡਰਾਈਵਰ ਨੇ ਇਮਾਨਦਾਰੀ ਦਾ ਸਬੂਤ ਦਿੰਦੇ ਹੋਏ ਭਾਰੀ ਮਿਹਨਤ ਨਾਲ ਉਸ ਦੇ ਮਾਲਕ ਦਾ ਪਤਾ ਲਾ ਕੇ ਉਸ ਦੀ ਅਮਾਨਤ ਵਾਪਸ ਕੀਤੀ।
* 7 ਫਰਵਰੀ ਨੂੰ ਕਰਨਾਟਕ ਦੇ ਇਸਾਈ ਭਾਈਚਾਰੇ ਨੇ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਲਈ 1 ਕਰੋੜ ਰੁਪਏ ਦੀ ਰਕਮ ਦਾਨ ’ਚ ਦਿੱਤੀ।
* 12 ਫਰਵਰੀ ਨੂੰ ਮਨੁੱਖਤਾ ਦੀ ਇਕ ਮਿਸਾਲ ਰਾਂਚੀ ਸਥਿਤ ‘ਝਾਰਖੰਡ’ ਦੇ ਸਭ ਤੋਂ ਵੱਡੇ ਹਸਪਤਾਲ ‘ਰਿੰਮਸ’ ਦੇ ਸੁਪਰਿੰਟੈਂਡੈਂਟ ਡਾ. ਵਿਵੇਕ ਕਸ਼ਯਪ ਨੇ ਪੇਸ਼ ਕੀਤੀ। ਉਨ੍ਹਾਂ ਆਪਣੀ ਮਾਂ ਭਾਨੂੰ ਗੁਪਤਾ ਦੇ ਦਿਹਾਂਤ ਪਿੱਛੋਂ ਅੰਤਿਮ ਸੰਸਕਾਰ ਕਰਨ ਦੀ ਬਜਾਏ ਉਨ੍ਹਾਂ ਦਾ ਮ੍ਰਿਤਕ ਸਰੀਰ ‘ਰਿੰਮਸ’ ਨੂੰ ਦਾਨ ਕਰ ਦਿੱਤਾ।
ਮੈਡੀਕਲ ਦੇ ਵਿਦਿਆਰਥੀਆਂ ਨੂੰ ਪੜ੍ਹਾਈ ’ਚ ਲਾਸ਼ਾਂ ਤੋਂ ਕਾਫੀ ਮਦਦ ਮਿਲਦੀ ਹੈ ਅਤੇ ਅਕਸਰ ਪੜ੍ਹਾਈ ਲਈ ਮੈਡੀਕਲ ਦੇ ਵਿਦਿਆਰਥੀ ਅਣਪਛਾਤੀਆਂ ਲਾਸ਼ਾਂ ਦੀ ਵਰਤੋਂ ਕਰਦੇ ਹਨ ਤਾਂ ਜੋ ਉਨ੍ਹਾਂ ਦੇ ਸਰੀਰ ਦਾ ਅਧਿਐਨ ਕਰ ਕੇ ਉਹ ਵਧੀਆ ਡਾਕਟਰ ਬਣ ਸਕਣ।
* 13 ਫਰਵਰੀ ਨੂੰ ਰਾਜਸਥਾਨ ਦੇ ਸੀਕਰ ਵਿਖੇ ‘ਨੀਮਕਾਥਾਨਾ’ ਕਸਬੇ ਦੇ ਪਾਟਨ ਇਲਾਕੇ ਦੇ ‘ਨਯੌਰਾਣਾ ਕੀ ਢਾਨੀ ਝਾਂਝਾਲਾ’ ਵਾਸੀ ਡੰਪਰ ਚਾਲਕ ਸ਼ੇਰ ਸਿੰਘ ਸਿਰਾਧਨਾ ਨੂੰ ਲੱਖਾਂ ਰੁਪਏ ਦੇ ਕੀਮਤੀ ਸਾਮਾਨ ਨਾਲ ਭਰਿਆ ਇਕ ਹੈਂਡਬੈਗ ਸੜਕ ’ਤੇ ਲਾਵਾਰਿਸ ਪਿਆ ਮਿਲਿਆ, ਜਿਸ ਨੂੰ ਉਨ੍ਹਾਂ ਉਸ ਦੇ ਮਾਲਕ ਦਾ ਪਤਾ ਲਾ ਕੇ ਵਾਪਸ ਕੀਤਾ।
* 14 ਫਰਵਰੀ ਨੂੰ ਓਡਿਸ਼ਾ ਦੇ ਸੰਭਲਪੁਰ ਜ਼ਿਲੇ ਦੇ ‘ਬੁਰਲਾ’ ਕਸਬੇ ’ਚ ‘ਵੀਰ ਸੁਰਿੰਦਰ ਸਾਈਂ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ’ ’ਚ ਸਹਾਇਕ ਪ੍ਰੋਫੈਸਰ ਸ਼ੰਕਰ ਰਾਮ ਚੰਦਾਨੀ ਨੇ ਗਰੀਬਾਂ ਅਤੇ ਵਾਂਝਿਆਂ ਦੇ ਮੁਫਤ ਇਲਾਜ ਲਈ ਇਕ ਕਲੀਨਿਕ ਖੋਲ੍ਹਿਆ। ਇਥੇ 1 ਰੁਪਏ ਦੀ ਪਰਚੀ ਬਣਾਈ ਜਾਂਦੀ ਹੈ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ। ਉਨ੍ਹਾਂ ਇਸ ਦਾ ਨਾਂ ‘ਇਕ ਰੁਪਇਆ ਕਲੀਨਿਕ’ ਰੱਖਿਆ ਹੈ।
* 15 ਫਰਵਰੀ ਨੂੰ ਫਰਜ਼ ਪੂਰਾ ਕਰਨ ਦੀ ਇਕ ਉਦਾਹਰਣ ਜੈਪੁਰ ਗ੍ਰੇਟਰ ਨਿਗਮ ਦੀ ਮੇਅਰ ਸੌਮਿਆ ਗੁਰਜਰ ਨੇ ਪੇਸ਼ ਕੀਤੀ। ਸੌਮਿਆ ਨੇ 10 ਫਰਵਰੀ ਨੂੰ ਰਾਤ ਸਾਢੇ 8 ਵਜੇ ਤੱਕ ਨਿਗਮ ਦੇ ਅਧਿਕਾਰੀਆਂ ਨਾਲ ਬੈਠਕਾਂ ਕੀਤੀਆਂ। 11 ਫਰਵਰੀ ਨੂੰ ਸਵੇਰੇ 5.14 ਵਜੇ ਉਸ ਨੇ ਬੇਟੇ ਨੂੰ ਜਨਮ ਦਿੱਤਾ ਅਤੇ 15 ਫਰਵਰੀ ਨੂੰ ਡਿਊਟੀ ’ਤੇ ਪਰਤ ਆਈ।
* 15 ਫਰਵਰੀ ਨੂੰ ਹੀ ਜੋਧਪੁਰ ਵਿਖੇ ਵਿਜੇ ਸਿੰਘ ਨਾਮੀ ਇਕ ਦਾਨੀ ਸੱਜਣ ਨੇ ਆਪਣੀ ਪਤਨੀ ਆਸ਼ਾ ਕੰਵਰ ਦੀ ਅੰਤਿਮ ਇੱਛਾ ਪੂਰੀ ਕਰਦੇ ਹੋਏ ਉਨ੍ਹਾਂ ਦੇ ਸੋਨੇ-ਚਾਂਦੀ ਦੇ ਸਾਰੇ ਗਹਿਣੇ ਵੇਚ ਕੇ ਮਿਲੇ 7,08,340 ਰੁਪਏ ਰਾਮ ਮੰਦਰ ਦੀ ਉਸਾਰੀ ਲਈ ਸੌਂਪ ਦਿੱਤੇ।
* 15 ਫਰਵਰੀ ਵਾਲੇ ਦਿਨ ਹੀ ਕੇਂਦਰੀ ਕਸ਼ਮੀਰ ’ਚ ਸ਼੍ਰੀਨਗਰ ਜ਼ਿਲੇ ਦੇ ਮੈਸੂਮਾ ਖੇਤਰ ’ਚ ਮੁਸਲਮਾਨ ਭਰਾਵਾਂ ਨੇ ਆਪਣੇ ਮ੍ਰਿਤਕ ਹਿੰਦੂ ਗੁਆਂਢੀ ਦਾ ਅੰਤਿਮ ਸੰਸਕਾਰ ਕਰਨ ਲਈ ਉਸ ਦੇ ਪਰਿਵਾਰ ਦੀ ਪੂਰੀ ਮਦਦ ਕੀਤੀ। ਸਭ ਲੋੜੀਂਦੀਆਂ ਵਸਤਾਂ ਦੀ ਵਿਵਸਥਾ ਕਰਨ ਦੇ ਨਾਲ-ਨਾਲ ਲਾਸ਼ ਨੂੰ ਮੋਢਾ ਦਿੱਤਾ ਅਤੇ ਸ਼੍ਰੀਨਗਰ ਸ਼ਹਿਰ ਦੇ ਬਟਮਾਲੂ ਇਲਾਕੇ ’ਚ ਉਸ ਦਾ ਅੰਤਿਮ ਸੰਸਕਾਰ ਸੰਪੰਨ ਕਰਵਾਇਆ।
* ਸਮਾਜ ਪ੍ਰਤੀ ਸਰੋਕਾਰ ਦੀ ਇਕ ਉਦਾਹਰਣ ਜੀਂਦ ਦੇ ਵਾਰਡ ਨੰ. 27 ਦੇ ਲੋਕਾਂ ਨੇ ਵੀ ਪੇਸ਼ ਕੀਤੀ ਹੈ। ਅਧਿਕਾਰੀਆਂ ਕੋਲੋਂ ਆਪਣੇ ਮੁਹੱਲੇ ਦੀ ਗਲੀ ਦੀ ਮੁਰੰਮਤ ਕਰਨ ਦੀ 4 ਸਾਲ ਤੋਂ ਮੰਗ ਕਰਦੇ ਆ ਰਹੇ ਮੁਹੱਲਾ ਵਾਸੀਆਂ ਦੀ ਮੰਗ ਜਦੋਂ ਪ੍ਰਸ਼ਾਸਨ ਨੇ ਪੂਰੀ ਨਹੀਂ ਕੀਤੀ ਤਾਂ ਉਨ੍ਹਾਂ ‘ਅਪਨਾ ਹਾਥ ਜਗਨਨਾਥ’ ਦੀ ਉਦਾਹਰਣ ਪੇਸ਼ ਕਰਦੇ ਹੋਏ ਚੰਗਾ ਇਕੱਠਾ ਕਰ ਕੇ ਗਲੀ ਦੀ 200 ਮੀਟਰ ਲੰਬੀ ਪੱਟੀ ਦਾ ਨਿਰਮਾਣ ਕਰਵਾਇਆ।
ਚੰਗੇ ਲੋਕਾਂ ਦੀ ਉਕਤ ਉਦਾਹਰਣ ਇਸ ਤੱਥ ਦਾ ਮੂੰਹ-ਬੋਲਦਾ ਸਬੂਤ ਹੈ ਕਿ ਮਨੁੱਖਾ ਧਰਮ ਸਭ ਧਰਮਾਂ ਤੋਂ ਵੱਡਾ ਹੈ ਅਤੇ ਜੇ ਅਸੰਤੋਸ਼ ਤੇ ਦਹਿਲਾਉਣ ਵਾਲੀਆਂ ਖ਼ਬਰਾਂ ਕਾਰਨ ਦੂਸ਼ਿਤ ਵਾਤਾਵਰਣ ਦੇ ਬਾਵਜੂਦ ਦੇਸ਼ ਚੱਲ ਰਿਹਾ ਹੈ ਤਾਂ ਇਸ ਦਾ ਸਿਹਰਾ ਇਸ ਤਰ੍ਹਾਂ ਦੇ ਚੰਗੇ ਲੋਕਾਂ ਨੂੰ ਹੀ ਜਾਂਦਾ ਹੈ। ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਇਨ੍ਹਾਂ ਉਦਾਹਰਣਾਂ ਤੋਂ ਪਾਠਕ ਕੁਝ ਪ੍ਰੇਰਣਾ ਜ਼ਰੂਰ ਲੈਣਗੇ।
-ਵਿਜੇ ਕੁਮਾਰ